ਪੰਖੇਰੂ

ਪੰਖੇਰੂ

ਹਰਦੇਵ ਚੌਹਾਨ 

ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੋਵੇਗੀ। ਉਦੋਂ ਮੈਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਡੀਪੀਆਈ ਕਾਲਜਾਂ ਵਿਚ ਸੰਪਾਦਕ ਦੇ ਅਹੁਦੇ ’ਤੇ ਤਾਇਨਾਤ ਸੀ। ਕਿਆ ਬਾਤਾਂ ਸੀ ਉਨ੍ਹਾਂ ਭਲੇ ਵੇਲਿਆਂ ਦੀਆਂ... ਆਰਥਿਕ ਤੰਗੀਆਂ-ਤੁਰਸ਼ੀਆਂ ਨੇ ਹਾਲੇ ਸਰਕਾਰੇ-ਦਰਬਾਰੇ ਬਾਹਲੀ ਦਸਤਕ ਨਹੀਂ ਸੀ ਦਿੱਤੀ। ਲਿਹਾਜ਼ਾ, ਅੱਜ ਵਾਂਗ ਨੌਕਰੀ ’ਚ ਪੈਰ ਪੈਰ ’ਤੇ ਖ਼ਤਰਾ ਨਹੀਂ ਸੀ ਮੰਡਰਾਉਂਦਾ।

ਖ਼ੈਰ! ਸਮੇਂ ਸਿਰ ਹਾਜ਼ਰੀ ਲਾ, ਸੀਟ ਵਾਲੇ ਕੰਮ ਜਲਦੀ ਜਲਦੀ ਨਿਬੇੜ ਲਈਦੇ ਸੀ। ਲੰਚ ਟਾਈਮ ਤੋਂ ਬਾਅਦ ਹੇਠਾਂ ਮਿੱਤਰ ਮੇਲੇ ਉਡੀਕਣ ਲੱਗ ਪੈਂਦੇ।  ਸਾਡੇ ਦਫ਼ਤਰ ਦੇ ਪਿੱਛੇ ਹਰਾ ਭਰਾ ਬਾਗ਼ ਹੁੰਦਾ ਸੀ। ਪਿੱਪਲ ਦੇ ਹੇਠਾਂ ਮੰਦਰ ਤੇ ਮੰਦਰ ਲਾਗਲੀ ਲੋਹੇ ਦੀ ਰੇਲਿੰਗ  ਸਾਡਾ ‘ਤਖ਼ਤੇ ਤਾਊਸ’ ਹੁੰਦੀ। ਕਦੇ ਡਾਕਟਰ ਗੁਲਜ਼ਾਰ ਮੁਹੰਮਦ ਗੋਰੀਆ ਦੇ ਨਾਲ ਪ੍ਰੋਫ਼ੈਸਰ ਰਾਕੇਸ਼ ਰਮਨ ਆ ਜਾਂਦੇ। ਲਾਲੀ ਬਾਬਾ, ਨਿੰਦਰ ਘੁਗਿਆਣਵੀ, ਸੁਰਜੀਤ ਜੱਜ, ਪ੍ਰੋ. ਅਨੂਪ ਵਿਰਕ, ਗੁਰਦੇਵ ਚੌਹਾਨ, ਰਾਜਿੰਦਰ ਸੋਢੀ, ਕਸ਼ਮੀਰ ਪੰਨੂ, ਸਰੋਦ ਸੁਦੀਪ ਤੇ ਕਈ ਹੋਰ ਪਤਵੰਤੇ ਸ਼ਾਮਾਂ ਨੂੰ ਰੰਗੀਨ ਬਣਾਉਣ ਲਈ ਸਾਡੇ ਕੋਲ ਆਏ ਰਹਿੰਦੇ।

ਉਦੋਂ ਦੇਵ ਭਾਰਦਵਾਜ ਨੇ ਤਰੱਕੀ ਹੁੰਦਿਆਂ ਸੰਪਾਦਕ (ਪੁਸਤਕਾਂ) ਵਾਲੀ ਆਪਣੀ ਗੱਦੀ ਸਾਨੂੰ ਸੌਂਪ ਦਿੱਤੀ ਸੀ। ਭੂਸ਼ਨ ਧਿਆਨਪੁਰੀ, ਅਮਰ ਗਿਰੀ, ਪੰਨੂ, ਆਰਟਿਸਟ ਐੱਸ. ਰਾਜ ਕੁਮਾਰ, ਗੁਰਦੀਪ ਬਾਜਵਾ, ਅਸ਼ੋਕ ਲੋਹਗੜ੍ਹੀ ਤੇ ਮੋਹਨ ਭੰਡਾਰੀ ਲਾਗਲੇ ਦਫ਼ਤਰਾਂ ’ਚ ਨੌਕਰੀ ਕਰਦੇ ਨਿਰੰਤਰ ਮਿਲਦੇ-ਗਿਲਦੇ ਰਹਿੰਦੇ।

ਦੁਪਹਿਰ ਤੋਂ ਪਹਿਲਾਂ ਬਾਗ਼ ਵਿਚ ਅਸੀਂ ਆਏ ਗਏ ਕਿਸੇ ਨਾ ਕਿਸੇ ਲੇਖਕ ਮਿੱਤਰ ਦੀ ਨਵੀਂ ਪੁਸਤਕ ਰਿਲੀਜ਼ ਕਰਦੇ। ਸਮਾਗਮ ਰਚਾ ਕੇ ਬਾਗ਼ ਦੀ ਰੇਲਿੰਗ ’ਤੇ ਬੈਠ ਜਾਂਦੇ। ਲਾਗੇ ਚਾਹ ਵਾਲੇ ਦੇ ਅੱਡੇ ਤੋਂ ਬਰੈੱਡ ਪਕੌੜੇ ਤੇ ਚਾਹ ਦੀ ਪਾਰਟੀ ਕਰਦੇ। ਚਾਹ ਨਾਲ ਕਿਸੇ ਨੂੰ ਵੀ ਸਿਦਕ ਜਿਹਾ ਨਾ ਆਉਣਾ। ਸਾਰੇ ਇਕ-ਦੂਜੇ ਵੱਲ ਬਿਟਰ ਬਿਟਰ ਝਾਕਦੇ। ਦਿਨ ਹੁੰਦੇ ਸਨ ਕਿ ਜਾਣ-ਬੁੱਝ ਕੇ ਢਲਣ ਵਿਚ ਦੇਰੀ ਕਰਦੇ ਲੱਗਦੇ।

ਬਹੁਤੇ ਮਹਿਮਾਨਾਂ ਦੇ ਸਦਰ ਮੁਕਾਮ ਸਿਟੀ ਬਿਊਟੀਫੁੱਲ ਦੇ ਠੇਕੇ ਹੁੰਦੇ।

ਲਾਗੇ ਹੀ ਪ੍ਰਤਾਪ ਮਹਿਤਾ ਦਾ ਲੋਕਾਇਤ ਪ੍ਰਕਾਸ਼ਨ ਹੁੰਦਾ ਸੀ। ਲੇਖਕਾਂ ਦਾ ਮੱਕਾ। ਇਕ ਪਾਸੇ ਰੂਸੀ ਅੰਗਰੇਜ਼ੀ ਤੇ ਪੰਜਾਬੀ ਕਿਤਾਬਾਂ ਦੀ ਚਿਣਾਈ ਹੁੰਦੀ ਸੀ। ਮਿੱਤਰ ਲੋਕਾਂ ਦੀ ਠਾਹਰ ਦੂਜੇ ਪਾਸੇ ਕਿਚਨ ਕਾਰਨਰ ਵਿਚ ਹੁੰਦੀ। ਕੇਤਲੀ ਤੇ ਕੱਪ ਪਲੇਟਾਂ ਵਾਲੇ ਭੀੜੇ ਜਿਹੇ ਕੋਨੇ ਵਿਚ, ਪਰ ਹਰ ਬੰਦਾ ਉੱਥੇ ਬੜਾ ਖੁੱਲ੍ਹਾ-ਡੁੱਲਾ ਤੇ ਅਕਾਸ਼ੀਂ ਉਡਾਰੀਆਂ ਲਾਉਂਦਾ ਮਹਿਸੂਸ ਕਰਦਾ। 

ਪ੍ਰਕਾਸ਼ਨ ਘਰ ਦੇ ਪ੍ਰਵੇਸ਼ ਦੁਆਰ ਸਵੇਰ ਚੜ੍ਹਦਿਆਂ ਹੀ ਖੁੱਲ੍ਹ ਜਾਂਦੇ। ਮਹਿਤਾ ਹੋਰਾਂ ਦੇ ਦੂਰ-ਨੇੜਲੇ ਚੇਲੇ ਬਾਲਕੇ ਤੇ ਚਹੇਤੇ ਲੇਖਕ ਦਿਨ ਚੜ੍ਹਦਿਆਂ ਹੀ ਡੰਡੌਤ ਬੰਦਨਾ ਸ਼ੁਰੂ ਕਰ ਬਹਿੰਦੇ। ਦਰਬਾਰ ਦੇਰ ਰਾਤ ਤੀਕ ਬੁਲਾਰਿਆਂ ਤੇ ਸਰੋਤਿਆਂ ਨਾਲ ਭਰਿਆ  ਰਹਿੰਦਾ। ਉਦੋਂ ਮਹਿਤਾ ਹੋਰੀਂ ਆਪ ਵੀ ਲਾਗਲੇ ਸੈਕਟਰ ਵਿਚ ਕਿਆਮ ਫਰਮਾਉਂਦੇ ਸਨ।

ਸਾਡੀ ਤਿੱਕੜੀ ਵਾਲੇ ਰਾਜ ਤੇ ਗਿਰੀ ਨੇ ਆਪਣੀ ਨੌਕਰੀ ਪੇਸ਼ੇ ਵਾਲੀ ਜ਼ਿੰਮੇਵਾਰੀ ਨਿਭਾ ਸਾਡੇ ਕੋਲ ਆ ਜਾਣਾ ਤੇ ਢਲੇ ਦਿਨ ਅਸੀਂ ਮਹਿਤਾ ਸਾਹਿਬ ਦੇ ਅੱਡੇ ’ਤੇ ਚਲੇ ਜਾਂਦੇ। ਉਹ ਧੀਆਂ ਪੁੱਤਾਂ ਵਾਂਗ ਪਾਲਣ ਦੀ ਚਾਹਤ ਨਾਲ ਸਾਡੀ ਸੇਵਾ ਕਰਦੇ। ਵਿਚ ਵਿਚਾਲੇ ਉਹ ਸਾਨੂੰ ਸਾਹਿਤ ਅਤੇ ਆਪਣੇ ਪੈਰੀਂ ਗਾਹੇ ਦੁਰਾਡੇ ਸਮਾਜਾਂ ਦੀਆਂ ਗੱਲਾਂ-ਬਾਤਾਂ ਸੁਣਾਉਂਦੇ।

ਵੇਖਣ ਨੂੰ ਪ੍ਰਤਾਪ ਮਹਿਤਾ ਇਕਹਿਰੇ ਜਿਹੇ ਲੱਗਦੇ, ਪਰ ਸਨ ਬੜੇ ਵੱਡੇ ਕੱਦ ਵਾਲੇ। ਅੰਦਰੋਂ ਨਿੱਘੇ ਤੇ ਰੱਜੇ ਪੁੱਜੇ। ਸਾਡੇ ਅੱਗੇ ਆਪਣੀਆਂ ਜੀਵਨ ਕਹਾਣੀਆਂ ਛੋਹ ਲੈਂਦੇ। ਦੇਸ਼, ਦੇਸ਼ਾਂਤਰਾਂ ਦੀਆਂ ਬਾਤਾਂ ਪਾਉਂਦੇ। ਮੰਤਰ ਮੁਗਧ ਹੋ ਕੇ ਅਸੀਂ ਆਪਾ ਭੁੱਲ ਜਾਂਦੇ ਤੇ ਲਸੂੜੀ ਹੋਏ ਸਾਹਮਣੇ ਬੈਠੇ ਰਹਿੰਦੇ। ਜਦੋਂ ਉਨ੍ਹਾਂ ਕੋਲੋਂ ਵਿੱਛੜਦੇ, ਬਾਹਰ ਤਾਰਿਆਂ ਦੀ ਲੋਅ ਸਾਨੂੰ ਘਰਾਂ ਦੇ ਰਸਤੇ ਵਿਖਾਉਂਦੀ।

ਉਨ੍ਹਾਂ ਦੀ ਸੁਣਾਈ ਇਕ ਕਹਾਣੀ ਅੱਜ ਵੀ ਅੱਖਰ ਅੱਖਰ ਯਾਦ ਏ। ਦੱਸਦੇ ਕਿ ਛੋਟੇ ਹੁੰਦਿਆਂ ਚਿੜੀਆਂ ਨੇ ਸਾਡੇ ਦਿਲ ਨੂੰ ਬੜੀ  ਧੂਹ ਪਾਉਂਣੀ... ਅਸੀਂ ਹਮੇਸ਼ਾਂ ਉਨ੍ਹਾਂ ਨੂੰ ਫੜਨ ਦੀ ਤਾਕ ’ਚ ਰਹਿੰਦੇ।

ਸੁਣ ਕੇ ਅਸੀਂ ਦੁਚਿੱਤੀ ’ਚ ਪੈ ਗਏ। ਮਨ ’ਚ ਪਹਿਲਾਂ ਤੋਂ ਬਣਿਆ ਉਨ੍ਹਾਂ ਦਾ ਨੇਕ ਤੇ ਸੰਜੀਦਾ ਜਿਹਾ ਅਕਸ   ਕੱਚ ਵਾਂਗ ਤਿੜਕ ਗਿਆ। ਸੋਚਣ ਲੱਗੇ ਕਿ ਬਾਹਰੋਂ ਸਾਊ ਜਿਹੇ ਦਿਸਣ ਵਾਲੇ ਮਹਿਤਾ ਹੋਰੀਂ ਅੰਦਰੋਂ ਬੜੇ ਜ਼ਾਲਮ ਹੁੰਦੇ ਹੋਣਗੇ... ਚਿੜੀ ਮਾਰ ਕਿਸੇ ਥਾਂ ਦੇ...

ਖ਼ੈਰ! ਕੁਝ ਪੁੱਛਣ, ਟੋਕਣ ਦੀ ਥਾਂ ਅਸੀਂ ਚੁੱਪ ਬੈਠੇ ਉਨ੍ਹਾਂ ਦੀ ਕਹਾਣੀ ਸੁਣਦੇ ਰਹੇ। ਸਾਨੂੰ ਪਤਾ ਸੀ ਕਿ ਟੋਕਾ-ਟਾਕੀ ਉਹ ਬਹੁਤੀ ਪਸੰਦ ਨਹੀਂ ਕਰਦੇ। ਉਹ ਦੱਸਦੇ ਕਿ ਸਾਝਰੇ ਸਵੇਰੇ ਉੱਠਦਿਆਂ ਸਾਰ ਮਾਂ ਤੋਂ ਚੋਰੀ ਦਾਣੇ, ਚੋਗਾ, ਟੋਕਰੀ ਤੇ ਧਾਗੇ ਵਾਲੀ ਸੋਟੀ ਲੈ ਆਪਣੇ ਕੱਚੇ ਕੋਠੇ ਜਾ ਬੈਠਣਾ। ਟੋਕਰੀ ਹੇਠ ਚੋਗਾ ਜਾਂ ਰੋਟੀ ਦੀਆਂ ਬੁਰਕੀਆਂ ਪਾ ਦੇਣੀਆਂ।  ਡੰਡੇ ਦੇ ਸਹਾਰੇ, ਟੋਕਰੀ ਥੋੜ੍ਹੀ ਕੁ ਉਤਾਂਹ ਨੂੰ ਚੁੱਕ ਦੇਣੀ। ਫਿਰ ਡੰਡੇ ਦੇ ਧਾਗੇ ਵਾਲਾ ਸਿਰਾ ਫੜ ਬਗਲੇ ਭਗਤ ਵਾਂਗ ਆਪ ਥੋੜ੍ਹੀ ਕੁ ਦੂਰ ਜਾ ਬੈਠਣਾ।

ਸੁਣਦਿਆਂ-ਸੁਣਦਿਆਂ ਸਾਡੇ ਸਾਹ ਸੂਤੇ ਜਾਣੇ। ਉਹ ਆਪਣੀ ਮੌਜ ’ਚ ਦੱਸਦੇ ਕਿ ਹਰ ਜੀਅ ਪੇਟ ਦੀ ਭੁੱਖ ਲੈ ਕੇ ਪੈਦਾ ਹੁੰਦਾ ਹੈ...  ਚਿੜੀਆਂ ਵੀ ਸਾਡੇ ਵਾਂਗ ਚੋਗੇ ਦੀ ਭਾਲ ’ਚ ਦਰ ਦਰ ਭਟਕਦੀਆਂ... ਭੁੱਖੀ, ਭਟਕੀ ਕਿਸੇ ਚਿੜੀ ਨੇ ਵੀ ਸਾਡੇ ਜਾਲ ’ਚ ਆ ਫਸਣਾ।

ਹੋਣਾ ਕੀ, ਜਿਉਂ ਹੀ ਭੋਲੀ ਚਿੜੀ ਨੇ ਚੋਗਾ ਚੁਗਣ ਲਈ ਸਾਡੀ ਟੋਕਰੀ ਹੇਠਾਂ ਵੜਨਾ ਤਿਉਂ ਹੀ ਅਸਾਂ ਡੰਡੇ ਦਾ ਧਾਗਾ ਖਿੱਚ ਦੇਣਾ... ਟੋਕਰੀ ਜ਼ਮੀਨ ’ਤੇ ਡਿੱਗ ਪੈਣੀ... ਚਿੜੀ ਵਿਚਾਰੀ ਨੇ ਡਿੱਗੀ ਹੋਈ ਟੋਕਰੀ ਹੇਠ ਕਾਬੂ ਆ ਜਾਣਾ। ਅੱਗੋਂ ਅਸੀਂ ਮਨ ਹੀ ਮਨ ਆਪਣੇ ਅੰਦਾਜ਼ੇ ਮੁਤਾਬਿਕ ਕਹਾਣੀ ਦਾ ਅੰਤ ਕਰ ਬੈਠੇ... ਧੋਖੇਬਾਜ਼! ਭੋਲੀਆਂ ਚਿੜੀਆਂ ਨੂੰ ਫੁਸਲਾ ਕੇ ਮਾਰ ਖਾਂਦੇ ਹੋਣਗੇ...।

ਪਰ ਨਹੀਂ, ਉਨ੍ਹਾਂ ਦੀ ਸੁਣੋ। ਉਹ ਦੱਸਦੇ ਕਿ ਬੜੇ ਧਿਆਨ ਨਾਲ ਟੋਕਰੀ ਹੇਠੋਂ ਚਿੜੀ ਫੜਨੀ। ਹੱਥੀਂ ਚੋਗਾ ਖੁਆਉਣਾ। ਬੜੇ ਪਿਆਰ ਨਾਲ ਉਸ ਦੇ ਭੂਰੇ ਖੰਭਾਂ ਨੂੰ ਮਨਮਰਜ਼ੀ ਨਾਲ ਲਾਲ, ਪੀਲੇ ਜਾਂ ਹਰੇ ਰੰਗ ਕਰ ਦੇਣਾ ਤੇ ਫਿਰ ਉਸ ਨੂੰ ਉੱਡਦੀਆਂ ਹੋਈਆਂ ਚਿੜੀਆਂ ਵਿਚ ਉਡਾ ਦੇਣਾ। ਚਿੜੀਆਂ ਦੇ ਝੁੰਡ ਵਿਚ ਉਡਾਰੀਆਂ ਲਾਉਂਦੀ ਆਪਣੀ ਰੰਗਦਾਰ ਚਿੜੀ ਨੂੰ ਦੇਰ ਤੀਕ ਵੇਖਦੇ ਰਹਿਣਾ। ਇੰਝ ਲੱਗਣਾ ਜਿਵੇਂ ਚਿੜੀ ਨਹੀਂ, ਸਾਡੀ ਰੂਹ ਗਗਨ ਉਡਾਰੀਆਂ ਲਾ ਰਹੀ ਹੋਵੇ।

ਸਮੇਂ ਦਾ ਗੇੜ ਵੇਖੋ। ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਚਲਾ ਪੁਸਤਕਾਂ ਰਿਲੀਜ਼ ਕਰਨ ਵਾਲਾ ਸਾਡਾ ਹਰਾ-ਭਰਾ ਬਗ਼ੀਚਾ ਨਹੀਂ ਰਿਹਾ... ਅੱਖਾਂ ਸਾਹਵੇਂ ਹੌਲੀ ਹੌਲੀ ਪਿੱਛੇ ਨੂੰ ਸਰਕਦਾ ਕਿਸੇ ਪਾਤਾਲ ਲੋਕ ਵਿਚ ਗਰਕ ਗਿਆ... ਮਰ ਮੁੱਕ ਗਏ ਉੱਥੋਂ ਦੇ ਪਿੱਪਲ ਤੇ ਹੋਰ ਬੂਟੇ... ਉੱਡ ਪੁੱਡ ਗਈਆਂ ਰੰਗੀਨ ਚਿੜੀਆਂ... ਰੰਗਸਾਜ਼ ਪ੍ਰਤਾਪ ਮਹਿਤਾ, ਗਿਰੀ, ਗੌਰੀਏ, ਭੂਸ਼ਨ, ਪਨੂੰ ਤੇ ਦੇਵ ਭਾਰਦਵਾਜ ਵਰਗੇ ਭਲੇ ਲੋਕ ਵੇਖਦਿਆਂ ਵੇਖਦਿਆਂ ਸਭ ਲੋਪ ਹੋ ਗਏ...।

ਸਾਡੇ ਬਾਗ਼ ਦੀ ਥਾਂ ਅੱਜਕੱਲ੍ਹ ਉੱਥੇ ਕੰਕਰੀਟ ਦੀ ਬਹੁ-ਮੰਜ਼ਿਲੀ ਪਾਰਕਿੰਗ ਬਣ ਚੁੱਕੀ ਹੈ। ਕਦੇ-ਕਦਾਈਂ ਦੂਰੋਂ ਆਉਂਦਿਆਂ-ਜਾਂਦਿਆਂ ਮਹਿਸੂਸ ਹੁੰਦਾ ਕਿ ਸਾਡੇ ਰੰਗੀਨ ਪੰਖੇਰੂ ਇਸੇ ਬੇਸਮੈਂਟ ਦੀਆਂ ਨੀਹਾਂ ਹੇਠ ਸਮਾਧੀ ਵਿਚ ਲੀਨ ਬੈਠੇ ਹੋਣਗੇ... ਲਾਗੇ ਜਾਣ ਦਾ ਹੌਸਲਾ ਵੀ ਨਹੀਂ ਪੈਂਦਾ... ਜੇ ਲਾਗੇ ਚਲੇ ਗਏ ਤਾਂ ਉਨ੍ਹਾਂ ਦੀ ਤਪੱਸਿਆ ਭੰਗ ਹੋ ਜਾਏਗੀ।

ਸੰਪਰਕ: 98151-94782

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All