ਐੱਸ ਪੀ ਸਿੰਘ*
ਇੱਥੋਂ ਲੈ ਕੇ ਓਥੋਂ ਤਕ ਦਿਨਾਂ ਤੋਂ ਨੀਝ ਨਾਲ ਤੱਕਦੇ ਰਹੇ ਹਾਂ ਕਿ ਵੋਟਾਂ ਕਿਵੇਂ ਗਿਣੀਆਂ ਜਾ ਰਹੀਆਂ ਨੇ ਤੇ ਉਹ ਭੂਤਰਿਆ ਹੋਇਆ ਗਲ਼ੋਂ ਲਵ੍ਹੇਗਾ ਕਿ ਨਹੀਂ? ਕਿਤੇ ਇਹ ਤਾਂ ਨਹੀਂ ਹੋਵੇਗਾ ਕਿ ਅੰਦਰੇ ਹੀ ਚਿੰਬੜ ਕੇ ਬਹਿ ਜਾਵੇ, ਆਖੇ ਮੈਂ ਨ੍ਹੀਂ ਜਾਂਦਾ? ਘੜੀਸ ਕੇ ਬਾਹਰ ਲਿਆਉਣਾ ਪਵੇ? ਸਾਲਾਂ, ਮਹੀਨਿਆਂ, ਹਫਤਿਆਂ ਅਤੇ ਹਾਲ ਹੀ ਵਿਚ ਕੁਝ ਦਿਨਾਂ ਅਤੇ ਫਿਰ ਆਖਰੀ ਘੰਟਿਆਂ ਤਕ ਇਹ ਸੂਹ ਮਿਲਦੀ ਰਹੀ ਕਿ ‘ਨੌਰਮੈਲਸੀ’ ਪਰਤ ਰਹੀ ਹੈ; ਕਿ ਜੀਵਨ ਫਿਰ ਆਮ ਵਾਂਗ ਹੋ ਜਾਵੇਗਾ; ਕਿ ਸਵੇਰੇ ਸਵੇਰੇ ਉੱਠ ਕਿਸੇ ਨਾ ਕਿਸੇ ਭੱਦਰਪੁਰਸ਼ ਨੂੰ ਟਵੀਟ ਕਰਕੇ ਗਾਲ੍ਹ ਕੱਢਣ ਵਾਲਾ ਵਰਤਾਰਾ ਹੁਣ ਨਹੀਂ ਵਾਪਰੇਗਾ; ਕਿ ਸਮਾਜ ਵਿੱਚ ਭਲਮਾਣਸੀ, ਸ਼ਿਸ਼ਟਤਾ, ਪਰਸਪਰ ਸਤਿਕਾਰ ਵਾਪਸ ਪਰਤ ਆਵੇਗਾ।
ਅਖ਼ਬਾਰੀ ਸੁਰਖ਼ੀਆਂ ਕੁਝ ਵੀ ਆਖਣ, ਨਤੀਜਾ ਅਜੇ ਨਹੀਂ ਆਇਆ। ਅਜੇ ਤਾਂ ਨਿੱਤ ਨਵੀਆਂ ਵੋਟਾਂ ਹੀ ਪਈ ਜਾ ਰਹੀਆਂ ਹਨ। ਇਹ ਸੰਘਰਸ਼ ਸਾਡੇ ਅੰਦਰ ਖ਼ਾਸਾ ਡੂੰਘਾ ਚੱਲ ਰਿਹਾ ਹੈ; ਪਰਸਪਰ ਵਿਰੋਧੀ ਬਿਆਨੀਏ ਆਪੋ ਵਿੱਚ ਟਕਰਾ ਰਹੇ ਹਨ। ਗਾਲ੍ਹੀ-ਗਲੋਚ, ਨਫ਼ਰਤ, ਡਰ, ਬੇਵਿਸ਼ਵਾਸੀ, ਸਾਜ਼ਿਸ਼, ਧਿੰਗੋਜ਼ੋਰੀ, ਡਾਹਢਾਪੁਣਾ, ਫਿੱਕੇ ਬੋਲ, ਆਪਣੀ ਸਮਝ ਅਤੇ ਜ਼ਿੱਦ ਨੂੰ ਸਹੀ ਹੀ ਨਹੀਂ ਬਲਕਿ ਅੰਤਿਮ ਸੱਚ ਸਿੱਧ ਅਤੇ ਸਾਬਤ ਕਰਦੇ ਬਿਆਨੀਏ ਸਾਡੇ ਦਿਲਾਂ ਮਨਾਂ ਅੰਦਰ ਰਚ-ਵਸ ਗਏ ਹਨ। ਤੱਥ, ਅੰਕੜੇ, ਦਲੀਲਾਂ, ਵਿਗਿਆਨ ਅਤੇ ਸਾਹਵੇਂ ਕੂਕਦਾ ਸੱਚ ਸਾਡੇ ਜ਼ਹਿਰ ਹੋ ਗਏ ਅੰਦਰੂਨ ਨਾਲ ਨਿੱਤ ਸਿੱਝ ਰਿਹਾ ਹੈ, ਅਕਸਰ ਹਾਰ ਰਿਹਾ ਹੈ।
ਜਿਨ੍ਹਾਂ ਨੂੰ ਲੱਗਦਾ ਸੀ ਕਿ ਲੜਾਈ ਬਹੁਤੀ ਸਾਫ਼ ਹੈ — ਇਕ ਪਾਸੇ ਝੂਠ ਬੋਲਦੀ, ਵਿਗਿਆਨ ਦੀ ਤੌਹੀਨ ਕਰਦੀ, ਬਦਜ਼ੁਬਾਨੀ ਕਰਨ ਵਾਲੀ ਭੀੜ ਹੈ; ਦੂਜੇ ਪਾਸੇ ਮੁਹੱਜ਼ਬ, ਪੜ੍ਹੀ-ਲਿਖੀ, ਅਗਾਂਹਵਧੂ ਤਹਿਰੀਕ ਦਾ ਇਹਤਰਾਮ ਕਰਦੀ ਖ਼ਲਕਤ ਹੈ — ਉਨ੍ਹਾਂ ਨੂੰ ਹੁਣ ਪਤਾ ਲੱਗਿਆ ਹੈ ਕਿ ਲਕੀਰਾਂ ਏਡੀਆਂ ਵੀ ਸਾਫ਼ ਨਹੀਂ। ਸਾਡੇ ਧੁਰ ਅੰਦਰ ਦੀਆਂ ਡੂੰਘਾਈਆਂ ਵਿੱਚ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ, ਅਜੇ ਨਤੀਜੇ ਆਉਣ ਵਿੱਚ ਬਹੁਤ ਸਮਾਂ ਦਰਕਾਰ ਹੈ। ਉਦੋਂ ਤਕ ਖਿੱਚੋਤਾਣ ਦੀ ਸਥਿਤੀ ਬਰਕਰਾਰ ਰਹੇਗੀ, ਇਹ ਸਵਾਲ ਹਵਾ ਵਿੱਚ ਲਟਕਦਾ ਰਹੇਗਾ ਕਿ ਕੀ ਅਸੀਂ ਕਦੀ ਵੀ ‘ਨੌਰਮੈਲਸੀ’ ਨੂੰ ਪਰਤਦਿਆਂ ਵੇਖਾਂਗੇ? ਜਦੋਂ ਉਹ ਪਰਤੇਗੀ ਤਾਂ ਕੀ ਅਸੀਂ ਉਹਨੂੰ ਪਛਾਣ ਲਵਾਂਗੇ? ਕੀ ਉਦੋਂ ਤਕ ਅਸੀਂ ਹੀ ਏਨੇ ਨਹੀਂ ਬਦਲ ਚੁੱਕੇ ਹੋਵਾਂਗੇ ਕਿ ਸਾਡੀ ‘ਨੌਰਮੈਲਸੀ’, ਸਾਡਾ ‘ਆਮ ਵਰਤਾਰੇ’ ਵਾਲਾ ਸੰਕਲਪ ਹੀ ਬਦਲ ਚੁੱਕਾ ਹੋਵੇਗਾ?
ਕੀ ਸਾਡੇ ਮਨ ਅੰਦਰ ਇਹ ਵੋਟਾਂ ਦੀ ਗਿਣਤੀ ਅਸਲ ਵਿਚ ਕਿਸੇ ਨਵੀਂ ‘ਨੌਰਮੈਲਸੀ’ ਦੀ ਤਲਾਸ਼ ਹੈ? ਕੀ ਜਦੋਂ ਇਹ ਅੱਲ੍ਹਾਹ-ਮਾਰੀ ਮਿਲ ਜਾਵੇਗੀ ਤਾਂ ‘ਨਵੀਂ’ ਰਹਿ ਜਾਵੇਗੀ? ਅਸੀਂ ਕਿੰਨੀ ਕੁ ਦੇਰ ਇਸ ਨੂੰ ‘ਨਵੀਂ’ ਮੰਨ ਕੇ ਆਤਮਸਾਤ ਕਰਾਂਗੇ ਤੇ ਫਿਰ ਸਾਡੇ ਵਿੱਚੋਂ ਕੋਈ ਇੱਕ ਧੜਾ ਇਸ ‘ਨਵੀਂ’ ਨੂੰ ‘ਪੁਰਾਣੀ’ ਗਰਦਾਨ ਕਿਸੇ ਹੋਰ ‘ਨਵੀਂ’ ਦੀ ਤਲਾਸ਼ ਵਿਚ ਕੁਝ ਟਰੰਪੀ ਕਰਨਾ ਸ਼ੁਰੂ ਕਰ ਦੇਵੇਗਾ? ਆਖ਼ਰ ਇਤਿਹਾਸ, ਰਾਜਨੀਤੀ, ਮਨੁੱਖੀ ਸੋਚ ਅਤੇ ਰੂਹ ਅੰਦਰਲੀਆਂ ਵੋਟਾਂ ਦੀ ਗਿਣਤੀ – ਕੁਝ ਵੀ ਤਾਂ ਸਥੂਲ ਨਹੀਂ ਰਹਿੰਦਾ, ਸਭ ਨਿਰੰਤਰ ਵਹਿੰਦਾ ਹੈ।
ਕੌੜੇ ਬੋਲ; ਬੇਧਿਆਨੀ ਨਾਲ ਹੀ ਨਹੀਂ ਬਲਕਿ ਬੜੇ ਧਿਆਨ ਨਾਲ ਬੋਲੇ ਅਤੇ ਅਕਸਰ ਵਗਾਹਵੇਂ ਸੋਟੇ ਵਾਂਗ ਉਛਾਲੇ ਨਿੰਦਾ ਬੇਇੱਜ਼ਤੀ ਕਰਦੇ ਜੁਮਲੇ; ਇੱਜ਼ਤਾਂ ਆਬਰੂਆਂ ਦੇ ਕਤਲ ਕਰਦੇ ਟਵੀਟ; ਖੁੱਲ੍ਹਮ-ਖੁੱਲ੍ਹਾ ਜਾਤਪਾਤ ਤੇ ਨਸਲਵਾਦ ਦੀ ਪੁਸ਼ਤਪਨਾਹੀ ਕਰਦੇ ਮਨਸ਼ੂਰ; ਜ਼ਾਹਰਾ ਝੂਠ; ਅਤੇ ਡਾਹਢਿਆਂ ਸੰਗ ਯਾਰੀਆਂ ਦੇ ਦਮਗਜ਼ੇ — ਜੇ ਇਹ ਸਭ ਸਾਡਾ ‘ਆਮ ਵਰਤਾਰਾ’ ਹੋ ਗਿਆ ਹੈ ਤਾਂ ਅਸੀਂ ਵੋਟਾਂ ਦੀ ਕਿਤੇ ਦੁਰੇਡੇ ਹੋ ਰਹੀ ਗਿਣਤੀ ਤੋਂ ਕਿਵੇਂ ਇਹ ਆਸ ਲਾਈ ਬੈਠੇ ਹਾਂ ਕਿ ਟਰੰਪ ਸੱਚੀਓਂ ਹਾਰ ਗਿਆ ਹੈ?
ਦਰਅਸਲ ਅਜੇ ਅਸਲੀ ਗਿਣਤੀ ਸ਼ੁਰੂ ਹੋਣੀ ਹੈ। ਉੱਥੇ ਪਿਛਲੇ ਚਾਰ ਸਾਲਾਂ ਵਿੱਚ, ਇੱਥੇ ਪਿਛਲੇ ਛੇ ਸਾਲਾਂ ਵਿੱਚ, ਜਾਂ ਦੋਹੀਂ ਥਾਂਈਂ ਅਤੇ ਹੋਰ ਕਈ ਪਾਸੇ ਪਿਛਲੇ ਕਿੰਨੇ ਦਹਾਕਿਆਂ ਤੋਂ ਅਸੀਂ ਲਗਾਤਾਰ ਕੀ ਕੁਝ ਗੁਆਉਂਦੇ ਆ ਰਹੇ ਹਾਂ, ਕਿੱਥੇ-ਕਿੱਥੇ ਕਿਹੜੇ-ਕਿਹੜੇ ਘਾਟੇ ਖਾਂਦੇ ਆ ਰਹੇ ਹਾਂ, ਇਹਦੀ ਕੋਈ ਇਮਾਨਦਾਰ ਗਿਣਤੀ ਹੋਣੀ ਚਾਹੀਦੀ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਐਸੀ ਗਿਣਤੀ ਵਿੱਚ ਕੋਈ ਬੇਈਮਾਨੀ ਨਾ ਹੋ ਜਾਵੇ, ਪਾਰਦਰਸ਼ਤਾ ਸੁਨਿਸ਼ਚਿਤ ਕੀਤੀ ਜਾਵੇ ਅਤੇ ਜਾਅਲੀ ਵੋਟਾਂ ਇਸ ਰੂਹਦਾਰ ਅਗੰਮੀ ਅੰਦਰੂਨੀ ਵਰਤਾਰੇ ਨੂੰ ਭ੍ਰਿਸ਼ਟ ਨਾ ਕਰ ਸਕਣ।
ਕੋਈ ਭਾਵੇਂ ਕੁਰਸੀ ’ਤੇ ਬੈਠਾ ਹੋਵੇ ਜਾਂ ਕਿਸੇ ਬਿਆਨੀਏ ਨੇ ਸਾਡੀ ਸਮਝ ’ਤੇ ਜੱਫਾ ਮਾਰ ਲਿਆ ਹੋਵੇ, ਉੱਥੋਂ ਹਟਾਉਣਾ ਆਸਾਨ ਨਹੀਂ ਹੁੰਦਾ। ਮੱਠਾਂ ਦੇ ਸਵਾਮੀ ਮੱਠ ’ਤੇ ਕੋਈ ਖ਼ਤਰਾ ਬਰਦਾਸ਼ਤ ਨਹੀਂ ਕਰਦੇ। ‘‘ਸੰਤਾਂ ਨੇ ਕਿਹਾ ਸੀ, ਝੂਠ ਹੋ ਹੀ ਨਹੀਂ ਸਕਦਾ।’’ ‘‘ਜਦੋਂ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਤਾਂ ਤੁਹਾਨੂੰ ਵਿਸ਼ਵਾਸ ਕਿਉਂ ਨਹੀਂ ਆਉਂਦਾ?’’ ਨਾ ਜਾਣੇ ਕਿੰਨੀ ਵਾਰੀ ਇਹੋ ਜਿਹੀਆਂ ਨਸੀਹਤਾਂ ਸੁਣਨ ਨੂੰ ਮਿਲਦੀਆਂ ਹਨ। ‘‘ਵੇਖੋ, ਜਦੋਂ (ਅਮਰੀਕਾ ਦਾ) ਰਾਸ਼ਟਰਪਤੀ ਕੁਝ ਕਰਦਾ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਇਹ ਗ਼ੈਰਕਾਨੂੰਨੀ ਨਹੀਂ ਹੈ।’’ ਉਸ ਸਮੇਂ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਵੇਗਾ ਪਰ ਜਦੋਂ ਪੱਤਰਕਾਰ ਡੇਵਿਡ ਫਰੋਸਟ ਦੀਆਂ ਵਾਟਰਗੇਟ ਦੇ ਝੰਬੇ ਤੇ ਘੜੀਸ ਕੇ ਗੱਦੀਓਂ ਲਾਹੇ ਰਿਚਰਡ ਨਿਕਸਨ ਨਾਲ ਇੰਟਰਵਿਊਆਂ ਪੜ੍ਹਦਿਆਂ-ਸੁਣਦਿਆਂ ਇਹ ਦਾਅਵਾ ਕੰਨੀਂ ਪਿਆ ਤਾਂ ਹਾਸਾ ਵੀ ਨਿਕਲ ਗਿਆ ਸੀ ਤੇ ਚਿਹਰੇ ਦਾ ਰੰਗ ਵੀ ਉੱਡ ਗਿਆ ਸੀ। ਇੰਟਰਵਿਊਆਂ 1977 ਵਿਚ ਹੋਈਆਂ ਸਨ। ਉਹਨੀਂ ਦਿਨੀਂ ਗੱਦੀ ਨੂੰ ਚਮੜੀ ਬੈਠੀ, ਮਜ਼ਬੂਤ ਨੇਤਾ ਹੋਣ ਦਾ ਦਾਅਵਾ ਕਰਦੀ ਅਤੇ ਜਿੱਤਣ ਦੀ ਉਮੀਦ ਲਾਈ ਬੈਠੀ ਵੋਟਾਂ ਦੀ ਗਿਣਤੀ ਤੋਂ ਬਾਅਦ ਤਾਜ਼ੀ ਤਾਜ਼ੀ ਹਾਰੀ ਸੀ। ਅੰਦਰ ਦੀ ਘੁਟਣ ਖ਼ਤਮ ਹੋਈ ਸੀ, ਮੁਲਕ ਨੇ ਸੁਖ ਦਾ ਸਾਹ ਲਿਆ ਸੀ। ਸਿਆਸੀ ਪੰਡਤਾਂ ਨੇ ਦਾਅਵਾ ਕੀਤਾ ਸੀ ਕਿ ਅਜਿਹਾ ਹਨ੍ਹੇਰਾ ਮੁੜ ਕਦੀ ਤਾਰੀ ਨਹੀਂ ਹੋਵੇਗਾ। ‘ਨੌਰਮੈਲਸੀ’ ਜੋ ਪਰਤ ਆਈ ਸੀ। ਖ਼ੁਸ਼ੀ ਵਿੱਚ ਖੀਵਾ ਹੋਇਆ ਲਾਣਾ ਧੁਰ ਅੰਦਰ ਦੀਆਂ ਵੋਟਾਂ ਗਿਣਨੋਂ ਖੁੰਝ ਗਿਆ ਸੀ। ਕੀ ਕੀ ਗੁਆਚ ਗਿਆ ਸੀ, ਅੱਖੋਂ ਪਰੋਖੇ ਹੋ ਗਿਆ।
ਇਸੇ ਲਈ ਹਨ੍ਹੇਰੇ ਮੁੜ ਮੁੜ ਪਰਤੇ, ਸਾਹ ਫਿਰ ਫਿਰ ਘੁੱਟਿਆ ਗਿਆ। ਵਾਰ ਵਾਰ ਸਾਨੂੰ ਇਕ ਦੂਜੇ ਤੋਂ ਕੋਫ਼ਤ ਆਈ, ‘ਪੁਰਾਣੀ ਨੌਰਮੈਲਸੀ’ ਗਵਾਚੀ, ‘ਨਵੀਂ ਨੌਰਮੈਲਸੀ’ ਨਵੇਂ ਰੰਗ ਲਿਆਈ। ਸਾਡਾ ‘ਆਮ ਵਰਤਾਰਾ’ ਹੀ ਬਦਲ ਗਿਆ। ਸ਼ੱਕ, ਨਫ਼ਰਤ, ਬੇਵਿਸਾਹੀ, ਸਾਜ਼ਿਸ਼ਾਂ ਦੀ ਤਵੱਕੋਂ ਅਤੇ ਫਿੱਕੇ ਬੋਲਾਂ ਨੇ ਸਾਡੇ ਧੁਰ ਅੰਦਰੂਨ ਤੁੰਨ ਤੁੰਨ ਕੇ ਜ਼ਹਿਰੀ ਵੋਟਾਂ ਪਾਈਆਂ। ਸੋਸ਼ਲ ਮੀਡੀਆ ਨੇ ਜ਼ਹਿਰ ਨੂੰ ਵਿਗਿਆਨ ਦੀ ਲਾਗ ਲਾਈ। ਅਸੀਂ ਫੇਸਬੁੱਕਾਂ ’ਤੇ ਡਾਂਗੋ-ਡਾਂਗੀ ਹੋਏ, ਟਵਿੱਟਰਾਂ ਥੀਂ ਛਿੱਤਰੋ-ਛਿਤਰੀ ਨਿਤਰੇ, ਵੱਟਸਐਪ ਮੁਹਾਜ਼ਾਂ ’ਤੇ ਲਹੂ ਲੁਹਾਣ ਡਟੇ ਰਹੇ। ‘ਨਵੀਂ ਨੌਰਮੈਲਸੀ’ ਚੋਖ਼ਾ ਰੰਗ ਲਿਆਈ ਸੀ, ਹਰ ਸਿਮਤ ਟਰੰਪ ਖਿੜ ਉੱਠਿਆ ਸੀ, ਅਸੀਂ ਗਿਣ ਹੀ ਨਹੀਂ ਸਕੇ ਕਿ ਕੀ ਕੀ ਗਵਾਚ ਗਿਆ ਸੀ।
ਜਦੋਂ ਮਜ਼ਬੂਤ ਨੇਤਾ ਇਖ਼ਲਾਕਿਆਤ ਤੋਂ ਗਿਰੀ ਗੱਲ ਕਰੇ, ਨਫ਼ਰਤੀ ਕੋਈ ਜੁਮਲਾ ਬੋਲੇ, ਅਸਲੋਂ ਕੁਫ਼ਰ ਤੋਲੇ ਤਾਂ ਸਾਡੀ ਇਨਸਾਨੀਅਤ ਰਤਾ ਥੱਲੇ ਡਿੱਗਦੀ ਹੈ। ਨੇਤਾ ਰੋਜ਼ ਇਹ ਵਰਤਾਰਾ ਜਾਰੀ ਰੱਖਦਾ ਹੈ। ਓਥੇ ਨਸਲੀ ਗੋਰਿਆਂ ਦੇ ਸਦੀਵੀ ਬੋਲਬਾਲੇ ਦੀ ਤਰਫ਼ਦਾਰੀ, ਇੱਥੇ ਕਿਸੇ ਹਿੰਦੂ ਰਾਸ਼ਟਰ ਦੀ ਸਰਦਾਰੀ ਨੂੰ ਪ੍ਰਣਾਈ ਸਿਆਸਤ ਨਿੱਤ ‘ਨੌਰਮੈਲਸੀ’ ਨੂੰ ਖਿੱਚ ਕੇ ਰਤਾ ਹੇਠਾਂ ਲਿਆਉਂਦੀ ਹੈ। ਇੱਕ ਦਿਨ ਥੱਲ੍ਹਾ ਹੀ ਖਿਸਕ ਜਾਂਦਾ ਹੈ, ਨਿਵਾਣ ਵੱਲ ਵਹਿਣਾ ਨਵਾਂ ‘ਆਮ ਵਰਤਾਰਾ’ ਹੋ ਜਾਂਦਾ ਹੈ। ਜਨਤਾ ਦਾ ਏਨਾ ਹੜ੍ਹ ਹੇਠਾਂ ਵੱਲ ਜਾ ਰਿਹਾ ਹੋਵੇ ਤਾਂ ਵਿਰੋਧੀ ਵੀ ‘ਨਵੀਂ ਨੌਰਮੈਲਸੀ’ ਭਾਲਦਾ ਹੈ। ਉੱਥੇ ਜੋਅ ਬਾਇਡਨ ਵਰਗੇ ਘਸੇ ਪਿਟੇ ਸਥਾਪਤੀ ਦੇ ਅਲੰਕਾਰ ’ਚੋਂ ਕੋਈ ਇਨਕਲਾਬ ਟੋਲਦਾ ਹੈ; ਇੱਥੇ ਸੱਤਾ ’ਤੇ ਖਾਨਦਾਨੀ ਕਬਜ਼ੇ ਨੂੰ ਪ੍ਰੀਭਾਸ਼ਿਤ ਕਰਦੇ ਦੀ ‘ਫ਼ਿਰਕਾਪ੍ਰਸਤੀ-ਬਨਾਮ-ਸੈਕੂਲਰਿਜ਼ਮ’ ਵਾਲੀ ਬੁੱਢੀ-ਠੇਰੀ ਹੋ ਚੁੱਕੀ ਸਿਆਸਤ ਵਿੱਚੋਂ ਕੋਈ ਨਵਾਂ ਨੌਜਵਾਨ ਬਦਲ ਤਲਾਸ਼ਦਾ ਹੈ।
ਅੰਦਰੂਨ ਦੀਆਂ ਵੋਟਾਂ ਦੀ ਗਿਣਤੀ ਚਿਰਾਂ ਦੀ ਰੁਕੀ ਪਈ ਹੈ। ਅੱਧਾ ਮੁਲਕ ਓਥੇ, ਅੱਧਾ ਮੁਲਕ ਐਥੇ ਦੂਜੇ ਅੱਧ ਤੋਂ ਵੰਡਿਆ ਪਿਆ ਹੈ। ਓਥੇ ਮਜ਼ਬੂਤ ਨੇਤਾ ਹਾਰੇ ਜਾਂ ਏਥੇ ਵਾਲੇ ਨਾਲ ਗੁੱਥਮ-ਗੁੱਥਾ ਹੁੰਦੇ ਫਿਰੀਏ, ਸਾਡੀ ‘ਨੌਰਮੈਲਸੀ’ ਦਾ ਥੱਲ੍ਹਾ ਖ਼ਿਸਕ ਚੁੱਕਿਆ ਹੈ। ਅਸੀਂ ਓਥੇ ਹਾਰੇ ਵਰਗੇ, ਏਥੇ ਕਾਬਜ਼ ਵਰਗੇ ਹੋ ਚੁੱਕੇ ਹਾਂ। ਬਦਲ ਭਾਲ ਰਹੇ ਹਾਂ, ਸਾਹ ਘੁੱਟ ਰਿਹਾ ਹੈ, ਸੰਘਰਸ਼ ਕਰ ਰਹੇ ਹਾਂ ਪਰ ਅੰਦਰੂਨ ਦੀਆਂ ਵੋਟਾਂ ’ਚ ਬੇਈਮਾਨੀ ਹੋ ਚੁੱਕੀ ਹੈ, ਉਹਨੂੰ ਰੋਕ ਨਹੀਂ ਪਾ ਰਹੇ। ਗਿਣਤੀ ਜਾਰੀ ਹੈ। ਹਤਮੀ ਨਤੀਜੇ ਦੀ ਸੁਰਖ਼ੀ ਅਗਾਊਂ ਸੁਣ ਲਵੋ – ਅਮਰੀਕਾ ਹੋਵੇ ਜਾਂ ਬਿਹਾਰ, ਹਰ ਸਿਮਤ ਹਰ ਵਾਰ, ਸਾਡੀ ਕਿਸਮਤ ’ਚ ਹੈ ਟਰੰਪ ਸਰਕਾਰ।
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਵਰ੍ਹਿਆਂ ਤੋਂ ਉਹਨਾਂ ਧਿਰਾਂ ਸੰਗ ਵਿਚਰਦਾ ਰਿਹਾ ਹੈ ਜਿਹੜੀਆਂ ਆਪਣੇ ਆਪ ਨੂੰ ਅਗਾਂਹਵਧੂ ਨਰਮਖਿਆਲ ਸਿਆਣਦੀਆਂ, ਵਿਰੋਧੀ ਨੂੰ ਭਟਕਿਆ ਲਾਣਾ ਗਰਦਾਨਦੀਆਂ, ਸਦਾ ਅੰਤਿਮ ਸੱਚ ਆਪਣੀ ਜੇਬ ਵਿੱਚ ਹੋਣ ਦਾ ਦਾਅਵਾ ਕਰਦੀਆਂ ਹਨ।)