ਭਗਤਾ ਫੌਜੀ

ਭਗਤਾ ਫੌਜੀ

ਪ੍ਰੇਮ ਗੋਰਖੀ

ਪ੍ਰੇਮ ਗੋਰਖੀ

ਕਹਾਣੀਆਂ ਵਰਗੇ ਲੋਕ-17

ਹੁਣ ਉਹ ‘ਕਿਸ਼ਨੇ ਦਾ ਭਗਤਾ’ ਹੀ ਵਜਦਾ ਸੀ। ਕੋਈ ਸਮਾਂ ਸੀ ਕਦੇ ਉਹ ‘ਗੋਰਾ’ ਬਣਿਆ ਹੁੰਦਾ, ਕਦੇ ਉਹ ਪੰਘੂੜਿਆਂ ਵਾਲੇ ਦਾ ਮੁੰਡਾ ਵੱਜਦਾ, ਕਦੇ ਕਿਸ਼ਨੇ ਦਾ ਨੌਕਰ। ਭਗਤਾ ਬਹੁਤ ਹਲਕਾ ਜਿਹਾ ਸੀ, ਛੇ ਸੱਤ ਵਰ੍ਹਿਆਂ ਦਾ ਜਦੋਂ ਉਹ ਕਿਸ਼ਨੇ ਹੁਣਾਂ ਕੋਲ ਆ ਕੇ ਬਹਿਣ ਲੱਗਾ। ਜਲੰਧਰ ਦੇ ਸੀਤਲਾ ਮੰਦਰ ਵਿਚ ‘ਮੰਗਲ’ ਲੱਗਣੇ ਸ਼ੁਰੂ ਹੋ ਗਏ ਸਨ, ਉਦੋਂ ਹੀ ਇਹ ਮੁੰਡਾ ਸਵੇਰੇ ਹੀ ਕਿਸ਼ਨੇ ਹੁਣਾਂ ਕੋਲ ਆ ਬੈਠਿਆ ਕਰੇ। ਕਿਸ਼ਨੇ ਨੂੰ ਤੇ ਉਹਦੇ ਮੁੰਡਿਆਂ ਨੂੰ ਨਈਂ ਸੀ ਪਤਾ ਇਹ ਮੁੰਡਾ ਕੌਣ ਹੈ। ਪਹਿਲਾਂ ਪਹਿਲ ਤਾਂ ਉਹ ਇਹੀ ਸਮਝਦੇ ਰਹੇ ਕਿ ਇਸੇ ਮੁਹੱਲੇ ਦਾ ਬੱਚਾ ਹੋਵੇਗਾ। ਐਵੇਂ ਪੰਘੂੜਾ ਚਲਦਾ ਦੇਖਣ ਇਹੋ ਜਿਹੇ ਬੱਚੇ ਆ ਹੀ ਬੈਠਦੇ ਹਨ, ਪਰ ਉਹ ਬੱਚਾ ਤਾਂ ਜਿਉਂ ਸਵੇਰੇ ਆ ਕੇ ਪੰਘੂੜੇ ਦੇ ਕੋਲ ਖਲੋਂਦਾ ਉਹ ਸ਼ਾਮ, ਰਾਤ ਹਨੇਰੇ ਤੱਕ ਉੱਥੇ ਹੀ ਰਹਿੰਦਾ। ਉਹਨੂੰ ਤੁਰੇ ਫਿਰਦੇ ਨੂੰ ਦੇਖ ਕੇ ਕਿਸ਼ਨਾ ਜਾਂ ਮਾਖਾ ਉਹਨੂੰ ਦੁੱਧ, ਖੰਡ, ਚਾਹ ਲਿਆਉਣ ਨੂੰ ਦੁਕਾਨ ਵੀ ਭੇਜ ਦਿੰਦੇ। ਹੌਲੀ-ਹੌਲੀ ਤਾਂ ਕਿਸ਼ਨਾ ਉਹਨੂੰ ਚਾਹ ਵੀ ਦੇਣ ਲੱਗ ਪਿਆ, ਰੋਟੀ ਵੀ ਉਹਨੂੰ ਦੇਣੀ।

ਦੇਵੀ ਦੇ ਮੰਦਰ ਦੇ ਬਾਹਰ ਚਾਰ ਮੰਗਲ ਲੱਗਦੇ। ਮੰਗਲਵਾਰ ਵਾਲੇ ਦਿਨ ਸਵੇਰੇ ਹੀ ਮੰਦਰ ਵਿਚ ਸੰਗਤ ਜੁੜਨੀ ਸ਼ੁਰੂ ਹੋ ਜਾਂਦੀ। ਖ਼ਾਸ ਕਰਕੇ ਔਰਤ ਸ਼ਰਧਾਲੂ ਮੰਦਰ ਵਿਚ ਵੱਧ ਆਉਂਦੀਆਂ। ਇਸ ਮੇਲੇ ਵਿਚ ਪੰਘੂੜੇ ਲਾਉਣ ਲਈ ਬਾਕਾਇਦਾ ਕਿਰਾਇਆ ਦੇਣਾ ਪੈਂਦਾ ਜੋ ਮੰਦਰ ਵਾਲੇ ਲੈਂਦੇ। ਮੰਗਲਵਾਰ ਵਾਲੇ ਦਿਨ ਤਾਂ ਜਿਉਂ ਮੇਲਾ ਸ਼ੁਰੂ ਹੁੰਦਾ ਉਹ ਰਾਤ ਨੌਂ ਵਜੇ ਤੱਕ ਲੱਗਾ ਰਹਿੰਦਾ। ਜੋ ਬੱਚੇ ਵੱਡੇ ਮੇਲਾ ਵੇਖਣ ਆਉਂਦੇ ਉਹ ਪੰਘੂੜਾ ਝੂਟਣੋਂ ਨਾ ਅੱਕਦੇ। ਖ਼ਾਸ ਕਰਕੇ ਔਰਤਾਂ, ਜੁਆਨ ਕੁੜੀਆਂ ਤੇ ਬੱਚੇ ਤਾਂ ਵਾਰ-ਵਾਰ ਪੰਘੂੜੇ ਦੀਆਂ ਡੋਲੀਆਂ ਵਿਚ ਆ ਬੈਠਦੇ, ਝੂਟੇ ਲਈ ਜਾਂਦੇ ਤੇ ਪੈਸੇ ਫੜਾਈ ਜਾਂਦੇ।

ਪੰਘੂੜੇ ਮੰਗਲਵਾਰ ਵਾਲੇ ਦਿਨ ਤੋਂ ਬਿਨਾਂ ਵੀ ਚਲਦੇ ਰਹਿੰਦੇ। ਹਾਂ, ਮੰਗਲ ਨੂੰ ਤਾਂ ਸਾਰਾ ਦਿਨ ਹੀ ਲਗਾਤਾਰ ਚਲਦੇ ਸਨ, ਬਾਕੀ ਦਿਨਾਂ ਨੂੰ ਸਵੇਰੇ ਦੋ ਕੁ ਘੰਟੇ ਜਾਂ ਸ਼ਾਮ ਚਾਰ ਤੋਂ ਸੱਤ ਅੱਠ ਵਜੇ ਤੱਕ। ਉਹ ਛੋਟਾ ਜਿਹਾ ਮੁੰਡਾ ਸਾਰਾ ਦਿਨ ਕਿਸ਼ਨੇ ਹੁਣਾ ਦੇ ਟੈਂਟ ਵਿਚ ਜਾਂ ਆਲੇ-ਦੁਆਲੇ ਹੀ ਰਹਿੰਦਾ। ਉਹ ਕੋਈ ਹੋਰ ਕੰਮ ਨਹੀਂ ਸੀ ਕਰਦਾ, ਉਹਨੇ ਜਾਂ ਪੰਘੂੜੇ ਦੇ ਆਲੇ-ਦੁਆਲੇ ਹੀ ਘੁੰਮਣਾ ਜਾਂ ਫਿਰ ਕਿਸ਼ਨੇ ਦੇ ਕੋਲ ਟੈਂਟ ਵਿਚ ਆ ਬੈਠਣਾ।

ਉਸ ਬੱਚੇ ਨਾਲ ਕਿਸ਼ਨੇ ਨੂੰ ਤਾਂ ਬਹੁਤਾ ਮੋਹ ਤਿੰਨ ਸਾਲ ਬਾਅਦ ਹੋਇਆ ਜਦੋਂ ਪੰਘੂੜਾ ਚਲਾਉਂਦੇ ਕਿਸ਼ਨੇ ਦੀ ਬਾਂਹ ’ਤੇ ਸੱਟ ਲੱਗ ਗਈ। ਉਹ ਮੁੰਡਾ ਦਿਨ ਰਾਤ ਕਿਸ਼ਨੇ ਦੀ ਸੱਟ ਦਾ ਧਿਆਨ ਰੱਖਦਾ, ਚਾਹ ਪਾਣੀ ਦਿੰਦਾ ਤੇ ਕਿਸ਼ਨੇ ਨੂੰ ਸਹਾਰਾ ਦੇ ਕੇ ਟੱਟੀ-ਪਿਸ਼ਾਬ ਕਰਾਉਣ ਲਈ ਲੈ ਕੇ ਜਾਂਦਾ। ਬੜੀ ਸੇਵਾ ਕਰਦਾ।

ਫਿਰ ਹੌਲੀ-ਹੌਲੀ ਕਿਸ਼ਨੇ ਨੂੰ ਪਤਾ ਲੱਗਾ ਭਗਤਾ ਮੰਦਰ ਦੇ ਅੰਦਰ ਹੀ ਪੁਜਾਰੀਆਂ ਕੋਲ ਸੌਂਦਾ ਹੈ। ਪੁਜਾਰੀਆਂ ਕੋਲੋਂ ਭਗਤੇ ਬਾਰੇ ਪੁੱਛਿਆ, ਉਨ੍ਹਾਂ ਨੂੰ ਭਗਤੇ ਬਾਰੇ ਕੁਝ ਨਹੀਂ ਸੀ ਪਤਾ। ਭਗਤੇ ਨੂੰ ਪੁੱਛਿਆ। ਉਹ ਸਿਰਫ਼ ਐਨਾ ਹੀ ਦੱਸਦਾ ਸੀ ਕਿ ਕਾਂਗੜੇ ਵੱਲ ਉਹਦਾ ਘਰ ਹੈ, ਉਸ ਤੋਂ ਅੱਗੇ ਉਹ ਕੁਝ ਨਹੀਂ ਸੀ ਦੱਸਦਾ। ਇੱਕ ਦਿਨ ਕਿਸ਼ਨੇ ਦੇ ਮੁੰਡੇ ਨੇ ਸਖ਼ਤੀ ਨਾਲ ਪੁੱਛਿਆ ਸੀ ਤਾਂ ਉਹ ਤਿੰਨ ਦਿਨ ਨਜ਼ਰ ਹੀ ਨਾ ਆਇਆ।

ਪੰਘੂੜੇ ਤਾਂ ਲੱਗਦੇ ਹੀ ਰਹਿੰਦੇ ਸਨ ਕਦੀ ਜਲੰਧਰ ਤੇ ਕਦੀ ਜਲੰਧਰੋਂ ਬਾਹਰ ਜਲੰਧਰ ਛਾਉਣੀ। ਕਈ ਦਿਨ ਦਾ ਦੁਸਹਿਰੇ ਦਾ ਮੇਲਾ ਲੱਗਦਾ ਸੀ। ਫਿਰ ਕਈ ਦਿਨ ਦਾ ਗੁੱਡੀਆਂ ਦਾ ਮੇਲਾ। ਇਨ੍ਹਾਂ ਦਿਨਾਂ ਵਿਚ ਭਗਤਾ ਕਿਸ਼ਨੇ ਹੁਣਾਂ ਦੇ ਨਾਲ ਹੀ ਰਹਿੰਦਾ।

ਕੁਝ ਸਿਆਣੇ ਬੰਦੇ ਵਿਚ ਪਏ ਤੇ ਕਿਸ਼ਨੇ ਨੇ ਉਨ੍ਹਾਂ ਦੀ ਸਲਾਹ ਮੰਨ ਕੇ ਭਗਤੇ ਨੂੰ ਮੁਤਬੰਨਾ ਪੁੱਤਰ ਬਣਾ ਲਿਆ। ਇਸੇ ਹੀ ਸਮੇਂ ਇੱਕ ਹੋਰ ਸਿਆਣੇ ਬੰਦੇ ਨੇ ਭਗਤੇ ਨੂੰ ਫੌਜ ਵਿਚ ਭਰਤੀ ਕਰਾ ਦਿੱਤਾ ਤੇ ਜਦੋਂ ਭਗਤਾ ਛੁੱਟੀ ਆਇਆ ਤਾਂ ਕਿਸ਼ਨੇ ਦੀ ਕੁੜੀ ਨੇ ਭਗਤੇ ਦਾ ਵਿਆਹ ਆਪਣੇ ਸਹੁਰੀਂ ਇੱਕ ਲੜਕੀ ਨਾਲ ਕਰ ਦਿੱਤਾ।

ਪਹਿਲਾਂ ਭਗਤਾ ਛੁੱਟੀ ਬੜੀ ਘੱਟ ਆਉਂਦਾ। ਵਿਆਹ ਤੋਂ ਬਾਅਦ ਤਾਂ ਉਹ ਹਰ ਸਾਲ ਛੁੱਟੀ ਆਉਂਦਾ। ਥੋੜ੍ਹੇ ਸਾਲਾਂ ਵਿਚ ਹੀ ਭਗਤਾ ਦੋ ਪੁੱਤਰਾਂ ਤੇ ਇੱਕ ਧੀ ਦਾ ਬਾਪ ਬਣ ਗਿਆ। ਭਗਤੇ ਨੇ ਦੋ ਲੜਾਈਆਂ ਵਿਚ ਹਿੱਸਾ ਲਿਆ। ਭਗਤਾ ਜਦੋਂ ਸਾਲ ਬਾਅਦ ਛੁੱਟੀ ਆਉਂਦਾ, ਉਹ ਮੇਰੇ ਲਈ ਸਪੈਸ਼ਲ ਰੰਮ ਦੀ ਬੋਤਲ ਲਿਆਉਂਦਾ। ਉਹ ਇਸ ਕਰਕੇ ਉਚੇਚ ਕਰਦਾ, ਕਿਉਂਕਿ ਉਹਨੂੰ ਜੋ ਵੀ ਉਹਦੀ ਵਹੁਟੀ ਚਿੱਠੀ ਪਾਉਂਦੀ ਊਹ ਮੇਰੇ ਹੱਥਾਂ ਦੀ ਹੀ ਲਿਖੀ ਹੁੰਦੀ। ਬਹੁਤੀ ਵਾਰੀ ਬੈਂਕ ’ਚੋਂ ਪੈਸੇ ਵੀ ਉਹਨੂੰ ਮੈਂ ਹੀ ਲਿਆ ਕੇ ਦਿੰਦਾ।

ਦੋਨੋਂ ਮੁੰਡੇ ਉਹਦੇ ਅੱਠਵੀਂ-ਨੌਵੀਂ ਤੱਕ ਹੀ ਪੜ੍ਹੇ। ਕੁੜੀ ਵੀ ਗਾਂਹ ਨੀ ਤੁਰ ਸਕੀ, ਉਹਨੇ ਵੀ ਨੌਵੀਂ ਹੀ ਕੀਤੀ। ਫਿਰ ਭਗਤਾ ਰਿਟਾਇਰ ਹੋ ਕੇ ਆ ਗਿਆ। ਕਿਸ਼ਨੇ ਨੇ ਪਿਲਕਣ ਕੋਲ ਲੱਗਦਾ ਪੰਜ ਮਰਲੇ ਦਾ ਪਲਾਟ ਭਗਤੇ ਲਈ ਰਾਖਵਾਂ ਰੱਖਿਆ ਹੋਇਆ ਸੀ। ਭਗਤੇ ਨੇ ਦਿਨਾਂ ਵਿਚ ਹੀ ਪਲਾਟ ਉੱਤੇ ਘਰ ਉਸਾਰ ਲਿਆ। ਭਗਤਾ ਹੈ ਬੜਾ ਜੁਗਤੀ ਸੀ। ਉਹਨੇ ਗਲੀ ਵੱਲ ਲੱਗਦੇ ਕਮਰੇ ਵਿਚ ਦੁਕਾਨ ਖੋਲ੍ਹ ਲਈ ਜਿਹਦੇ ਵਿਚ ਬੱਚਿਆਂ ਲਈ ਖਾਣ ਵਾਲੀਆਂ ਚੀਜ਼ਾਂ ਰੱਖ ਲਈਆਂ, ਬਰੈੱਡ, ਬਿਸਕੁਟ ਜਿਹੀਆਂ ਹੋਰ ਚੀਜ਼ਾਂ ਸਜਾ ਲਈਆਂ। ਦੁੱਧ ਤਾਂ ਉਹਨੇ ਪੱਕਾ ਹੀ ਰੱਖ ਲਿਆ। ਸਵੇਰੇ ਤੋਂ ਰਾਤ ਦੇ ਦਸ ਵਜੇ ਤੱਕ ਉਹਦਾ ਦੁੱਧ ਦੋ ਸੌ ਪੈਕਟ ਲੱਗ ਜਾਂਦਾ।

ਉਹਦੇ ਦੋਨੋਂ ਮੁੰਡੇ ਬੜੇ ਨਕੰਮੇ ਨਿਕਲੇ। ਇਕ ਤਾਂ ਉਹ ਅੱਗੇ ਪੜ੍ਹ ਨਹੀਂ ਸੀ ਰਹੇ, ਉਲਟਾ ਨਸ਼ੇ ਵਾਲੀਆਂ ਗੋਲੀਆਂ ਖਾਣ ਲੱਗ ਪਏ। ਮੁੰਡਿਆਂ ਦੀ ਮਾੜੀ ਉਠਕ ਬੈਠਕ ਕਰਕੇ ਹੀ ਭਗਤਾ ਇੱਕ ਦਿਨ ਬਚਨੀ ਦੇ ਕਾਰਖਾਨੇ ਗਿਆ ਤੇ ਉੱਥੇ ਸਕਿਓਰਟੀ ਗਾਰਡ ਲੱਗ ਗਿਆ।

ਸ਼ਹਿਰੋਂ ਆਉਂਦੇ ਕਿਸ਼ਨੇ ਤੇ ਉਹਦੇ ਵੱਡੇ ਤੋਂ ਛੋਟੇ ਮੁੰਡੇ ਠਾਕਰ ਦੀ ਸਕੂਟਰੀ ਇੱਕ ਕਾਰ ਨਾਲ ਟਕਰਾ ਗਈ। ਪਿਓ ਪੁੱਤ ਦੋਵੇਂ ਜ਼ਖ਼ਮੀ ਹੋ ਗਏ। ਦੋ ਦਿਨ ਸਿਵਲ ਹਸਪਤਾਲ ਪਏ ਰਹੇ। ਭਗਤੇ ਨੇ ਕਿਸ਼ਨੇ ਨੂੰ ਹਸਪਤਾਲੋਂ ਚੁੱਕਿਆ ਤੇ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ਭਰਤੀ ਜਾ ਕਰਾਇਆ। ਕਿਸ਼ਨਾ ਉੱਥੇ ਤਿੰਨ ਮਹੀਨੇ ਇਲਾਜ ਕਰਾਉਂਦਾ ਰਿਹਾ। ਉਹਦੀ ਲੱਤ ਟੁੱਟੀ ਹੋਈ ਨਿਕਲੀ, ਫਿਰ ਦੋ ਤਿੰਨ ਪਸਲੀਆਂ ਵੀ ਜ਼ਖ਼ਮੀ। ਉੱਥੇ ਕਈ ਭਗਤੇ ਦੇ ਜਾਣੂ ਵੀ ਮਿਲ ਗਏ। ਫਿਰ ਕਿਸ਼ਨੇ ਦਾ ਇਲਾਜ ਵੀ ਉੱਚ ਪਾਏ ਦਾ ਹੋਇਆ ਤੇ ਵਧੀਆ ਖੁਰਾਕ ਮਿਲਣ ਕਰਕੇ ਉਹ ਤਾਂ ਵਾਹਵਾ ਸਿਹਤ ਪੱਖੋਂ ਮਜ਼ਬੂਤ ਤੇ ਰੰਗ-ਰੂਪ ਵੱਲੋਂ ਬੜਾ ਸੋਹਣਾ ਨਿਕਲ ਆਇਆ। ਉਹਦੀ ਖ਼ਬਰ ਲੈਣ ਆਈਆਂ ਉਹਦੀਆਂ ਧੀਆਂ ਤੇ ਜਵਾਈ ਤਾਂ ਭਗਤੇ ਦੇ ਬਲਿਹਾਰੀ ਜਾਣ।

‘‘ਭਗਤਿਆ ਤੂੰ ਤਾਂ ਬਈ ਭਾਈਏ ਨੂੰ ਵੀਹ ਪੱਚੀ ਸਾਲ ਦਾ ਬਣਾ ਦਿੱਤਾ... ਆਰਮੀ ਦੀ ਖੁਰਾਕ ਦੇਖ ਲਾ ਕਿੱਦਾਂ ਲੱਗੀ ਆ ਭਾਈਏ ਨੂੰ... ਸਾਡੀ ਤਾਂ ਸਲਾਹ ਜੇ ਤੂੰ ਮੰਨੇ ਤਾਂ ਬੀਬੀ ਨੂੰ ਵੀ ਇੱਥੇ ਭਰਤੀ ਕਰਾ ਛੱਡ ਚਾਰ ਛੇ ਮਹੀਨੇ... ਉਹ ਵੀ ਜੁਆਨ ਹੋ ਜੂ।’’ ਕਿਸ਼ਨੇ ਦੇ ਵੱਡੇ ਮੁੰਡੇ ਸੁੱਖੂ ਨੇ ਬੜਾ ਹਾਸਾ ਖਿੰਡਾਇਆ।

ਕਿਸ਼ਨੇ ਦੇ ਦੂਜੇ ਮੁੰਡਿਆਂ ’ਚੋਂ ਕੋਈ ਨੇੜੇ ਨਹੀਂ ਆਇਆ। ਸਾਫ਼ ਗੱਲ ਆ ਕਿ ਉਨ੍ਹਾਂ ’ਚੋਂ ਪੈਸਾ ਵੀ ਕਿਸੇ ਕੋਲ ਨਹੀਂ ਸੀ। ਸਾਰੇ ਨੰਗ ਸੀ। ਛੋਟਾ ਪਿਆਰਾ ਕਾਲਜ ਵਿਚ ਪੜ੍ਹਦਾ ਸੀ ਤੇ ਕਈ ਸਾਲ ਉਹਨੂੰ ਬੀ.ਏ. ਫਾਈਨਲ ਵਿਚ ਹੀ ਹੋ ਗਏ ਸੀ। ਦੂਜੇ ਬਸ ਦਿਹਾੜੀ ਦੱਪਾ ਹੀ ਕਰਦੇ ਸਨ। ਤੀਜੇ ਥਾਂ ਲੱਗਦੇ ਜੀਤ ਦਾ ਲਲਾਰੀ ਦਾ ਕੰਮ ਚੰਗਾ ਚਲਦਾ ਸੀ, ਰੋਜ਼ ਦੀ ਕਮਾਈ ਨਕਦ ਉਹਦੀ ਜੇਬ ’ਚ ਪੈਂਦੀ ਸੀ, ਪਰ ਉਹਨੂੰ ਜੂਏ ਦੀ ਮਾੜੀ ਫਿਟਕ ਸੀ ਤੇ ਨਾਲ ਰੋਜ਼ ਪਊਆ ਲੈ ਕੇ ਘਰ ਵੜਦਾ। ਬੜਾ ਸੋਹਣਾ ਘਰ ਵੜਦਾ, ਪਰ ਜਿਉਂ ਹੀ ਪਊਆ ਅੰਦਰ ਸੁੱਟ ਲੈਂਦਾ ਫਿਰ ਤਾਂ ਜਿਵੇਂ ਉਹਨੂੰ ਦੋ ਘੜੀਆਂ ਲਈ ਕੋਈ ਭੂਤ-ਪਰੇਤ ਹੀ ਆ ਚਿੰਬੜਦਾ। ਮਾਖਾ, ਖਾਲੀ ਸੀ, ਉਹਦਾ ਕੰਮ ਹੀ ਬੜਾ ਢਿੱਲਾ ਤੇ ਮੱਠਾ ਸੀ। ਸੁੱਖੂ ਤਾਂਗਾ ਵਾਹੁੰਦਾ ਸੀ। ਉਹਦਾ ਗੇੇੜਾ ਰੇਲਵੇ ਸਟੇਸ਼ਨ ਤੋਂ ਬੱਸ ਅੱਡੇ ਤੱਕ ਲੱਗਦਾ, ਛੇ ਸਵਾਰੀਆਂ ਬਹਿੰਦੀਆਂ ਤੇ ਫੇਰੇ ਦੇ ਸੱਠ ਰੁਪਏ ਬਣ ਜਾਂਦੇ... ਦਸ ਰੁਪਏ ਅੱਡਾ ਫੀਸ, ਪੰਜਾਹ ਬਚਦੇ। ਕਈ ਵਾਰੀ ਫੇਰਾ ਲਗਦਾ ਹੀ ਨਾ। ਫਿਰ ਘੋੜੇ ਦੀ ਖੁਰਾਕ ਸਭ ਤੋਂ ਜ਼ਰੂਰੀ।

ਚਾਰੇ ਪਾਸੇ ਫਿਰ ਭਗਤਾ ਹੀ ਭਗਤਾ ਹੁੰਦੀ, ਪਰ ਨਾ ਭਗਤਾ ਤੇ ਨਾ ਉਹਦੀ ਵਹੁਟੀ ਗੁਰਮੀਤੋ ਇੱਦਾਂ ਦੀਆਂ ਗੱਲਾਂ ਦੀ ਪਰਵਾਹ ਕਰਦੀ।

ਇਕ ਦਿਨ ਬੜੀ ਅਸਚਰਜ ਘਟਨਾ ਵਾਪਰੀ। ਭਗਤੇ ਨੇ ਸਾਈਕਲ ਚੁੱਕਿਆ ਤੇ ਗੜ੍ਹਾ ਫਾਰਮ ਵੱਲ ਨਿਕਲ ਗਿਆ। ਗੁਰਮੀਤੋ ਨੂੰ ਕਹਿ ਕੇ ਗਿਆ ਕਿ ਉਹ ਸ਼ੋਕੇ ਲਈ ਇਕ ਸਕੂਟਰ ਦੇਖਣ ਜਾ ਰਿਹਾ, ਇਹਨੂੰ ਸਕੂਟਰ ਲੈ ਕੇ ਦੇਈਏ, ਸ਼ਾਇਦ ਫਿਰ ਹੀ ਸ਼ਰਮ ਦਾ ਮਾਰਿਆ ਕੋਈ ਕੰਮ ਕਰਨ ਲੱਗੇਗਾ।

ਗੜ੍ਹੇ ਤੋਂ ਮੁੜ ਹੀ ਰਿਹਾ ਸੀ ਕਿ ਭਾਗ ਸਿੰਘ ਦੀ ਕੋਠੀ ਸਾਹਮਣੇ ਉਹ ਇਕ ਟਰੱਕ ਜਾਂ ਕਾਰ ਦੀ ਲਪੇਟ ਵਿਚ ਆ ਗਿਆ ਤੇ ਘੜੀਆਂ ਪਲਾਂ ਵਿਚ ਹੀ ਤੁਰਦਾ ਹੋਇਆ।

ਇਕ ਦਿਨ ਮੈਂ ਚੰਡੀਗੜ੍ਹੋਂ ਘਰ ਗਿਆ। ਦਸ ਕੁ ਵਜੇ ਬੀਹੀ ਵਿਚ ਤੁਰਿਆ ਜਾਵਾਂ ਤਾਂ ਭਾਬੀ ਗੁਰਮੀਤੋ ਨੇ ਮੈਨੂੰ ’ਵਾਜ਼ ਮਾਰੀ। ਜਿਉਂ ਭਗਤਾ ਗੁਜ਼ਰ ਗਿਆ ਸੀ ਮੈਂ ਭਗਤੇ ਦੇ ਘਰ ਗਿਆ ਹੀ ਨਹੀਂ ਸੀ। ਉਂਜ ਲੰਘਦਾ ਵੜਦਾ ਗੁਰਮੀਤੋ ਨੂੰ ਬੁਲਾ ਜ਼ਰੂਰ ਲਈਦਾ ਸੀ।

ਜਦੋਂ ਭਗਤਾ ਫੌਜ ਵਿਚ ਹੁੰਦਾ ਸੀ ਤਾਂ ਗੁਰਮੀਤੋ ਭਗਤੇ ਲਈ ਮੇਰੇ ਕੋਲੋਂ ਮਹੀਨੇ ਦੀਆਂ ਤਿੰਨ-ਤਿੰਨ ਚਿੱਠੀਆਂ ਲਿਖਾਇਆ ਕਰਦੀ ਸੀ। ਫਿਰ ਵਿਚ ਬੋਲੀਆਂ ਦੇ ਟੱਪੇ ਲਿਖਵਾਉਣੇ। ਉਨ੍ਹਾਂ, ਜਾਣੀ ਗੁਰਮੀਤੋ ਤੇ ਉਹਦੀ ਦਰਾਣੀ ਨੇ ਬੋਲੀ ਜਾਣੀਆਂ ਤੇ ਮੈਂ ਲਿਖੀ ਜਾਣੀਆਂ। ਮੇਰੀ ਨੌਕਰੀ ਉਦੋਂ ਜਲੰਧਰ ਹੀ ਹੁੰਦੀ ਸੀ। ਫਿਰ ਬੰਗਲਾਦੇਸ਼ ਦਾ ਰੌਲਾ ਪੈ ਗਿਆ। ਭਗਤਾ ਉਧਰ ਲੜਾਈ ਵਿਚ ਉਲਝ ਗਿਆ। ਭਾਬੀ ਗੁਰਮੀਤੋ ਨੂੰ ਲੜਾਈ ਨਾਲ ਕੀ, ਉਹਨੇ ਚਿੱਠੀਆਂ ਲਿਖਾਉਣ ਦਾ ਰੁਝਾਨ ਉਸੇ ਤਰ੍ਹਾਂ ਜਾਰੀ ਰੱਖਿਆ। ਫਿਰ ਲੜਾਈ ਬੰਦ ਹੋ ਗਈ।

ਹੁਣ ਇਧਰ ਭਗਤਾ ਵੀ ਮਰ ਗਿਆ। ਬਹੁਤ ਕੁਝ ਬਦਲ ਗਿਆ। ਉਦੋਂ ਜਦੋਂ ਚਿੱਠੀ ਲਿਖ ਹੋ ਜਾਂਦੀ ਤਾਂ ਗੁਰਮੀਤੋ ਮੱਲੋ-ਮੱਲੀ ਮੈਨੂੰ ਮਖਣੀ ਨਾਲ ਮੱਕੀ ਦੀ ਰੋਟੀ ਫੜਾ ਦਿੰਦੀ, ਪਰ ਉਨ੍ਹਾਂ ਦੇ ਘਰ ਬਹਿ ਕੇ ਮੇਰੇ ਕੋਲੋਂ ਮੂੰਹ ਵਿਚ ਬੁਰਕੀ ਨਾ ਪਾਈ ਜਾਂਦੀ। ਉਨ੍ਹਾਂ ਦੇ ਘਰੋਂ ਮੈਨੂੰ ਬੜੀ ਕਚਿਆਣ ਆਉਂਦੀ। ਘਰ ਦੇ ਵਿਹੜੇ ਵਿਚ ਹੀ ਦੋਨੋਂ ਮੱਝਾਂ ਬੰਨ੍ਹੀਆਂ ਹੁੰਦੀਆਂ।

ਫਿਰ ਤਾਰੀ ਡੇਅਰੀ ਫਾਰਮ ਤੋਂ ਪੱਠੇ ਲਿਆ ਕੇ ਪਾਉਂਦੀ ਜਿਨ੍ਹਾਂ ਨਾਲ ਮੱਝਾਂ ਨੂੰ ਮੋਕ ਲੱਗੀ ਰਹਿੰਦੀ ਜਿਹਦੇ ਕਰਕੇ ਸਾਰਾ ਘਰ ਹੀ ਸੜ੍ਹਾਂਦ ਮਾਰਦਾ ਰਹਿੰਦਾ। ਇਸ ਕਰਕੇ ਜਦੋਂ ਵੀ ਗੁਰਮੀਤੋ ਮੈਨੂੰ ਚਿੱਠੀ ਲਿਖਣ ਲਈ ਹਾਕ ਮਾਰਦੀ ਤਾਂ ਮੇਰੀ ਪਹਿਲੀ ਸ਼ਰਤ ਹੀ ਇਹ ਹੁੰਦੀ ਕਿ ਬੀਹੀ ਨਾਲ ਲੱਗਦਾ ਬੈਠਕ ਵਾਲਾ ਬੂਹਾ ਖੋਲ੍ਹੋ। ਪਰ ਅੱਜ ਭਾਬੀ ਨੇ ਹਾਕ ਈ ਪਿਛਲੀ ਬੈਠਕ ’ਚੋਂ ਮਾਰੀ ਸੀ। ਅੱਜ ਮੈਂ ਹੈਰਾਨ ਵੀ ਹੋਇਆ ਤੇ ਝਿਜਕ ਵੀ ਗਿਆ। ਇਹ ਸੋਚ ਕੇ ਕਿ ਭਗਤਾ ਤਾਂ ਮਰ ਮੁੱਕ ਗਿਆ, ਹੁਣ ਇਹਨੇ ਮੇਰੇ ਕੋਲੋਂ ਕੀ ਕਰਾਉਣਾ?

ਭਾਬੀ ਗੁਰਮੀਤੋ ਬਹੁਤ ਓਦਰੀ ਹੋਈ ਤੇ ਵਿਯੋਗ ਵਿਚ ਡੁੱਬੀ ਹੋਈ ਸੀ। ਉਹਨੇ ਬੁਝੇ ਹੋਏ ਬੋਲਾਂ ’ਚੋਂ ਕਿਹਾ, ‘‘ਓਏ ਤੂੰ ਵੀ ਭੁੱਲ ਗਿਆ, ਬਸ ਚਿੱਠੀਆਂ ਤੱਕ ਮੂੰਹ-ਮੁਲ੍ਹਾਜਾ ਸੀ? ਵੇ ਭਰਾਵਾ ਦੁੱਖ ਤਾਂ ਤੀਵੀਂ ਮਾਨੀ ਨੂੰ ਪੈਂਦੇ ਈ ਰਹਿੰਦੇ ਆ...।’’ ਬੋਲਦੀ ਹੋਈ ਉਹ ਮੇਰੇ ਕੋਲ ਪਈ ਕੁਰਸੀ ’ਤੇ ਬਹਿ ਗਈ ਤੇ ਭਰੇ ਮਨ ਨਾਲ ਬੋਲੀ, ‘‘ਪ੍ਰੇਮ ਮੈਨੂੰ ਕੋਈ ਕੰਮ ਨਹੀਂ... ਮੈਂ ਕੋਈ ਚਿੱਠੀ ਨੀ ਲਖੌਣੀ... ਉਹਦੇ ਬਾਰੇ ਗੱਲਾਂ ਕਰਕੇ ਮਨ ਦਾ ਬੋਝ ਹਲਕਾ ਹੋ ਜਾਂਦਾ। ਏਥੇ ਤੀਵੀਂ ਕਿਹੜੀ ਨਾਲ ਕਰਾ ਗੱਲਾਂ... ਮਖੌਲ ਉਡਾਉਣ ਲੱਗ ਪੈਂਦੀਆਂ...।’’ ਇਸ ਤੋਂ ਬਾਅਦ ਗੁਰਮੀਤੋ ਕਿੰਨਾ ਹੀ ਚਿਰ ਭਗਤੇ ਦੀਆਂ ਗੱਲਾਂ ਕਰਦੀ ਰਹੀ ਤੇ ਵਿਚ ਨੂੰ ਖ਼ੁਸ਼ ਹੋ ਕੇ ਬੋਲੀ, ‘‘ਮੈਨੂੰ ਹੁਣ ਭਗਤੇ ਦੇ ਪੈਸੇ ਮਿਲਣ ਲੱਗ ਪਏ ਆ... ਮੇਰੀ ਬੈਂਕ ਪੂਰੀ ਭਰ ਗਈ ਆ...।’’

ਸੰਪਰਕ: 98555-91762

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All