ਹਰੀਪਾਲ
ਸਾਮਰਾਜੀ ਮੀਡੀਆ ਅੱਜ ਕੱਲ੍ਹ ਪੂਰੇ ਜੋਸ਼ੋ-ਖਰੋਸ਼ ਨਾਲ ਕਿਊਬਾ ਵਿਚ 11 ਤਰੀਕ ਨੂੰ ਹੋਏ ਸਰਕਾਰ ਵਿਰੋਧੀ ਮੁਜ਼ਾਹਰੇ ਨੂੰ ਉਭਾਰਨ ’ਤੇ ਲੱਗਿਆ ਹੋਇਆ ਹੈ। ਇਨ੍ਹਾਂ ਲਈ ਤਾਂ ਇਹ ਦਿਨ ਮਸਾਂ ਚੜ੍ਹਿਆ ਕਿ ਸਮਾਜਵਾਦ ਨੂੰ ਵੱਧ ਤੋਂ ਵੱਧ ਨਿੰਦਿਆ ਜਾਵੇ। ਇਨ੍ਹਾਂ ਸਾਮਰਾਜੀ ਮੁਲਕਾਂ ਵਿਚ ਜਿਹੜੇ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਦੇ ਉਲਟ ਸੜਕਾਂ ’ਤੇ ਨਿੱਕਲ਼ਦੇ ਹਨ, ਉਸ ਦੀ ਇਹ ਕੋਈ ਸ਼ਰਮ ਨਹੀਂ ਮੰਨਦੇ। ਇਹ ਅਖੌਤੀ ਡੈਮੋਕਰੇਟਿਕ ਦੇਸ਼ ਆਪਣੇ ਮੁਲਕਾਂ ਦੇ ਪੁਰਅਮਨ ਮੁਜ਼ਾਹਰਿਆਂ ’ਤੇ ਲਾਠੀਆਂ ਵੀ ਚਲਾ ਸਕਦੇ ਹਨ, ਗੋਲ਼ੀਆਂ ਵੀ ਚਲਾ ਸਕਦੇ ਹਨ ਤੇ ਫਿਰ ਆਪਣੇ ਆਪ ਨੂੰ ਡੈਮੋਕਰੇਟਿਕ ਮੁਲਕ ਕਹਾਉਣ ਵਿਚ ਫਖਰ ਵੀ ਮਹਿਸੂਸ ਕਰਦੇ ਹਨ ਪਰ ਜੇਕਰ ਕਿਸੇ ਕਮਿਊਨਿਸਟ ਮੁਲਕ ਵਿਚ ਥੋੜ੍ਹੀ ਬਹੁਤੀ ਵੀ ਗੜਬੜ ਹੋ ਜਾਵੇ, ਫਿਰ ਸਾਰਾ ਜ਼ੋਰ ਸਮਾਜਵਾਦ ਨੂੰ ਭੰਡਣ ’ਤੇ ਲਾ ਦਿੰਦੇ ਹਨ। ਜਿਸ ਤਰ੍ਹਾਂ ਕਿਊਬਾ ਵਿਚ ਮਾੜੀ ਜਿਹੀ ਗੜਬੜ ’ਤੇ ਮਿਆਮੀ ਦਾ ਮੇਅਰ ਫਰਾਂਸਿਸ ਸੁਆਰੇਜ਼ ਬੜ੍ਹਕ ਮਾਰਦਾ ਹੈ ਕਿ ਅਮਰੀਕਾ ਨੂੰ ਕਿਊਬਾ ’ਤੇ ਬੰਬਾਰਮੈਂਟ ਕਰ ਦੇਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਆਪਣੇ ਬਿਆਨਾਂ ਨਾਲ਼ ਇਹ ਸਿੱਧ ਕਰ ਦਿੱਤਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਭਾਵੇਂ ਕੋਈ ਹੋਵੇ, ਸਮਾਜਵਾਦ ਦਾ ਡਰ ਇਨ੍ਹਾਂ ਦੀ ਨੀਂਦ ਹਰਾਮ ਕਰੀ ਰੱਖਦਾ ਹੈ। ਮਿਆਮੀ ਵਿਚ ਬੈਠੇ ਕਿਊਬਨ ਜਿਹੜੇ ਇਨਕਲਾਬ ਵੇਲ਼ੇ ਭੱਜ ਕੇ ਆਏ ਸਨ, ਕਹਿ ਰਹੇ ਹਨ ਕਿ ਅਮਰੀਕਾ ਸਾਨੂੰ ਇਜਾਜ਼ਤ ਦੇਵੇ, ਅਸੀਂ ਕਿਸ਼ਤੀਆਂ ਲੈ ਕੇ ਆਪਣੇ ਕਿਊਬਨ ਲੋਕਾਂ ਦੀ ਮਦਦ ਲਈ ਜਾਈਏ ਪਰ ਇਹ ਲੋਕ ਭੁੱਲ ਹੀ ਗਏ ਕਿ ਜਦੋਂ ਬੇਅ ਆਫ ਪਿੱਗਜ਼ ਵਿਚ ਅਮਰੀਕਾ ਨੇ 500 ਬੰਦਾ ਲੜਾਈ ਕਰਨ ਲਈ ਭੇਜਿਆ ਸੀ, ਉਨ੍ਹਾਂ ਦਾ ਕੀ ਹਾਲ ਹੋਇਆ ਸੀ। ਕਿਊਬਨ ਲੋਕਾਂ ਨੂੰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਕਿ ਇਨਕਲਾਬ ਤੋਂ ਪਹਿਲਾਂ ਕਿਊਬਾ ਦੇ ਲੋਕਾਂ ਦੇ ਕੀ ਹਾਲਾਤ ਸਨ ਅਤੇ ਜੇਕਰ ਇਨਕਲਾਬ ਫੇਲ੍ਹ ਹੋ ਜਾਂਦਾ ਹੈ, ਫਿਰ ਕੀ ਹਾਲਾਤ ਹੋਣਗੇ। ਆਓ ਪਹਿਲਾਂ ਇਨਕਲਾਬ ਤੋਂ ਪਹਿਲਾਂ ਕਿਊਬਾ ਦੇ ਲੋਕਾਂ ਦੇ ਕੀ ਹਾਲਾਤ ਸਨ, ਉਸ ਉੱਤੇ ਝਾਤ ਮਾਰੀਏ।
ਕਿਊਬਾ ਇਨਕਲਾਬ ਤੋਂ ਪਹਿਲਾਂ
ਕਿਊਬਾ ਛੋਟਾ ਜਿਹਾ ਟਾਪੂ ਹੈ ਜਿਹੜਾ ਅਮਰੀਕੀ ਤੱਟ ਤੋਂ ਸਿਰਫ 90 ਮੀਲ ਦੂਰ ਹੈ। ਕਿਊਬਾ ਦਾ ਖੇਤਰਫਲ਼ ਇੱਕ ਲੱਖ ਦਸ ਹਜ਼ਾਰ ਵਰਗ ਕਿਲੋਮੀਟਰ ਹੈ ਅਤੇ ਸਮੁੰਦਰੀ ਤੱਟ ਤਕਰੀਬਨ 5800 ਮੀਲ ਹੈ। 1492 ਵਿਚ ਜਦ ਕੋਲੰਬਸ ਇੰਡੀਆ ਲੱਭਣ ਤੁਰਿਆ ਤਾਂ ਅਸਲ ਵਿਚ ਉਹ ਕਿਊਬਾ ਤੱਟ ’ਤੇ ਪਹੁੰਚਿਆ ਸੀ। ਕੋਲੰਬਸ ਸਪੇਨ ਦੀ ਰਾਣੀ ਨੂੰ ਖੁਸ਼ ਕਰਨ ਲਈ ਸੋਨੇ ਦੀ ਭਾਲ਼ ਵਿਚ ਨਿੱਕਲ਼ਿਆ ਸੀ। ਕਿਊਬਾ ਦੇ ਟਾਪੂ ’ਤੇ ਸਿਰਫ ਆਦੀਵਾਸੀ (ਇੰਡੀਅਨ) ਲੋਕਾਂ ਦਾ ਵਾਸ ਸੀ। ਇਨ੍ਹਾਂ ਲੋਕਾਂ ਦੇ ਗਲ਼ਾਂ ਵਿਚ ਦਰੱਖਤਾਂ ਦੀ ਛਿੱਲ ਦੇ ਧਾਗਿਆਂ ਨਾਲ਼ ਸੋਨੇ ਦੇ ਟੁਕੜੇ ਪਾਏ ਹੋਏ ਸਨ। ਬੱਸ ਇਸ ਦ੍ਰਿਸ਼ ਨੇ ਹੀ ਕੋਲੰਬਸ ਦੀਆਂ ਲਾਲ਼ਾਂ ਗਿੱਠ ਲੰਮੀਆਂ ਕਰ ਦਿੱਤੀਆਂ। ਕੋਲੰਬਸ ਨੇ ਇਨ੍ਹਾਂ ਲੋਕਾਂ ਨੂੰ ਸੋਨਾ ਲੱਭਣ ਲਾ ਦਿੱਤਾ, ਜਿਹੜਾ ਬੰਦਾ ਸੋਨਾ ਨਹੀਂ ਲੱਭਦਾ ਸੀ, ਉਸ ਨੂੰ ਉਹ ਮਾਰ ਦਿੰਦਾ ਸੀ। ਨੇਟਿਵ ਔਰਤਾਂ ਨੂੰ ਉਹ ਸਪੇਨੀਆਂ ਦੀ ਐਸ਼ੋ-ਇਸ਼ਰਤ ਲਈ ਭੇਜ ਦਿੰਦਾ। ਇਸ ਕਰਕੇ ਕਿਊਬਾ ਵਿਚ ਬਹੁਤ ਘੱਟ ਨੇਟਿਵ ਲੋਕ ਮਿਲ਼ਦੇ ਹਨ।
ਕੋਲੰਬਸ ਦਾ ਅਗਲਾ ਪੜਾਅ ਮੈਕਸੀਕੋ ਸੀ। ਮੈਕਸੀਕੋ ਕਾਫੀ ਵਿਕਸਤ ਹੋ ਚੁੱਕਿਆ ਸੀ। ਉਸ ਨੂੰ ਵੀ ਕੋਲੰਬਸ ਨੇ ਤਹਿਸ ਨਹਿਸ ਕਰ ਦਿੱਤਾ। ਮੈਕਸੀਕੋ ਤੋਂ ਸੋਨਾ ਲਿਆਉਂਦੇ ਸਮੇਂ ਇਹ ਲੋਕ ਕਿਊਬਾ ਵਿਚ ਪੜਾਅ ਕਰਦੇ ਸਨ। ਇਸੇ ਸਹੂਲਤ ਲਈ 1519 ਵਿਚ ਹਵਾਨਾ ਦੀ ਬੰਦਰਗਾਹ ਦੇ ਆਲ਼ੇ-ਦੁਆਲ਼ੇ ਕਲੋਨੀਆਂ ਬਣਾ ਦਿੱਤੀਆਂ ਗਈਆਂ। ਕਿਊਬਾ ਵਿਚ ਕੰਮ ਕਰਨ ਲਈ ਅਫਰੀਕਾ ਵਿਚੋਂ ਕਾਲ਼ੇ ਲੋਕਾਂ ਨੂੰ ਫੜ ਕੇ ਲਿਆਂਦਾ ਗਿਆ, ਇਸ ਕਰਕੇ ਕਿਊਬਾ ਵਿਚ ਸਪੈਨਿਸ਼ ਅਤੇ ਕਾਲ਼ੇ ਲੋਕਾਂ ਦੀ ਭਰਮਾਰ ਹੈ। ਇਸ ਤਰ੍ਹਾਂ ਕਿਊਬਾ ਹੌਲੀ ਹੌਲ਼ੀ ਸਪੇਨ ਦੀ ਕਲੋਨੀ ਬਣ ਗਿਆ। ਉਨੀਵੀਂ ਸਦੀ ਵਿਚ ਅਮਰੀਕਾ ਵੀ ਸੰਸਾਰ ਪੱਧਰ ’ਤੇ ਆਪਣਾ ਸਿਰ ਕੱਢ ਚੁੱਕਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਲਾਤੀਨੀ ਅਮਰੀਕਾ ਵਿਚ ਯੂਰੋਪੀਅਨ ਦੇਸ਼ਾਂ ਦੀਆਂ ਕਲੋਨੀਆਂ ਹੋਣ ਇਸ ਕਰਕੇ ਉਸ ਨੇ ਕਿਊਬਾ ਦੀ ਸਪੇਨ ਤੋਂ ਆਜ਼ਾਦੀ ਦੀ ਲੜਾਈ ਵਿਚ ਪੂਰੀ ਮਦਦ ਕੀਤੀ ਪਰ ਆਪਣੇ ਮੁਫਾਦ ਖਾਤਰ।
ਹੁਣ ਅਮਰੀਕਾ ਕਿਊਬਾ ਦੀ ਸਿਆਸਤ ਵਿਚ ਦਿਲਚਸਪੀ ਲੈਣ ਲੱਗ ਪਿਆ ਅਤੇ ਹੌਲ਼ੀ ਹੌਲ਼ੀ ਕਿਊਬਾ ਵਿਚ ਆਪਣੀ ਕਠਪੁਤਲੀ ਸਰਕਾਰ ਕਾਇਮ ਕਰਨ ਵਿਚ ਕਾਮਯਾਬ ਹੋ ਗਿਆ। ਅਮਰੀਕਾ ਦੀ ਕਠਪੁਤਲੀ ਬਟਿਸਟਾ ਸਮੇਂ ਅਮਰੀਕੀ ਕੰਪਨੀਆਂ ਨੇ ਕਿਊਬਾ ਦੀ 75 ਫੀਸਦੀ ਖੇਤੀਬਾੜੀ ਨੂੰ ਆਪਣੇ ਹੱਥ ਹੇਠ ਕਰ ਲਿਆ ਅਤੇ 30 ਤੋਂਂ 40 ਫੀਸਦੀ ਤੱਕ ਅਮਰੀਕੀ ਕੰਪਨੀਆਂ ਫੈਕਟਰੀਆਂ, ਹੋਟਲਾਂ ਅਤੇ ਖਾਣਾਂ ਦੀਆਂ ਮਾਲਕ ਬਣ ਗਈਆਂ। ਹਵਾਨਾ ਸ਼ਹਿਰ ਨੂੰ ਐਸ਼ਗਾਹ ਵਿਚ ਤਬਦੀਲ ਕਰ ਦਿੱਤਾ ਗਿਆ। ਹਵਾਨਾ ਵਿਚ ਕੈਬਰੇ, ਕਸੀਨੋ ਅਤੇ ਵੇਸਵਾਵਾਂ ਦੇ ਅੱਡੇ ਬਣ ਗਏ। ਬਟਿਸਟਾ ਦੇ ਰਾਜ ਸਮੇਂ ਕਿਊਬਾ ਵਿਚ ਗੈਂਗਸਟਰਾਂ ਦਾ ਹੁਕਮ ਚਲਦਾ ਸੀ। ਸ਼ਰਾਬ ਅਤੇ ਜੂਏ ਦੇ ਅੱਡਿਆਂ ’ਤੇ ਕਬਜ਼ੇ ਲਈ ਗੈਂਗਸਟਰਾਂ ਦੀਆਂ ਲੜਾਈਆਂ ਹੁੰਦੀਆਂ ਸਨ, ਕਤਲ ਹੁੰਦੇ ਸਨ, ਲਾਸ਼ਾਂ ਰੁਲ਼ਦੀਆਂ ਰਹਿੰਦੀਆਂ ਸਨ, ਕੋਈ ਕੇਸ ਵੀ ਨਹੀਂ ਸੀ ਚੱਲਦਾ ਕਿਉਂਕਿ ਕੋਈ ਗਵਾਹ ਵੀ ਨਹੀਂ ਸੀ ਬਣਦਾ। ਕਿਊਬਾ ਵਿਚ ਉਪਰਲੀ 20 ਫੀਸਦੀ ਮਿਡਲ ਕਲਾਸ ਕੋਲ਼ ਬਹੁਤ ਸਹੂਲਤਾਂ ਆ ਚੁੱਕੀਆਂ ਸਨ। ਟੈਲੀਫੂਨ, ਟੈਲੀਵਿਜ਼ਨ ਅਤੇ ਮਹਿੰਗੀਆਂ ਅਮਰੀਕਨ ਕਾਰਾਂ ਇਨ੍ਹਾਂ ਲੋਕਾਂ ਕੋਲ਼ ਸਨ ਪਰ ਕਿਊਬਾ ਦੇ ਪੇਂਡੂ ਖੇਤਰਾਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਸੀ। ਗੰਨੇ ਦਾ ਕੰਮ ਸਿਰਫ ਚਾਰ ਮਹੀਨੇ ਹੀ ਚੱਲਦਾ ਸੀ, ਬਾਕੀ ਸਮੇਂ ਇਹ ਲੋਕ ਵਿਹਲੇ ਸਨ ਅਤੇ ਭੁੱਖ ਨਾਲ਼ ਮਰਦੇ ਸਨ। ਸੰਚਾਰ ਦੇ ਸਾਧਨਾਂ ਦਾ ਇੰਨਾ ਬੁਰਾ ਹਾਲ ਸੀ ਕਿ ਲੋਕ ਸੜਕ ਕਿਨਾਰੇ ਬੱਸ ਜਾਂ ਕਿਸੇ ਹੋਰ ਸਫਰ ਦੇ ਸਾਧਨ ਦੀ ਉਡੀਕ ਕਰਦੇ (ਉਨ੍ਹਾਂ ਨੇ ਹਸਪਤਾਲ਼ ਜਾਣਾ ਹੁੰਦਾ ਸੀ) ਹੀ ਮਰ ਜਾਂਦੇ ਅਤੇ ਉਨ੍ਹਾਂ ਨੂੰ ਉਸੇ ਸੜਕ ਦੇ ਕਿਨਾਰੇ ਦਫਨਾ ਦਿੱਤਾ ਜਾਂਦਾ; ਸੜਕਾਂ ਕਿਨਾਰੇ ਇਹ ਕਬਰਾਂ ਦੇਖੀਆਂ ਜਾ ਸਕਦੀਆਂ ਹਨ। ਇਸ ਸਭ ਕਾਸੇ ਤੋਂ ਆਮ ਲੋਕ ਬਹੁਤ ਦੁਖੀ ਸਨ। ਇਹ ਦੁਖੀ ਹੋਏ ਲੋਕ ਹੀ ਕਾਸਤਰੋ ਅਤੇ ਚੀ ਗੁਵੇਰਾ ਦੇ ਆਰੰਭੇ ਹੋਏ ਇਨਕਲਾਬੀ ਯੁੱਧ ਦੇ ਸਿਪਾਹੀ ਬਣੇ।
ਸਮਾਜਵਾਦੀ ਕਿਊਬਾ
ਹੁਣ ਗੱਲ ਕਰਾਂਗੇ ਕਿ ਸਮਾਜਵਾਦ ਨੇ ਕਿਊਬਾ ਦੇ ਲੋਕਾਂ ਨੂੰ ਕੀ ਦਿੱਤਾ। ਪਹਿਲੀ ਜਨਵਰੀ 1959 ਨੂੰ ਬਟਿਸਟਾ ਦੀ ਸਰਕਾਰ ਦਾ ਫਾਹਾ ਵੱਢਿਆ ਗਿਆ ਅਤੇ ਮਈ 1959 ਨੂੰ ਕਿਊਬਾ ਨੂੰ ਸਮਾਜਵਾਦੀ ਦੇਸ਼ ਐਲਾਨ ਕਰ ਦਿੱਤਾ ਗਿਆ। ਫਾਰਮ, ਫੈਕਟਰੀਆਂ, ਹੋਟਲ; ਗੱਲ ਕੀ, ਕਿਊਬਾ ਦੀ ਧਰਤੀ ’ਤੇ ਸਾਰੀ ਚੱਲ ਤੇ ਅਚੱਲ ਜਾਇਦਾਦ ਕੌਮੀ ਕਰ ਦਿੱਤੀ ਗਈ। ਇਨਕਲਾਬ ਤੋਂ ਪਹਿਲਾਂ ਕਾਲ਼ਿਆਂ ਨੂੰ ਪੱਬਾਂ ਜਾਂ ਸ਼ਰਾਬਖਾਨਿਆਂ ਵਿਚ ਗੋਰਿਆਂ ਦੇ ਬਰਾਬਰ ਨਹੀਂ ਬੈਠਣ ਦਿੱਤਾ ਜਾਂਦਾ ਸੀ, ਇਹ ਭੇਦਭਾਵ ਖਤਮ ਕਰ ਦਿੱਤਾ ਗਿਆ। ਅੱਜ ਵੀ ਜੇ ਕਿਊਬਾ ਜਾ ਕੇ ਦੇਖੀਏ ਤਾਂ ਕਾਲ਼ਿਆਂ ਗੋਰਿਆਂ ਦੇ ਵਿਆਹ ਆਪਸ ਵਿਚ ਆਮ ਹੀ ਹੁੰਦੇ ਹਨ। ਇਨਕਲਾਬ ਤੋਂ ਪਹਿਲਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਇਹ ਭੇਦਭਾਵ ਖਤਮ ਕਰ ਦਿੱਤਾ ਗਿਆ। ਔਰਤ ਨੂੰ ਮਰਦ ਬਰਾਬਰ ਕੰਮ ਦੀ ਤਨਖਾਹ, ਮਰਜ਼ੀ ਨਾਲ਼ ਵਿਆਹ ਕਰਾਉਣ ਜਾਂ ਤਲਾਕ ਲੈਣ ਦੀ ਆਜ਼ਾਦੀ ਦਿੱਤੀ ਗਈ। ਇਨਕਲਾਬ ਤੋਂ ਪਹਿਲਾਂ ਜਿਹੜੇ ਬੇਘਰ ਲੋਕ ਸਨ, ਉਨ੍ਹਾਂ ਨੂੰ ਹੋਟਲ਼ਾਂ ਵਿਚ ਰਹਿਣ ਦੀ ਜਗ੍ਹਾ ਦਿੱਤੀ ਗਈ। ਕਿਊਬਾ ਦੀ ਬਹੁਤੀ ਮਿਡਲ ਕਲਾਸ ਅਮਰੀਕਾ ਭੱਜ ਗਈ। ਜਿਹੜੇ ਲੋਕ ਵਿਹਲੀਆਂ ਖਾਣ ਗਿੱਝੇ ਹੋਣ, ਉਨ੍ਹਾਂ ਨੂੰ ਸਮਾਜਵਾਦ ਫਿੱਟ ਨਹੀਂ। ਫੀਦਲ ਕਾਸਤਰੋ ਦੀ ਮੌਤ ਤੋਂ ਬਾਅਦ ਮਿਆਮੀ ਵਿਚ ਭੰਗੜੇ ਪਾਉਣ ਵਾਲ਼ੇ ਇਹੀ ਮੱਧਵਰਗੀ ਲੋਕ ਸਨ। ਕਿਊਬਾ ਦੀ ਕਾਮਾ ਜਮਾਤ ਦੀਆਂ ਬੇੜੀਆਂ ਕੱਟ ਦਿੱਤੀਆਂ ਗਈਆਂ। ਗਰੀਬ ਲੋਕਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਵੀ ਇਨਸਾਨ ਹਨ। ਵਿਦਿਆ, ਸਿਹਤ ਸੇਵਾਵਾਂ ਅਤੇ ਰਿਹਾਇਸ਼ ਦਾ ਪ੍ਰਬੰਧ ਹਰ ਇੱਕ ਲਈ ਕਰ ਦਿੱਤਾ ਗਿਆ। ਅਫਸਰਸ਼ਾਹੀ ਦਾ ਰੋਹਬ ਖਤਮ ਕਰ ਦਿੱਤਾ ਗਿਆ। ਹੁਣ ਵੀ ਜੇ ਕਿਊਬਾ ਦਾ ਕੋਈ ਅਫਸਰ ਕਾਰ ਵਿਚ ਜਾ ਰਿਹਾ ਹੈ, ਉਸ ਦੀ ਕਾਰ ਵਿਚ ਸੀਟ ਖਾਲੀ ਹੈ ਤਾਂ ਪੀਲ਼ੀ ਵਰਦੀ ਵਾਲ਼ਾ ਪੁਲ਼ੀਸ ਵਾਲਾ ਉਸ ਦੀ ਕਾਰ ਰੋਕ ਕੇ, ਰਾਈਡ ਮੰਗਦੇ ਵਿਆਕਤੀਆਂ ਨੂੰ ਬਿਠਾ ਦਿੰਦਾ ਹੈ। ਹਵਾਨਾ ਜਿਹੜਾ ਸ਼ਰਾਬਖਾਨਿਆਂ, ਜੂਆਖਾਨਿਆਂ ਅਤੇ ਵੇਸਵਾਗਮਨੀ ਦਾ ਅੱਡਾ ਸੀ; ਜਿੱਥੇ ਕਿਸੇ ਕਿਸਮ ਦਾ ਕੋਈ ਕਾਨੂੰਨ ਨਹੀਂ ਸੀ; ਬਲਾਤਕਾਰੀ, ਕਾਤਲ, ਗੁੰਡੇ ਸ਼ਰੇਆਮ ਦਨਦਨਾਉਂਦੇ ਫਿਰਦੇ ਸਨ; ਉਸੇ ਹਵਾਨਾ ਵਿਚ ਅੱਜ ਅੱਧੀ ਰਾਤ ਸਮੇਂ ਕੋਈ ਔਰਤ ਇਕੱਲੀ ਤੁਰ ਸਕਦੀ ਹੈ। ਇਨਕਲਾਬ ਤੋਂ ਬਾਅਦ ਸਾਰੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ। 1960 ਵਿਚ ਸਾਰੇ ਕਿਊਬਨ ਬੱਚਿਆਂ ਦੀ ਵਿਦਿਆ ਦੀ ਜਿ਼ੰਮੇਵਾਰੀ ਸਰਕਾਰ ਨੇ ਚੁੱਕ ਲਈ। ਬਟਿਸਟਾ ਸਰਕਾਰ ਦੇ ਸਮੇਂ ਗਰੀਬ ਮਾਪਿਆਂ ਦੇ ਬੱਚੇ ਸਕੂਲ ਜਾਂਦੇ ਹੀ ਨਹੀ ਸਨ, ਜੇਕਰ ਜਾਂਦੇ ਵੀ ਸਨ ਤਾਂ ਪਹਿਲੀ ਜਾਂ ਦੂਜੀ ਜਮਾਤ ਵਿਚੋਂ ਹਟ ਜਾਂਦੇ ਸਨ ਪਰ ਅੱਜ ਕਿਊਬਾ ਵਿਚ ਆਬਾਦੀ ਦੇ ਅਨੁਪਾਤ ਦੇ ਹਿਸਾਬ ਸਭ ਤੋਂ ਵੱਧ ਡਾਕਟਰ ਹਨ। ਜਦੋਂ ਵੀ ਦੁਨੀਆ ਵਿਚ ਕਿਤੇ ਮਹਾਮਾਰੀ ਆਉਂਦੀ ਹੈ ਤਾਂ ਇਹ ਕਿਊਬਾ ਹੈ ਜੋ ਸਭ ਤੋਂ ਵੱਧ ਡਾਕਟਰ ਲੋਕਾਂ ਦੀ ਮਦਦ ਲਈ ਭੇਜਦਾ ਹੈ; ਇੱਥੋਂ ਤੱਕ ਕਿ ਅਮਰੀਕਾ ਵਿਚ ਕੈਟਰੀਨਾ ਤੂਫਾਨ ਦੀ ਮਹਾਮਾਰੀ ਵੇਲ਼ੇ ਵੀ ਇਸ ਨੇ ਆਪਣੇ ਡਾਕਟਰ ਭੇਜੇ। ਪਾਕਿਸਤਾਨ ਵਿਚ ਆਏ ਭੂਚਾਲ਼ ਸਮੇਂ, ਪਾਕਿਸਤਾਨ ਤੋਂ 1000 ਵਿਦਿਆਰਥੀ ਸੱਦ ਕੇ ਮੁਫ਼ਤ ਪੜ੍ਹਾਇਆ ਅਤੇ ਡਾਕਟਰ ਬਣਾ ਕੇ ਵਾਪਸ ਭੇਜਿਆ; ਤਾਂ ਹੀ ਤਾਂ ਕਿਊਬਾ ਦੇ ਪ੍ਰਧਾਨ ਨੇ ਇੱਕ ਵਾਰੀ ਕਿਹਾ ਸੀ ਕਿ ਅਸੀਂ ਡਾਕਟਰ ਬਣਾਉਂਦੇ ਹਾਂ, ਅਮਰੀਕਾ ਬੰਬ ਬਣਾਉਂਦਾ ਹੈ। ਇਨਕਲਾਬ ਤੋਂ ਬਾਅਦ ਖੇਤੀ ਨੂੰ ਸਾਂਝੇ ਫਾਰਮਾਂ ਵਿਚ ਤਬਦੀਲ ਕਰ ਦਿੱਤਾ ਗਿਆ, ਫਿਰ ਵੀ ਜੇ ਕੋਈ ਆਪ ਖੇਤੀ ਕਰਨੀ ਚਾਹੁੰਦਾ ਹੈ ਤਾਂ ਉਹ ਥੋੜ੍ਹੀ ਬਹੁਤੀ ਲੀਜ਼ ਦੇ ਕੇ ਕਰ ਸਕਦਾ ਹੈ।
1962 ਵਿਚ ਸਾਰੇ ਧਾਰਮਿਕ ਅਦਾਰਿਆਂ ਦੀ ਜਾਇਦਾਦ ਵੀ ਕੌਮੀ ਕਰ ਦਿੱਤੀ ਗਈ ਅਤੇ ਧਾਰਮਿਕ ਪੁਜਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। 1961 ਵਿਚ ਅਮਰੀਕਾ ਨੇ ਕਿਊਬਾ ’ਤੇ ਵਪਾਰਕ ਪਾਬੰਦੀਆਂ ਲਗਾ ਦਿੱਤੀਆਂ ਸਨ ਅਤੇ ਕਈ ਵਾਰ ਕਾਸਤਰੋ ਸਰਕਾਰ ਦਾ ਤਖਤਾ ਪਲਟਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਹਰ ਵਾਰ ਮੂੰਹ ਦੀ ਖਾਧੀ। ਰੂਸ ਨੇ ਕਿਊਬਾ ਦੀ ਬਹੁਤ ਆਰਥਿਕ ਮਦਦ ਕੀਤੀ ਪਰ ਰੂਸ ਦੇ ਟੁੱਟਣ ਤੋਂ ਬਾਅਦ ਇਹ ਮਦਦ 1990 ਵਿਚ ਖਤਮ ਹੋ ਗਈ। ਉਂਜ, ਉਸ ਸਮੇਂ ਵੀ ਕਿਊਬਾ ਨੇ ਆਪਣੇ ਆਪ ਨੂੰ ਸੰਭਾਲ਼ ਲਿਆ ਅਤੇ ਹੁਣ ਵੀ ਸੰਭਾਲ਼ ਲਵੇਗਾ। ਅੱਜ ਕਿਊਬਾ ਵਿਚ ਨਾ ਕੋਈ ਬੇਘਰ ਹੈ, ਨਾ ਕੋਈ ਭੁੱਖਾ ਹੈ। ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਸਰਕਾਰ ਦੀ ਜਿ਼ੰਮੇਵਾਰੀ ਹੈ। ਇਹ ਠੀਕ ਹੈ ਕਿ ਕੋਵਿਡ ਦੀ ਮਹਾਮਾਰੀ ਅਤੇ ਸੈਰ-ਸਪਾਟਾ ਸਨਅਤ ਦੇ ਲੱਗਭੱਗ ਬੰਦ ਹੋਣ ਨਾਲ਼ ਲੋਕਾਂ ਵਿਚ ਬੇਚੈਨੀ ਹੈ ਪਰ ਉਮੀਦ ਹੈ ਕਿ ਕਿਊਬਾ ਇਸ ਵਿਚੋਂ ਵੀ ਕਾਮਯਾਬ ਹੋ ਕੇ ਨਿੱਕਲ਼ੇਗਾ।
ਜੁਲਾਈ ਦੇ ਸਰਕਾਰ ਵਿਰੋਧੀ ਮੁਜ਼ਾਹਰੇ
11 ਜੁਲਾਈ ਨੂੰ ਕਿਊਬਾ ਵਿਚ ਲੋਕਾਂ ਦੀ ਬੇਚੈਨੀ ਸੜਕਾਂ ’ਤੇ ਆ ਗਈ ਜਾਂ ਇਸ ਛੋਟੀ ਜਿਹੀ ਘਟਨਾ ਜਿਹੜੀ ਪੂੰਜੀਵਾਦੀ ਮੁਲਕਾਂ ਵਿਚ ਆਮ ਹੁੰਦੀ ਰਹਿੰਦੀ ਹੈ, ਨੂੰ ਸਰਮਾਏਦਾਰ ਮੁਲਕਾਂ ਨੇ ਬਹੁਤ ਉਛਾਲ਼ਿਆ, ਪ੍ਰਚਾਰ ਇਸ ਤਰ੍ਹਾਂ ਕੀਤਾ ਗਿਆ ਕਿ ਲਓ ਜੀ, ਕਿਊਬਾ ਵਿਚ ਤਾਂ ਰਾਜਪਲਟਾ ਹੋ ਗਿਆ ਅਤੇ ਰਾਊਲ ਕਾਸਤਰੋ ਵੈਨੇਜ਼ੁਏਲਾ ਭੱਜ ਗਿਆ ਹੈ, ਫੌਜ ਨੇ ਬਗਾਵਤ ਕਰ ਦਿੱਤੀ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਨਾਲ ਸੋਸ਼ਲ ਮੀਡੀਆ ’ਤੇ ਉਡ ਰਹੀਆਂ ਹਨ। ਅਮਰੀਕਾ ਪੱਖੀ ਲੌਬੀ ਨੇ ਆਪਣਾ ਪੂਰਾ ਜ਼ੋਰ ਕਮਿਊਨਿਸਟਾਂ ਨੂੰ ਭੰਡਣ ’ਤੇ ਲਾਇਆ ਹੋਇਆ ਹੈ। ਦੁਨੀਆ ਭਰ ਦੇ ਅਗਾਂਹਵਧੂ ਲੋਕਾਂ ਨੂੰ ਬਹੁਤ ਫਿਕਰ ਹੋਇਆ, ਜਦੋਂ ਕਈ ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿਚ ਅਮਰੀਕਾ ਦੇ ਝੰਡੇ ਦੇਖੇ। ਦੁਨੀਆ ਭਰ ਦੀਆਂ 55 ਕਮਿਊਨਿਸਟ ਪਾਰਟੀਆਂ ਨੇ ਅਮਰੀਕਾ ਦੇ ਇਸ ਕਾਰੇ ਦੀ ਨਿੰਦਿਆ ਕੀਤੀ। ਇਸ ਸਭ ਪਿੱਛੇ ਅਮਰੀਕਾ ਦਾ ਹੱਥ ਕਿਉਂ ਹੈ, ਆਓ ਜ਼ਰਾ ਅਮਰੀਕਾ ਦੀ ਹਾਲਤ ’ਤੇ ਝਾਤ ਮਾਰੀਏ।
ਪਿਛਲੇ ਦਹਾਕੇ ਦੌਰਾਨ ਅਮਰੀਕਾ ਜਿਹੜਾ ਆਪਣੇ ਆਪ ਨੂੰ ਸਰਮਾਏਦਾਰੀ ਅਤੇ ਜਮਹੂਰੀਅਤ ਦਾ ਝੰਡਾਬਰਦਾਰ ਕਹਾਉਂਦਾ ਹੈ, ਬੁਰੀ ਤਰ੍ਹਾਂ ਫੇਲ੍ਹ ਹੋ ਰਿਹਾ ਹੈ। ਜਦ ਜੇਪੀ ਮੌਰਗਨ ਵਰਗੀਆਂ ਵੱਡੀਆਂ ਬੈਂਕਾਂ, ਜੀਐੱਮ ਅਤੇ ਫੋਰਡ ਵਰਗੇ ਕਾਰਾਂ ਬਣਾਉਣ ਵਾਲ਼ੇ ਵੱਡੇ ਕਾਰਖਾਨੇ ਦਿਵਾਲ਼ੀਆ ਹੋਣ ਦੇ ਨੇੜੇ ਜਾ ਪਹੁੰਚੇ ਤਾਂ ਪਤਾ ਲੱਗਿਆ ਕਿ ਸਰਮਾਏਦਾਰੀ ਸਿਸਟਮ ਦੀ ਕਾਇਮੀ ਕਿੰਨਾ ਕੁ ਚਿਰ ਰਹਿ ਸਕਦੀ ਹੈ। ਅਮਰੀਕਾ ਲੋਕਾਂ ਦਾ ਤਾਂ ਕੀ, ਕਿਸੇ ਵੀ ਮੁਲਕ ਦਾ ਮਿੱਤਰ ਨਹੀਂ ਹੈ। ਇਸ ਨੇ ਇਰਾਕ, ਅਫ਼ਗਾਨਿਸਤਾਨ, ਸੀਰੀਆ, ਲਬਿੀਆ ਤਬਾਹ ਕਰ ਦਿੱਤੇ ਹਨ। ਜਿਸ ਵੀਅਤਨਾਮ ਵਿਚੋਂ ਇਹ ਬੇਆਬਰੂ ਹੋ ਕੇ ਨਿੱਕਲ਼ਿਆ ਸੀ, ਅੱਜ ਉਸੇ ਵੀਅਤਨਾਮ ਨਾਲ਼ ਵਪਾਰ ਕਰਦਾ ਹੈ। ਇਹ ਕਿਊਬਾ ਦੇ ਲੋਕਾਂ ਦਾ ਕਦੇ ਵੀ ਮਿੱਤਰ ਨਹੀਂ ਹੋ ਸਕਦਾ। ਇਹ ਕਿਊਬਾ ਵਿਚ ਬਟਿਸਟਾ ਵਰਗੀ ਕਠਪੁਤਲੀ ਬਿਠਾ ਕੇ ਫਿਰ ਕਿਊਬਾ ਦੀ ਲੁੱਟ ਕਰਨੀ ਚਾਹੁੰਦਾ ਹੈ। ਕਿਊਬਾ ਕਿਉਂਕਿ ਸਮਾਜਵਾਦੀ ਮੁਲਕ ਹੈ, ਇਸ ਦੀ ਸਮਾਜਵਾਦੀ ਵਿਚਾਰਧਾਰਾ ਦਾ ਅਸਰ ਬ੍ਰਾਜ਼ੀਲ, ਵੈਨੇਜ਼ੁਏਲਾ, ਨਿਕਾਰਾਗੁਆ ਅਤੇ ਬੋਲੀਵੀਆ ਵਿਚ ਦੇਖਿਆ ਜਾ ਸਕਦਾ ਹੈ। ਪਿੱਛੇ ਜਿਹੇ ਅਮਰੀਕਾ ਦੇ ਯੂਥ ਦਾ ਜਿਹੜਾ ਸਰਵੇ ਹੋਇਆ, ਉਸ ਮੁਤਾਬਿਕ ਅਮਰੀਕਾ ਦੇ 45% ਨੌਜੁਆਨ ਸਮਾਜਵਾਦ ਦੇ ਹਾਮੀ ਹਨ, ਅਮਰੀਕੀ ਸਰਮਾਏਦਾਰ ਇਸ ਸਰਵੇ ਤੋਂ ਬਾਅਦ ਬੁਰੀ ਤਰ੍ਹਾਂ ਡਰ ਗਏ ਹਨ। ਅਮਰੀਕਾ ਦੇ ਸਰਮਾਏਦਾਰੀ ਸਿਸਟਮ ਨੇ ਅਮਰੀਕਾ ਵਿਚ ਗਰੀਬ ਅਮੀਰ ਦਾ ਪਾੜਾ ਬੇਹੱਦ ਵਧਾ ਦਿੱਤਾ ਹੈ। ਅਮਰੀਕਾ ਦੇ ਸਿਰਫ ਤਿੰਨ ਘਰਾਣਿਆਂ- ਵਾਲਮਾਰਟ, ਵਾਰਨਬਫੇ ਅਤੇ ਜੈਫ ਬਿਜੋ ਕੋਲ਼ ਅਮਰੀਕਾ ਦੀ ਅੱਧੀ ਦੌਲਤ ਹੈ। ਗਰੀਬ ਲੋਕਾਂ ਦੀ ਹਾਲਤ ਇਹ ਹੈ ਕਿ ਵੱਡੇ ਸ਼ਹਿਰਾਂ ਵਿਚ ‘ਟੈਂਟ ਸਿਟੀ’ ਹਨ; ਭਾਵ, ਲੋਕ ਤੰਬੂਆਂ ਵਿਚ ਰਹਿੰਦੇ ਹਨ। ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਗੱਡੀਆਂ ਨੂੰ ਆਪਣਾ ਘਰ ਬਣਾਇਆ ਹੋਇਆ ਹੈ। ਇਹ ਲੋਕ ਕਾਰਾਂ ਵੈਨਾਂ ਵਿਚ ਰੈਣ ਬਸੇਰਾ ਕਰਦੇ ਹਨ। ਅਮਰੀਕਾ ਵਿਚ 15 ਲੱਖ ਬੱਚੇ ਭੁੱਖੇ ਸਕੂਲ ਜਾਂਦੇ ਹਨ। ਡਾਕਟਰੀ ਸਹੂਲਤਾਂ ਦਾ ਇਹ ਹਾਲ ਹੈ ਕਿ ਅਮਰੀਕਾ ਦੀ ਅਦਾਕਾਰਾ ਸੂਜ਼ਨ ਸਮਰਜ਼ ਆਪਣੀ ਸਵੈ-ਜੀਵਨੀ ਵਿਚ ਲਿਖਦੀ ਹੈ ਕਿ ਇੱਕ ਵਾਰ ਉਸ ਦੇ ਪੁੱਤਰ ਦੀ ਲੱਤ ਟੁੱਟ ਗਈ ਤੇ ਉਸ ਦੇ ਇਲਾਜ ’ਤੇ ਸੂਜ਼ਨ ਦੀ ਸਾਲ ਭਰ ਦੀ ਕਮਾਈ ਲੱਗ ਗਈ।
ਜੇ ਅਮਰੀਕੀ ਨਸਲਵਾਦ ਵੱਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਮਰੀਕੀ ਜੇਲ੍ਹਾਂ ਵਿਚ ਕਾਲ਼ੇ ਲੋਕ 34% ਹਨ ਜਦ ਕਿ ਕਾਲ਼ੇ ਲੋਕਾਂ ਦੀ ਅਮਰੀਕਾ ਵਿਚ ਆਬਾਦੀ 14% ਤੋਂ ਵੀ ਘੱਟ ਹੈ। ਗੋਰੇ ਲੋਕ ਜੇਲ੍ਹਾਂ ਵਿਚ 29% ਹਨ ਜਦ ਕਿ ਉਨ੍ਹਾਂ ਦੀ ਆਬਾਦੀ 67% ਹੈ। ਅਮਰੀਕਾ ਵਿਚ 15% ਲੋਕ ਗਰੀਬੀ ਰੇਖਾ ਤੋਂ ਥੱਲੇ ਹਨ ਅਤੇ 25% ਲੋਕਾਂ ਨੂੰ ਪੂਰਾ ਖਾਣਾ ਨਹੀ ਮਿਲ਼ਦਾ। ਕਿਊਬਾ ਤਾਂ ਕੀ, ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਮਹੂਰੀਅਤ ਬਾਰੇ ਬਹੁਤ ਭੁਲੇਖੇ ਹਨ, ਕਿਉਂਕਿ ਜਮਹੂਰੀਅਤ ਵਿਚ ਪੈਸੇ ਵਾਲ਼ਾ ਹੀ ਚੋਣ ਲੜ ਸਕਦਾ ਹੈ ਤੇ ਪੈਸਾ ਸਿਰਫ ਅਮੀਰਾਂ ਕੋਲ਼ ਹੁੰਦਾ ਹੈ; ਫਿਰ ਤਾਂ ਜਮਹੂਰੀਅਤ ਅਮੀਰਾਂ ਦੀ ਗਰੀਬਾਂ ਉੱਤੇ ਤਾਨਾਸ਼ਾਹੀ ਹੀ ਤਾਂ ਹੈ। ਅਮੀਰ ਲੋਕ ਰਾਜਸੱਤਾ ਹਾਸਲ ਕਰਕੇ ਅਮੀਰਾਂ ਦੇ ਫਾਇਦੇ ਖਾਤਰ ਹੀ ਕਾਨੂੰਨ ਬਣਾਉਣਗੇ। ਇਸੇ ਕਰਕੇ ਦੁਨੀਆ ਭਰ ਦੇ ਡੈਮੋਕਰੇਟਿਕ ਮੁਲਕਾਂ ਤੇ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ, ਦੁਨੀਆ ਦੀ 45% ਜਨਤਾ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ।
ਇਸ ਕਰਕੇ ਸਿਸਟਮ ਉਹੀ ਚੰਗਾ ਹੈ ਜਿਹੜਾ ਆਪਣੇ ਲੋਕਾਂ ਦੀਆਂ ਮੁਢਲੀਆਂ ਲੋੜਾਂ, ਸਿਹਤ, ਵਿੱਦਿਆ, ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਜਿ਼ੰਮੇਵਾਰ ਹੈ। ਇਸ ਸਮੇਂ ਦੁਨੀਆ ਭਰ ਦੇ ਅਗਾਂਹਵਧੂ ਲੋਕਾਂ ਅਤੇ ਦੁਨੀਆ ਭਰ ਦੀਆਂ ਲੋਕ ਪੱਖੀ ਸਰਕਾਰਾਂ ਨੂੰ ਅਮਰੀਕਾ ਦੀਆਂ ਇਨ੍ਹਾਂ ਕਿਊਬਾ ਵਿਰੋਧੀ ਚਾਲਾਂ ਨੂੰ ਅਸਫਲ ਕਰਨ ਲਈ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ। ਸਰਮਾਏਦਾਰ ਮੀਡੀਏ ਦਾ ਹਾਲ ਦੇਖੋ ਕਿ ਜਦ ਲੱਖਾਂ ਲੋਕਾਂ ਨੇ ਇਨਕਲਾਬ ਪੱਖੀ ਰੈਲੀਆਂ ਕੀਤੀਆਂ ਤਾਂ ਉਨ੍ਹਾਂ ਦਾ ਕਿਸੇ ਨੇ ਜਿ਼ਕਰ ਨਹੀਂ ਕੀਤਾ। ਅੱਸੀ ਅੱਸੀ ਸਾਲ ਦੇ ਬਜ਼ੁਰਗ ਜਿਹੜੇ ਬਟਿਸਟਾ ਵਿਰੁੱਧ ਲੜੇ ਸਨ, ਹੁਣ ਸਮਾਜਵਾਦ ਨੂੰ ਬਚਾਉਣ ਲਈ ਸੜਕਾਂ ’ਤੇ ਨਿੱਕਲ ਆਏ। ਇਨਕਲਾਬ ਲਈ ਦਿੱਤੀਆਂ ਬੇਥਾਹ ਕੁਰਬਾਨੀਆਂ ਸੂਹੇ ਪਰਚਮ ਨੂੰ ਯੈਂਕੀਆਂ ਦੇ ਥੱਲੇ ਨਹੀਂ ਲੱਗਣ ਦੇਣਗੀਆਂ।
ਸੰਪਰਕ: +1-403-714-4816