ਹਰਜਿੰਦਰ ਸਿੰਘ ਗੁਲਪੁਰ
ਭਾਰਤ ਬਹੁਤ ਖਤਰਨਾਕ ਦੌਰ ਵਿਚੋਂ ਲੰਘ ਰਿਹਾ ਹੈ। ਕਰੋਨਾ ਮਹਾਮਾਰੀ ਦੇ ਇਸ ਕਹਿਰ ਦੌਰਾਨ ਪੌਣੇ ਤਿੰਨ ਲੱਖ ਦੇ ਕਰੀਬ ਜਾਨਾਂ ਡਾਕਟਰੀ ਸਹੂਲਤਾਂ ਨਾ ਮਿਲਣ ਕਾਰਨ ਚਲੇ ਗਈਆਂ ਹਨ। ਦੇਸ਼ ਦੀਆਂ ਉੱਚ ਅਦਾਲਤਾਂ ਵਲੋਂ ਸਰਕਾਰ ਦੇ ਕੰਮ ਕਾਜ ਨੂੰ ਲੈ ਕੇ ਆਏ ਦਿਨ ਸਖਤ ਤੋਂ ਸਖਤ ਟਿੱਪਣੀਆਂ ਹੋ ਰਹੀਆਂ ਹਨ। ਵਿਦੇਸ਼ੀ ਅਖਬਾਰਾਂ ਵਲੋਂ ਭਾਰਤ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵਾਰੇ ਲੰਮੇ ਲੰਮੇ ਲੇਖ ਲਿਖੇ ਜਾ ਰਹੇ ਹਨ। ਇਸ ਦੇ ਬਾਵਜੂਦ ਭਾਰਤ ਸਰਕਾਰ ਉੱਤੇ ਕੋਈ ਅਸਰ ਨਹੀ ਹੋ ਰਿਹਾ। ਕਰੋਨਾ ਕਾਰਨ ਪੂਰੇ ਦੇਸ਼ ਵਿਚ ਅਫ਼ਰਾ ਤਫ਼ਰੀ ਵਾਲਾ ਮਾਹੌਲ ਹੈ। ਕੋਵਿਡ ਪੀੜਤਾਂ ਦੀ ਗਿਣਤੀ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੋਵਿਡ ਨਾਲ ਪੀੜਤਾਂ ਦੀ ਗਿਣਤੀ ਪ੍ਰਤੀ ਦਿਨ ਸਵਾ ਚਾਰ ਲੱਖ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਨਾਲ ਮੌਤ ਦਰ ਵਿਚ ਵੀ ਵਾਧਾ ਹੋ ਰਿਹਾ ਹੈ। ਹਾਲਤ ਇਹ ਹੈ ਕਿ ਸਰਕਾਰ ਦੇ ਸੱਜੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਖੱਬਾ ਹੱਥ ਕੀ ਕਰ ਰਿਹਾ ਹੈ ਅਤੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਸੱਜਾ ਹੱਥ ਕੀ ਕਰ ਰਿਹਾ ਹੈ। ਸੱਤਾਧਾਰੀ ਅਤੇ ਵਿਰੋਧੀ ਦੋਵੇਂ ਗਿੜਗਿੜਾ ਰਹੇ ਹਨ। ਜਿਹਨਾਂ ਨੂੰ ਮਾਣ ਸੀ ਜੋ ਤਖਤ ਤੇ ਬਿਰਾਜਮਾਨ ਹਨ, ਉਹ ਔਖੇ ਵੇਲੇ ਉਹਨਾਂ ਦੀ ਸਹਾਇਤਾ ਕਰਨਗੇ, ਅੱਜ ਉਹਨਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ। ਅਨੇਕਾਂ ਵੱਡੇ ਵੱਡੇ ਰਸੂਖਵਾਨਾਂ ਨੇ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਦਮ ਤੋੜ ਦਿੱਤਾ ਹੈ। ਇਹਨਾਂ ਵਿਚ ਵਿਧਾਇਕ ਤੋਂ ਲੈ ਕੇ ਵਜ਼ੀਰ ਤੱਕ ਸ਼ਾਮਿਲ ਹਨ।
ਇਸ ਸਮੇਂ ਸਰਕਾਰ ਦਾ ਪੂਰਾ ਧਿਆਨ ਕਰੋਨਾ ਨੂੰ ਕਾਬੂ ਕਰਨ ਵੱਲ ਹੋਣਾ ਚਾਹੀਦਾ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਰਕਾਰ ਕਰੋਨਾ ਉੱਤੇ ਕਾਬੂ ਪਾਉਣ ਦੀ ਥਾਂ ਉਹ ਇਮਾਰਤਾਂ ਬਣਾਉਣ ਵਿਚ ਮਸਰੂਫ ਹੈ ਜਿਹਨਾਂ ਬਿਨਾ ਸਰ ਸਕਦਾ ਹੈ। ਕੇਂਦਰ ਸਰਕਾਰ ਦੋ ਤਰ੍ਹਾਂ ਦੇ ਨਵ ਨਿਰਮਾਣ ਕਰ ਰਹੀ ਹੈ। ਸੰਸਦ ਭਵਨ ਦੀ ਉਸਾਰੀ ਉੱਤੇ 20 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ ਜਦੋਂ ਕਿ ਪ੍ਰਧਾਨ ਮੰਤਰੀ ਨਿਵਾਸ ਦੇ ਨਿਰਮਾਣ ਉੱਤੇ ਤਕਰੀਬਨ 13 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਦੇਸ਼ ਵਾਸੀ ਕਰੋਨਾ ਦੀ ਦੂਹਰੀ ਮਾਰ ਝੱਲ ਰਹੇ ਹਨ। ਦੇਸ਼ ਦੀ ਆਰਥਿਕਤਾ ਦਾ ਬੁਰਾ ਹਾਲ ਹੈ। ਰੋਟੀ ਰੋਜ਼ੀ ਲਈ ਲੋਕ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਵਾਲ ਪੈਦਾ ਹੁੰਦਾ ਹੈ ਪਾਣੀ ਵਾਂਗ ਪੈਸਾ ਵਹਾ ਕੇ ਇਹਨਾਂ ਭਵਨ ਨਿਰਮਾਣਾਂ ਦੀ ਕੀ ਜ਼ਰੂਰਤ ਸੀ? ਹਾਲ ਦੀ ਘੜੀ ਜੇ ਪੁਰਾਣੇ ਭਵਨਾਂ ਵਿਚ ਰਹਿ ਕੇ ਦੇਸ਼ ਚਲਾਇਆ ਜਾ ਰਿਹਾ ਹੈ ਤਾਂ ਅੱਗੇ ਲਈ ਵੀ ਚਲਾਇਆ ਜਾ ਸਕਦਾ ਹੈ।
ਡਾਕਟਰ ਵੇਦ ਪ੍ਰਤਾਪ ਵੈਦਿਕ ਅਨੁਸਾਰ ਭਾਜਪਾ ਸਰਕਾਰ ਲਈ ਬੰਗਾਲ ਕਰੋਨਾ ਤੋਂ ਉੱਪਰ ਹੋ ਗਿਆ। ਮਮਤਾ ਬੈਨਰਜੀ ਨੇ ਅਜੇ ਸਹੁੰ ਵੀ ਨਹੀਂ ਸੀ ਚੁੱਕੀ ਕਿ ਉਸ ਦੀ ਸਰਕਾਰ ਨੂੰ ਅਸਥਿਰ ਕਰਨਾ ਦੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ ਗਈਆਂ। ਕਿਸ ਤਰ੍ਹਾਂ ਚੱਲੇਗਾ ਇਹ ਦੇਸ਼? ਬੰਗਾਲ ਵਿਚ ਕੁਝ ਕਾਰਕੁਨਾਂ ਦੀ ਹੋਈ ਮੌਤ ਨੂੰ ਕੌਮੀ ਮੁੱਦਾ ਬਣਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਧਿਆਨ ਕਰੋਨਾ ਵਰਗੇ ਮੁੱਖ ਮੁੱਦੇ ਤੋਂ ਭਟਕਾਇਆ ਜਾ ਸਕੇ। ਉਹਨਾਂ ਨੇ ਤਮਾਮ ਪਾਰਟੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਜਨੀਤੀ ਕਰਨ ਦੀ ਥਾਂ ਆਪਣੇ ਵਰਕਰਾਂ ਨੂੰ ਆਦੇਸ਼ ਦੇਣ ਕਿ ਉਹ ਹਰ ਲੋੜਵੰਦ ਮਰੀਜ਼ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਨ। ਇਸ ਨਾਲ ਆਕਸੀਜਨ ਦੀ ਚੋਰ ਬਾਜ਼ਾਰੀ ਨੂੰ ਠੱਲ੍ਹ ਪਵੇਗੀ। ਸੰਸਾਰ ਦੇ ਪ੍ਰਸਿੱਧ ਮੈਡੀਕਲ ਰਸਾਲੇ ‘ਨੇਚਰ’ ਨੇ ਆਪਣੇ ਸੰਪਾਦਕੀ ਵਿਚ ਖੁਲਾਸਾ ਕੀਤਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਨੂੰ ਛੱਡ ਕੇ ਸਾਰੀ ਦੁਨੀਆ ਦੇ ਦੇਸ਼ਾਂ ਨੇ ਵਿਗਿਆਨੀਆਂ ਦੀ ਸਲਾਹ ਨੂੰ ਮੰਨਿਆ ਹੈ। ਇਸ ਸਮੇਂ ਭਾਰਤ ਅਤੇ ਬ੍ਰਾਜ਼ੀਲ ਨੂੰ ਛੱਡ ਕੇ ਅਮਰੀਕਾ ਅਤੇ ਯੂਰੋਪ ਦੇ ਉਹਨਾਂ ਦੇਸ਼ਾਂ ਵਿਚ ਕਰੋਨਾ ਦਾ ਕਹਿਰ ਘਟਣ ਲੱਗ ਪਿਆ ਹੈ ਜਿਹਨਾਂ ਦੇਸ਼ਾਂ ਵਿਚ ਕਰੋਨਾ ਦੀ ਪਹਿਲੀ ਲਹਿਰ ਨੇ ਤਬਾਹੀ ਮਚਾਈ ਸੀ। ਭਾਰਤ ਇਸ ਵਕਤ ਪ੍ਰਤੀ ਦਿਨ ਦੇ ਹਿਸਾਬ ਨਾਲ ਸਭ ਤੋਂ ਜਿ਼ਆਦਾ ਮੌਤਾਂ ਦੀ ਗਿਣਤੀ ਵਿਚ ਪਹਿਲੇ ਨੰਬਰ ਤੇ ਹੈ। ਪਿਛਲੇ ਹਫਤੇ ਦੇ ਮੁਕਾਬਲੇ ਭਾਰਤ ਵਿਚ ਇਸ ਹਫਤੇ 15% ਜਿ਼ਆਦਾ ਮਰੀਜ਼ ਮਿਲੇ ਹਨ। ਇਸੇ ਤਰ੍ਹਾਂ ਮੌਤ ਦੀ ਗਿਣਤੀ 41% ਵਧੀ ਹੈ। ਬ੍ਰਾਜ਼ੀਲ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ 6% ਵਧੀ ਹੈ ਜਦੋਂ ਕਿ ਮੌਤ ਵਿਚ 3% ਕਮੀ ਹੋਈ ਹੈ। ਕਰੋਨਾ ਦੀ ਲਾਗ ਨਾਲ ਸਬੰਧਿਤ ਦੁਨੀਆ ਭਰ ਦੇ ਅੰਕੜੇ ਦੇਣ ਵਾਲੀ ਵੈੱਬਸਾਈਟ worldometers.info ਤੇ ਕੀਤੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਹੈ ਕਿ ਬਾਹਰੀ ਦੁਨੀਆ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵੱਲ ਤੇਜ਼ੀ ਨਾਲ ਵਧ ਰਹੀ ਹੈ। ਦੂਜੇ ਪਾਸੇ ਭਾਰਤ ਦੀ ਹਾਲਤ ਬਦ ਤੋਂ ਬਦਤਰ ਬਣ ਰਹੀ ਹੈ। ਭਾਰਤ ਦੀ ਵੱਕਾਰੀ ਸੀਰਮ ਇੰਸਟੀਚਿਊਟ ਦੇ ਕਰਤਾ ਧਰਤਾ ਅਦਾਰ ਪੂਨਾਵਾਲਾ ਦੇਸ਼ ਛੱਡ ਕੇ ਇੰਗਲੈਂਡ ਚਲੇ ਗਏ ਹਨ ਅਤੇ ਉੱਥੇ ਵੱਡੀ ਪੱਧਰ ਤੇ ਧਨ ਨਿਵੇਸ਼ ਕਰਨ ਦੀਆਂ ਗੱਲਾਂ ਕਰ ਰਹੇ ਹਨ। ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿਚ ਆਕਸੀਜਨ ਨਾ ਮਿਲਣ ਕਾਰਨ ਸਾਰੇ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਹਸਪਤਾਲ ਦਾ ਸਟਾਫ ਹਸਪਤਾਲ ਵਿਚੋਂ ਦੌੜ ਗਿਆ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕੋਵਿਡ ਨਾਲ ਨਜਿੱਠਣ ਲਈ ਨਵੇਂ ਸਿਰਿਓਂ ਵਿਉਂਤਵੰਦੀ ਦੀ ਲੋੜ ਹੈ। ਕੋਰਟ ਅਨੁਸਾਰ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਸਰਕਾਰ ਦਾ ਹਾਲ ਇਹ ਹੈ ਕਿ ਉਹ ਇਸ ਗੰਭੀਰ ਬਿਮਾਰੀ ਦਾ ਕੋਈ ਵਿਗਿਆਨਕ ਹੱਲ ਲੱਭਣ ਦੀ ਥਾਂ ਨੀਮ-ਹਕੀਮੀ ਨੂੰ ਉਤਸ਼ਾਹਿਤ ਕਰ ਰਹੀ ਹੈ। ਕੇਂਦਰ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਨੇ ਰਿਸ਼ੀਕੇਸ਼ ਸਥਿਤ ਮੈਡੀਕਲ ਸੰਸਥਾ ਏਮਸ ਨੂੰ ਫੰਡ ਜਾਰੀ ਕਰ ਕੇ ਕਿਹਾ ਹੈ ਕਿ ਗਾਇਤਰੀ ਮੰਤਰ ਦੇ ਜਾਪ ਅਤੇ ਪ੍ਰਾਣਾਯਾਮ ਦੇ ਕਰੋਨਾ ਪ੍ਰਭਾਵਾਂ ਨੂੰ ਸਾਬਤ ਕਰਨ ਲਈ ਕਲੀਨਿਕਲ ਖੋਜ ਸ਼ੁਰੂ ਕੀਤੀ ਜਾਵੇ। ਇਸ ਦੀ ਪੁਸ਼ਟੀ ਰਿਸ਼ੀਕੇਸ਼ ਸਥਿਤ ਏਮਸ ਦੀ ਐਸੋਸੀਏਟ ਪ੍ਰੋਫੈਸਰ ਰਿਚਾ ਦੂਆ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਿਹਤ ਮੰਤਰਾਲੇ ਨੇ ਬਾਬਾ ਰਾਮ ਦੇਵ ਵਲੋਂ ਤਿਆਰ ਕੀਤੀਆਂ ਦਵਾਈਆਂ ਨੂੰ ਬਾਜ਼ਾਰ ਵਿਚ ਉਤਾਰਨ ਲਈ ਉਸ ਦੀ ਸਹਾਇਤਾ ਕੀਤੀ ਹੈ। ਇੱਕ ਦਵਾਈ ਲਾਂਚ ਕਰਨ ਸਮੇਂ ਸਿਹਤ ਮੰਤਰੀ ਹਰਸ਼ ਵਰਧਨ ਅਤੇ ਨਿਤਿਨ ਗਡਕਰੀ ਨਾਲ ਰਾਮ ਦੇਵ ਦੀਆਂ ਤਸਵੀਰਾਂ ਮੀਡੀਆ ਵਿਚ ਛਪ ਚੁੱਕੀਆਂ ਹਨ।
ਭਾਜਪਾ ਸਰਕਾਰ ਨੇ ਇਸ ਮਹਾਮਾਰੀ ਦੇ ਦੌਰ ਵਿਚ ਦੇਸ਼ ਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਬੇਸਹਾਰਾ ਛੱਡ ਦਿੱਤਾ ਹੈ। ਸੰਸਾਰ ਪੱਧਰ ਤੇ ਭਾਰਤ ਦੀ ਜੱਗ ਹਸਾਈ ਹੋ ਰਹੀ ਹੈ ਪਰ ਸੰਵੇਦਨਹੀਣ ਸਰਕਾਰ ਤੇ ਕੋਈ ਅਸਰ ਨਹੀ ਹੋ ਰਿਹਾ। ਬੰਗਾਲ ਦੀ ਹਾਰ ਨੂੰ ਸਵੀਕਾਰ ਕਰਨ ਦੀ ਥਾਂ ਉਥੇ ਫਿਰਕੂ ਨਫਰਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਤਿਆ ਹਿੰਦੀ ਡਾਟ ਕਾਮ ਚੈਨਲ ਅਨੁਸਾਰ ਬੰਗਾਲ ਹਿੰਸਾ ਵਾਰੇ ਭਾਜਪਾ ਵਲੋਂ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਝੂਠੀਆਂ ਹਨ। ਇਥੋਂ ਤੱਕ ਕਿ ਇੱਕ ਕੇਂਦਰੀ ਰਾਜ ਮੰਤਰੀ ਉੱਤੇ ਕੀਤੇ ਕਥਿਤ ਹਮਲੇ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ, ਉਹ ਕਾਂਗੋ ਦੇਸ਼ ਨਾਲ ਸਬੰਧਿਤ 10 ਸਾਲ ਪੁਰਾਣੀ ਹੈ। ਕੇਂਦਰ ਸਰਕਾਰ ਨੂੰ ਰਾਜਸੀ ਗਿਣਤੀਆਂ ਮਿਣਤੀਆਂ ਤੋਂ ਉਪਰ ਉਠ ਕੇ ਆਪਣੀ ਸਾਰੀ ਤਾਕਤ ਕਰੋਨਾ ਉੱਤੇ ਕਾਬੂ ਪਾਉਣ ਲਈ ਵਰਤਣੀ ਚਾਹੀਦੀ ਹੈ। ਦੇਸ਼ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖ ਕੇ ਕਰੋੜਾਂ ਅਰਬਾਂ ਰੁਪਏ ਦੇ ਬੇਲੋੜੇ ਪ੍ਰਾਜੈਕਟ ਰੱਦ ਕਰ ਦੇਣੇ ਚਾਹੀਦੇ ਹਨ।
ਸੰਪਰਕ: 0061411218801