ਕੇਵਲ ਧਾਲੀਵਾਲ
ਵਿਰਸਾ ਵਿਹਾਰ ਅੰਮ੍ਰਿਤਸਰ ਦਾ ਇਤਿਹਾਸ ਪੁਰਾਣਾ, ਖ਼ੂਬਸੂਰਤ ਤੇ ਸੰਘਰਸ਼ਮਈ ਹੈ। ਦੇਸ਼ ਵੰਡ ਤੋਂ ਬਾਅਦ ਆਜ਼ਾਦ ਹਿੰਦੋਸਤਾਨ ਦੇ ਪੰਜਾਬ ਵਿਚ ਅੰਮ੍ਰਿਤਸਰ ਦੀਆਂ ਸੱਭਿਆਚਾਰਕ ਪੈੜਾਂ ਤੇ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ 1958 ਵਿਚ ਰੇਲਵੇ ਸਟੇਸ਼ਨ ਦੇ ਸਾਹਮਣੇ ‘ਟੇਲਰ ਰੋਡ’ ਉੱਤੇ ਅਲਗਜ਼ੈਂਡਰਾ ਸਕੂਲ ਦੀ ਪਿਛਲੀ ਕੰਧ ਦੇ ਨਾਲ ਅਤੇ ਖੇਡਾਂ ਦੇ ਮੈਦਾਨ ਗਾਂਧੀ ਗਰਾਊਂਡ ਦੀ ਇਕ ਨੁੱਕਰ ਵਿਚ ਪਹਿਲਾ ਓਪਨ ਏਅਰ ਥੀਏਟਰ ਬਣਾਇਆ ਗਿਆ। ਇਸ ਦਾ ਉਦਘਾਟਨ ਉਸ ਵੇਲੇ ਮਹਾਰਾਣੀ ਮਹਿੰਦਰ ਕੌਰ (ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ) ਨੇ ਕੀਤਾ ਸੀ। ਓਪਨ ਏਅਰ ਥੀਏਟਰ ਦੀ ਖੁੱਲ੍ਹੀ ਵੱਡੀ ਖ਼ੂਬਸੂਰਤ ਸਟੇਜ ਦੇ ਪਿੱਛੇ ਉੱਚੀ ਦੀਵਾਰ ਤੇ ਦੀਵਾਰ ਦੇ ਪਿੱਛੇ ਦੋ ਕਮਰੇ (ਗਰੀਨ ਰੂਮ) ਕਲਾਕਾਰਾਂ ਦੀ ਤਿਆਰੀ ਲਈ ਹੁੰਦੇ ਸਨ। ਸਟੇਜ ਦੇ ਸਾਹਮਣੇ 60×120 ਫੁੱਟ ਦੀ ਖੁੱਲ੍ਹੀ ਜਗ੍ਹਾ ਤੇ ਪਿੱਛੇ ਪੌੜੀਆਂ ਵਾਲੀ ਦਰਸ਼ਕ ਗੈਲਰੀ ਸੀ ਦਰਸ਼ਕਾਂ ਦੇ ਬੈਠਣ ਲਈ। ਇਸ ਓਪਨ ਏਅਰ ਥੀਏਟਰ ਵਿਚ ਲਗਪਗ ਦੋ ਹਜ਼ਾਰ ਦਰਸ਼ਕ ਬੈਠ ਸਕਦੇ ਸਨ। ਪੌੜੀਆਂ ਵਿਚ ਉੱਪਰਲੇ ਹਿੱਸੇ ’ਚ ਜਾਮਣ ਦਾ ਦਰਖ਼ਤ ਵੀ ਸੀ ਜੋ ਅਜੇ ਵੀ ਵਿਰਸਾ ਵਿਹਾਰ ਇਮਾਰਤ ਦੇ ਬਾਹਰ ਹੈ।
ਸੰਖੇਪ ਵਿਚ ਤਾਂ ਇਹ ਹੀ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦੀਆਂ ਸਮੁੱਚੀਆਂ ਰੰਗਮੰਚ ਸਰਗਰਮੀਆਂ ਦਾ ਕੇਂਦਰ ਉਦੋਂ ਓਪਨ ਏਅਰ ਥੀਏਟਰ ਹੁੰਦਾ ਸੀ। ਹਰ ਵੱਡੇ ਤੋਂ ਵੱਡੇ ਨਾਟਕਕਾਰ ਦੀ ਨਾਟ ਲਿਖਤ ਨੂੰ ਉੱਥੇ ਉੱਘੇ ਨਾਟ ਨਿਰਦੇਸ਼ਕਾਂ ਵੱਲੋਂ ਖੇਡਿਆ ਜਾਂਦਾ ਰਿਹਾ। ਪੰਜਾਬੀ ਰੰਗਮੰਚ ਦੀ ਅਜ਼ੀਮ ਹਸਤੀ ਭਾ’ਜੀ ਗੁਰਸ਼ਰਨ ਸਿੰਘ ਦੀਆਂ 1964 ਤੋਂ 1988 ਤੱਕ ਸਾਰੀਆਂ ਨਾਟ ਸਰਗਰਮੀਆਂ ਇਸੇ ਓਪਨ ਏਅਰ ਥੀਏਟਰ ਵਿਚ ਹੁੰਦੀਆਂ ਰਹੀਆਂ। ਬਾਹਰੋਂ ਆਇਆ ਹਰ ਅਦੀਬ ਓਪਨ ਥੀਏਟਰ ਨੂੰ ਜ਼ਿਆਰਤ ਕਰਨ ਵਾਂਗ ਵੇਖਣ ਆਉਂਦਾ ਸੀ। ਬਲਰਾਜ ਸਾਹਨੀ, ਬਲਵੰਤ ਗਾਰਗੀ, ਸ਼ਿਵ ਕੁਮਾਰ ਬਟਾਲਵੀ, ਕਪੂਰ ਸਿੰਘ ਘੁੰਮਣ, ਡਾ. ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ ਤੇ ਉਨ੍ਹਾਂ ਸਮਿਆਂ ਦੇ ਸਾਰੇ ਨਾਮਵਰ ਨਾਟਕਕਾਰ ਓਪਨ ਏਅਰ ਥੀਏਟਰ ਵਿਚ ਆਪੋ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਵੇਖਣ ਆਉਂਦੇ ਰਹੇ। ਅੰਮ੍ਰਿਤਸਰ ਨਾਟਕ ਕਲਾ ਕੇਂਦਰ ਅਤੇ ਇਕ-ਦੋ ਹੋਰ ਨਾਟ ਗਰੁੱਪ ਇਸ ਦੇ ਮੰਚ ’ਤੇ ਆਪਣੀਆਂ ਨਾਟ ਪੇਸ਼ਕਾਰੀਆਂ ਕਰਦੇ ਰਹੇ। ਸੁਰੇਸ਼ ਪੰਡਿਤ ਵੱਲੋਂ ਨਿਰਦੇਸ਼ਿਤ ‘ਆਲਣਾ ਤੀਲੋ ਤੀਲ’, ‘ਵੇਟਿੰਗ ਫਾਰ ਗੋਦੇ’, ‘ਦਿ ਚੇਅਰਜ਼’ ਅਤੇ ‘ਐਂਡ ਗੇਮ’ ਵਰਗੇ ਨਾਟਕ ਇੱਥੇ ਹੀ ਖੇਡੇ ਗਏ। ਇੱਥੇ ਹੀ ਹਰਭਜਨ ਜੱਬਲ, ਜਤਿੰਦਰ ਕੌਰ, ਵੇਦ ਸ਼ਰਮਾ, ਸੁਦਰਸ਼ਨ ਸ਼ਰਮਾ, ਵਿਜੇ ਸ਼ਰਮਾ, ਬਲਵਿੰਦਰ ਭਾਰਤੀ, ਇੰਦਰਜੀਤ ਸਹਾਰਨ, ਜਤਿੰਦਰ ਬਰਾੜ, ਦਲਜੀਤ ਕੌਰ, ਸਤਿੰਦਰ ਕੌਰ, ਕੈਲਾਸ਼ ਕੌਰ, ਬੁੱਧ ਸਿੰਘ, ਸਰਦਾਰਜੀਤ ਬਾਵਾ, ਪਰਮਜੀਤ ਸਿੰਘ, ਰੇਨੂੰ ਸਿੰਘ, ਸਤਵਿੰਦਰ ਸੋਨੀ, ਜਸਵੰਤ ਜੱਸ, ਸੁਖਦੇਵ ਪ੍ਰੀਤ, ਹਰਦੀਪ ਗਿੱਲ, ਪਵਨਦੀਪ, ਜਸਪਾਲ ਸੇਠੀ, ਜਗਦੀਸ਼ ਸਚਦੇਵਾ ਤੇ ਮੇਰੇ ਸਮੇਤ ਸੈਂਕੜੇ ਕਲਾਕਾਰਾਂ ਨੂੰ ਇਸੇ ਓਪਨ ਏਅਰ ਥੀਏਟਰ ਦੀ ਮਿੱਟੀ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਖੰਭ ਦਿੱਤੇ। ਮੈਂ ਪਹਿਲੀ ਵਾਰ ਇਸੇ ਸਟੇਜ ’ਤੇ 1978 ਵਿਚ ਉੱਘੇ ਨਿਰਦੇਸ਼ਕ ਬੰਸੀ ਕੌਲ ਦੀ ਨਿਰਦੇਸ਼ਨਾਂ ਵਿਚ ਭਾ’ਜੀ ਗੁਰਸ਼ਰਨ ਸਿੰਘ ਦੇ ਲਿਖੇ ਨਾਟਕ ‘ਧਮਕ ਨਗਾਰੇ ਦੀ’ ਰਾਹੀਂ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ। ਇੱਥੇ ਹੀ ਬਲਰਾਜ ਸਾਹਨੀ ਨੇ ਇਕ ਪਾਤਰੀ ਨਾਟਕ ‘ਉਪਰਲੀ ਮੰਜ਼ਿਲ’ ਖੇਡਿਆ। ਸ਼ਿਵ ਕੁਮਾਰ ਬਟਾਲਵੀ ਆਪਣੀ ਅਮਰ ਰਚਨਾ ‘ਲੂਣਾ’ ਨੂੰ ਦੇਖਣ ਲਈ ਇਸੇ ਜਗ੍ਹਾ ਦਰਸ਼ਕਾਂ ਵਿਚ ਮੌਜੂਦ ਸੀ। ਇੱਥੇ ਹੀ ਡਾ. ਆਤਮਜੀਤ ਦੇ ਨਾਟ ਸਫ਼ਰ ਦੀ ਸ਼ੁਰੂਆਤ ਹੋਈ। ਲੋਕ ਹੁੰਮ-ਹੁੰਮਾ ਕੇ ਨਾਟਕ ਵੇਖਣ ਆਉਂਦੇ। 1978 ਤੋਂ 1988 ਤੱਕ ਪੰਜਾਬ ਦੇ ਕਾਲੇ ਦੌਰ ਵਿਚ ਵੀ ਇੱਥੇ ਨਾਟਕਾਂ ਦੀਆਂ ਪੇਸ਼ਕਾਰੀਆਂ ਨਹੀਂ ਸਨ ਰੁਕੀਆਂ। ਜਦੋਂ 1988 ਵਿਚ ਅਤਿਵਾਦ ਸਮੇਂ ਭਾ’ਜੀ ਗੁਰਸ਼ਰਨ ਸਿੰਘ ਪੱਕੇ ਤੌਰ ’ਤੇ ਚੰਡੀਗੜ੍ਹ ਸ਼ਿਫ਼ਟ ਹੋ ਗਏ ਤਾਂ ਇੱਥੇ ਨਾਟ ਸਰਗਰਮੀਆਂ ਤਕਰੀਬਨ ਬੰਦ ਹੋ ਗਈਆਂ ਸਨ। ਇਸ ਥੀਏਟਰ ਦੀ ਥਾਂ ਬੱਸ ਸਟੈਂਡ ਲਾਗੇ ਨਵੇਂ ਬਣੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ 1991 ਤੋਂ ਨਾਟ ਸਰਗਰਮੀਆਂ ਹੋਣ ਲੱਗੀਆਂ ਤਾਂ ਓਪਨ ਏਅਰ ਥੀਏਟਰ ਦੀ ਇਮਾਰਤ ਸਾਂਭ ਸੰਭਾਲ ਖੁਣੋਂ ਖੁਰਨ ਲੱਗੀ।
… ਤੇ ਫਿਰ ਇਕ ਦਿਨ ਅਜਿਹਾ ਵੀ ਆਇਆ, ਜਦੋਂ ਸਰਕਾਰ ਵੱਲੋਂ ਰਾਤੋ ਰਾਤ ਇਹ ਬੁਲਡੋਜ਼ਰ ਚਲਵਾ ਕੇ ਢਾਹ ਦਿੱਤਾ ਗਿਆ। ਸਰਕਾਰ ਇਸ ਓਪਨ ਏਅਰ ਥੀਏਟਰ ਵਾਲੀ ਥਾਂ ਸਪੋਰਟਸ ਹੋਸਟਲ ਬਣਾਉਣ ਦਾ ਫ਼ੈਸਲਾ ਕਰ ਚੁੱਕੀ ਸੀ। ਇਸ ਫ਼ੈਸਲੇ ਖ਼ਿਲਾਫ਼ ਕਲਾਕਾਰਾਂ ਨੇ ਰੋਸ ਮੁਜ਼ਾਹਰੇ ਵੀ ਕੀਤੇ, ਕਲਾਕਾਰਾਂ ਨੇ ਚੁੱਪ ਰਹਿਣ ਦੀ ਜਗ੍ਹਾ ਸੜਕਾਂ ਤੇ ਹਾਲ ਗੇਟ ਦੇ ਬਾਹਰ ਜਲਸੇ ਜਲੂਸ ਕੱਢੇ, ਧਰਨੇ ਲਾਏ। ਇਸ ਵਿਰੋਧ ਦਾ ਏਨਾ ਕੁ ਅਸਰ ਹੋਇਆ ਕਿ ਓਪਨ ਏਅਰ ਥੀਏਟਰ ਵਾਲੀ ਖਾਲੀ ਜਗ੍ਹਾ ਦੀ ਬਜਾਏ ਪ੍ਰਸ਼ਾਸਨ ਨੇ ਲਾਗੇ ਇਕ ਹੋਰ ਖਾਲੀ ਪਈ ਜਗ੍ਹਾ ’ਤੇ ਸਪੋਰਟਸ ਹੋਸਟਲ ਬਣਾ ਦਿੱਤਾ, ਪਰ ਓਪਨ ਏਅਰ ਥੀਏਟਰ ਦੀ ਜਗ੍ਹਾ ਉਸੇ ਤਰ੍ਹਾਂ ਵੀਰਾਨ ਪਈ ਰਹੀ।
1998 ਵਿਚ ਅੰਮ੍ਰਿਤਸਰ ਵਿਖੇ ਸ੍ਰੀ ਨਰਿੰਦਰਜੀਤ ਸਿੰਘ ਬਤੌਰ ਡਿਪਟੀ ਕਮਿਸ਼ਨਰ ਆਏ। ਉਨ੍ਹਾਂ ਨੇ ਮੇਰੇ ਨਾਲ ਅੰਮ੍ਰਿਤਸਰ ਵਿਖੇ ਕੁਝ ਨਾਟ ਸਰਗਰਮੀਆਂ ਬਾਰੇ ਗੱਲਬਾਤ ਕੀਤੀ ਤਾਂ ਮੈਂ ਉਨ੍ਹਾਂ ਨੂੰ ਉੱਜੜ ਚੁੱਕੇ ਓਪਨ ਏਅਰ ਥੀਏਟਰ, ਗਾਂਧੀ ਗਰਾਊਂਡ ਵਾਲੀ ਜਗ੍ਹਾ ਲੈ ਗਿਆ। ਉਨ੍ਹਾਂ ਨੇ ਹਾਮੀ ਭਰੀ ਕਿ ਅਸੀਂ ਜਲਦੀ ਇਹਦੇ ਬਾਰੇ ਕੁਝ ਕਰਦੇ ਹਾਂ।
ਉਸ ਸਮੇਂ ਪੰਜਾਬੀ ਸਾਹਿਤ ਦੇ ਸਿਰਮੌਰ ਅਦੀਬ, ਕਰਤਾਰ ਸਿੰਘ ਦੁੱਗਲ ਆਪਣੀਆਂ ਅਦਬੀ ਪ੍ਰਾਪਤੀਆਂ ਸਦਕਾ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ। ਦੁੱਗਲ ਹੋਰੀਂ ਆਪ ਨਾਟਕਕਾਰ ਵੀ ਸਨ। ਇਸ ਲਈ ਉਨ੍ਹਾਂ ਨੇ ਆਪਣੇ ਐੱਮਪੀ ਅਖ਼ਤਿਆਰੀ ਫੰਡ ਵਿਚੋਂ ਪੈਸੇ ਅਲਾਟ ਕਰਵਾ ਕੇ ਕੁਝ ਅਜਿਹੇ ਕਾਰਜ ਕਰਵਾ ਦਿੱਤੇ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਕਲਾਤਮਿਕ ਸੰਸਥਾਵਾਂ ਦੀ ਬਿਹਤਰੀ ਲਈ ਉਨ੍ਹਾਂ ਨੇ ਢੁੱਕਵੀਂ ਇਮਦਾਦ ਕੀਤੀ, ਪਰ ਦੁੱਗਲ ਹੋਰਾਂ ਦੀ ਸਰਪ੍ਰਸਤੀ ਤੇ ਪ੍ਰੇਰਨਾ ਨਾਲ ਹੋਇਆ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਵੱਖ-ਵੱਖ ਸ਼ਹਿਰਾਂ ਵਿਚ ਸਰਬ ਕਲਾਵਾਂ ਨੂੰ ਇਕ ਹੀ ਇਮਾਰਤ ਵਿਚ ਇਕੱਠਾ ਕਰਨ ਲਈ ਵਿਰਸਾ ਵਿਹਾਰ ਭਵਨਾਂ ਦੀ ਉਸਾਰੀ ਸੀ।
ਡਿਪਟੀ ਕਮਿਸ਼ਨਰ ਨਰਿੰਦਰਜੀਤ ਸਿੰਘ ਨੇ ਜਲਦ ਹੀ ਆਪਣੇ ਬੋਲ ਪੁਗਾਉਂਦਿਆਂ ਕਰਤਾਰ ਸਿੰਘ ਦੁੱਗਲ ਨਾਲ ਸੰਪਰਕ ਕੀਤਾ। ਕੁਝ ਦਿਨਾਂ ਬਾਅਦ ਹੀ ਦੁੱਗਲ ਹੋਰੀਂ ਅੰਮ੍ਰਿਤਸਰ ਆਏ ਤੇ ਸਾਡੇ ਨਾਲ ਮੀਟਿੰਗ ਕੀਤੀ ਜਿਸ ਵਿਚ ਮੇਰੇ ਤੋਂ ਇਲਾਵਾ ਐੱਸਡੀਐਮ ਸਤਵੰਤ ਸਿੰਘ ਜੌਹਲ, ਸ੍ਰੀ ਪੂਰਨ ਚੰਦ ਵਡਾਲੀ, ਲੋਕ ਗਾਇਕਾ ਗੁਰਮੀਤ ਬਾਵਾ ਤੇ ਡਾ. ਨੀਤਾ ਮਹਿੰਦਰਾ ਵੀ ਸਨ। ਦੁੱਗਲ ਹੋਰਾਂ ਨੇ ਵੀ ਮੌਕੇ ’ਤੇ ਜਾ ਕੇ ਓਪਨ ਏਅਰ ਥੀਏਟਰ ਦੀ ਤਰਸਯੋਗ ਹਾਲਤ ਵੇਖੀ ਤੇ ਉੱਥੇ ਖੜ੍ਹ ਕੇ ਹੀ ਉਨ੍ਹਾਂ ਨੇ ਪੰਜਾਬ ਵਿਚ ਚਾਰ ਥਾਵਾਂ ’ਤੇ ਵਿਰਸਾ ਵਿਹਾਰ ਬਣਾਉਣ ਦਾ ਐਲਾਨ ਕੀਤਾ। ਹਰ ਵਿਰਸਾ ਵਿਹਾਰ ਲਈ ਡੇਢ ਤੋਂ ਦੋ ਕਰੋੜ ਰਕਮ ਰੱਖੀ ਗਈ ਸੀ ਜੋ ਵਾਅਦੇ ਮੁਤਾਬਿਕ ਕਰਤਾਰ ਸਿੰਘ ਦੁੱਗਲ ਨੇ ਬਹੁਤ ਛੇਤੀ ਭਿਜਵਾ ਦਿੱਤੀ ਤੇ ਨਾਲ ਹੀ ਸਾਰੇ ਵਿਰਸਾ ਵਿਹਾਰ ਦੇ ਡਿਜ਼ਾਈਨ ਤੇ ਮਾਡਲ ਵੀ ਭਿਜਵਾਏ।
ਸ਼ੁਰੂ ਵਿਚ ਵਿਰਸਾ ਵਿਹਾਰ ਭਵਨ ਦੀ ਉਸਾਰੀ ਯੋਜਨਾ ਵਿਚ ਸਿਰਫ਼ ਅੰਮ੍ਰਿਤਸਰ ਹੀ ਸੀ, ਫੇਰ ਜਲੰਧਰ, ਕਪੂਰਥਲਾ ਤੇ ਪਟਿਆਲਾ ਵੀ ਸ਼ਾਮਿਲ ਕੀਤੇ ਗਏ। ਸਮੂਹ ਲੇਖਕਾਂ, ਰੰਗਮੰਚ ਕਲਾਕਾਰਾਂ ਤੇ ਸਾਰੀਆਂ ਕੋਮਲ ਕਲਾਵਾਂ ਨਾਲ ਜੁੜੇ ਕਲਾਕਾਰਾਂ ਲਈ ਖ਼ੁਸ਼ੀ ਵਾਲੀ ਗੱਲ ਇਹ ਸੀ ਕਿ ਵਿਰਸਾ ਵਿਹਾਰ ਭਵਨ ਦੀ ਉਸਾਰੀ ਉਸੇ ਥਾਂ ਕੀਤੀ ਗਈ ਜਿੱਥੇ ਕਿਸੇ ਵੇਲੇ ਓਪਨ ਏਅਰ ਥੀਏਟਰ ਦੀ ਇਮਾਰਤ ਹੁੰਦੀ ਸੀ। ਵਿਰਸਾ ਵਿਹਾਰ ਦੀ ਇਮਾਰਤ ਦਾ ਉਦਘਾਟਨ 2004 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
ਸਾਰੇ ਕਲਾਕਾਰਾਂ ਨੂੰ ਆਪਣਾ ਉੱਜੜਿਆ ਟਿਕਾਣਾ ਫਿਰ ਮਿਲ ਜਾਣ ਦੀ ਉਮੀਦ ਜਾਗ ਪਈ ਸੀ, ਪਰ ਕਲਾਕਾਰਾਂ ਦੀ ਇਹ ਖ਼ੁਸ਼ੀ ਬਹੁਤੀ ਦੇਰ ਕਾਇਮ ਨਾ ਰਹਿ ਸਕੀ। ਜਦੋਂ ਵਿਰਸਾ ਵਿਹਾਰ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਦਸੰਬਰ 2006 ਵਿਚ ਸਰਕਾਰ ਨੇ ਇਸ ਨੂੰ ਰੀਜਨਲ ਪਾਸਪੋਰਟ ਦਫ਼ਤਰ ਵਿਚ ਤਬਦੀਲ ਕਰਨ ਲਈ ਸਰਕਾਰੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਇਹ ਲੁਕਵੀਂ ਖ਼ਬਰ ਇਕ ਕਲਾ ਪ੍ਰੇਮੀ ਪੱਤਰਕਾਰ ਨੇ ਮੈਨੂੰ ਫ਼ੋਨ ਉੱਤੇ ਦੱਸ ਦਿੱਤੀ। ਮੈਂ ਉਸ ਵੇਲੇ ਪੰਜਾਬ ਨਾਟਸ਼ਾਲਾ ਦੀ ਸਟੇਜ ’ਤੇ ਨਾਟਕ ਸ਼ੁਰੂ ਕਰਵਾਉਣਾ ਸੀ। ਨਾਟਕ ਦੀ ਪੇਸ਼ਕਾਰੀ ਖ਼ਤਮ ਹੋਣ ’ਤੇ ਮੈਂ ਇਹ ਖ਼ਬਰ ਦਰਸ਼ਕਾਂ ਨਾਲ ਵੀ ਸਾਂਝੀ ਕੀਤੀ। ਇਨ੍ਹਾਂ ਸਾਰੀਆਂ ਸਰਗਰਮੀਆਂ ਦਾ ਪਤਾ ਲੱਗਦਿਆਂ ਹੀ ਅੰਮ੍ਰਿਤਸਰ ਦੇ ਸਾਰੇ ਰੰਗਮੰਚ ਕਲਾਕਾਰ, ਅਦੀਬ, ਸ਼ਾਇਰ, ਸੰਗੀਤਕਾਰ, ਚਿੱਤਰਕਾਰ ਤੇ ਹੋਰ ਕੋਮਲ ਕਲਾਵਾਂ ਨਾਲ ਜੁੜੇ ਕਲਾ ਪ੍ਰੇਮੀ ਅੰਮ੍ਰਿਤਸਰ ਆਰਟਿਸਟ ਐਸੋਸੀਏਸ਼ਨ ਦੇ ਝੰਡੇ ਥੱਲੇ ਇਕੱਠੇ ਹੋ ਗਏ ਤੇ ਗੁਰੂ ਦੀ ਨਗਰੀ ਦੀਆਂ ਸੜਕਾਂ ’ਤੇ ਰੋਸ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ। ਕਲਾਕਾਰਾਂ ਨੇ ਮਸ਼ਾਲਾਂ ਲੈ ਕੇ ਸਾਰੇ ਸ਼ਹਿਰ ਵਿਚ ਫੇਰੀ ਲਾਈ, ਕਈ ਸਰਕਾਰੀ ਨੁਮਾਇੰਦਿਆਂ ਦੇ ਘਰਾਂ ਦੇ ਬਾਹਰ ਧਰਨੇ ਦਿੱਤੇ, ਘਿਰਾਓ ਕੀਤੇ, ਨਗਾਰੇ ਵਜਾਏ, ਗੀਤ ਗਾਏ।
ਕਲਾਕਾਰਾਂ ਵੱਲੋਂ ਆਰੰਭੇ ਗਏ ਇਨ੍ਹਾਂ ਰੋਸ ਮੁਜ਼ਾਰਿਆਂ ਵਿਚਲੀ ਭਾਵਨਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਬਹੁਤੀ ਦੇਰ ਨਜ਼ਰਅੰਦਾਜ਼ ਨਾ ਕਰ ਸਕਿਆ। ਇਨ੍ਹਾਂ ਘਟਨਾਵਾਂ ਦੀ ਖ਼ਬਰ ਕੌਮੀ ਅਖ਼ਬਾਰਾਂ ਤੇ ਮੀਡੀਆ ਰਾਹੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਚੁੱਕੀ ਸੀ। ਦੁੱਗਲ ਹੋਰਾਂ ਨੂੰ ਵੀ ਇਸ ਵਾਪਰਨ ਜਾ ਰਹੀ ਅਣਹੋਣੀ ਬਾਰੇ ਅਸੀਂ ਜਾਣੂੰ ਕਰਵਾ ਦਿੱਤਾ ਸੀ।
ਕਲਾਕਾਰਾਂ ਦੀ ਏਕਤਾ, ਇਕਜੁੱਟਤਾ ਤੇ ਸ਼ਾਂਤਮਈ ਕਲਾਤਮਿਕ ਵਿਰੋਧ ਨੂੰ ਵੇਖਦਿਆਂ ਵਿਰਸਾ ਵਿਹਾਰ ਦੀ ਇਮਾਰਤ ਨੂੰ ਪਾਸਪੋਰਟ ਦਫ਼ਤਰ ਵਿਚ ਤਬਦੀਲ ਕਰਨ ਦਾ ਫ਼ੈਸਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੂਲ ਰੂਪ ਵਿਚ ਹੀ ਰੱਦ ਕਰ ਦਿੱਤਾ। ਚੰਗੇ ਭਾਗਾਂ ਨੂੰ ਸਾਲ 2007 ਵਿਚ ਸ੍ਰੀ ਕਾਹਨ ਸਿੰਘ ਪੰਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਣ ਕੇ ਆ ਗਏ। ਸ੍ਰੀ ਪੰਨੂੰ ਨੇ ਬੜੇ ਹੀ ਧੀਰਜ ਨਾਲ ਕਲਾਕਾਰਾਂ ਦੀਆਂ ਮੰਗਾਂ ਸੁਣੀਆਂ ਤੇ ਸਰਕਾਰੀ ਤੌਰ ’ਤੇ ਇਕ ਸੰਵਿਧਾਨ ਤਿਆਰ ਕਰ ਕੇ ਵਿਰਸਾ ਵਿਹਾਰ ਸੁਸਾਇਟੀ ਦਾ ਗਠਨ ਕਰ ਦਿੱਤਾ। ਕਲਾਤਮਿਕ ਸ਼ਕਤੀਆਂ ਦੀ ਜਿੱਤ ਹੋਈ ਸੀ। ਸਾਹਿਤਕ ਤੇ ਕਲਾਤਮਿਕ ਰੁਚੀਆਂ ਨੂੰ ਮਾਣ ਦੇਣ ਵਾਲੇ ਸ੍ਰੀ ਕਾਹਨ ਸਿੰਘ ਪੰਨੂੰ ਨੇ ਕਲਾਕਾਰਾਂ ਦੇ ਸਵੈਮਾਣ ਦੀ ਲਾਜ ਰੱਖ ਲਈ ਸੀ। ਹੁਣ ਇਹ ਸੁਸਾਇਟੀ ਹੀ ਵਿਰਸਾ ਵਿਹਾਰ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਸੰਚਾਲਨ ਕਰਦੀ ਹੈ। ਪਹਿਲੀ ਸਤੰਬਰ 2007 ਦਾ ਉਹ ਦਿਨ ਅੰਮ੍ਰਿਤਸਰ ਦੀਆਂ ਕਲਾਤਮਿਕ ਘਟਨਾਵਾਂ ਵਿਚ ਇਕ ਹੋਰ ਵੱਡੀ ਘਟਨਾ ਵਾਂਗ ਜੁੜ ਗਿਆ ਜਿਸ ਦਿਨ ਪੰਨੂੰ ਹੋਰਾਂ ਨੇ ਵਿਰਸਾ ਵਿਹਾਰ ਦੇ ਵਿਹੜੇ ਵਿਚ ਪਹੁੰਚ ਕੇ ਮੀਡੀਆ ਸਾਹਮਣੇ ਵਿਰਸਾ ਵਿਹਾਰ ਸਦਨ ਦੀਆਂ ਚਾਬੀਆਂ ਮੇਰੇ ਹੱਥ ’ਤੇ ਰੱਖੀਆਂ ਸਨ ਤੇ ਮੈਨੂੰ ਵਿਰਸਾ ਵਿਹਾਰ ਸੁਸਾਇਟੀ ਦਾ ਫਾਊਂਡਰ ਚੇਅਰਮੈਨ ਬਣਾ ਕੇ ਵਿਰਸਾ ਵਿਹਾਰ ਦੀ ਵਾਗਡੋਰ ਕਲਾਕਾਰਾਂ ਨੂੰ ਸੌਂਪੀ ਸੀ। ਜਦੋਂ ਵਿਰਸਾ ਵਿਹਾਰ ਦੀਆਂ ਚਾਬੀਆਂ ਸਾਨੂੰ ਮਿਲੀਆਂ ਤਾਂ ਉਸ ਵੇਲੇ ਪੰਜ ਮੰਜ਼ਿਲਾ ਇਮਾਰਤ ਵਿਚ ਇਕ ਵੀ ਕੁਰਸੀ ਨਹੀਂ ਸੀ, ਦਰੀ ਵੀ ਨਹੀਂ ਸੀ,ਤੇ ਅਸੀਂ ਪਹਿਲੀ ਮੀਟਿੰਗ ਜ਼ਮੀਨ ’ਤੇ ਅਖ਼ਬਾਰਾਂ ਵਿਛਾ ਕੇ ਕੀਤੀ। ਬਿਜਲੀ ਦਾ ਕੁਨੈਕਸ਼ਨ ਵੀ ਬਾਅਦ ਵਿਚ ਅਸੀਂ ਆਪ ਹੀ ਲਿਆ ਸੀ। ਇਹ ਦਿਨ ਨਿਰਸੰਦੇਹ ਇਕ ਇਤਿਹਾਸਕ ਘਟਨਾ ਵਰਗਾ ਸੀ। ਹੁਣ ਵਿਰਸਾ ਵਿਹਾਰ ਦੀ ਇਮਾਰਤ ਸਰਬ ਕਲਾਵਾਂ ਨਾਲ ਜੁੜੇ ਕਲਾਕਾਰਾਂ ਨੂੰ ਉਨ੍ਹਾਂ ਦੇ ਗੁਆਚੇ ਹੋਏ ਅਮੁੱਲ ਖ਼ਜ਼ਾਨੇ ਵਾਂਗ ਵਾਪਸ ਮਿਲ ਗਈ ਸੀ। ਓਪਨ ਏਅਰ ਥੀਏਟਰ ਦੀ ਧਰਤੀ ਤੋਂ ਨਵਾਂ ਸੂਰਜ ਉਦੈ ਹੋ ਰਿਹਾ ਸੀ। ਵਿਰਸਾ ਵਿਹਾਰ ਦੀ ਇਮਾਰਤ ਬਣੀ ਤਾਂ ਇਸ ਵਿਚ ਕੋਈ ਵੀ ਆਡੀਟੋਰੀਅਮ ਨਹੀਂ ਸੀ, ਨਾ ਹੀ ਕੋਈ ਸੈਮੀਨਾਰ ਹਾਲ ਤੇ ਨਾ ਹੀ ਕੋਈ ਓਪਨ ਏਅਰ ਥੀਏਟਰ ਸੀ। ਆਡੀਟੋਰੀਅਮ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਮੈਂ ਵਿਰਸਾ ਵਿਹਾਰ ਦੀ ਜ਼ਮੀਨੀ ਮੰਜ਼ਿਲ ਉੱਤੇ ਤਿੰਨ ਵੱਡੇ ਵੱਡੇ ਕਮਰਿਆਂ ਦੀਆਂ ਵਿਚਲੀਆਂ ਕੰਧਾਂ ਨੂੰ ਕੱਢ ਕੇ ਖ਼ੂਬਸੂਰਤ ਆਡੀਟੋਰੀਅਮ ਡਿਜ਼ਾਈਨ ਕੀਤਾ ਜਿਸ ਲਈ ਵਾਸਤੂਕਾਰ ਮਹਿੰਦਰਜੀਤ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ। ਹੁਣ ਇਸ ਆਡੀਟੋਰੀਅਮ ਵਿਚ 200 ਦੇ ਕਰੀਬ ਦਰਸ਼ਕ ਬੈਠ ਸਕਦੇ ਹਨ।
ਅੱਜ ਵਿਰਸਾ ਵਿਹਾਰ ਦੀ ਇਮਾਰਤ ਵਿਚ ਰੰਗਮੰਚ ਦੀ ਜੋਤ ਜਗ ਰਹੀ ਹੈ। ਵਿਰਸਾ ਵਿਹਾਰ ਸੁਸਾਇਟੀ ਮਿਲਵਰਤਣ, ਹੱਲਾਸ਼ੇਰੀ ਤੇ ਉਤਸ਼ਾਹ ਨਾਲ ਆਪਣੀ ਭੂਮਿਕਾ ਭਲੀਭਾਂਤ ਨਿਭਾ ਰਹੀ ਹੈ। ਅਸੀਂ ਪਿਛਲੇ ਪੰਦਰਾਂ ਸਾਲਾਂ ਵਿਚ ਲਗਭਗ 2000 ਪ੍ਰੋਗਰਾਮ ਕਰ ਸਕੇ ਹਾਂ। ਹੁਣ ਇੱਥੇ ਕੌਮੀ ਅਤੇ ਕੌਮਾਂਤਰੀ ਰੰਗਮੰਚ ਉਤਸਵ ਵੀ ਅਯੋਜਿਤ ਕੀਤੇ ਜਾਂਦੇ ਹਨ। ਕਲਾਸੀਕਲ ਨ੍ਰਿਤ ਦੇ ਪ੍ਰੋਗਰਾਮ, ਕਵੀ ਦਰਬਾਰ, ਰਾਸ਼ਟਰੀ ਸੈਮੀਨਾਰ, ਕਲਾਕਾਰਾਂ, ਲੇਖਕਾਂ ਦਾ ਸਨਮਾਨ, ਰਾਸ਼ਟਰੀ ਪੇਂਟਿੰਗ ਮੁਕਾਬਲੇ, ਸੰਗੀਤ ਦੇ ਪ੍ਰੋਗਰਾਮ, ਰਾਸ਼ਟਰੀ ਰੰਗਮੰਚ ਵਰਕਸ਼ਾਪਾਂ, ਪੁਸਤਕ ਵਿਮੋਚਨ ਪ੍ਰੋਗਰਾਮ ਅਤੇ ਬੱਚਿਆਂ ਦੀਆਂ ਕਲਾਵਾਂ ਦੇ ਉਤਸਵ ਲਗਾਤਾਰ ਹੁੰਦੇ ਰਹਿੰਦੇ ਹਨ। ਹੁਣ ਵਿਰਸਾ ਵਿਹਾਰ ਵੱਲੋਂ ਹਰ ਸਾਲ ਮਾਰਚ ਵਿਚ ਇਕ ਮਹੀਨਾ ਲਗਾਤਾਰ ਚੱਲਣ ਵਾਲਾ 30 ਰੋਜ਼ਾ ਰੰਗਮੰਚ ਉਤਸਵ ਵੀ ਕਰਵਾਇਆ ਜਾਂਦਾ ਹੈ, ਹਰ ਰੋਜ਼ ਪੰਜ-ਛੇ ਥੀਏਟਰ ਗਰੁੱਪ ਸ਼ਾਮ ਨੂੰ ਇੱਥੇ ਨਾਟਕਾਂ ਦੀਆਂ ਰਿਹਰਸਲਾਂ ਕਰ ਰਹੇ ਹੁੰਦੇ ਹਨ।
ਵਿਰਸਾ ਵਿਹਾਰ ਦੇ ਬਿਜਲੀ, ਪਾਣੀ, ਸਫ਼ਾਈ, ਰੱਖ-ਰਖਾਅ ਅਤੇ ਤਨਖ਼ਾਹਾਂ ਸਮੇਤ ਅਸੀਂ ਸਾਰੇ ਖਰਚੇ ਆਡੀਟੋਰੀਅਮ ਦੇ ਕਿਰਾਏ ਅਤੇ ਦਾਨੀ ਸੱਜਣਾਂ ਦੇ ਸਿਰੋਂ ਹੀ ਕਰਦੇ ਹਾਂ। ਵਿਰਸਾ ਵਿਹਾਰ ਨੂੰ ਚਲਾਉਣ ਲਈ ਸਾਨੂੰ ਕੋਈ ਵੀ ਸਰਕਾਰੀ ਗ੍ਰਾਂਟ ਨਹੀਂ ਮਿਲਦੀ।
ਨਾਵਲਕਾਰ ਨਾਨਕ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਮਿਲੇ ਵਿੱਤੀ ਸਹਿਯੋਗ ਸਦਕਾ ਅਸੀਂ ਇਕ ਖ਼ੂਬਸੂਰਤ ਸ. ਨਾਨਕ ਸਿੰਘ ਸੈਮੀਨਾਰ ਹਾਲ ਬਣਵਾ ਸਕੇ ਹਾਂ ਜਿਸ ਵਿਚ ਲਗਭਗ ਸੌ ਕੁ ਲੇਖਕ, ਦਰਸ਼ਕ ਬੈਠ ਸਕਦੇ ਹਨ। ਇਸੇ ਤਰ੍ਹਾਂ ਅਸੀਂ ਦੋਸਤਾਂ, ਲੇਖਕਾਂ, ਸਾਹਿਤਕਾਰਾਂ ਤੇ ਕਲਾਕਾਰਾਂ ਵੱਲੋਂ ਮਿਲੀਆਂ ਕਿਤਾਬਾਂ ਨਾਲ ‘ਲਾਲਾ ਧਨੀ ਰਾਮ ਚਾਤ੍ਰਿਕ’ ਲਾਇਬਰੇਰੀ ਬਣਾਉਣ ਵਿਚ ਕਾਮਯਾਬ ਹੋ ਸਕੇ ਹਾਂ ਜਿਸ ਵਿਚ ਲਗਭਗ ਪੰਜ ਹਜ਼ਾਰ ਕਿਤਾਬਾਂ ਹਨ। ਲਾਇਬਰੇਰੀ ਦੀਆਂ ਕੰਧਾਂ ਉੱਪਰ ਪ੍ਰਸਿੱਧ ਸਾਹਿਤਕਾਰਾਂ ਤੇ ਕਲਾਕਾਰਾਂ ਦੀਆਂ ਵੱਡ-ਆਕਾਰੀ ਤਸਵੀਰਾਂ ਵੀ ਸੁਸ਼ੋਭਿਤ ਹਨ।
ਵਿਰਸਾ ਵਿਹਾਰ ਦਾ ਸਭ ਤੋਂ ਵੱਧ ਰੁੱਝੇ ਰਹਿਣ ਵਾਲੇ ਸਦਨ ਦਾ ਨਾਮ ਹੈ ਗੁਰਸ਼ਰਨ ਸਿੰਘ ਰੰਗਮੰਚ ਸਦਨ ਜਿੱਥੇ ਨਾਟਕ, ਅਦਾਕਾਰੀ ਨੂੰ ਪ੍ਰਣਾਏ ਕਲਾਕਾਰ, ਰੰਗਮੰਚ ਵਰਕਸ਼ਾਪਾਂ ਵੀ ਕਰਦੇ ਹਨ ਤੇ ਨਵੇਂ ਤੋਂ ਨਵੇਂ ਨਾਟਕਾਂ ਦੀਆਂ ਰਿਹਰਸਲਾਂ ਵੀ ਕਰਦੇ ਹਨ। ਇੱਥੇ ਹੀ ਛੋਟੇ ਬੱਚਿਆਂ ਲਈ ਰੰਗਮੰਚ ਵਰਕਸ਼ਾਪਾਂ ਹੁੰਦੀਆਂ ਹਨ।
ਅਸੀਂ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵੀ ਵਿਰਸਾ ਵਿਹਾਰ ਦੇ ਇਕ ਕਮਰੇ ਵਿਚ ਬਣਾਇਆ ਹੈ ਜਿੱਥੇ ਸਾਹਿਤਕਾਰ ਰੂਬਰੂ ਸਮਾਗਮ ਜਾਂ ਆਪਣੀਆਂ ਮੀਟਿੰਗਾਂ ਕਰਦੇ ਹਨ। ਇਸੇ ਤਰ੍ਹਾਂ ਅੰਮ੍ਰਿਤਾ ਸ਼ੇਰਗਿੱਲ ਕਲਾ ਸਦਨ ਪੇਂਟਿੰਗ ਵਾਲੇ ਕਲਾਕਾਰਾਂ ਲਈ ਤਿਆਰ ਕੀਤਾ ਗਿਆ ਹੈ ਜਿੱਥੇ ਹਰ ਉਮਰ ਦੇ ਕਲਾਕਾਰ ਬੁਰਸ਼ ਨੂੰ ਰੰਗਾਂ ’ਚ ਡੁਬੋ ਕੇ ਨਵੀਂ ਤੋਂ ਨਵੀਂ ਕਲਾਤਮਿਕ ਪੇਂਟਿੰਗ ਦੀ ਸਿਰਜਣਾ ਕਰਦੇ ਹਨ। ਬੈਜੂਬਾਵਰਾ ਸੰਗੀਤ ਸਦਨ ਵਿਚ ਸੰਗੀਤਕ ਸਾਜ਼ਾਂ ਦੀ ਨੁਮਾਇਸ਼ ਵੀ ਹੈ ਤੇ ਉੱਥੇ ਸੰਗੀਤ ਦੀਆਂ ਕਲਾਸਾਂ ਵੀ ਲੱਗਦੀਆਂ ਹਨ। ਸੰਗੀਤ ਸਮਰਾਟ ਮੁਹੰਮਦ ਰਫ਼ੀ ਦਾ ਬੁੱਤ ਵਿਰਸਾ ਵਿਹਾਰ ਦੇ ਵਿਹੜੇ ਦੀ ਸ਼ਾਨ ਹੈ। ਇਸ ਤਰ੍ਹਾਂ ਨਟਰਾਜ ਨ੍ਰਿਤ ਸਦਨ ਵਿਚ ਲੋਕ ਨਾਚਾਂ ਅਤੇ ਕਲਾਸੀਕਲ ਨ੍ਰਿਤ ਦੀਆਂ ਵਰਕਸ਼ਾਪਾਂ ਹੁੰਦੀਆਂ ਹਨ। ਭਾ’ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ ਵੀ ਅਸੀਂ ਬਣਾ ਲਿਆ ਹੈ ਜਿੱਥੇ ਅਗਲੇ ਦਿਨਾਂ ਵਿਚ ਸਥਾਪਤ ਹੋਣ ਵਾਲਾ ਭਾ’ਜੀ ਗੁਰਸ਼ਰਨ ਸਿੰਘ ਦਾ ਬੁੱਤ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਅਸੀਂ ਅਦਾਕਾਰ ਹਰਭਜਨ ਜੱਬਲ ਦੇ ਨਾਮ ’ਤੇ ਇਕ ਸਭਿਆਚਾਰਕ ਸੱਥ ਵੀ ਤਿਆਰ ਕੀਤੀ ਹੈ।
ਇਨ੍ਹਾਂ ਕਾਰਜਾਂ ਦੇ ਵਿਕਾਸ ਤੋਂ ਇਲਾਵਾ ਸਾਡੇ ਅਗਲੇ ਨਿਸ਼ਾਨਿਆਂ ਵਿਚ ਸੰਗੀਤ, ਨ੍ਰਿਤ, ਅਦਾਕਾਰੀ ਤੇ ਫਾਈਨ ਆਰਟ ਦੀਆਂ ਡਿਪਲੋਮਾਂ ਕਲਾਸਾਂ ਸ਼ੁਰੂ ਕਰਨਾ ਵੀ ਹੈ। ਇਕ ਬਿਹਤਰੀਨ ਵਿਰਾਸਤ ਪ੍ਰਦਰਸ਼ਨੀ ਸਥਾਈ ਤੌਰ ’ਤੇ ਸਥਾਪਤ ਕਰਨਾ ਵੀ ਸਾਡਾ ਟੀਚਾ ਹੈ। ਆਡੀਟੋਰੀਅਮ ਨੂੰ ਵਿਸਥਾਰ ਦੇਣਾ ਅਤੇ ਵਿਰਸਾ ਵਿਹਾਰ ਨੂੰ ਵਿਰਾਸਤੀ ਦਿੱਖ ਦੇਣਾ ਵੀ ਸਾਡਾ ਨਿਸ਼ਾਨਾ ਹੈ। ਵਿਰਸਾ ਵਿਹਾਰ ਸਭ ਕਲਾਵਾਂ ਦੀ ਸਾਂਝੀ ਰਾਜਧਾਨੀ ਬਣ ਚੁੱਕਾ ਹੈ।
ਵਿਰਸਾ ਵਿਹਾਰ ਦੇ ਦਰਵਾਜ਼ੇ ਹਰ ਕਲਾਕਾਰ, ਸਾਹਿਤਕਾਰ ਲਈ ਖੁੱਲ੍ਹੇ ਹਨ, ਬੇਸ਼ੱਕ ਕਈ ਵਾਰੀ ਸਾਹਿਤਕਾਰਾਂ, ਕਲਾਕਾਰਾਂ ਦੇ ਗੁੱਸੇ, ਗਿਲੇ, ਨਰਾਜ਼ਗੀਆਂ ਵੀ ਸਾਡੇ ਹਿੱਸੇ ਆਉਂਦੀਆਂ ਨੇ, ਪਰ ਇਹ ਸਭ ਉਨ੍ਹਾਂ ਦੀ ਸਾਡੇ ਪ੍ਰਤੀ ਅਪਣੱਤ ਦਾ ਹੀ ਹਿੱਸਾ ਹੈ।
ਅਸੀਂ ਕਲਾ ਪ੍ਰੇਮੀਆਂ ਦੇ ਭਰੋਸੇ ਤੇ ਵਿਸ਼ਵਾਸ ਦਾ ਪੂਰਾ ਸਤਿਕਾਰ ਕਰਦੇ ਹਾਂ ਤੇ ਇਸ ਦਾ ਸਦਾ ਮਾਣ ਕਰਦੇ ਰਹਾਂਗੇ। ਅਸੀਂ ਸੀਮਤ ਸਾਧਨਾਂ ਦੇ ਬਾਵਜੂਦ ਵਿਰਸਾ ਵਿਹਾਰ ਦੀ ਨੁਹਾਰ ਨੂੰ ਕਲਾਤਮਿਕ ਛੋਹਾਂ ਦੇਣ ਦੇ ਕਈ ਉਪਰਾਲੇ ਕੀਤੇ ਹਨ। ਜੇ ਸਾਨੂੰ ਹੋਰ ਵੀ ਆਰਥਿਕ ਸਹਿਯੋਗ ਮਿਲਦਾ ਰਿਹਾ ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਕ ਦਿਨ ਇਸ ਇਮਾਰਤ ਵਿਚ ਸਰਬ ਕਲਾਵਾਂ ਦਾ ਨਾਦ ਗੂੰਜਿਆ ਕਰੇਗਾ। ਆਪਣੇ ਮਾਣਮੱਤੇ ਵਿਰਸੇ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਤੇ ਨਵੇਂ ਦੌਰ ਦੀਆਂ ਨਵੀਆਂ ਪ੍ਰਾਪਤੀਆਂ ਦੀ ਜੁਸਤਜੂ ਵੀ ਕੀਤੀ ਜਾ ਸਕੇਗੀ। ਅਸੀਂ ਇਕੱਲੇ ਹੀ ਤੁਰੇ ਸਾਂ, ਪਰ ਹੁਣ ਇਕ ਵੱਡਾ ਕਾਫ਼ਲਾ ਸਾਡੇ ਨਾਲ ਹੈ। ਹੁਣ ਕੋਈ ਵੀ ਮੰਜ਼ਿਲ ਅਸਾਥੋਂ ਦੂਰ ਨਹੀਂ ਹੈ।
ਸੰਪਰਕ: 98142-99422