ਰਾਜਦੀਪ ਗ਼ਰੀਬ ਮਜ਼ਦੂਰ ਦਾ ਬੇਟਾ ਸੀ। ਉਹ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਇਕ ਦਿਨ ਉਸ ਦਾ ਪਿਤਾ ਦਿਹਾੜੀ ਕਰ ਕੇ ਵਾਪਸ ਆ ਰਿਹਾ ਸੀ ਤਾਂ ਕੋਈ ਵਾਹਨ ਟੱਕਰ ਮਾਰ ਗਿਆ ਜਿਸ ਨਾਲ ਉਸ ਦੇ ਪਿਤਾ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ। ਹਸਪਤਾਲ ਦਾ ਖ਼ਰਚ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਰ ਦਿੱਤਾ, ਪਰ ਕਮਾਈ ਬੰਦ ਹੋ ਗਈ। ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ। ਉਸ ਦੀ ਮਾਂ ਘਰਾਂ ਵਿਚ ਕੰਮ ਕਰਕੇ ਜੋ ਲੈ ਆਉਂਦੀ ਉਸ ਨਾਲ ਉਸ ਦੇ ਪਿਤਾ ਦੀਆਂ ਦਵਾਈਆਂ ਵੀ ਨਹੀਂ ਆਉਂਦੀਆਂ ਸਨ। ਰਾਸ਼ਨ ਵਾਲੇ ਨੇ ਉਧਾਰ ਦੇਣਾ ਬੰਦ ਕਰ ਦਿੱਤਾ।
ਰਾਜਦੀਪ ਦੀ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਕਾਰਨ ਬੇਸ਼ੱਕ ਫੀਸ ਨਹੀਂ ਸੀ, ਫਿਰ ਵੀ ਕਾਪੀਆਂ ਪੈੱਨ ਆਦਿ ਦੀ ਦਿੱਕਤ ਆਉਣ ਲੱਗੀ। ਰਾਸ਼ਨ ਦੀ ਦੁਕਾਨ ਦੇ ਸੇਠ ਨੇ ਦੁਕਾਨ ’ਤੇ ਕੰਮ ਕਰਨ ਬਦਲੇ ਪੜ੍ਹਾਈ ਕਰਵਾਉਣ ਅਤੇ ਕੁਝ ਤਨਖ਼ਾਹ ਦੇਣ ਦੀ ਸ਼ਰਤ ’ਤੇ ਰਾਜਦੀਪ ਨੂੰ ਦੁਕਾਨ ’ਤੇ ਰੱਖ ਲਿਆ। ਪਰ ਦੁਕਾਨ ਦੀ ਘੱਟ ਕਮਾਈ ਦੇ ਬਹਾਨੇ ਲਾ ਲਾ ਛੇ ਮਹੀਨੇ ਥੋੜ੍ਹੀ ਜਿਹੀ ਮਦਦ ’ਤੇ ਕੰਮ ਕਰਵਾਇਆ।
ਇਕ ਦਿਨ ਰਾਜਦੀਪ ਦੇ ਲਾਣੇ ’ਚੋਂ ਚਾਚਾ ਲੱਗਦੇ ਦਲੀਪ ਨੇ ਦੁਕਾਨ ਖੋਲ੍ਹ ਲਈ। ਫਿਰ ਉਸ ਨੇ ਰਾਜਦੀਪ ਨੂੰ ਦੁਕਾਨ ’ਤੇ ਰੱਖ ਲਿਆ। ਦੋਵਾਂ ਨੇ ਬਹੁਤ ਮਿਹਨਤ ਕੀਤੀ। ਦੁਕਾਨ ਚੱਲ ਪਈ। ਇਸ ਦੇ ਅਸਰ ਨਾਲ ਸੇਠ ਦੀ ਕਮਾਈ ਘਟ ਗਈ।
ਇਕ ਦਿਨ ਪੁਲੀਸ ਰਾਜਦੀਪ ਦੀ ਮਾਂ ਅਤੇ ਉਸ ਦੇ ਚਾਚੇ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ ਵਿਚ।
– ਸੁਖਦੀਪ ਸਿੰਘ ਗਿੱਲ
ਸੰਪਰਕ: 94174-51887
* * *
ਮੋਹ ਜਾਂ ਲਾਲਸਾ
ਤਰਲੋਕ ਸਿੰਘ ਦੀ ਉਮਰ ਲਗਭਗ ਅੱਸੀ-ਪੱਚਾਸੀ ਸਾਲ ਦੇ ਕਰੀਬ ਸੀ। ਉਸ ਦੇ ਛੇ ਪੁੱਤਰ ਅਤੇ ਤਿੰਨ ਧੀਆਂ ਸਨ। ਬਚਨ ਸਿੰਘ, ਉਸ ਦਾ ਇਕ ਪੁੱਤਰ, ਸਾਡੇ ਗੁਆਂਢ ਵਿਚ ਰਹਿੰਦਾ ਸੀ। ਜਦੋਂ ਕਦੇ ਤਰਲੋਕ ਸਿੰਘ ਉਸ ਕੋਲ ਆਉਂਦਾ, ਮੈਂ ਕਦੇ ਕਦਾਈਂ ਮਿਲਣ ਚਲਾ ਜਾਂਦਾ।
ਚਿੱਟਾ ਕੁੜਤਾ ਪਜਾਮਾ, ਭੂਰੀ ਹਲਕੇ ਰੰਗ ਦੀ ਜੈਕਟ, ਚਿੱਟੀ ਦਾੜ੍ਹੀ-ਮੁੱਛ, ਚਿੱਟੀ ਛੋਟੀ ਪਗੜੀ ਅਤੇ ਇੱਕ ਲੰਬੀ ਡਾਂਗ, ਕੁੱਲ ਮਿਲਾ ਕੇ ਤਾਕਤਵਰ ਸ਼ਖ਼ਸੀਅਤ ਸੀ ਉਸ ਦੀ। ਆਵਾਜ਼ ਵਿਚ ਅਜੇ ਵੀ ਜੋਸ਼ ਮੌਜੂਦ ਸੀ। ਬਸ, ਅੱਖਾਂ ਸਾਥ ਛੱਡ ਗਈਆਂ ਸਨ।
‘‘ਬਾਈ, ਤੇਰੀਆਂ ਅੱਖਾਂ ਨੂੰ ਕਿੰਨਾ ਕੁ ਚਿਰ ਹੋ ਗਿਆ?’’ ਇਕ ਵਾਰ ਮੈਂ ਪੁੱਛਿਆ।
ਮੁੱਛਾਂ ਨੂੰ ਵੱਟ ਦੇ ਕੇ, ਦਾੜ੍ਹੀ ਉੱਤੇ ਹੱਥ ਫੇਰਦਿਆਂ ਉਹ ਬੋਲਿਆ, ‘‘ਫ਼ੌਜ ਵਿਚ ਜਦ ਮੇਰਾ ਆਖ਼ਰੀ ਸਾਲ ਸੀ, ਮੈਨੂੰ ਕਦੇ ਕਦਾਈਂ ਲੱਗਦਾ ਜੀਕਣ ਜਾਲੇ ਜਿਹੇ ਆਉਂਦੇ ਨੇ। ਫੇਰ ਸਿਰ ਫਟਣ ਲੱਗ ਪੈਂਦਾ। ਐਨਕ ਵੀ ਲਗਵਾਈ, ਪਰ ਨਜ਼ਰ ਘਟਦੀ ਘਟਦੀ ਮੁੱਕ ਹੀ ਗਈ। ਵੀਹ ਵਰ੍ਹੇ ਪਹਿਲਾਂ ਧੁੱਪ ਛਾਂ ਪਤਾ ਲੱਗਦੀ, ਹੁਣ ਉਹ ਵੀ ਗਈ।’’
ਪੁੱਤਰਾਂ ਦੇ ਹੁੰਦਿਆਂ ਵੀ ਉਹ ਛੋਟੀ ਧੀ ਕੋਲ ਪਿੰਡ ਰਹਿੰਦਾ ਸੀ। ਕਹਿੰਦਾ, ‘‘ਉਹੀ ਮੈਨੂੰ ਸੰਭਾਲ ਸਕਦੀ ਹੈ। ਮੁੰਡਿਆਂ ਅਤੇ ਨੂੰਹਾਂ ਲਈ ਦੋ ਦਿਨ ਹੀ ਔਖੇ ਹੋ ਜਾਂਦੇ ਨੇ!’’ ਗੱਲ ਵੀ ਠੀਕ ਸੀ। ਪੰਦਰਾਂ ਸਾਲਾਂ ਤੋਂ ਉਸ ਦੀ ਧੀ ਬਿਨਾਂ ਮੱਥੇ ਵਟ ਪਾਏ ਸੰਭਾਲਦੀ ਸੀ ਉਸ ਨੂੰ। ਹਰ ਰੋਜ਼ ਨਵਾ ਧੁਆ ਤਿਆਰ ਕਰਦੀ। ਉਸ ਦੀ ਰੋਜ਼ਾਨਾ ਦੀ ਛੋਟੀ ਵੱਡੀ ਗੱਲ ਦਾ ਧਿਆਨ ਰੱਖਦੀ।
ਨੂੰਹਾਂ ਸ਼ਿਕਾਇਤਾਂ ਦੋ ਦਿਨਾਂ ਵਿਚ ਸੁਣਾ ਦਿੰਦੀਆਂ, ‘‘ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦਾ ਹੈ। ਦੁਪਹਿਰ ਦੀ ਦਾਲ ਸਬਜ਼ੀ ਸ਼ਾਮ ਨੂੰ ਖਾਂਦਾ ਨਹੀਂ। ਨਿੱਤ ਨਹਾਉਣ ਨੂੰ ਦੱਸ ਕੀ ਲੱਗਿਆ? ਰਾਤ ਵੇਲੇ ਖੰਘਦਾ ਥੁੱਕਦਾ ਰਹਿੰਦਾ, ਸਾਰੇ ਘਰ ’ਚੋਂ ਮੁਸ਼ਕ ਆਉਣ ਲੱਗਾ…’’
ਜ਼ਮੀਨ ਦੇ ਲਾਲਚ ਅਤੇ ਇੱਜ਼ਤ ਬਚਾਉਣ ਖ਼ਾਤਰ, ਕਿ ਲੋਕ ਕਹਿਣਗੇ ਪਈ ਛੇ-ਛੇ ਮੁੰਡਿਆਂ ਦੇ ਹੁੰਦਿਆਂ ਧੀ ਸੰਭਾਲਦੀ ਹੈ, ਬਚਨ ਸਿੰਘ ਸ਼ਹਿਰ ਲੈ ਤਾਂ ਆਇਆ, ਪਰ ਸਾਂਭ ਸੰਭਾਲ ਦੀ ਘਾਟ ਤੇ ਉਦਰੇਵੇਂ ਕਰਕੇ ਕਿਉਂ ਜੋ ਇੰਨੇ ਵਰ੍ਹੇ ਧੀ ਕੋਲ ਪਿੰਡ ਰਹਿੰਦਾ ਸੀ, ਹਫ਼ਤੇ ਵਿਚ ਹੀ ਪੂਰਾ ਹੋ ਗਿਆ।
– ਹਰਜੀਤ ਸਿੰਘ ਬੰਮਰਾਹ
ਸੰਪਰਕ: 98762-13445
ਏਕਮ
‘‘ਸਰ ਮੇਰਾ ਕੀ ਬਣਿਆ?’’ ਮੈਨੂੰ ਕਿਸੇ ਨੇ ਸਵਾਲ ਕੀਤਾ। ਮੈਂ ਪਿੱਛੇ ਮੁੜ ਕੇ ਦੇਖਿਆ, ਇਹ ਤਾਂ ਏਕਮ ਸੀ। ਅੱਜ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਹੋਈਆਂ ਸਨ। ਉਨ੍ਹਾਂ ਬੱਚਿਆਂ ਦੀ ਸੂਚੀ ਮੇਰੇ ਕੋਲ ਸੀ ਜਿਹੜੇ ਸਟੇਟ ਦੀ ਕਬੱਡੀ ਦੀ ਟੀਮ ਲਈ ਚੁਣੇ ਗਏ ਸਨ। ਏਕਮ ਵੀ ਆਪਣੀ ਚੋਣ ਬਾਰੇ ਪੁੱਛ ਰਿਹਾ ਸੀ। ਉਸ ਦਾ ਪ੍ਰਭਾਵਸ਼ਾਲੀ ਚਿਹਰਾ ਫ਼ਿਕਰਮੰਦ ਨਜ਼ਰ ਆ ਰਿਹਾ ਸੀ।
ਉਸ ਨੂੰ ਜਵਾਬ ਦਿੱਤੇ ਬਿਨਾਂ ਮੇਰਾ ਧਿਆਨ ਉਸ ਦੀ ਪ੍ਰਤਿਭਾ ਵੱਲ ਚਲਾ ਗਿਆ। ਉਸ ਦਾ ਅਸਲੀ ਨਾਮ ਏਕਮ ਸੀ, ਪਰ ਸਾਰੇ ਬੱਚੇ ਉਸ ਨੂੰ 5911 ਕਹਿ ਕਿ ਬੁਲਾਉਂਦੇ ਸੀ। ਇਹ ਨਾਮ ਵੀ ਉਸ ਨੂੰ ਮੈਂ ਹੀ ਦਿੱਤਾ ਸੀ। ਉਹ ਬਹੁਤ ਵਧੀਆ ਰੇਡਰ ਸੀ। ਜਾਫੀ ਨੂੰ ਸੈਂਟਰ ਲਾਈਨ ਤੱਕ ਖਿੱਚ ਲਿਆਉਂਦਾ। ਉਹ ਫੁਰਤੀਲਾ ਅਤੇ ਜ਼ੋਰਾਵਰ ਸੀ। ਜਾਫੀਆਂ ਨੇ ਸਾਰੇ ਤਰੀਕੇ ਅਜ਼ਮਾ ਕੇ ਵੇਖ ਲਏ ਉਹ ਕਿਸੇ ਤੋਂ ਰੋਕਿਆ ਨਹੀਂ ਸੀ ਜਾਂਦਾ। ਮੈਂ ਬੱਚਿਆਂ ਦੇ ਸਾਹਮਣੇ ਹੀ ਉਸ ਨੂੰ ਕਹਿ ਦਿੱਤਾ, ‘‘ਤੂੰ ਤਾਂ ਸਾਡਾ 5911 ਟਰੈਕਟਰ ਏਂ। ਜਾਫੀ ਚਾਹੇ ਕੈਂਚੀ ਲਾਵੇ, ਚਾਹੇ ਤੇਰਾ ਗੁੱਟ ਫੜੇ, ਤੂੰ ਤਾਂ ਬਸ ਉਨ੍ਹਾਂ ਨੂੰ ਆਪਣੇ ਨਾਲ ਹੀ ਖਿੱਚ ਲਿਆਉਂਨਾ ਸਭ ਨੂੰ।’’ ਸਾਰੇ ਬੱਚੇ ਉਸ ਦਾ ਨਵਾਂ ਨਾਮ ਸੁਣਦਿਆਂ ਹੱਸਣ ਲੱਗੇ। ਅੱਗੇ ਤੋਂ ਸਾਰੇ ਹੀ ਉਸ ਨੂੰ 5911 ਕਹਿਣ ਲੱਗ ਪਏ।
ਜ਼ੋਨ ਪੱਧਰ ਅਤੇ ਤਹਿਸੀਲ ਪੱਧਰ ਦੀਆਂ ਖੇਡਾਂ ਵਿਚ ਚਾਰ-ਚਾਰ ਮੈਚ ਹੋਏ। ਸਾਡੀ ਟੀਮ ਬਹੁਤ ਵਧੀਆ ਖੇਡੀ ਅਤੇ ਜਿੱਤਾਂ ਪ੍ਰਾਪਤ ਕੀਤੀਆਂ, ਪਰ ਜ਼ਿਲ੍ਹੇ ਦੀ ਟੀਮ ਵਿਚ ਬਾਕੀ ਤਹਿਸੀਲਾਂ ਦੇ ਬੱਚਿਆਂ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਸੀ। ਖੇਡ ਚੋਣ ਕਮੇਟੀ ਨੇ ਏਕਮ ਨੂੰ ਟੀਮ ਦੇ ਕਪਤਾਨ ਦੇ ਤੌਰ ’ਤੇ ਚੁਣ ਲਿਆ ਸੀ। ਜਿਨ੍ਹਾਂ ਨੇ ਮੈਚਾਂ ਵਿਚ ਏਕਮ ਦੀ ਕਮਾਲ ਦੀ ਖੇਡ ਵੇਖੀ ਸੀ, ਇਹ ਉਨ੍ਹਾਂ ਦੀ ਚੋਣ ਹੀ ਸੀ। ਪਰ ਮੇਰੇ ਇਕ ਸਾਥੀ ਅਧਿਆਪਕ ਨੂੰ ਇਹ ਚੋਣ ਰੜਕੀ ਸੀ। ਉਸ ਦਾ ਇਕ ਰੇਡਰ ਤੇ ਇਕ ਜਾਫੀ ਟੀਮ ਵਿਚ ਸ਼ਾਮਲ ਸਨ। ਉਸ ਨੂੰ ਪਤਾ ਸੀ ਕਿ ਜ਼ਿਲ੍ਹੇ ਦੀ ਟੀਮ ’ਚੋਂ ਅੱਗੇ ਸਟੇਟ ਲਈ ਇਕ ਦੋ ਖਿਡਾਰੀ ਹੀ ਤਹਿਸੀਲ ’ਚੋਂ ਚੁਣੇ ਜਾਣਗੇ।
ਸਕੂਲ ਵਿਚ ਜ਼ਿਲ੍ਹੇ ਲਈ ਤਿਆਰੀ ਕਰਵਾਉਂਦਿਆਂ ਮੇਰਾ ਸਾਥੀ ਏਕਮ ਦੀਆਂ ਸਭ ਹਰਕਤਾਂ ਵਾਚਦਾ ਰਹਿੰਦਾ। ਨਿੱਕੀ-ਨਿੱਕੀ ਗੱਲ ’ਤੇ ਟੋਕਾ ਟਾਕੀ ਵੀ ਕਰਦਾ ਰਹਿੰਦਾ। ਇਕ ਵਾਰ ਮੇਰੇ ਕੋਲੋਂ ਏਕਮ ਦੀ ਜਨਮ ਮਿਤੀ ਵੀ ਪੁੱਛੀ ਸੀ। ਮੈਨੂੰ ਅਣਭੋਲ ਬੱਚੇ ਦੱਸ ਦਿੰਦੇ ਕਿ ਅੱਜ ਉਹ ਸਰ ਨੇ ਏਕਮ ਦੇ ਦੰਦ ਵੀ ਗਿਣੇ ਸਨ। ਕੋਈ ਘਾਟ ਨਜ਼ਰ ਨਾ ਆਉਂਦਿਆਂ ਵੀ ਉਹ ਕੋਈ ਨਾ ਕੋਈ ਮੌਕਾ ਲੱਭਦਾ ਰਹਿੰਦਾ। ਇਕ ਦਿਨ ਤਾਂ ਉਸ ਦੇ ਜਾਫੀ ਨੇ ਏਕਮ ਦੇ ਬੜੀ ਜ਼ਬਰਦਸਤ ਕੈਂਚੀ ਵੀ ਮਾਰੀ ਸੀ, ਪਰ ਸਾਡਾ ਏਕਮ ਕਾਹਨੂੰ ਕੁਝ ਗੌਲ਼ਦਾ ਸੀ। ਉਸ ਨੇ ਥੋੜ੍ਹੀ ਜਿਹੀ ਤਕਲੀਫ਼ ਮੰਨੀ, ਦੁਬਾਰਾ ਫਿਰ ਰੇਡਾਂ ਪਾਉਣ ਲੱਗਿਆ। ਇਸ ਹਾਦਸੇ ਪਿੱਛੇ ਵੀ ਉਸ ਸਾਥੀ ਦੀ ਸਾਜ਼ਿਸ਼ ਹੀ ਸੀ।
ਅੱਜ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸਨ। ਸਾਰੀਆਂ ਤਹਿਸੀਲਾਂ ’ਚੋਂ ਟੀਮਾਂ ਆਈਆਂ ਹੋਈਆਂ ਸਨ। ਅਸੀਂ ਦੋ ਮੁਕਾਬਲਿਆਂ ਵਿਚ ਬੜੀ ਸ਼ਾਨਦਾਰ ਜਿੱਤ ਦਰਜ ਕੀਤੀ। ਏਕਮ ਨੇ ਦੋਵੇਂ ਮੈਚਾਂ ਵਿਚ ਕੋਈ ਵੀ ਅੰਕ ਵਿਰੋਧੀ ਟੀਮ ਨੂੰ ਨਹੀਂ ਦਿੱਤਾ। ਇਸ ਤੋਂ ਬਾਅਦ ਸੈਮੀਫਾਈਨਲ ਮੈਚ ਵਿਚ ਵੀ ਰੈਫਰੀ ਦੀ ਗ਼ਲਤੀ ਨਾਲ ਏਕਮ ਨੇ ਸਿਰਫ਼ ਇਕ ਪੁਆਇੰਟ ਗੁਆਇਆ ਸੀ। ਬਾਕੀ ਸਭ ਰੇਡਾਂ ਕੱਢਦਾ ਰਿਹਾ। ਇਕ ਦੋ ਵਾਰ ਸਟੇਜ ਸਕੱਤਰ ਨੇ ਵੀ 5911, 5911 ਕਹਿ ਸਪੀਕਰ ਰਾਹੀਂ ਉਸ ਦਾ ਮਨੋਬਲ ਵਧਾਇਆ। ਕੁਝ ਸਟੇਜ ’ਤੇ ਬੈਠੇ ਪਤਵੰਤਿਆਂ ਅਤੇ ਦਰਸ਼ਕਾਂ ਨੇ ਰੇਡ ਉੱਤੇ ਪੈਸੇ ਵੀ ਲਗਾਏ ਸਨ।
ਹੁਣ ਸਾਡਾ ਫਾਈਨਲ ਮੈਚ ਸੀ। ਇੱਥੇ ਆ ਕੇ ਕੁੰਢੀਆਂ ਦੇ ਸਿੰਗ ਫਸ ਜਾਂਦੇ ਹਨ। ਮੇਰੇ ਸਾਥੀ ਨੇ ਜਾਣਦੇ ਹੋਏ ਵੀ ਕਿ ਟੀਮ ਦਾ ਮਨੋਬਲ ਵਧਾਉਣ ਦੀ ਲੋੜ ਹੈ, ਫਿਰ ਵੀ ਏਕਮ ਨੂੰ ਪਿਛਲੇ ਮੈਚ ਦੇ ਅੰਕ ਗੁਆਉਣ ਕਰਕੇ ਡਾਂਟਿਆ ਸੀ। ਮੈਂ ਉਸ ਦੀ ਰੰਜਿਸ਼ ਜਾਣਦਾ ਸਾਂ। ਉਸ ਦਾ ਰਵੱਈਆ ਏਕਮ ਪ੍ਰਤੀ ਪੱਖਪਾਤੀ ਚੱਲਿਆ ਆ ਰਿਹਾ ਸੀ। ਸਟੇਜ ਸਕੱਤਰ ਮੇਰੇ ਸ਼ਾਗਿਰਦ ਦਾ ਨਾਮ ਵਾਰ ਵਾਰ ਲੈ ਰਿਹਾ ਸੀ। ਏਕਮ ਨੇ ਮੈਚਾਂ ਵਿਚ ਦਰਸ਼ਕਾਂ ਦੇ ਦਿਲਾਂ ’ਤੇ ਜਿੱਤ ਪ੍ਰਾਪਤ ਕਰ ਲਈ ਸੀ। ਸਾਡੀ ਟੀਮ ਦੀ ਵਧੀਆ ਕਾਰਗੁਜ਼ਾਰੀ ਹੋਣ ਕਾਰਨ ਅਸੀਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰ ਲਿਆ।
ਸਾਨੂੰ ਜਿੱਤ ਦੀਆਂ ਮੁਬਾਰਕਾਂ ਮਿਲ ਰਹੀਆਂ ਸਨ। ਬਾਕੀ ਸਾਰੇ ਸਾਥੀ ਮੇਰੇ ਵਿਦਿਆਰਥੀ ਏਕਮ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹ ਰਹੇ ਸਨ। ਉਸ ਦੀ ਸਟੇਟ ਮੁਕਾਬਲੇ ਲਈ ਚੋਣ ਹੋਣਾ ਯਕੀਨੀ ਸੀ। ਜਦੋਂ ਅਸੀਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਟਰਾਫੀ ਅਤੇ ਮੈਡਲ ਪ੍ਰਾਪਤ ਕੀਤੇ ਤਾਂ ਮੇਰਾ ਸਾਥੀ ਫੋਟੋ ਖਿਚਵਾਉਣ ਸਮੇਂ ਗਾਇਬ ਹੋ ਗਿਆ। ਮੈਨੂੰ ਪਤਾ ਲੱਗਿਆ ਕਿ ਚੋਣ ਕਮੇਟੀ ਸਟੇਟ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ।
ਇਹ ਉਹੀ ਸੂਚੀ ਸੀ ਜਿਸ ’ਚੋਂ ਮੈਂ ਆਪਣੇ ਏਕਮ ਦਾ ਨਾਮ ਲੱਭ ਰਿਹਾ ਸੀ। ਪਰ ਮੇਰੇ ਸਾਥੀ ਦਾ ਰੇਡਰ ਜਰੂਰ ਚੁਣਿਆ ਗਿਆ ਸੀ। ਮੈਨੂੰ ਮੇਰੇ ਸਾਥੀ ਦੇ ਅਕਸ ਵਿੱਚੋਂ ਦੂਜਾ ਦਰੋਣ ਹੂ-ਬ-ਹੂ ਨਜ਼ਰ ਆ ਰਿਹਾ ਸੀ। ਮੈਂ ਭਰੇ ਮਨ ਨਾਲ ਏਕਮ ਨੂੰ ਸੀਨੇ ਲਾ ਲਿਆ ਸੀ। ਮੈਂ ਉਸ ਨੂੰ ਹੌਸਲਾ ਦਿੰਦੇ ਕਿਹਾ, ‘‘ਪੁੱਤਰਾ ਕੁਝ ਨਹੀਂ ਬਣਿਆ। ਆਪਾਂ ਹੋਰ ਮਿਹਨਤ ਕਰਾਂਗੇ।’’
– ਰਜਿੰਦਰ ਸਿੰਘ ਰਾਜਨ
ਸੰਪਰਕ: 96538-85032
ਅਦਾਕਾਰ
ਕਿਸੇ ਪਿੰਡ ਨੇੜੇ ਇਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਨਿਰਦੇਸ਼ਕ ਨੂੰ ਗ਼ਰੀਬ ਬੰਦੇ ਦੀ ਲੋੜ ਪਈ ਤਾਂ ਉਹਨੇ ਆਪਣੇ ਇਕ ਸਹਾਇਕ ਨੂੰ ਕਹਿ ਕੇ ਪਿੰਡ ਤੋਂ ਬਾਹਰ ਬਣੀਆਂ ਝੌਂਪੜੀਆਂ ’ਚੋਂ ਇਕ ਬੰਦਾ ਸੱਦ ਕੇ ਲਿਆਉਣ ਨੂੰ ਕਿਹਾ।
‘‘ਅਦਾਕਾਰੀ ਕਰੇਂਗਾ?’’ ਨਿਰਦੇਸ਼ਕ ਨੇ ਉਸ ਗ਼ਰੀਬ ਤੋਂ ਪੁੱਛਿਆ।
‘‘ਖਾਣਾ ਮਿਲੇਗਾ?’’ ਉਹ ਖ਼ੁਸ਼ ਹੋ ਗਿਆ।
‘‘ਮਿਲੇਗਾ। ਪਰ ਪਹਿਲਾਂ ਛੋਟੀ ਜਿਹੀ ਐਕਟਿੰਗ।’’ ਨਿਰਦੇਸ਼ਕ ਨੂੰ ਡਰ ਸੀ ਕਿ ਕਿਤੇ ਖਾਣਾ ਖਾ ਕੇ ਉਹ ਕੋਈ ਸਮੱਸਿਆ ਨਾ ਖੜ੍ਹੀ ਕਰ ਦੇਵੇ।
ਉਹ ਮੰਨ ਗਿਆ।
ਨਿਰਦੇਸ਼ਕ ਨੇ ਇਕ ਦ੍ਰਿਸ਼ ਫਿਲਮਾਉਣਾ ਸੀ ਜਿਸ ਵਿਚ ਸੜਕ ’ਤੇ ਜਾਂਦੇ ਆਦਮੀ ਨੇ ਕਿਸੇ ਕਾਰ ’ਚ ਜਾਂਦੀਆਂ ਕੁੜੀਆਂ ਵੇਖ ਕੇ ਸੀਟੀ ਵਜਾ ਕੇ ਉੱਚੀ-ਉੱਚੀ ਹੱਸਣਾ ਸੀ।
ਉਹਨੂੰ ਆਮ ਬੰਦੇ ਵਰਗੇ ਕੱਪੜੇ ਪੁਆਏ ਗਏ ਜੋ ਉਸ ਗ਼ਰੀਬ ਦੇ ਲਿਹਾਜ਼ ਨਾਲ ਬਹੁਤ ਚੰਗੇ ਸਨ।
ਉਹ ਹੱਸਿਆ।
ਬਿਨਾਂ ਕਿਸੇ ਰੀਟੇਕ ਤੋਂ ਉਹਦਾ ਅਸਲੀ ਹਾਸਾ ਵੇਖ ਕੇ ਨਿਰਦੇਸ਼ਕ ਦੰਗ ਰਹਿ ਗਿਆ।
ਅਗਲੇ ਦ੍ਰਿਸ਼ ਵਿਚ ਕਾਰ ਵਿਚ ਜਾਂਦੀਆਂ ਉਨ੍ਹਾਂ ਹੀ ਕੁੜੀਆਂ ’ਚੋਂ ਇਕ ਵੱਲੋਂ ਉਹਨੂੰ ਥੱਪੜ ਮਾਰਨ ’ਤੇ ਉਹਨੇ ਰੋਣਾ ਸੀ।
ਉਹ ਰੋਇਆ। ਫੁੱਟ-ਫੁੱਟ ਕੇ ਰੋਇਆ।
ਨਿਰਦੇਸ਼ਕ ਨੇ ਉਹਨੂੰ ਖਾਣਾ ਖੁਆਇਆ ਅਤੇ ਕੁਝ ਪੈਸੇ ਵੀ ਦਿੱਤੇ।
‘‘ਤੂੰ ਹੱਸਣ ਦੀ ਐਨੀ ਚੰਗੀ ਅਦਾਕਾਰੀ ਕਿਵੇਂ ਕੀਤੀ?’’ ਨਿਰਦੇਸ਼ਕ ਨੇ ਹੈਰਾਨੀ ਪ੍ਰਗਟ ਕੀਤੀ।
ਉਹ ਫਿਰ ਹੱਸਿਆ। ਕਹਿਣ ਲੱਗਿਆ, ‘‘ਮੈਂ ਬੜਾ ਭੁੱਖਾ ਸਾਂ। ਮੈਨੂੰ ਇਹ ਸੁਣ ਕੇ ਹਾਸਾ ਆ ਗਿਆ ਕਿ ਢਿੱਡ ਵਿਚ ਦੋ ਦਿਨਾਂ ਤੋਂ ਅੰਨ ਦਾ ਇਕ ਦਾਣਾ ਨਹੀਂ ਗਿਆ ਤੇ ਹੱਸਣ ਨੂੰ ਕਿਹਾ ਜਾ ਰਿਹਾ ਹੈ।’’
‘‘ਅੱਛਾ!’’ ਡਾਇਰੈਕਟਰ ਨੇ ਅੱਖਾਂ ਮੀਚਦਿਆਂ ਪੁੱਛਿਆ, ‘‘ਤੇ ਫਿਰ ਇੰਨੀ ਚੰਗੀ ਤਰ੍ਹਾਂ ਰੋ ਵੀ ਪਿਆ!’’
‘‘ਹਾਂ!’’ ਉਹਦੇ ਫਿਰ ਹੰਝੂ ਨਿਕਲ ਆਏ, ‘‘ਝੌਂਪੜੀ ਵਿੱਚ ਬਿਮਾਰ ਪਤਨੀ ਹੈ। ਕਦੇ ਉਹ ਵੀ ਇਨ੍ਹਾਂ ਕੁੜੀਆਂ ਵਰਗੀ ਸੋਹਣੀ ਲੱਗਦੀ ਸੀ, ਪਰ ਹੁਣ…। ਬੱਸ ਉਹਨੂੰ ਯਾਦ ਕਰਕੇ ਰੋ ਪਿਆ, ਸਾਬ੍ਹ!’’
– ਸੁਰੇਸ਼ ਬਰਨਵਾਲ
ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94662-00712