ਜਸਵਿੰਦਰ ਸੰਧੂ
ਸੈਰ ਸਫ਼ਰ
ਕਹਿੰਦੇ ਹਨ ਜਿਸ ਕੌਮ ਨੇ ਆਪਣੀ ਵਿਰਾਸਤ ਸਾਂਭ ਲਈ, ਉਸ ਕੌਮ ਦਾ ਭਵਿੱਖ ਵੀ ਉਜਵਲ ਹੁੰਦਾ ਹੈ। ਕਿਸੇ ਕੌਮ ਦੀ ਵਿਰਾਸਤ ਉਸ ਦੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਦਾ ਕੰਮ ਕਰਦੀ ਹੈ। ਬਰਤਾਨਵੀ ਲੋਕਾਂ ਨੇ ਪੂਰੀ ਦੁਨੀਆਂ ’ਤੇ ਰਾਜ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੀ ਨਸਲ ਲਈ ਆਪਣੀ ਵਿਰਾਸਤ ਸਾਂਭ ਕੇ ਰੱਖੀ। ਇੰਗਲੈਂਡ ਯਾਤਰਾ ਦੌਰਾਨ ਮੈਂ ਅਜਿਹੀਆਂ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਅਤੇ ਅਜਾਇਬਘਰ ਵੇਖੇ ਜਿੱਥੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹਨ।
ਅਜਿਹਾ ਹੀ ਇੱਕ ਅਜਾਇਬਘਰ ਇੱਕ ਪਿੰਡ ਦੇ ਰੂਪ ਵਿੱਚ ਬਣਾਇਆ ਗਿਆ ਹੈ- “ਬਲੈਕ ਕੰਟਰੀ ਲਿਵਿੰਗ ਮਿਊਜ਼ੀਅਮ”। ਇਹ ਬਰਮਿੰਘਮ ਤੋਂ 10 ਮੀਲ ਪੱਛਮ ਵਾਲੇ ਪਾਸੇ, ਵੈਸਟ ਮਿਡਲੈਂਡ ਦੇ ਡਡਲੇ ਸ਼ਹਿਰ ਵਿੱਚ ਬਣਿਆ ਪਿੰਡ ਰੂਪੀ ਮਿਊਜ਼ੀਅਮ ਹੈ। 26 ਏਕੜ ਵਿੱਚ ਫੈਲਿਆ ਇਹ ਅਜਾਇਬਘਰ ਰੇਲਵੇ ਦੇ ਮਾਲ ਵਿਹੜੇ, ਬੇਕਾਰ ਚੂਨਾ ਭੱਠੀਆਂ, ਨਹਿਰ ਦੀਆਂ ਬਾਹੀਆਂ ਅਤੇ ਕੋਲੇ ਦੀਆਂ ਪੁਰਾਣੀਆਂ ਖਾਣਾਂ ਤੋਂ ਪ੍ਰਾਪਤ ਹੋਈ ਜ਼ਮੀਨ ’ਤੇ ਬਣਿਆ ਹੋਇਆ ਹੈ। ਆਪਣੀ ਇੰਗਲੈਂਡ ਫੇਰੀ ਦੌਰਾਨ ਮੈਂ ਇਸ ਅਜਾਇਬਘਰ ਬਾਰੇ ਕਾਫੀ ਜਾਣਕਾਰੀ ਹਾਸਿਲ ਕੀਤੀ ਅਤੇ ਇਸ ਨੂੰ ਵੇਖਣ ਦਾ ਪ੍ਰੋਗਰਾਮ ਬਣਾ ਲਿਆ। ਇਹ ਏਨਾ ਵੱਡਾ ਹੈ ਕਿ ਇਸ ਨੂੰ ਵੇਖਣ ਲਈ ਪੂਰਾ ਦਿਨ ਚਾਹੀਦਾ ਹੈ, ਆਪਣੇ ਲਈ ਇੱਕ ਦਿਨ ਰਾਖਵਾਂ ਰੱਖ ਕੇ ਮੈਂ ਇਸ ਨੂੰ ਵੇਖਣ ਲਈ ਚੱਲ ਪਿਆ।
ਡਡਲੇ, ਸੈਂਡਵਿਲ, ਵਾਲਸਲ ਅਤੇ ਵੁੱਲਰ ਹੈਂਪਟਨ ਸ਼ਹਿਰ, ਜਿੰਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਵਿੱਚ ਬਲੈਕ ਕੰਟਰੀ ਕਿਹਾ ਜਾਂਦਾ ਹੈ। 1978 ਈਸਵੀ ਵਿੱਚ ਇਹ ਅਜਾਇਬਘਰ ਆਮ ਲੋਕਾਂ ਲਈ ਖੋਲ੍ਹਿਆ ਗਿਆ। ਇਸ ਵਿੱਚ ਸਥਿਤ ਦੁਕਾਨਾਂ, ਘਰਾਂ ਤੇ ਹੋਰ ਇਮਾਰਤਾਂ ਨੂੰ ਉਨ੍ਹਾਂ ਦੇ ਅਸਲੀ ਸਥਾਨਾਂ ਤੋਂ ਪੁਨਰਗਠਿਤ ਕਰਕੇ ਇੱਥੇ ਬਣਾਇਆ ਗਿਆ ਹੈ ਅਤੇ ਉਹੀ ਦਿੱਖ ਪ੍ਰਦਾਨ ਕੀਤੀ ਗਈ ਹੈ ਜੋ ਕਿ ਇਹ ਅਸਲ ਵਿੱਚ ਸਨ। ਇਹ ਅਜਾਇਬਘਰ ਆਪਣੇ ਅੰਦਰ ਇਸ ਇਲਾਕੇ ਦਾ 300 ਸਾਲ ਦਾ ਇਤਿਹਾਸ ਪਰੋਈ ਬੈਠਾ ਹੈ, ਪਰ 1850 ਈਸਵੀ ਤੋਂ 1950 ਈਸਵੀ ਦੇ ਸਮੇਂ ਉੱਪਰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ।
ਅਜਾਇਬਘਰ ਉਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਹੈ ਜਿੱਥੇ ਡੁਡ ਡਡਲੇ ਨੇ ਸਭ ਤੋਂ ਪਹਿਲਾਂ ਲੱਕੜ ਦੇ ਕੋਲੇ ਦੀ ਬਜਾਏ ਪੱਥਰ ਦੇ ਕੋਲੇ ਨਾਲ ਲੋਹੇ ਨੂੰ ਸੁਗੰਧਿਤ ਕਰਕੇ ਸਫਲਤਾ ਪੂਰਵਕ ਉਦਯੋਗਿਕ ਵਰਤੋਂ ਲਈ ਤਿਆਰ ਕੀਤਾ ਸੀ। ਉਦਯੋਗਿਕ ਕ੍ਰਾਂਤੀ ਦਾ ਗਵਾਹ ਹੋਣ ਦੇ ਨਾਲ ਨਾਲ ਇਸ ਸਥਾਨ ਨੂੰ ਮਿਡਸਟੀਲ ’ਤੇ ਆਧਾਰਿਤ ਟਾਈਟੈਨਿਕ ਵਰਗੇ ਜਹਾਜ਼ਾਂ ਦੇ ਲੰਗਰ ਅਤੇ ਲੰਗਰ ਚੇਨ ਤਿਆਰ ਕਰਨ ਦਾ ਵੀ ਸੁਭਾਗ ਪ੍ਰਾਪਤ ਹੈ। ਸ਼ੁਰੂਆਤੀ ਸਮੇਂ ਭੱਠੀਆਂ ਰਾਹੀਂ ਕਿਵੇਂ ਲੋਹਾ ਢਾਲ ਕੇ ਉਸ ਤੋਂ ਵੱਖ ਵੱਖ ਸਾਮਾਨ ਤਿਆਰ ਕੀਤਾ ਜਾਂਦਾ ਸੀ, ਉਸ ਤਰ੍ਹਾਂ ਦੀਆਂ ਕੁਝ ਭੱਠੀਆਂ ਅੱਜ ਵੀ ਚਾਲੂ ਹਾਲਤ ਵਿੱਚ ਮੌਜੂਦ ਹਨ ਅਤੇ ਸੈਲਾਨੀ ਉਨ੍ਹਾਂ ’ਤੇ ਕੰਮ ਕਰਦੇ ਕਾਰੀਗਰਾਂ ਨੂੰ ਦੇਖ ਸਕਦੇ ਹਨ। ਧਰਤੀ ਦੇ ਹੇਠੋਂ ਕੋਲਾ ਕੱਢਣ ਵਾਲੀਆਂ ਬਹੁਤੀਆਂ ਖਾਣਾਂ ਭਾਵੇਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਦੋ ਖਾਣਾਂ ਅੱਜ ਵੀ ਚਲਦੀਆਂ ਹਨ ਅਤੇ ਸੈਲਾਨੀ ਇਨ੍ਹਾਂ ਦੇ ਅੰਦਰ ਜਾ ਕੇ ਕੋਲਾ ਕੱਢਣ ਦੀ ਪੂਰੀ ਪ੍ਰਕਿਰਿਆ ਨੂੰ ਦੇਖ ਸਕਦੇ ਹਨ। ਵਿਗਿਆਨੀ ਨਿਊਕਾਮਨ ਦੁਆਰਾ ਬਣਾਇਆ ਭਾਫ਼ ਨਾਲ ਚੱਲਣ ਵਾਲਾ ਪਹਿਲਾ ਵੀ ਇੰਜਣ ਇਸ ਅਜਾਇਬਘਰ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ, ਜੋ ਕਿ ਉਸ ਸਮੇਂ ਕੋਲੇ ਦੀਆਂ ਖਾਣਾਂ ਵਿੱਚੋ ਪਾਣੀ ਬਾਹਰ ਕੱਢਣ ਲਈ ਵਰਤਿਆ ਜਾਂਦਾ ਸੀ।
ਅਜਾਇਬਘਰ ਦਾ ਦਰਵਾਜ਼ਾ ਲੰਘਣ ਸਾਰ ਹੀ ਇੰਗਲੈਂਡ ਦੀ ਵਿਰਾਸਤ ਨਾਲ ਸਬੰਧਤ ਬਹੁਤ ਸਾਰੀਆਂ ਕਲਾਤਮਕ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਹਰੇਕ ਆਉਣ ਵਾਲਾ ਵਿਅਕਤੀ ਏਥੇ ਜ਼ਰੂਰ ਰੁਕ ਕੇ ਜਾਂਦਾ ਹੈ। ਥੋੜ੍ਹਾ ਅੱਗੇ ਜਾ ਕੇ ਤੁਹਾਨੂੰ ਇੰਗਲੈਂਡ ਵਿੱਚ ਬਣੀਆਂ ਕਾਰਾਂ ਅਤੇ ਮੋਟਰ ਸਾਈਕਲਾਂ ਦੀ ਇੱਕ ਪ੍ਰਦਰਸ਼ਨੀ ਵੇਖਣ ਨੂੰ ਮਿਲਦੀ ਹੈ, ਜਿਸ ਵਿੱਚ ਆਟੋ ਮੋਬਾਈਲ ਖੇਤਰ ਵਿੱਚ ਹੋਈਆਂ ਕਾਢਾਂ ਬਾਰੇ ਬਹੁਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਬਣੇ ਮੋਟਰਸਾਈਕਲ ਅਤੇ ਕਾਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇੰਗਲੈਂਡ ਵਿੱਚ ਪ੍ਰਚੱਲਿਤ ਜਨਤਕ ਆਵਾਜਾਈ ਦਾ ਸਾਧਨ ਦੋ ਮੰਜ਼ਿਲਾ ਟਰਾਲੀ ਬੱਸਾਂ ਸਨ, ਉਹ ਵੀ ਚਾਲੂ ਹਾਲਤ ਵਿੱਚ ਮਿਲਦੀਆਂ ਹਨ ਅਤੇ ਅਜਾਇਬਘਰ ਵਿੱਚ ਸੈਲਾਨੀਆਂ ਦੀ ਆਵਾਜਾਈ ਲਈ ਵਰਤੀਆਂ ਜਾਂਦੀਆਂ ਹਨ ਤੇ ਅਸੀਂ ਵੀ ਸਵਾਰੀ ਦਾ ਆਨੰਦ ਮਾਣਿਆ। ਬੱਸ ਨੇ ਸਾਨੂੰ ਇੱਕ ਮੇਲੇ ਵਿੱਚ ਉਤਾਰ ਦਿੱਤਾ ਜੋ ਕਿ ਇੱਕ ਵੱਡੇ ਸਾਰੇ ਮੈਦਾਨ ਵਿੱਚ ਲੱਗਾ ਹੋਇਆ ਸੀ, ਇਹ ਮੇਲਾ 1930 ਈਸਵੀ ਦੇ ਸਮੇਂ ਦਾ ਦ੍ਰਿਸ਼ ਪੇਸ਼ ਕਰਦਾ ਹੈ, ਇਸ ਵਿੱਚ ਉਸ ਸਮੇਂ ਨੂੰ ਦਰਸਾਉਂਦੇ ਝੂਲੇ, ਦੁਕਾਨਾਂ ਅਤੇ ਹੋਰ ਮਨੋਰੰਜਨ ਦੇ ਸਾਧਨ ਉਪਲਭਧ ਹਨ। ਹੋਰ ਅੱਗੇ ਜਾ ਕੇ ਵੀਹਵੀਂ ਸਦੀ ਦਾ ਇੱਕ ਪਿੰਡ ਵਸਾਇਆ ਗਿਆ ਹੈ, ਜਿਸ ਵਿੱਚ ਜਨਰਲ ਸਟੋਰ, ਦਵਾਈਆਂ ਦੀ ਦੁਕਾਨ, ਬਰਤਨ ਸਟੋਰ, ਹਾਰਡਵੇਅਰ ਸਟੋਰ ਜੋ ਕਿ ਵੁਲਰਹੈਂਪਟਨ ਸ਼ਹਿਰ ਤੋ ਅਸਲੀ ਦੁਕਾਨਾਂ ਦੇ ਨਮੂਨੇ ਲੈ ਕੇ ਬਣਾਈਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੀ ਉਹੀ ਅਸਲੀ ਦਿੱਖ ਬਰਕਰਾਰ ਰਹੇ। ਉਸ ਸਮੇਂ ਲੋਹੇ ਦੀਆਂ ਭੱਠੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਘਰ ਉਨ੍ਹਾਂ ਦਾ ਰਹਿਣ ਸਹਿਣ ਨੂੰ ਦਰਸਾਉਂਦੇ ਹੋਏ ਨਮੂਨੇ ਅਸਲ ਰੂਪ ਵਿੱਚ ਦਿਖਾਏ ਗਏ ਹਨ। 1865 ਈਸਵੀ ਦੇ ਸਮੇਂ ਦਾ ਲੱਕੜ ਦਾ ਡਾਕਖਾਨਾ ਜੋ ਪਿੰਡ ਦੇ ਕੋਨੇ ’ਤੇ ਖੜ੍ਹਾ ਹੈ, ਵੀ ਵੇਖਣ ਵਾਲੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਗਲੇ ਮੋੜ ’ਤੇ ਬਣੀ ਪੁਰਾਤਨ ਚਰਚ ਅਤੇ ਉਸ ਸਮੇਂ ਮਨੋਰੰਜਨ ਦਾ ਸਾਧਨ ਇੱਕ ਥੀਏਟਰ ਵੀ ਮੌਜੂਦ ਹੈ। 1822 ਈਸਵੀ ਦਾ ਗਲਾਸ ਐਂਡ ਬੌਟਲ ਪੱਬ ਉਸ ਸਮੇਂ ਖਾਣ ਪੀਣ ਦੇ ਸ਼ੁਕੀਨਾਂ ਲਈ ਬਣਿਆ ਸੀ, ਇਸ ਪਿੰਡ ਵਿੱਚ ਉਸ ਦਾ ਪੁਨਰਗਠਨ ਕੀਤਾ ਗਿਆ ਤੇ ਇਹ ਅੱਜ ਵੀ ਆਪਣੀਆਂ ਸੇਵਾਵਾਂ ਸੈਲਾਨੀਆਂ ਨੂੰ ਦੇ ਰਿਹਾ ਹੈ।
ਓਲਡ ਬਰਮਿੰਘਮ ਰੋਡ ਸੇਂਟ ਜੇਮਜ਼ ਸਕੂਲ ਅਤੇ ਕ੍ਰੈਡਲੇ ਹੀਥ ਵਰਕਰਜ਼ ਇੰਸਟੀਚਿਊਟ ਨੂੰ ਆਪਸ ਵਿੱਚ ਜੋੜਦੀ ਹੈ। ਸੇਂਟ ਜੇਮਜ਼ ਸਕੂਲ ਵੀਂਹਵੀ ਸਦੀ ਦੇ ਸਕੂਲੀ ਜੀਵਨ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਸਕੂਲ 1842 ਈਸਵੀ ਵਿੱਚ ਈਵ ਹਿੱਲ ਡਡਲੇ ਵਿੱਚ ਖੁੱਲ੍ਹ ਗਿਆ ਸੀ ਅਤੇ 1989 ਈਸਵੀ ਵਿੱਚ ਇਸ ਇਮਾਰਤ ਨੂੰ ਅਜਾਇਬਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਅੱਜ ਵੀ ਸਕੂਲ ਸਟਾਫ ਆਉਣ ਵਾਲੇ ਸੈਲਾਨੀਆ ਨੂੰ ਉਸ ਸਮੇਂ ਦੇ ਸਕੂਲੀ ਜੀਵਨ ਬਾਰੇ ਜਾਣਕਾਰੀ ਅਤੇ ਜਮਾਤਾਂ ਦਾ ਮਾਹੌਲ ਪ੍ਰਦਾਨ ਕਰਦੇ ਹਨ। ਹੌਬਸ ਐਂਡ ਸੰਨਜ਼ ਦੀ ਫਿਸ਼ ਐਂਡ ਚਿਪਸ ਸ਼ਾਪ ਅਤੇ ਐੱਚ ਮੌਰਲ ਦੀ ਦਰਜ਼ੀ ਦੀ ਦੁਕਾਨ ਜੋ ਕਿ ਅਠਾਰ੍ਹਵੀਂ ਸਦੀ ਦੇ ਅੰਤ ਤੋਂ ਹਾਲ ਸਟ੍ਰੀਟ ਅਤੇ ਡਡਲੇ ਨਾਲ ਸਬੰਧ ਰੱਖਦੀਆਂ ਹਨ, ਨੂੰ ਮੂਲ ਰੂਪ ਪ੍ਰਦਾਨ ਕਰਕੇ ਚੱਲਦਾ ਰੱਖਿਆ ਗਿਆ ਹੈ। ਹੌਬਸ ਐਂਡ ਸੰਨਜ਼ ਤੋਂ ਤੁਸੀਂ ਇੰਗਲੈਂਡ ਦੀ ਪੁਰਾਤਨ ਡਿਸ਼ ਫਿਸ਼ ਐਂਡ ਚਿਪਸ ਦਾ ਆਨੰਦ ਵੀ ਮਾਣ ਸਕਦੇ ਹੋ। ਤੁਰਦੇ ਫਿਰਦੇ ਸਾਨੂੰ ਵੀ ਕਾਫੀ ਸਮਾਂ ਹੋ ਗਿਆ ਸੀ ਤੇ ਅਸੀਂ ਵੀ ਹੌਬਸ ਐਂਡ ਸੰਨਜ਼ ਤੋਂ ਫਿਸ਼ ਐਂਡ ਚਿਪਸ ਦਾ ਸੁਆਦ ਚੱਖਿਆ। ਬਰਮਿੰਘਮ ਨਹਿਰ ਦੇ ਸੁਰੱਖਿਅਤ ਕੀਤੇ ਗਏ ਰੂਪ ਵਿੱਚ ਬਹੁਤ ਤਰ੍ਹਾਂ ਦੀਆਂ ਪੁਰਾਣੀਆਂ ਕਿਸ਼ਤੀਆਂ ਨੂੰ ਸਾਂਭ ਕੇ ਰੱਖਿਆ ਗਿਆ ਹੈ, ਜੋ ਆਪਣੇ ਸਮੇਂ ਦੀ ਯਾਦ ਤਾਜ਼ਾ ਕਰਦੀਆਂ ਹਨ। ਸਦੀ ਪਹਿਲਾਂ ਦੇ ਆਵਾਜਾਈ ਦੇ ਸਾਧਨ ਵੀ ਬਹੁਤ ਸੰਭਾਲ ਕੇ ਰੱਖੇ ਹੋਏ ਹਨ ਜਿਸ ਵਿੱਚ ਇਲੈਕਟ੍ਰਿਕ ਟਰਾਮ, ਟਰਾਲੀ ਬੱਸ, ਡਬਲ ਡੈੱਕਰ ਟਰਾਲੀ ਬੱਸ ਆਦਿ ਹਨ। ਇਹ ਅਜਾਇਬਘਰ ਫਿਲਮਾਂ ਦੀ ਸ਼ੂਟਿੰਗ ਲਈ ਬਹੁਤ ਸਾਰੇ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਹੈ। “ਪੀਕੀ ਬਲਾਂਈਡਰ” ਸੀਰੀਜ਼, “ਦ ਕਰੰਟ ਵਾਰ” ਵਰਗੀਆਂ ਮਸ਼ਹੂਰ ਫਿਲਮਾਂ ਏਥੇ ਬਣਾਈਆਂ ਗਈਆਂ ਹਨ। ਘੁੰਮਦਿਆਂ ਘੁੰਮਦਿਆਂ ਪੂਰਾ ਦਿਨ ਕਦੋਂ ਬੀਤ ਗਿਆ ਪਤਾ ਹੀ ਨਈਂ ਲੱਗਿਆ, ਮੈਨੂੰ ਇਉਂ ਜਾਪਿਆ ਜਿਵੇਂ ਮੈਂ ਅਠਾਰ੍ਹਵੀਂ ਸਦੀ ਦੇ ਇੰਗਲੈਂਡ ਦੇ ਪਿੰਡ ਵਿੱਚ ਘੁੰਮ ਰਿਹਾ ਹੋਵਾਂ ਅਤੇ ਉਦਯੋਗਿਕ ਕ੍ਰਾਂਤੀ ਸਮੇਂ ਹੋ ਰਹੀਆਂ ਹੈਰਾਨੀਜਨਕ ਖੋਜਾਂ ਨੂੰ ਵੇਖ ਰਿਹਾ ਹੋਵਾਂ।
ਸੰਪਰਕ: 99145-00842