ਰਮੇਸ਼ ਬੱਗਾ ਚੋਹਲਾ
ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ’ਤੇ ਬਸੰਤ ਰਾਗ ਵਿਚ ਦਰਜ ਹੈ:
ਕਤ ਜਾਈਐ ਰੇ ਘਰ ਲਾਗੋ ਰੰਗੁ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥
ਏਕ ਦਿਵਸ ਮਨ ਭਈ ਉਮੰਗ॥
ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥
ਜਹਾ ਜਾਈਐ ਤਹ ਜਲ ਪਖਾਨ॥
ਤੂ ਪੂਰਿ ਰਹਿਓ ਹੈ ਸਭ ਸਮਾਨ॥
ਬੇਦ ਪੁਰਾਨ ਸਭ ਦੇਖੇ ਜੋਇ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥
ਸਤਿਗੁਰ ਮੈ ਬਲਿਹਾਰੀ ਤੋਰ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥ ਰਾਮਾਨੰਦ ਸੁਆਮੀ ਰਮਤ ਬ੍ਰਹਮ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ।।
ਮੱਧ ਕਾਲ ਦੌਰਾਨ ਭਾਰਤ ਵਿਚ ਚੱਲੀ ਭਗਤੀ ਲਹਿਰ ਰੂਹਾਨੀਅਤ ਦੀ ਅਮੀਰੀ ਦੇ ਨਾਲ ਹੀ ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਲਹਿਰ ਵੀ ਸੀ। ਇਸ ਭਗਤੀ ਲਹਿਰ ਦਾ ਧਾਰਮਿਕ ਖੇਤਰ ਵਿਚ ਅਹਿਮ ਯੋਗਦਾਨ ਰਿਹਾ। ਇਸ ਲਹਿਰ ਨਾਲ ਜੁੜੇ ਭਗਤਾਂ ਵੱਲੋਂ ਜਿਹੜੀ ਬਾਣੀ ਉਚਾਰਨ ਕੀਤੀ ਗਈ, ਉਸ ਵਿਚ ਧਰਮ ਦੇ ਕਰਮਕਾਂਡੀ ਰੂਪ ਨੂੰ ਰੱਦ ਕਰ ਕੇ ਸੱਚੇ ਆਚਰਨ ਅਤੇ ਸੁਚੱਜੇ ਵਿਹਾਰ ਨੂੰ ਧਰਮ ਦਾ ਬੁਨਿਆਦੀ ਤੱਤ ਮੰਨਿਆ ਗਿਆ। ਇਹ ਮਾਨਤਾ ਕੇਵਲ ਗੱਲੀਂ-ਬਾਤੀ ਹੀ ਨਹੀਂ ਦਿੱਤੀ ਗਈ ਸਗੋਂ ਭਗਤ-ਜਨਾ ਦਾ ਆਪਣਾ ਸਮੁੱਚਾ ਜੀਵਨ ਵੀ ਇਸ ਮਾਨਤਾ ਦੇ ਅਨੁਸਾਰੀ ਹੀ ਰਿਹਾ ਹੈ। ਅਧਿਆਤਮਕ ਖੇਤਰ ਵਿਚ ਰੱਬੀ ਏਕਤਾ ਦਾ ਹੋਕਾ ਦੇਣ ਵਾਲੇ ਇਹ ਭਗਤ ਆਪਣੇ ਸਮੇਂ ਦੇ ਸਮਾਜ ਨੂੰ ਸੁਧਾਰਨ ਅਤੇ ਨਿਖਾਰਨ ਵਿਚ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ ਹਨ। ਇਸ ਯੋਗਦਾਨ ਬਦਲੇ ਇਨ੍ਹਾਂ ਨੂੰ ਕਈ ਵਾਰ ਕੱਟੜਵਾਦੀਆਂ ਦੀ ਨਫਰਤ ਅਤੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਰਿਹਾ।
ਆਪਣੀ ਵਿਸ਼ੇਸ਼ ਤੇ ਵਿਲੱਖਣ ਵਿਚਾਰਧਾਰਾ ਨਾਲ ਜਿੱਥੇ ਇਨ੍ਹਾਂ ਪ੍ਰਭੂ-ਪਿਆਰਿਆਂ ਨੇ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਖ਼ਾਰਜ ਕੀਤਾ ਹੈ, ਉਥੇ ਨਵੀਨ ਮੁਹਾਂਦਰੇ ਵਾਲੇ ਸਮਾਜ ਦੀ ਸਿਰਜਣਾ ਹਿੱਤ ਵੀ ਅਣਥੱਕ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਸਦਕਾ ਹੀ ਭਗਤਾਂ ਦੀ ਇੱਕ ਵੱਖਰੀ ਪਛਾਣ ਸਥਾਪਤ ਹੁੰਦੀ ਰਹੀ ਹੈ, ਜਿਹੜੀ ਉਨ੍ਹਾਂ ਨੂੰ ਇਲਾਕਾਈ ਅਤੇ ਭਾਸ਼ਾਈ ਹੱਦਾਂ-ਬੰਨਿਆਂ ਤੋਂ ਪਾਰ ਲਿਜਾ ਕੇ ਲੋਕਾਈ ਦੇ ਸਤਿਕਾਰ ਦਾ ਪਾਤਰ ਬਣਾਉਂਦੀ ਰਹੀ ਹੈ। ਇਨ੍ਹਾਂ ਲੋਕ ਸਤਿਕਾਰਤ ਪਾਤਰਾਂ ਵਿਚ ਹੀ ਭਗਤ ਰਾਮਾਨੰਦ ਜੀ ਦਾ ਨਾਂ ਸ਼ਾਮਲ ਹੈ।
ਭਗਤ ਰਾਮਾਨੰਦ ਜੀ ਦਾ ਜਨਮ 15 ਅਗਸਤ 1366 ਈ. (ਸੰਮਤ 1423) ਨੂੰ ਉੱਤਰ ਪ੍ਰਦੇਸ਼ ਵਿਚ ਹੋਇਆ। ਬਚਪਨ ਵਿਚ ਉਨ੍ਹਾਂ ਨੂੰ ਰਾਮਾਦੱਤ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਸੀ। ਭਗਤ ਜੀ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ਸ੍ਰੀ ਸੰਪਰਦਾ ਦੇ ਉੱਘੇ ਪ੍ਰਚਾਰਕ ਸਵਾਮੀ ਰਾਘਵਨੰਦ ਦੇ ਸ਼ਾਗਿਰਦ ਸਨ, ਜਿਹੜੇ ਇਸ ਸੰਪਰਦਾ ਦੇ 13ਵੇਂ ਮੁਖੀ ਸਨ। ਭਗਤ ਜੀ ਦਾ ਜੀਵਨ-ਕਾਲ ਇੱਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ,ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜ਼ਾਰਿਆ। ਭਗਤ ਜੀ ਲੰਮੇ ਸਮੇਂ ਤਕ ਸ੍ਰੀ ਸੰਪਰਦਾ ਨਾਲ ਜੁੜ ਕੇ ਆਪਣੀਆਂ ਅਧਿਆਤਮਕ ਗਤੀਵਿਧੀਆਂ ਨੇਪਰੇ ਚੜ੍ਹਦੇ ਰਹੇ ਪਰ ਬਾਅਦ ਵਿਚ ਉਨ੍ਹਾਂ ਨੇ ਰਾਮਾਵਤ/ਰਾਮਾਦਤ ਸੰਪਰਦਾ ਦੀ ਸਥਾਪਨਾ ਕਰ ਲਈ। ਇਸ ਸੰਪਰਦਾ ਦੇ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪਧਤੀ ਵਿਚ ਕੁੱਝ ਉਦਾਰਤਾ ਜ਼ਰੂਰ ਕਾਇਮ ਹੋ ਗਈ। ਇਸ ਲਹਿਰ ਨਾਲ ਭਗਤੀ ਲਹਿਰ ਵਿਚ ਇੱਕ ਨਵੇਕਲਾ ਰੰਗ ਅਤੇ ਢੰਗ ਦਿਖਾਈ ਦੇਣ ਲੱਗ ਪਿਆ। ਇਸ ਰੰਗ-ਢੰਗ ਕਾਰਨ ਹੀ ਕੁੱਝ ਲੋਕ ਇਸ ਕ੍ਰਾਂਤੀਕਾਰੀ ਲਹਿਰ ਨਾਲ ਜੁੜਨ ਲੱਗੇ।
ਭਗਤ ਰਾਮਾਨੰਦ ਜੀ ਦੇ ਉਚੇਚੇ ਯਤਨਾਂ ਨਾਲ ਰਾਮ-ਨਾਮ ਦੀ ਗੰਗਾ ਝੁੱਗੀਆਂ, ਝੋਪੜੀਆਂ ਦੇ ਬਾਸ਼ਿੰਦਿਆਂ ਤਕ ਪਹੁੰਚੀ ਅਤੇ ਉਨ੍ਹਾਂ ਦਾ ਆਤਮਿਕ ਜੀਵਨ ਵੀ ਆਨੰਦਿਤ ਹੋਣ ਲੱਗਾ। ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕ੍ਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਵਕਤ ਪੂਜਾ-ਪਾਠ ਦਾ ਅਧਿਕਾਰ ਕੁੱਝ ਰਾਖਵੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੀ ਹਿੱਸੇ ਆਉਂਦਾ ਸੀ। ਭਗਤ ਜੀ ਦੀ ਇਸ ਫ਼ਰਾਖਦਿਲੀ ਵਾਲੀ ਸੋਚ-ਸਮਝ ਤੋਂ ਪ੍ਰਭਾਵਿਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗ ਪਏ। ਸਮਾਂ ਪਾ ਕੇ ਭਗਤ ਰਾਮਾਨੰਦ ਜੀ ਨੇ ਵੈਸ਼ਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ। ਭਗਤ ਜੀ ਦੀ ਇਸ ਉਪਾਸ਼ਨਾ ਕਾਰਨ ਹੀ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਨ ਕੀਤਾ ਹੋਇਆ ਸ਼ਬਦ ‘ਕਤ ਜਾਈਐ ਰੇ ਘਰ ਲਾਗੋ ਰੰਗੁ, ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ’ ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ’ਤੇ ਦਰਜ ਕੀਤਾ।
ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਪੀਪਾ ਜੀ ਨੇ ਵੀ ਭਗਤ ਰਾਮਾਨੰਦ ਤੋਂ ਪ੍ਰੇਰਨਾ ਲੈਂਦਿਆਂ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਤੇ ਕੂੜ ਤੋਂ ਮੋੜਿਆ। ਇਸ ਸੂਚੀ ਵਿਚ ਕਈ ਲੇਖਕਾਂ ਨੇ ਭਗਤ ਧੰਨਾ ਜੀ ਦਾ ਨਾਂ ਵੀ ਸ਼ਾਮਲ ਕੀਤਾ ਹੈ ਪਰ ਇਹ ਪੂਰਨ ਰੂਪ ਵਿਚ ਪ੍ਰਮਾਣਿਤ ਨਹੀਂ ਹੈ। ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਇਨ੍ਹਾਂ ਸਾਰੇ ਭਗਤਾਂ ਨੇ ਅਹਿਮ ਯੋਗਦਾਨ ਪਾਇਆ ਅਤੇ ਰੱਬੀ ਨੇੜਤਾ ਤੇ ਪਿਆਰ ਹਾਸਲ ਕਰਨ ਲਈ ਭਾਉ-ਭਗਤੀ ਦੇ ਮਾਰਗ ਨੂੰ ਉੱਤਮ ਮਾਰਗ ਦਰਸਾਇਆ ਹੈ।
ਆਪਣੀ ਹਯਾਤੀ ਦਾ ਲੰਮਾ ਸਮਾਂ ਗੰਗਾ ਕੰਢੇ (ਕਾਂਸ਼ੀ ਵਿਚ) ਬਤੀਤ ਕਰ ਕੇ ਭਗਤ ਰਾਮਾਨੰਦ ਜੀ 12 ਦਸੰਬਰ 1467 ਨੂੰ ਪ੍ਰਲੋਕ ਸਿਧਾਰ ਗਏ। ਅੱਜ ਵੀ ਭਗਤ ਰਾਮਾਨੰਦ ਜੀ ਦੇ ਕਮਾਏ ਹੋਏ ਉਪਦੇਸ਼ਾਂ ਦੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਉਨ੍ਹਾਂ ਦੇ ਸਮਕਾਲ ਵਿਚ ਸੀ। ਲੋੜ ਸਿਰਫ਼ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਹੈ।
ਸੰਪਰਕ: 94631-32719