ਹਿੰਦੀ ਕਹਾਣੀ

ਦਾਇਰਿਆਂ ਦੇ ਦਰਮਿਆਨ

ਦਾਇਰਿਆਂ ਦੇ ਦਰਮਿਆਨ

ਹੁਸਨ ਤਬੱਸੁਮ ਨਿਹਾਂ

ਅਚਾਨਕ ਸਵੇਰੇ ਫੋਨ ਵੱਜਿਆ ਤਾਂ ਅੱਬਾ ਜਾਨ ਚੌਂਕ ਪਏ। ਫੋਨ ਅਫ਼ਜ਼ਲ ਦਾ ਸੀ। ਪਤਾ ਲੱਗਾ ਕਿ ਆਉਂਦੇ ਮਹੀਨੇ ਅਫ਼ਜ਼ਲ ਯੂ.ਪੀ. ਆ ਰਿਹਾ ਹੈ। ਦੱਸ ਰਿਹਾ ਸੀ ਕਿ ਜੇਕਰ ਅੱਲ੍ਹਾ ਨੇ ਚਾਹਿਆ ਤਾਂ ਆਉਂਦੇ ਮਹੀਨੇ ਦੀ 12 ਤਾਰੀਖ ਤੱਕ ਆ ਜਾਵਾਂਗਾ। ਅੱਬੂ ਫੋਨ ਲੈ ਕੇ ਹੀ ਮੂੰਹ ਤੱਕਦੀ ਪਤਨੀ ਆਮਨਾ ਬੇਗਮ ਕੋਲ ਆ ਕੇ ਮੂੰਹ ਵਿੱਚ ਹੀ ਬੋਲੇ, ‘‘ਅਫ਼ਜ਼ਲ ਆ ਰਿਹਾ ਹੈ।’’ ਆਮਨਾ ਬੇਗਮ ਨੇ ਉੱਛਲ ਕੇ ਫੋਨ ਦੀਆਂ ਬਲਾਵਾਂ ਲੈ ਲਈਆਂ। ਭੈਣਾਂ ਖਿੜ ਉੱਠੀਆਂ। ਫੇਰ ਕੀ ਸੀ ਮਹੀਨਾ ਭਰ ਪਹਿਲਾਂ ਹੀ ਘਰ ਦੀ ਸਾਫ਼ ਸਫ਼ਾਈ ਸ਼ੁਰੂ ਹੋ ਗਈ। ਪਰਦੇ, ਚਾਦਰਾਂ ਸਭ ਖਰੀਦੇ ਤੇ ਬਦਲੇ ਜਾਣ ਲੱਗੇ।

ਅਫ਼ਜ਼ਲ ਉਮਰ ਸਾਹਿਬ ਦੀ ਪਹਿਲੀ ਔਲਾਦ ਸੀ। ਉਸ ਤੋਂ ਬਾਅਦ ਦੋ ਧੀਆਂ ਹੋਰ ਸਨ। ਅਫ਼ਜ਼ਲ ਇੱਕ ਖ਼ੂਬਸੂਰਤ, ਬਿੰਦਾਸ ਤੇ ਜ਼ਿੰਮੇਵਾਰ ਨੌਜਵਾਨ ਸੀ। ਪੂਰੇ ਖਾਨਦਾਨ ਤੇ ਮੁਹੱਲੇ ਦਾ ਚਹੇਤਾ। ਪੜ੍ਹਾਈ ਵਿੱਚ ਅੱਵਲ। ਸ਼ਹਿਰ ਦੇ ਡਿਗਰੀ ਕਾਲਜ ਤੋਂ ਉਸ ਨੇ ਫਸਟ ਕਲਾਸ ਵਿੱਚ ਬੀ.ਏ. ਦੀ ਡਿਗਰੀ ਹਾਸਲ ਕੀਤੀ ਸੀ। ਅੱਗੇ ਪੜ੍ਹਾਈ ਜਾਰੀ ਰੱਖਣ ਦੀ ਖ਼ੁਆਹਿਸ਼ ਸੀ ਪਰ ਖਾਨਦਾਨ ਦੇ ਲੋਕਾਂ ਨੇ ਇਹ ਕਹਿ ਕਹਿ ਕੇ ਉਸ ਨੂੰ ਨਿਰਾਸ਼ ਕਰ ਦਿੱਤਾ ਕਿ ‘ਸਾਨੂੰ ਨੌਕਰੀ ਕਿੱਥੇ?’ ਫਰਹਾਨਾ ਦੇ ਪਰਿਵਾਰ ਵਾਲਿਆਂ ਨੇ ਵੀ ਦਬਾਅ ਬਣਾਇਆ ਕਿ ਹੁਣ ਉਸ ਨੂੰ ਪੜ੍ਹਾਈ ਜਾਰੀ ਨਾ ਰੱਖ ਕੇ ਕੁਝ ਕੰਮ ਧੰਦਾ ਦੇਖਣਾ ਚਾਹੀਦਾ ਹੈ। ਆਖ਼ਰ ਉਸ ਨੇ ਕਿਤੇ ਬਾਹਰ ਜਾਣ ਦਾ ਮਨ ਬਣਾ ਲਿਆ। ਕੁਝ ਦਿਨਾਂ ਬਾਅਦ ਹੀ ਹੈਦਰਾਬਾਦ ਦੀ ਕਿਸੇ ਕੱਪੜੇ ਦੀ ਮਿੱਲ ਤੋਂ ਉਸਨੂੰ ਬੁਲਾਵਾ ਆ ਗਿਆ। ਉਹ ਚਲਾ ਗਿਆ, ਆਪਣੀ ਕਿਸਮਤ ਅਜ਼ਮਾਉਣ। ਕੁਝ ਦਿਨ ਤਾਂ ਉੱਥੇ ਉਸ ਨੂੰ ਸੈੱਟ ਹੋਣ ਵਿੱਚ ਪ੍ਰੇਸ਼ਾਨੀ ਹੋਈ, ਬਾਅਦ ਵਿੱਚ ਉਸ ਨੇ ਆਪਣੇ ਆਪ ਨੂੰ ਉੱਥੋਂ ਦੇ ਹਿਸਾਬ ਨਾਲ ਹੀ ਢਾਲ ਲਿਆ। ਕੁਝ ਸਮੇਂ ਬਾਅਦ ਹੀ ਉਹ ਘਰ ਪੈਸੇ ਵੀ ਭੇਜਣ ਲੱਗਾ। ਮਾਂ ਬਾਪ ਦਾ ਦਿਲ ਬਾਗ ਬਾਗ ਹੋ ਗਿਆ। ਪੁੱਤਰ ਕੰਮ ’ਤੇ ਲੱਗ ਗਿਆ ਸੀ। ਅੰਮਾਂ ਬੜੇ ਫ਼ਖਰ ਨਾਲ ਸਾਰੇ ਖ਼ਾਨਦਾਨ ਵਿੱਚ ਅਫ਼ਜ਼ਲ ਦਾ ਨਾਂ ਲੈਂਦੀ। ਭੈਣਾਂ ਉਸ ਦੇ ਨਾਂ ’ਤੇ ਇਤਰਾਉਂਦੀਆਂ ਫਿਰਦੀਆਂ। ਪਿਉ ਲਈ ਉਹ ਇੱਕ ਵੱਡੀ ਤਸੱਲੀ ਦਾ ਕਾਰਨ ਬਣ ਗਿਆ ਸੀ।

ਇਸੇ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ ਸੀ। ਚਾਰ ਸਾਲ ਦਾ ਸਮਾਂ ਹੋਣ ਨੂੰ ਆਇਆ ਸੀ। ਹੁਣ ਜਾ ਕੇ ਕਿਤੇ ਉਸ ਦੇ ਆਉਣ ਦੀ ਖ਼ਬਰ ਆਈ ਤਾਂ ਸਭ ਨਿਹਾਲ ਹੋ ਗਏ ਸਨ। ਅੰਮਾਂ ਨੂੰ ਕੁਝ ਨਾ ਸੁੱਝਿਆ ਤਾਂ ਜਾ ਕੇ ਉਸ ਲਈ ਤਿੰਨ ਚਾਰ ਪੈਂਟ ਕਮੀਜ਼ ਦੇ ਕੱਪੜੇ ਹੀ ਖ਼ਰੀਦ ਲਿਆਈ ਸੀ। ਪਿਉ ਨੂੰ ਪਤਾ ਲੱਗਾ ਤਾਂ ਉਸ ਨੇ ਉਲਾਂਭਾ ਦਿੱਤਾ, ‘‘ਬੇਅਕਲ ਕਿਤੋਂ ਦੀ, ਕੀ ਜ਼ਰੂਰਤ ਸੀ ਕੱਪੜਿਆਂ ਦੀ? ਆਖ਼ਰ ਉਹ ਖ਼ੁਦ ਕੱਪੜਿਆਂ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ।’’

‘‘ਤਾਂ ਕੀ ਹੋਇਆ, ਚਾਰ ਸਾਲ ਤੋਂ ਆਪਣਾ ਖਰੀਦਿਆ ਹੀ ਪਹਿਨ ਰਿਹਾ ਹੈ। ਕੋਈ ਹੋਰ ਆਪਣੇ ਹੱਥ ਨਾਲ ਦੇਵੇ ਤਾਂ ਉਸ ਦੀ ਖ਼ੁਸ਼ੀ ਵੱਖਰੀ ਨਹੀਂ ਹੁੰਦੀ, ਭਲਾਂ!’’

ਫਰਹਾਨਾ ਦਾ ਦਿਲ ਖ਼ੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਂਦਾ। ਕਿਵੇਂ ਉੱਡ ਕੇ ਆਪਣੇ ਸ਼ਹਿਰ ਆ ਜਾਵੇ ਉਸ ਦਾ ਅਫ਼ਜ਼ਲ ਤੇ ਫੇਰ ਉਸ ਤੋਂ ਕਦੇ ਵੱਖ ਨਾ ਹੋਵੇ। ਉਸ ਨੇ ਮਨ ਹੀ ਮਨ ਤੈਅ ਕੀਤਾ ਕਿ ਇਸ ਵਾਰ ਅਫ਼ਜ਼ਲ ਨੂੰ ਨਿਕਾਹ ਕਰ ਕੇ ਹੀ ਜਾਣਾ ਹੋਵੇਗਾ, ਉਂਝ ਨਹੀਂ ਜਾਣ ਦੇਵਾਂਗੀ।

ਇਹ ਗੱਲ ਉਹ ਫੋਨ ’ਤੇ ਕਿੰਨੀ ਵਾਰੀ ਦੁਹਰਾ ਚੁੱਕੀ ਸੀ। ਫਰਹਾਨਾ ਦਾ ਘਰ ਨੱਖਾਸ ਇਲਾਕੇ ਵਿੱਚ ਸੀ। ਅਫ਼ਜ਼ਲ ਦਾ ਘਰ ਅਮੀਨਾਬਾਦ ਵਿੱਚ। ਉਹ ਫਰਹਾਨਾ ਦੀ ਖਾਲਾ ਦਾ ਪੁੱਤਰ ਸੀ। ਉਨ੍ਹਾਂ ਦੀ ਸ਼ਾਦੀ ਬਚਪਨ ਵਿੱਚ ਹੀ ਤੈਅ ਹੋ ਗਈ ਸੀ। ਅੱਲ੍ਹਾ ਅੱਲ੍ਹਾ ਕਰ ਕੇ ਮਹੀਨਾ ਖ਼ਤਮ ਹੋਣ ਨੂੰ ਆਇਆ। ਪੂਰੇ ਘਰ ਦੀ ਜਿਵੇਂ ਧੜਕਣ ਹੀ ਤੇਜ਼ ਹੋ ਗਈ ਸੀ। 12 ਤਾਰੀਖ ਆਈ ਤਾਂ ਸਵੇਰ ਤੋਂ ਹੀ ਮਾਹੌਲ ਚਹਿਕ ਰਿਹਾ ਸੀ। ਅਫ਼ਜ਼ਲ ਨੂੰ ਜਿਹੜੇ ਵੀ ਖਾਣੇ ਪਸੰਦ ਸਨ ਅੰਮਾਂ ਸੋਚ ਸੋਚ ਕੇ ਪਕਵਾਨ ਬਣਾਉਂਦੀ ਜਾ ਰਹੀ ਸੀ। ਉਸ ਦੇ ਤਸੱਵੁਰ ਵਿੱਚ ਅਫ਼ਜ਼ਲ ਮੁਸਕੁਰਾ ਰਿਹਾ ਸੀ। ਗੋਰਾ ਗੁਲਾਬੀ ਰੰਗ, ਮੋਢਿਆਂ ਉੱਤੇ ਝੂਲਦੇ ਬੇਤਰਤੀਬੇ ਵਾਲ। ਪਹਿਰਾਵੇ ਵਿੱਚ ਬੇਹੱਦ ਸੰਜੀਦਾ। ਉੱਚਾ ਲੰਮਾ ਕੱਦ। ਹਰ ਵੇਲੇ ਚਿਹਰੇ ’ਤੇ ਮੁਸਕਾਨ ਬਿਖੇਰਦਾ ਹੋਇਆ।

ਅੰਮਾਂ ਮਨ ਹੀ ਮਨ ਵਿੱਚ ਸੈਂਕੜੇ ਬਲਾਵਾਂ ਲੈ ਛੱਡਦੀ। ਘਰ ਵਿੱਚ ਰੌਣਕ ਸੀ। ਫਰਹਾਨਾ ਦੇ ਤਸੱਵੁਰ ਵਿੱਚ ਵੀ ਅਫ਼ਜ਼ਲ ਦੀਆਂ ਹੱਸਦੀਆਂ ਅੱਖਾਂ ਉਸ ਨੂੰ ਛੇੜਦੀਆਂ ਰਹਿੰਦੀਆਂ। ਜੇਕਰ ਉਹ ਰੁੱਸਦੀ ਤਾਂ ਉਹ ਠਹਾਕਾ ਮਾਰ ਕੇ ਹੱਸਦਾ ਤੇ ਉਸ ਦਾ ਹੱਥ ਫੜ ਲੈਂਦਾ।

‘‘ਤੂੰ ਰੁੱਸਦੀ ਹੈਂ ਤਾਂ ਲੱਗਦਾ ਹੈ ਕਿ ਕਾਇਨਾਤ ਹੀ ਰੁੱਸ ਗਈ ਹੈ।’’

‘‘ਹੂੰ... ਮਸਖਰਾ ਕਿਤੋਂ ਦਾ...।’’

‘‘ਮੈਨੂੰ ਖ਼ੁਦ ਵਿੱਚ ਖੋ ਜਾਣ ਦੇ ਡੀਅਰ...’’

‘‘ਵੇਖੀਂ ...ਕਿਤੇ ਮੈਂ ਹੀ ਨਾ ਖੋ ਜਾਵਾਂ?’’

‘‘ਨੋ... ਇਹੋ ਜਿਹਾ ਕੁਫ਼ਰ ਨਾ ਬੋਲ, ਮਾਰ ਸੁੱਟੇਂਗੀ?’’

‘‘ਹੂੰ... ਡਰਾਮੇਬਾਜ਼!’’

ਇਹ ਸਭ ਕੁਝ ਸੋਚਦੀ ਹੋਈ ਉਹ ਆਪਣੇ ਆਪ ਹੱਸਣ ਲੱਗਦੀ ਤੇ ਅਫ਼ਜ਼ਲ ਨੂੰ ਮਿਲਣ ਦੀ ਉਹਦੀ ਤਾਂਘ ਹੋਰ ਤੇਜ਼ ਹੋ ਜਾਂਦੀ।

ਠੀਕ ਛੇ ਵਜੇ ਦਰਵਾਜ਼ੇ ਦੀ ਕੁੰਡੀ ਖੜਕੀ। ਦੋਵੇਂ ਭੈਣਾਂ ਦਰਵਾਜ਼ਾ ਖੋਲ੍ਹਣ ਲਈ ਦੌੜੀਆਂ। ਦਰਵਾਜ਼ਾ ਖੁੱਲ੍ਹਦਿਆਂ ਹੀ ਅਸਲਾਮਾ ਲੈਕਮ ਤੇ ਰਹਿਮ ਤੁੱਲਾ ਦੀ ਆਵਾਜ਼ ਆਈ। ਦੋਵੇਂ ਭੈਣਾਂ ਸੁੰਨ ਰਹਿ ਗਈਆਂ। ਸਾਹਮਣੇ ਜਿਹੜੀ ਸੂਰਤ ਸੀ ਉਸ ਨੂੰ ਪਛਾਨਣ ਤੇ ਸਵੀਕਾਰ ਕਰਨ ਵਿੱਚ ਥੋੜ੍ਹਾ ਸਮਾਂ ਲੱਗਾ। ਸਾਹਮਣੇ ਲੰਮੇ ਕੁਰਤੇ ਤੇ ਪਿੰਨੀਆਂ ਤੀਕ ਉੱਚੇ ਪਜਾਮੇ ਵਿੱਚ ਅਫ਼ਜ਼ਲ ਖਲੋਤਾ ਸੀ। ਸਿਰ ਦੇ ਲੰਮੇ ਵਾਲ ਗ਼ਾਇਬ ਸਨ। ਪੂਰਾ ਚਿਹਰਾ ਲੰਮੀ ਦਾਹੜੀ ਨਾਲ ਢਕਿਆ ਪਿਆ ਸੀ। ਸਿਰ ’ਤੇ ਟੋਪੀ, ਪੈਰਾਂ ਵਿੱਚ ਚੱਪਲਾਂ ਤੇ ਹੱਥ ਘੜੀ। ਦੋਵੇਂ ਮੋਢਿਆਂ ’ਤੇ ਟੰਗੇ ਵੱਡੇ ਵੱਡੇ ਬੈਗ। ਇੱਕ ਡੋਲਦੀ ਜਿਹੀ ਆਵਾਜ਼ ਉਹਦੇ ਮੂੰਹੋਂ ਨਿਕਲੀ, ‘‘ਕਿਵੇਂ ਆਂ ਰਜ਼ੀਆ ਤੇ ਸਕੀਲਾ?’’

ਦੋਹਾਂ ਨੇ ਸਰਦ ਆਵਾਜ਼ ਵਿੱਚ ਜਵਾਬ ਦਿੱਤਾ, ‘‘ਠੀਕ ਹਾਂ, ਭਾਈਜਾਨ।’’ ਦੋਵੇਂ ਚੁੱਪਚਾਪ ਉਸ ਦੇ ਨਾਲ ਅੱਗੇ ਵਧ ਗਈਆਂ। ਆਵਾਜ਼ ਸੁਣਦਿਆਂ ਅੰਮਾਂ ਦਾ ਦਿਲ ਉੱਛਲ ਪਿਆ। ਉਦੋਂ ਤੀਕ ਅਫ਼ਜ਼ਲ ਸਾਹਮਣੇ ਆ ਖਲੋਇਆ ਸੀ। ਅੰਮਾਂ ਤਖ਼ਤ ਤੋਂ ਉੱਠਦਿਆਂ ਉਠਦਿਆਂ ਹੀ ਰਹਿ ਗਈ। ਉਸ ਦੇ ਸੀਨੇ ’ਤੇ ਕਿਸੇ ਨੇ ਜਿਵੇਂ ਹਥੌੜੇ ਦਾ ਵਾਰ ਕਰ ਦਿੱਤਾ ਹੋਵੇ। ਭਰਵੀਂ ਨਜ਼ਰ ਨਾਲ ਅਫ਼ਜ਼ਲ ਨੂੰ ਦੇਖਿਆ ਤੇ ਗਸ਼ ਖਾ ਕੇ ਡਿੱਗ ਪਈ। ਅਫ਼ਜ਼ਲ ਨੇ ਨੱਸ ਉਸ ਨੂੰ ਸੰਭਾਲਿਆ। ਦੋਵੇਂ ਕੁੜੀਆਂ ਅੰਮਾਂ ਅੰਮਾਂ ਆਖਦੀਆਂ ਉਸ ਨੂੰ ਲਿਪਟ ਗਈਆਂ। ਅੱਬੂ ਨੱਠ ਕੇ ਪਾਣੀ ਲੈ ਕੇ ਆਏ ਤੇ ਚਿਹਰੇ ’ਤੇ ਛਿੜਕਣ ਲੱਗੇ।

ਕੁਝ ਮਿੰਟਾਂ ਬਾਅਦ ਅੰਮੀ ਦੀ ਹੋਸ਼ ਪਰਤੀ ਤੇ ਉਸ ਦੀ ਅੱਖਾਂ ਖੁੱਲ੍ਹੀਆਂ। ਉਹ ਚੀਖ਼ ਪਈ, ‘‘ਯਾ ਅੱਲ੍ਹਾ, ਇਹ ਕੀ ਹੁਲੀਆ ਬਣਾ ਕੇ ਆਇਆ ਹੈ। ਸ਼ੀਸ਼ਾ ਤਾਂ ਦੇਖੀਂ ਜ਼ਰਾ। ਹੇ ਖ਼ੁਦਾ! ਇਹ ਦਿਨ ਵੀ ਦੇਖਣਾ ਸੀ।’’ ਕਹਿੰਦੀ ਕਹਿੰਦੀ ਉਹ ਵਿਲਕ ਕੇ ਰੋ ਪਈ। ਅੱਬੂ ਤੇ ਅਫ਼ਜ਼ਲ ਨੇ ਚੋਰ ਅੱਖ ਨਾਲ ਇੱਕ ਦੂਜੇ ਨੂੰ ਤੱਕਿਆ।

ਅੱਬੂ ਨੇ ਬੇਗ਼ਮ ਸਮਝਾਇਆ, ‘‘ਆਮਨਾ ਪਾਗ਼ਲ ਨਾ ਬਣ। ਪੁੱਤਰ ਕਿੱਡੀ ਦੂਰੋਂ ਆਇਆ ਹੈ। ਉਸਦਾ ਸੁਆਗਤ ਕਰ।’’ ਕਿਸੇ ਤਰ੍ਹਾਂ ਆਮਨਾ ਬੇਗ਼ਮ ਨੇ ਆਪਣੀ ਸਿਸਕੀਆਂ ਉੱਤੇ ਕਾਬੂ ਕੀਤਾ। ਉਹ ਬੁਝੇ ਮਨ ਨਾਲ ਉੱਠੀ ਤੇ ਉੱਠ ਕੇ ਮੂੰਹ ਹੱਥ ਧੋਇਆ। ਬੇਟੀ ਨੇ ਚਾਹ ਨਾਸ਼ਤਾ ਤਿਆਰ ਕੀਤਾ। ਅਫ਼ਜ਼ਲ ਨੇ ਵੀ ਨਹਾ ਧੋ ਕੇ ਕੱਪੜੇ ਬਦਲੇ ਤੇ ਨਾਸ਼ਤਾ ਕੀਤਾ।

ਦੋਵੇਂ ਭੈਣਾਂ ਰਸੋਈ ਵਿੱਚ ਗੱਲਾਂ ਕਰ ਰਹੀਆਂ ਸਨ, ‘‘ਇਹ ਭਰਾ ਨੂੰ ਕੀ ਹੋ ਗਿਆ ਹੈ। ਸਾਰੀ ਸੂਰਤ ਵਿਗਾੜ ਲਈ ਹੈ। ਸਹੇਲੀਆਂ ਨੇ ਮਿਲਣ ਆਉਣ ਲਈ ਕਿਹਾ ਸੀ। ਹੁਣ ਕਿਸ ਮੂੰਹ ਨਾਲ ਉਨ੍ਹਾਂ ਦਾ ਸਾਹਮਣਾ ਕਰਾਂਗੀਆਂ। ਸਭ ਮਜ਼ਾਕ ਉਡਾਉਣਗੀਆਂ।’’

ਭੈਣਾਂ ਕੋਲ ਕਿੰਨੇ ਵਾਰੀ ਫਰਹਾਨਾ ਦਾ ਫੋਨ ਵੀ ਆਇਆ ਪਰ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਫਰਹਾਨਾ ਇਹ ਸੋਚ ਕੇ ਰਹਿ ਜਾਂਦੀ ਕਿ ਚਾਰ ਸਾਲ ਬਾਅਦ ਉਨ੍ਹਾਂ ਦਾ ਭਰਾ ਆਇਆ ਹੈ ਉਹ ਇਸੇ ਕਰਕੇ ਰੁੱਝੀਆਂ ਹੋਣਗੀਆਂ। ਮੈਂ ਵੀ ਕਿੰਨੀ ਝੱਲੀ ਹਾਂ ਜਿਹੜੀ ਵਾਰ ਵਾਰ ਫੋਨ ਖੜਕਾਈ ਜਾਂਦੀ ਹਾਂ। ਥੋੜ੍ਹਾ ਸਬਰ ਕਰਨਾ ਚਾਹੀਦਾ ਸੀ।

ਭੈਣਾਂ ਨੇ ਭਰਾ ਨੂੰ ਰਾਤ ਦਾ ਖਾਣਾ ਖੁਆਇਆ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈਆਂ। ਅੰਮਾਂ ਬੇਹੱਦ ਬੁਝੀ ਹੋਈ ਸੀ। ਲੱਗਿਆ ਜਿਵੇਂ ਕਹਿਰਾਂ ਭਰਿਆ ਸਮੁੰਦਰ ਅਚਾਨਕ ਥੰਮ ਕੇ ਸਾਂਤ ਹੋ ਗਿਆ ਹੋਵੇ। ਚਿਹਰੇ ’ਤੇ ਫੈਲਿਆ ਗੁਲਾਬੀ ਰੰਗ ਪੀਲਾ ਪੈ ਚੁੱਕਿਆ ਸੀ। ਅੱਬੂ ਇੱਧਰ ਉੱਧਰ ਘੁੰਮਦੇ ਰਹੇ। ਅਫ਼ਜ਼ਲ ਨੂੰ ਸਭ ਕੁਝ ਬੜਾ ਅਜੀਬ ਲੱਗ ਰਿਹਾ ਸੀ। ਜਿਵੇਂ ਉਹ ਕਿਸੇ ਅਜਨਬੀ ਦੇ ਘਰ ਘੁਸ ਆਇਆ ਹੋਵੇ। ਸਾਰੇ ਜਣੇ ਆਪਣੇ ਆਪਣੇ ਬਿਸਤਰ ’ਤੇ ਰਾਤ ਭਰ ਕਰਵਟਾਂ ਬਦਲਦੇ ਰਹੇ।

ਅੰਮਾਂ ਅੱਬੂ ਨਾਲ ਫੁਸਫੁਸਾ ਕੇ ਗੱਲਾਂ ਕਰ ਰਹੀ ਸੀ, ‘‘ਭੈੜੇ ਨੇ ਕੀ ਹੁਲੀਆ ਬਣਾ ਰੱਖਿਆ ਹੈ। ਮੈਂ ਇਹ ਸਭ ਜਾਣਦੀ ਤਾਂ ਕਦੇ ਬਾਹਰ ਨਾ ਭੇਜਦੀ। ਕਿਵੇਂ ਰੁੱਖਾ ਰੁੱਖਾ ਲੱਗ ਰਿਹਾ ਹੈ। ਲੱਗਦਾ ਹੈ ਜਿਵੇਂ ਕੋਈ ਅਜਨਬੀ ਸਾਡੇ ਘਰ ਘੁਸ ਆਇਆ ਹੋਵੇ।’’

‘‘ਕੀ ਕਿਹਾ ਜਾਵੇ, ਮੇਰੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ। ਕਹਿ ਤਾਂ ਰਿਹਾ ਸੀ ਕਿ ਕਿਸੇ ਕੱਪੜੇ ਦੀ ਮਿੱਲ ਵਿੱਚ ਕੰਮ ਕਰਦਾ ਹੈ।’’ ਅੱਬੂ ਹਉਕਾ ਭਰਦਿਆਂ ਬੋਲੇ।

‘‘ਮੇਰੇ ਤਾਂ ਅਰਮਾਨਾਂ ’ਤੇ ਪਾਣੀ ਫਿਰ ਗਿਆ।’’ ਅੰਮਾਂ ਨੇ ਆਖਿਆ।

‘‘ਚੱਲ ਹੁਣ ਬੇਕਾਰ ਦੀਆਂ ਗੱਲਾਂ ਨਾ ਕਰ, ਜਦੋਂ ਤੀਕ ਉਹ ਹੈ ਖ਼ੁਸ਼ ਰਹਿ। ਬੋਲੋ, ਗੱਲ ਕਰੋ। ਮਹੀਨੇ ਬਾਅਦ ਉਸਨੇ ਚਲਿਆ ਹੀ ਜਾਣਾ ਹੈ।’’

‘‘ਹੈਂ... ਕਿਹੜੀ ਗੱਲ ਹੈ, ਇਕਲੌਤਾ ਪੁੱਤਰ ਹੈ ਸਾਡਾ। ਕੋਈ ਗ਼ੈਰ ਤਾਂ ਨਹੀਂ ਕਿ ਮੈਂ ਉਸ ਦੇ ਜਾਣ ਦੀ ਰਾਹ ਤੱਕਾਂ। ਕੀ ਕੀ ਸੁਪਨੇ ਸੰਜੋਏ ਸੀ।’’ ਕਹਿੰਦਿਆਂ ਉਸ ਦਾ ਗੱਚ ਭਰ ਆਇਆ। ਅੱਬੂ ਨੇ ਉਸ ਨੂੰ ਸੰਭਾਲਿਆ।

‘‘ਉਹ ਜਿਹਾ ਜਿਹਾ ਵੀ ਹੈ, ਉਸ ਨੂੰ ਕਬੂਲ ਕਰੋ। ਇਸੇ ਵਿੱਚ ਸਾਡੀ ਸਭ ਦੀ ਭਲਾਈ ਹੈ।’’

ਸਵੇਰੇ ਜਦੋਂ ਸਭ ਜਾਗੇ ਤਾਂ ਦੇਖਿਆ ਕਿ ਅਫ਼ਜ਼ਲ ਨਹਾ ਧੋ ਕੇ ਫਾਰਿਗ ਹੋ ਚੁੱਕਿਆ ਸੀ। ਹੁਣ ਉਹ ਕੁਰਾਨ ਦੀ ਤਲਾਵਤ ਕਰ ਰਿਹਾ ਸੀ। ਭੈਣਾਂ ਘਰ ਦੇ ਕੰਮਕਾਰ ਵਿੱਚ ਜੁਟ ਗਈਆਂ। ਅੰਮਾਂ ਰਸੋਈ ਵਿੱਚ ਚਲੇ ਗਈ। ਕੁਝ ਦੇਰ ਬਾਅਦ ਅਫ਼ਜ਼ਲ ਤਲਾਵਤ ਖ਼ਤਮ ਕਰ ਕੇ ਵਰਾਂਡੇ ਵਿੱਚ ਆਇਆ। ਭੈਣਾਂ ਨੂੰ ਪਿਆਰ ਨਾਲ ਬੁਲਾਇਆ ਤੇ ਬੋਲਿਆ, ‘‘ਰਜ਼ੀਆ ਤੇ ਸਕੀਲਾ, ਤੁਹਾਡਾ ਇਹ ਰਹਿਣ ਸਹਿਣ ਠੀਕ ਨਹੀਂ। ਫ਼ਜਰ ਦੀ ਨਮਾਜ਼ ਕੀ ਹਮੇਸ਼ਾ ਲਈ ਛੱਡ ਦਿੱਤੀ ਹੈ?’’ ਦੋਵੇਂ ਕੁਝ ਨਹੀਂ ਬੋਲੀਆਂ। ਉਹ ਅੱਗੇ ਬੋਲਿਆ, ‘‘ਕੱਲ੍ਹ ਤੋਂ ਫ਼ਜਰ ਨਾ ਕਜ਼ਾ ਹੋਵੇ। ਦੁਨੀਆਂ ਤੋਂ ਕੀ ਲੈ ਕੇ ਜਾਣਗੀਆਂ। ਇਹ ਹਿੰਦੀ ਤੇ ਅੰਗਰੇਜ਼ੀ ਪੜ੍ਹਾਈ ਅੰਤ ਨੂੰ ਕਿਸੇ ਕੰਮ ਨਹੀਂ ਆਉਣੀ। ਤਲਾਵਤ ਕਰਿਆ ਕਰੋ।’’ ਫੇਰ ਅੰਮਾਂ ਨੂੰ ਮੁਖ਼ਾਤਿਬ ਹੋਇਆ, ‘‘ਤੇ ਅੰਮੀ ਤੁਸੀਂ ਵੀ...। ਜਦੋਂ ਤੁਸੀਂ ਹੀ ਅਮਲ ਨਹੀਂ ਕਰਨਾ ਤਾਂ ਬੱਚੇ ਕੀ ਕਰਨਗੇ। ਆਪਣਾ ਅੱਗਾ ਸੰਵਾਰੋ। ਇਹ ਕੀ ਬੇਤੁਕੀ ਜ਼ਿੰਦਗੀ ਜਿਉਂ ਰਹੇ ਹੋ ਤੁਸੀਂ।’’ ਅੰਮਾਂ ਝਿਪ ਗਈ, ਬੋਲੀ ਕੁਝ ਨਹੀਂ। ਅਫ਼ਜ਼ਲ ਉੱਠ ਕੇ ਆਪਣੇ ਕਮਰੇ ਵਿੱਚ ਗਿਆ ਤੇ ਬੈਗ ਚੁੱਕ ਲਿਆਇਆ। ਭੈਣਾਂ ਨੇ ਲਲਚਾਈਆਂ ਨਜ਼ਰਾਂ ਨਾਲ ਉੱਧਰ ਦੇਖਿਆ ਕਿ ਸ਼ਾਇਦ ਭਰਾ ਕੁਝ ਕੀਮਤੀ ਤੋਹਫ਼ੇ ਲੈ ਕੇ ਆਇਆ ਹੋਵੇ।

ਅਫ਼ਜ਼ਲ ਨੇ ਬੈਗ ਵਿਚੋਂ ਕੁਝ ਪੈਕਟ ਕੱਢੇ ਤੇ ਭੈਣਾਂ ਵੱਲ ਵਧਾਉਂਦਿਆਂ ਬੋਲਿਆ, ‘‘ਇਹ ਫੜੋ, ਤੁਹਾਡੇ ਲਈ ਵਧੀਆ ਕੱਪੜੇ ਦਾ ਹਿਜਾਬ। ਸਾਲਾਂ ਸਾਲ ਖਰਾਬ ਨਹੀਂ ਹੋਵੇਗਾ।’’ ਰਜ਼ੀਆ ਤੇ ਸਕੀਲਾ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ। ਬੜੇ ਹੀ ਬੁਝੇ ਮਨ ਨਾਲ ਉਨ੍ਹਾਂ ਨੇ ਪੈਕਟ ਫੜ ਲਏ। ਅੰਦਰ ਇੱਕ ਕੁਸੈਲਾਪਣ ਜਿਹਾ ਘੁਲ ਗਿਆ। ਉਨ੍ਹਾਂ ਤਾਂ ਸੋਚਿਆ ਸੀ ਕਿ ਭਰਾ ਵੇਲ ਬੂਟਿਆਂ ਵਾਲੇ ਪਹਿਰਨ ਲੈ ਕੇ ਆਵੇਗਾ। ਇਹ ਹਿਜਾਬ ਸਹੇਲੀਆਂ ਨੂੰ ਦਿਖਾਵਾਂਗੀਆਂ ਤਾਂ ਉਹ ਵੱਖ ਹੱਸਣਗੀਆਂ।

ਉਦੋਂ ਹੀ ਅਫ਼ਜ਼ਲ ਨੇ ਬੈਗ ਵਿਚੋਂ ਤਸਬੀਹ ਦੀਆਂ ਕਿੰਨੀਆਂ ਸਾਰੀਆਂ ਲੜੀਆਂ ਕੱਢੀਆਂ ਤੇ ਉਨ੍ਹਾਂ ਨੂੰ ਅੰਮਾਂ ਵੱਲ ਵਧਾ ਦਿੱਤਾ, ‘‘ਅੰਮਾਂ ਇਹ ਤੇਰੇ ਲਈ।’’

ਅੰਮਾਂ ਨੇ ਹੱਥ ਵਧਾ ਕੇ ਲੈ ਲਈਆਂ ਤੇ ਅੱਖਾਂ ਨਾਲ ਛੁਹਾ ਕੇ ਚੁੰਮੀਆਂ ਤੇ ਸਕੀਲਾ ਨੂੰ ਦਿੰਦਿਆਂ ਬੋਲੀ, ‘‘ਮੇਰੇ ਕਮਰੇ ਦੀ ਕਿੱਲੀ ’ਤੇ ਟੰਗ ਆ।’’ ਅਫ਼ਜ਼ਲ ਨੇ ਇੱਕ ਪੈਕਟ ਹੋਰ ਕੱਢਿਆ, ‘‘ਸਕੀਲਾ ਇਹ ਇੱਕ ਹੋਰ ਹਿਜਾਬ ਹੈ, ਫਰਹਾਨਾ ਆਵੇਗੀ ਤਾਂ ਉਸ ਨੂੰ ਦੇ ਦੇਵੀਂ। ਜਾਂ ਘਰ ਜਾ ਕੇ ਦੇ ਆਵੀਂ।’’ ‘‘ਚੰਗਾ ਵੀਰੇ’’ ਕਹਿੰਦਿਆਂ ਉਹ ਰਸੋਈ ਵਿੱਚ ਚਲੇ ਗਈਆਂ।

ਅਫ਼ਜ਼ਲ ਦੇ ਅੰਦਰ ਜਿਵੇਂ ਕੁਝ ਟੁੱਟਿਆ ਜ਼ਰੂਰ ਸੀ। ਆਪਣੇ ਤੋਹਫਿਆਂ ਬਾਰੇ ਉਸ ਨੇ ਅੰਮਾਂ ਤੇ ਭੈਣਾਂ ਦੀ ਬੇਦਿਲੀ ਮਹਿਸੂਸ ਕੀਤੀ ਸੀ ਪਰ ਕੁਝ ਕਹਿ ਨਾ ਸਕਿਆ। ਕੁਝ ਦੇਰ ਬਾਅਦ ਭੈਣਾਂ ਆ ਕੇ ਮੇਜ਼ ਉੱਤੇ ਖਾਣਾ ਲਗਾ ਗਈਆਂ।

ਦੁਪਹਿਰ ਬਾਅਦ ਸਕੀਲਾ ਤੇ ਰਜ਼ੀਆ ਦੀਆਂ ਸਹੇਲੀਆਂ ਦਾ ਆਉਣਾ ਸ਼ੁਰੂ ਹੋਇਆ। ਰਜ਼ੀਆ ਤੇ ਸਕੀਲਾ ਨੇ ਆਪਣੇ ਭਰਾ ਦੇ ਤੋਹਫ਼ਿਆਂ ਦੇ ਜਿਹੜੇ ਪੁਲ ਬੰਨ੍ਹੇ ਸਨ ਉਹ ਸਭ ਢਹਿ ਢੇਰੀ ਹੋ ਗਏ। ਕੁਝ ਸਹੇਲੀਆਂ ਜਿਹੜੀਆਂ ਅੱਗੇ ਪਿੱਛੇ ਆਈਆਂ ਉਹ ਸਲਾਮ ਕਰਕੇ ਅੱਗੇ ਵਧ ਜਾਂਦੀਆਂ। ਕਮਰੇ ਵਿੱਚ ਜਾ ਕੇ ਹਰ ਕੋਈ ਰਜ਼ੀਆ ਤੇ ਸਕੀਲਾ ਨੂੰ ਪੁੱਛਣਾ ਨਾ ਭੁੱਲਦੀ ਕਿ ‘ਤੇਰੇ ਭਰਾ ਨੂੰ ਕੀ ਪ੍ਰਾਬਲਮ ਹੈ? ਤੇਰਾ ਭਰਾ ਤਾਂ ਅੱਵਲ ਦਰਜੇ ਦਾ ਮੁੱਲਾਂ ਲੱਗਦਾ ਹੈ। ਫਰਹਾਨਾ ਨੇ ਭਲਾ ਕੀ ਦੇਖਿਆ ਇਸ ਵਿੱਚ?’

‘‘ਪਹਿਲਾਂ ਇਸ ਤਰ੍ਹਾਂ ਦੇ ਨਹੀਂ ਸੀ।’’ ਰਜ਼ੀਆ ਨੇ ਮੂੰਹ ਬਣਾਉਂਦਿਆਂ ਕਿਹਾ ਤੇ ਕੰਧ ’ਤੇ ਟੰਗੀ ਅਫ਼ਜ਼ਲ ਦੀ ਤਸਵੀਰ ਵੱਲ ਇਸ਼ਾਰਾ ਕੀਤਾ।

‘‘ਯਾਰ, ਵਿਆਹ ਉਹਨੇ ਕਰਨਾ ਹੈ ਤਸਵੀਰ ਨੇ ਥੋੜ੍ਹਾ। ਹੁਣ ਇਸ ... ਨਾਲ ਤਾਂ ਕੋਈ ਬੇਵਕੂਫ਼ ਹੀ ਵਿਆਹ ਕਰ ਸਕਦੀ ਹੈ।’’

‘‘ਚੁੱਪ, ਉੱਠ ਇੱਥੋਂ...।’’ ਸਹੇਲੀਆਂ ਮੂੰਹ ਬਣਾਉਂਦੀਆਂ ਚਲੀਆਂ ਗਈਆਂ। ਸਕੀਲਾ ਤੇ ਰਜ਼ੀਆ ਦਾ ਚਿਹਰਾ ਰੋਣਹਾਕਾ ਹੋ ਗਿਆ। ਉਦੋਂ ਹੀ ਫਰਹਾਨਾ ਦਾ ਫੋਨ ਆ ਗਿਆ।

ਸਕੀਲਾ ਨੇ ਫੋਨ ਚੁੱਕਿਆ ਤਾਂ ਫਰਹਾਨਾ ਦੀ ਬੇਤਾਬ ਆਵਾਜ਼ ਸੁਣਾਈ ਦਿੱਤੀ।

‘‘ਸਕੀਲਾ ਕੀ ਹਾਲ ਐ। ਸਭ ਠੀਕ ਹੈ ਨਾ?’’

‘‘ਹਾਂ...।’’

‘‘ਕੀ ਗੱਲ ਸਕੀਲਾ ਬੜੀ ਬੁਝੀ ਹੋਈ ਲੱਗ ਰਹੀ ਏਂ। ਤੈਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਹੈ।’’

‘‘ਹੂੰ... ਤੇਰਾ ਵੀ ਇਹੋ ਹਾਲ ਹੋਣ ਵਾਲਾ ਹੈ।’’

‘‘ਕੀ ਮਤਲਬ... ਸੱਚੋ ਸੱਚ ਦੱਸ...।’’

‘‘ਕੁਝ ਨਹੀਂ... ਮੈਂ ਤਾਂ ਮਜ਼ਾਕ ਕਰ ਰਹੀ ਸੀ।’’

‘‘ਚੰਗਾ, ਮੇਰੇ ਲਈ ਕੀ ਲੈ ਕੇ ਆਇਆ ਹੈ?’’

‘‘ਹਿਜਾਬ...।’’

‘‘ਕਿਆ...?’’

‘‘ਹਿਜਾਬ ਜਾਨੀ ਬੁਰਕਾ... ਹਾਲੇ ਵੀ ਨਹੀਂ ਸਮਝੀ?’’

‘‘ਕੀ ਬਕਦੀ ਹੈਂ... ਦਿਮਾਗ਼ ਤਾਂ ਨਹੀਂ ਖਰਾਬ ਹੋ ਗਿਆ, ਮੇਰੇ ਅਫ਼ਜ਼ਲ ਦਾ?’’

‘‘ਉਹਨੂੰ ਪਤਾ ਹੈ ਮੈਂ ਕਿੰਨੀ ਰੌਸ਼ਨ ਖ਼ਿਆਲ ਹਾਂ। ਉਹ ਆਪ ਵੀ ਕਿੰਨਾ ਤਰੱਕੀ ਪਸੰਦ ਇਨਸਾਨ ਹੈ। ਕੀ ਤੈਨੂੰ ਪਤਾ ਨਹੀਂ?’’

‘‘ਨਹੀਂ...।’’ ਲਗਭਗ ਚੀਕਦਿਆਂ ਸਕੀਲਾ ਨੇ ਫੋਨ ਕੱਟ ਦਿੱਤਾ।

ਸਕੀਲਾ ਨਾਲ ਗੱਲ ਕਰਕੇ ਫਰਹਾਨਾ ਦਾ ਜੀ ਖ਼ਰਾਬ ਹੋ ਗਿਆ। ਇੱਕ ਅਜੀਬ ਜਿਹਾ ਡਰ ਉਸ ਦੇ ਦੁਆਲੇ ਘੇਰਾ ਬਣਾਉਣ ਲੱਗਾ। ਉਹ ਵਾਰ ਵਾਰ ਆਪਣੇ ਮਨ ਨੂੰ ਸਮਝਾਉਂਦੀ ਪਰ ਪਤਾ ਨਹੀਂ ਕਿਹੜੀ ਸ਼ੈਅ ਉਸ ਨੂੰ ਵਾਰ ਵਾਰ ਡਰਾ ਜਾਂਦੀ। ਔਖੀ ਸੌਖੀ ਹੋ ਕੇ ਉਹਨੇ ਰਾਤ ਕੱਟੀ। ਸਵੇਰ ਹੁੰਦਿਆਂ ਹੀ ਉਹ ਅਫ਼ਜ਼ਲ ਦੇ ਘਰ ਵੱਲ ਨਿਕਲ ਪਈ।

ਹੁਣੇ ਸਾਰੇ ਨਾਸ਼ਤੇ ਤੋਂ ਫਾਰਗ ਹੋਏ ਸਨ ਕਿ ਦਰਵਾਜ਼ਾ ਖੜਕਿਆ। ਸਕੀਲਾ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਫਰਹਾਨਾ ਨੂੰ ਦੇਖ ਕੇ ਡਰ ਗਈ।

‘‘ਤੂੰ...?’’

ਉਸ ਨੂੰ ਨਜ਼ਰਅੰਦਾਜ਼ ਕਰਦਿਆਂ ਫਰਹਾਨਾ ਅੱਗੇ ਵਧ ਗਈ। ਅੰਮਾਂ ਘਰ ਨਹੀਂ ਸੀ। ਦੋਵੇਂ ਭੈਣਾਂ ਹੀ ਸਨ। ਅਫ਼ਜ਼ਲ ਵਰਾਂਡੇ ਵੱਲ ਨੂੰ ਪਿੱਠ ਕੀਤਿਆਂ ਕਮਰੇ ਵਿੱਚ ਬੈਠਾ ਹਿੱਲ-ਹਿੱਲ ਕੇ ਕੁਝ ਪੜ੍ਹ ਰਿਹਾ ਸੀ। ਫਰਹਾਨਾ ਵਰਾਂਡੇ ਵਿੱਚ ਹੀ ਪਲੰਘ ’ਤੇ ਬੈਠਦਿਆਂ ਇੱਧਰ ਉੱਧਰ ਨਜ਼ਰ ਘੁਮਾਉਂਦੇ ਹੋਏ ਬੋਲੀ, ‘‘ਇਹ ਬੰਦਾ ਕੌਣ ਹੈ...?’’

ਦੋਵੇਂ ਭੈਣਾਂ ਫਿੱਸ ਕਰਕੇ ਮੂੰਹ ਵਿੱਚ ਹੀ ਹੱਸੀਆਂ, ਬੋਲੀਆਂ ਕੁਝ ਨਾ। ਉਦੋਂ ਤੀਕ ਅਫ਼ਜ਼ਲ ਆਵਾਜ਼ ਸੁਣ ਕੇ ਬਾਹਰ ਆ ਗਿਆ। ਫਰਹਾਨਾ ਨੂੰ ਸਲਾਮ ਕੀਤਾ। ਫਰਹਾਨਾ ਜਿਵੇਂ ਇਕਦਮ ਆਸਮਾਨ ਤੋਂ ਹੇਠਾਂ ਆ ਡਿੱਗੀ ਹੋਵੇ, ਕੁਝ ਸਮਝ ਨਾ ਸਕੀ। ਜਦੋਂ ਸਮਝ ਆਈ ਤਾਂ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ।

‘‘ਤੂੰ... ਇਹ ਕੀ ਹਾਲ ਬਣਾ ਲਿਆ ਹੈ?’’

‘‘ਕੀ ਬਕਦੀ ਹੈਂ...। ਅੱਲ੍ਹਾ ਦੀ ਖ਼ਿਦਮਤ ਕਰਨ ਵਾਲਾ ਬੰਦਾ ਹਾਂ। ਉੱਪਰ ਵਾਲੇ ਨੇ ਚੰਗੇ ਰਸਤੇ ਪਾ ਦਿੱਤਾ ਹੈ ਮੈਨੂੰ। ਮੈਂ ਕਿੰਨਾ ਗੁਨਾਹਗਾਰ ਹੁੰਦਾ ਜਾ ਰਿਹਾ ਸੀ।’’

ਫਰਹਾਨਾ ਦੇ ਸਿਰ ’ਤੇ ਜਿਵੇਂ ਹਥੌੜੇ ਵੱਜ ਰਹੇ ਸਨ। ਅੱਖਾਂ ਵਿੱਚ ਬੱਦਲ ਘਿਰ ਆਏ। ਉਹ ਰੋਣਹਾਕੀ ਜਿਹੀ ਹੋ ਕੇ ਤੜਪ ਉੱਠੀ।

‘‘ਨਹੀਂ- ਨਹੀਂ... ਕਦੇ ਵੀ ਨਹੀਂ। ਰੱਬਾ ਇਹ ਕੀ ਹੈ?’’

‘‘ਸਕੀਲਾ, ਫਰਹਾਨਾ ਨੂੰ ਇਸਦਾ ਤੋਹਫ਼ਾ ਤਾਂ ਲਿਆ ਕੇ ਦੇ ਜ਼ਰਾ।’’ ਜਦੋਂ ਰਜ਼ੀਆ ਨੇ ਕਿਹਾ ਤਾਂ ਸਕੀਲਾ ਨੇ ਪੈਕਟ ਲਿਆ ਕੇ ਫਰਹਾਨਾ ਨੂੰ ਫੜਾ ਦਿੱਤਾ। ਫਰ0ਹਾਨਾ ਨੇ ਬੁਝੇ ਮਨ ਨਾਲ ਕੱਢ ਕੇ ਦੇਖਿਆ ਤੇ ਉਂਝ ਹੀ ਪੈਕਟ ਵਿੱਚ ਪਾ ਦਿੱਤਾ।

ਅਫ਼ਜ਼ਲ ਉਹਦਾ ਚਿਹਰਾ ਪੜ੍ਹ ਰਿਹਾ ਸੀ। ਉਸ ਦੀਆਂ ਅੱਖਾਂ ਵੱਲ ਇਸ਼ਾਰਾ ਕਰਦਿਆਂ ਬੋਲਿਆ, ‘‘ਇਨ੍ਹਾਂ ਅੱਖਾਂ ਵਿੱਚ ਬੱਦਲ ਚੰਗੇ ਨਹੀਂ ਲੱਗਦੇ। ਇੰਨੇ ਦਿਨਾਂ ਬਾਅਦ ਤੈਨੂੰ ਦੇਖਿਆ, ਤੂੰ ਤਾਂ ਜਜ਼ਬਾਤੀ ਹੋ ਗਈ। ਹੁਣ ਤਾਂ ਮੈਂ ਤੇਰੇ ਸਾਹਮਣੇ ਹਾਂ।’’

‘‘ਨਹੀਂ! ਮੈਂ ਜਿਸ ਨੂੰ ਮੁਹੱਬਤ ਕੀਤੀ ਸੀ ਉਹ ਤਾਂ ਕੋਈ ਹੋਰ ਸੀ। ਮਰ ਗਿਆ ਹੈ ਉਹ ਤਾਂ।’’

ਇਸ ਦੌਰਾਨ ਦੋਵੇਂ ਭੈਣਾਂ ਅੰਦਰ ਖਿਸਕ ਗਈਆਂ। ਫਰਹਾਨਾ ਨੇ ਹਉਕਾ ਭਰਿਆ ਤੇ ਖੜ੍ਹੀ ਹੋ ਗਈ। ਅਫ਼ਜ਼ਲ ਨੇ ਉਸ ਦਾ ਦੁਪੱਟਾ ਖਿੱਚਦਿਆਂ ਰੋਕਿਆ, ‘‘ਨਹੀਂ ਫਰਹਾਨਾ... ਤੇਰੀ ਸੋਚ ਗਲਤ ਹੈ। ਦੇਖ ਇਸ ਵਾਰ ਮੈਂ ਤਿਆਰੀ ਨਾਲ ਆਇਆ ਹਾਂ। ਨਿਕਾਹ ਕਰ ਕੇ ਹੀ ਜਾਵਾਂਗਾ।’’ ‘‘ਹੂੰ...।’’ ਕਹਿੰਦਿਆਂ ਫਰਹਾਨਾ ਨੇ ਦੁਪੱਟਾ ਖਿੱਚ ਲਿਆ। ਉਹ ਚੀਕੀ, ‘‘ਸ਼ੀਸ਼ਾ ਦੇਖਿਆ ਹੈ ਕਦੇ?’’

ਪੈਰ ਪਟਕਦਿਆਂ ਉਹ ਤੇਜ਼ ਕਦਮਾਂ ਨਾਲ ਘਰ ਤੋਂ ਬਾਹਰ ਨਿਕਲ ਗਈ। ਅਫ਼ਜ਼ਲ ਠੱਗਿਆ ਜਿਹਾ ਖੜ੍ਹਾ ਰਹਿ ਗਿਆ।

ਬਹੁਤ ਮਾਯੂਸੀ ਵਿੱਚ ਫਰਹਾਨਾ ਘਰ ਪਰਤੀ ਤੇ ਆਪਣੇ ਕਮਰੇ ਵਿੱਚ ਜਾ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ। ਪਿੱਛੇ ਪਿੱਛੇ ਉਸਦੀ ਅੰਮੀ ਵੀ ਫਰਹਾਨਾ ਦਾ ਹਾਲ ਜਾਨਣ ਲਈ ਕਮਰੇ ਵਿੱਚ ਆ ਗਈ। ਪਰ ਉਸ ਦਾ ਹਾਲ ਦੇਖਦਿਆਂ ਹੀ ਸਹਿਮ ਗਈ। ‘‘ਕੀ ਗੱਲ ਹੈ, ਕੀ ਤੈਨੂੰ ਅਫ਼ਜ਼ਲ ਨੇ ਕੁਝ ਕਿਹਾ ਹੈ?’’ ‘‘ਨਹੀਂ...।’’

‘‘ਫਿਰ ਕੀ ਗੱਲ ਹੈ। ਕਿਤੇ ਹੋਰ ਤਾਂ ਨਹੀਂ ਬੱਝ ਗਿਆ ਉਹ। ਮੈਂ ਉਸ ਦਾ ਜਨਾਜ਼ਾ ਕਢਾ ਦੇਵਾਂਗੀ। ਤੂੰ ਦੱਸ ਤੇ ਸਹੀ। ਉਸ ਦੀ ਐਸੀ ਦੀ ਤੈਸੀ।’’ ‘‘ਨਹੀਂ ਅੰਮੀ, ਮੈਂ ਹੁਣ ਉਸ ਨਾਲ ਵਿਆਹ ਨਹੀਂ ਕਰਵਾ ਸਕਦੀ।’’ ਉਹ ਸਿਸਕੀਆਂ ਭਰਦੀ ਹੋਈ ਬੋਲੀ। ਅੰਮੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ‘‘ਅਜਿਹਾ ਕੀ ਹੋ ਗਿਆ, ਦੱਸ ਤਾਂ ਸਹੀ? ਮੇਰਾ ਤਾਂ ਦਿਲ ਬੈਠਿਆ ਜਾਂਦਾ ਹੈ। ਕੀ ਕਮੀ ਹੈ ਮੇਰੇ ਚੰਨ ਜਿਹੇ ਭਾਣਜੇ ਵਿੱਚ?’’

‘‘ਆਪੇ ਜਾ ਕੇ ਦੇਖ ਆ ਆਪਣੇ ਚੰਨ ਨੂੰ।’’

ਰੁਖਸਾਨਾ ਬੇਗ਼ਮ ਸੋਚੀਂ ਪੈ ਗਈ ਪਰ ਉਸ ਨੇ ਆਪਣੇ ਸ਼ੌਹਰ ਤੇ ਪੁੱਤਰਾਂ ਨੂੰ ਕੁਝ ਆਖਣਾ ਮੁਨਾਸਿਬ ਨਹੀਂ ਸਮਝਿਆ। ਸੋਚਿਆ ਪਹਿਲਾਂ ਖ਼ੁਦ ਜਾ ਕੇ ਦੇਖ ਆਵਾਂ, ਆਖ਼ਰ ਮਾਜਰਾ ਕੀ ਹੈ।

ਜਿਵੇਂ ਕਿਵੇਂ ਸੰਝ ਹੋਈ। ਉਹ ਭੈਣ ਆਮਨਾ ਦੇ ਘਰ ਜਾ ਪੁੱਜੀ। ਦਰਵਾਜ਼ਾ ਅਫ਼ਜ਼ਲ ਨੇ ਹੀ ਖੋਲ੍ਹਿਆ। ਅਫ਼ਜ਼ਲ ਨੇ ਸਲਾਮ ਕੀਤਾ ਪਰ ਉਹ ਕੋਈ ਜਵਾਬ ਦਿੱਤੇ ਬਿਨਾਂ ਹੀ ਅੱਗੇ ਵਧ ਗਈ। ਵਰਾਂਡੇ ਵਿੱਚ ਡਹੇ ਪਲੰਘ ’ਤੇ ਜਾ ਕੇ ਬਹਿ ਗਈ। ਭੈਣ ਤੇ ਭਾਣਜੀਆਂ ਵੀ ਸਲਾਮ ਕਰ ਕੇ ਉਸ ਦੇ ਪਲੰਘ ’ਤੇ ਆ ਕੇ ਬਹਿ ਗਈਆਂ।

ਰੁਖਸਾਨਾ ਬੇਗ਼ਮ ਨੇ ਪੁੱਛਿਆ, ‘‘ਕਿੱਥੇ ਹੈ ਅਫ਼ਜ਼ਲ? ਸੋਚਿਆ ਸਮਾਂ ਕੱਢ ਕੇ ਮੈਂ ਵੀ ਮਿਲ ਆਵਾਂ।’’ ਭੈਣ ਨੇ ਇਸ਼ਾਰਾ ਕੀਤਾ, ‘‘ਜੀ ਆਪਾ, ਉਹ ਕੌਣ ਏ ਜਿਸਨੇ ਤੁਹਾਨੂੰ ਸਲਾਮ ਕੀਤਾ ਸੀ?’’ ਉਦੋਂ ਹੀ ਪਿੱਛੇ ਤੋਂ ਅਫ਼ਜ਼ਲ ਆ ਗਿਆ। ਰੁਖਸਾਨਾ ਬੇਗ਼ਮ ਨੇ ਪਰਤ ਕੇ ਦੇਖਿਆ ਤਾਂ ਦੇਖਦੀ ਹੀ ਰਹਿ ਗਈ। ਚਸ਼ਮਾਂ ਉੱਪਰ ਹੇਠਾਂ ਕੀਤਾ ਤੇ ਫਿਰ ਬੋਲੀ, ‘‘ਉਏ, ਇਹ ਕੀ ਸ਼ਕਲ ਬਣਾ ਰੱਖੀ ਹੈ। ਤੂੰ ਤਾਂ ਗਿਆ ਸੀ ਕੰਮ ਕਰਨ। ਉੱਥੇ ਮੁੱਲਿਆਂ ਦੀ ਸੋਹਬਤ ਕਰ ਲਈ ਲੱਗਦੀ ਹੈ।’’

ਅਫ਼ਜ਼ਲ ਤਿਲਮਿਲਾ ਉਠਿਆ, ‘‘ਇਹ ਕਿਹੜੀ ਗੱਲ ਹੋਈ, ਖਾਲਾ ਜਾਨ। ਇੰਨੀ ਬੇਅਦਬੀ ਨਾਲ ਨਾਂ ਲੈਂਦੀ ਏਂ ਆਲਮਾਂ ਦਾ ਜਿਹੜੇ ਸਾਨੂੰ ਸਹੀ ਰਾਹ ਦੱਸਦੇ ਹਨ।’’

‘‘ਹੂੰ...’’ ਉਹ ਜਿਵੇਂ ਕੰਬ ਰਹੀ ਸੀ।

‘‘ਮੈਨੂੰ ਖ਼ੁਦਾ ਦੀ ਉਸੇ ਦੁਨੀਆਂ ਵਿੱਚ ਮਜ਼ਾ ਆਉਣ ਲੱਗਾ ਹੈ। ਕੀ ਪਤਾ ਉੱਥੇ ਬੁਲਾਉਣ ਵਿੱਚ ਖ਼ੁਦਾ ਦਾ ਹੀ ਹੱਥ ਹੋਵੇ। ਉਹ ਮੈਥੋਂ ਆਪਣੀ ਖ਼ਿਦਮਤ ਕਰਾਉਣੀ ਚਾਹੁੰਦਾ ਹੋਵੇ। ਹੁਣ ਮੈਂ ਵੀ ਖ਼ੁਦਾ ਦੀ ਖ਼ਿਦਮਤ ਕਰਦਿਆਂ ਦੁਨੀਆਂ ਤੋਂ ਜਾਣਾ ਚਾਹੁੰਦਾ ਹਾਂ। ਉਹੀ ਸਾਡਾ ਸਭ ਦਾ ਬੇੜਾ ਪਾਰ ਕਰੇਗਾ। ਬਾਕੀ ਦੁਨੀਆਂ ਤਾਂ ਫ਼ਾਨੀ ਹੈ। ਅਸੀਂ ਸਾਰੇ ਆਮ ਇਨਸਾਨ ਹਾਂ। ਉਸ ਨੇ ਆਪਣੀ ਖ਼ਿਦਮਤ ਵਿੱਚ ਮੈਨੂੰ ਲਿਆ ਹੈ ਮੈਂ ਇਸ ਲਈ ਉਸ ਦਾ ਸ਼ੁਕਰਗੁਜ਼ਾਰ ਹਾਂ।’’

‘‘ਚਲੋ ਠੀਕ ਹੈ। ਤੇਰਾ ਫ਼ੈਸਲਾ ਵੀ ਆਪਣੀ ਥਾਂ ਸਹੀ। ਪਰ ਤੂੰ ਦੂਜਿਆਂ ਨੂੰ ਆਪਣੀ ਤਰ੍ਹਾਂ ਜਿਉਣ ਲਈ ਮਜਬੂਰ ਨਹੀਂ ਕਰ ਸਕਦਾ। ਸਭ ਦੇ ਜੀਣ ਦੇ ਆਪਣੇ ਆਪਣੇ ਤਰੀਕੇ ਹਨ। ਤੂੰ ਜੇਕਰ ਆਪਣੀ ਥਾਂ ਸਹੀ ਹੈਂ ਤਾਂ ਬਾਕੀ ਵੀ ਆਪਣੀ ਥਾਂ ਸਹੀ ਹਨ। ਆਪਣੀ ਮਾਂ ਤੇ ਭੈਣਾਂ ਨੂੰ ਆਪਣੀ ਤਰ੍ਹਾਂ ਜਿਉਣ ਦੇ।’’

‘‘ਪਰ ਇਹ ਗ਼ਲਤ ਹੈ। ਮੈਂ ਉਨ੍ਹਾਂ ਨੂੰ ਤਮਾਮ ਬੁਰਾਈਆਂ ਤੋਂ ਦੂਰ ਖ਼ੁਦਾ ਦੇ ਰਾਹ ’ਤੇ ਲਿਆਉਣਾ ਚਾਹੁੰਦਾ ਹਾਂ। ਮੇਰੇ ਹੁੰਦਿਆਂ ਜੇਕਰ ਉਹ ਗ਼ਲਤ ਰਸਤੇ ’ਤੇ ਚਲਦੀਆਂ ਹਨ ਤਾਂ ਮੈਂ ਵੀ ਗੁਨਾਹਗਾਰ ਹੋਵਾਂਗਾ। ਖ਼ੁਦਾ ਦੇ ਘਰ ਮੇਰੀ ਪਕੜ ਹੋਵੇਗੀ।’’

ਇਹ ਸਭ ਸੁਣ ਕੇ ਅੱਬੂ ਨੇ ਅਫ਼ਜ਼ਲ ਨੂੰ ਆਖਿਆ, ‘‘ਤੂੰ ਇਹ ਭੁੱਲ ਰਿਹਾ ਹੈਂ ਕਿ ਹਾਲੇ ਤੇਰਾ ਪਿਉ ਜਿਉਂਦਾ ਬੈਠਾ ਹੈ, ਉਨ੍ਹਾਂ ਲਈ ਬਿਹਤਰ ਸੋਚਣ ਵਾਲਾ। ਹਾਲੇ ਇਹ ਜ਼ਿੰਮੇਵਾਰੀ ਮੇਰੀ ਹੈ ਤੇ ਮੇਰੇ ’ਤੇ ਛੱਡ ਦੇ। ਮੇਰੀ ਬੀਵੀ ਤੇ ਧੀਆਂ ਬਹੁਤ ਨੇਕ ਤੇ ਸਮਝਦਾਰ ਹਨ। ਖ਼ੁਦਾ ਉਨ੍ਹਾਂ ਲਈ ਚੰਗਾ ਹੀ ਕਰੇਗਾ। ਪਾਣੀ ਨੂੰ ਵੀ ਜੇਕਰ ਦਾਇਰਿਆਂ ਵਿੱਚ ਬੰਨ੍ਹ ਕੇ ਰੱਖਿਆ ਜਾਵੇ ਤਾਂ ਉਹ ਬਦਬੂ ਮਾਰਨ ਲੱਗਦਾ ਹੈ। ਉਹ ਪੀਣ ਲਾਇਕ ਉਦੋਂ ਤੱਕ ਹੀ ਰਹਿੰਦਾ ਹੈ ਜਦੋਂ ਤੱਕ ਉਹ ਵਹਿੰਦਾ ਰਹਿੰਦਾ ਹੈ। ਅਸੀਂ ਸਾਰੇ ਤਾਂ ਇੱਕ ਇਨਸਾਨ ਹਾਂ।’’

‘‘ਇਹ ਤੁਸੀਂ ਕਹਿ ਰਹੇ ਹੋ...?’’

‘‘ਦੇਖ ਪੁੱਤਰਾ, ਮੈਂ ਤੈਨੂੰ ਗ਼ਲਤ ਨਹੀਂ ਕਹਿ ਰਿਹਾ। ਤੇਰਾ ਫ਼ੈਸਲਾ ਬਹੁਤ ਚੰਗਾ ਹੈ। ਬਾਕੀ ਮੈਂ ਸੋਚਦਾ ਹਾਂ ਕਿ ਇਨਸਾਨ ਨੂੰ ਦੌਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਮੇਰੇ ਉੱਤੇ ਦੋ ਧੀਆਂ ਦੀ ਜ਼ਿੰਮੇਵਾਰੀ ਹੈ। ਇਹ ਵੀ ਨਹੀਂ ਕਿ ਉਨ੍ਹਾਂ ਨੂੰ ਐਵੇਂ ਹੀ ਸੁੱਟ ਦੇਣਾ ਹੈ। ਇੱਕ ਬਾਪ ਹੋਣ ਦੇ ਨਾਤੇ ਉਨ੍ਹਾਂ ਦੇ ਭਵਿੱਖ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ। ਮੈਂ ਉਨ੍ਹਾਂ ਦੇ ਸਫ਼ਲ ਤੇ ਸਕੂਨ ਭਰਪੂਰ ਜੀਵਨ ਦਾ ਸੁਪਨਾ ਦੇਖਦਾ ਹਾਂ। ਇਸ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਤਿਆਰ ਕਰਨਾ ਚਾਹੁੰਦਾ ਹਾਂ। ਅੱਜਕੱਲ੍ਹ ਲੋਕ ਜਾਹਿਲ ਨਹੀਂ ਸਗੋਂ ਪੜ੍ਹੀ ਲਿਖੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ। ਇਹੋ ਹੀ ਨਹੀਂ ਹੁਣ ਤਾਂ ਨੌਕਰੀਪੇਸ਼ਾ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਅਸੀਂ ਉਨ੍ਹਾਂ ਨੂੰ ਪਰਦੇ ਵਿੱਚ ਰੱਖ ਕੇ ਖ਼ੁਦਾ ਦੇ ਰਾਹ ’ਤੇ ਧੱਕ ਦੇਵਾਂਗੇ ਤਾਂ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆਵੇਗਾ। ਮੈਂ ਇਕ ਬਾਪ ਹੋਣ ਦੇ ਨਾਤੇ ਚਾਹੁੰਦਾ ਹਾਂ ਕਿ ਮੇਰੀਆਂ ਧੀਆਂ ਕਿਸੇ ਗੱਲੋਂ ਪਿੱਛੇ ਨਾ ਰਹਿਣ। ਉਹ ਪੜ੍ਹਨ ਲਿਖਣ, ਅੱਗੇ ਵਧਣ ਤੇ ਖ਼ੁਸ਼ ਰਹਿਣ। ਮੈਂ ਉਨ੍ਹਾਂ ਦਾ ਬਾਪ ਹਾਂ ਇਹ ਜ਼ਿੰਮੇਵਾਰੀ ਮੈਨੂੰ ਨਿਭਾਉਣ ਦੇ।’’

ਅਫ਼ਜ਼ਲ ਇਕਦਮ ਸੁੰਨ ਹੋ ਗਿਆ। ਅਚਾਨਕ ਉਸ ਦੀ ਸਮਝ ਵਿੱਚ ਹੀ ਨਹੀਂ ਆਇਆ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਅੱਬੂ ਬੋਲੇ, ‘‘ਹਾਂ! ਬਾਪ ਹੋਣ ਦੇ ਨਾਤੇ ਮੈਂ ਤੈਨੂੰ ਇੱਕ ਸਲਾਹ ਜ਼ਰੂਰ ਦੇਵਾਂਗਾ ਕਿ ਤੇਰਾ ਹੁਲੀਆ ਤੇਰੇ ਲਈ ਘਾਤਕ ਸਿੱਧ ਹੋ ਸਕਦਾ ਹੈ।’’

‘‘ਅੱਬੂ! ਬੱਸ ਬਹੁਤ ਹੋ ਗਿਆ। ਤੁਸੀਂ ਹੋਸ਼ ਵਿੱਚ ਹੋ ਕਿ ਕੀ ਕਹਿ ਰਹੇ ਹੋ।’’

‘‘ਬਿਲਕੁਲ ਪਤਾ ਹੈ ਪੁੱਤਰ। ਦੇਖ ਮਾਹੌਲ ਖ਼ਰਾਬ ਚੱਲ ਰਿਹਾ ਹੈ। ਸਰਕਾਰ ਵੀ ਆਪਣੀ ਨਹੀਂ ਹੈ, ਤੈਨੂੰ ਪਤਾ ਹੈ। ਹਰ ਦਾੜ੍ਹੀ ਤੇ ਟੋਪੀ ਵਾਲੇ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਪਤਾ ਨਹੀਂ ਕਿੰਨੇ ਹੀ ਬੇਕਸੂਰ ਨੌਜਵਾਨਾਂ ਨੂੰ ਸਿਰਫ਼ ਸ਼ੱਕ ਦੀ ਬਿਨਾਹ ’ਤੇ ਜਾਂ ਦੁਸ਼ਮਣੀ ਕੱਢਣ ਲਈ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਕੁਝ ਨਹੀਂ ਤਾਂ ਦਹਿਸ਼ਤਗਰਦ ਕਹਿ ਕੇ ਹੀ ਸ਼ੂਟ ਕਰ ਦਿੰਦੇ ਹਨ। ਇਸ ਲਈ ਸੰਭਲ ਕੇ ਰਹੀਂ। ਆਪਣੇ ਭਾਈਚਾਰੇ ਦੇ ਇਲਾਕੇ ਵਿੱਚ ਹੀ ਜਾਵੀਂ।’’

ਉਦੋਂ ਹੀ ਨਾਲ ਵਾਲੀ ਦੁਕਾਨ ਵਿੱਚ ਬੈਠੇ ਮੁੰਡੇ ਨੇ ਸੁਆਦ ਲਿਆ, ‘‘ਭਾਈ ਜਾਨ! ਹੁਣ ਭਗਵਾਂ ਪਹਿਨਿਆ ਕਰੋ।’’

‘‘ਚੁੱਪ!’’ ਅੱਬੂ ਨੇ ਤਾੜਿਆ। ਅਫ਼ਜ਼ਲ ਉਸ ਨੂੰ ਘੂਰ ਕੇ ਰਹਿ ਗਿਆ। ਗੱਲ ਆਈ ਗਈ ਹੋ ਗਈ।

ਅਫ਼ਜ਼ਲ ਦੇ ਦਿਮਾਗ ਵਿੱਚ ਅੱਬੂ ਦੀਆਂ ਗੱਲਾਂ ਘਰ ਕਰ ਗਈਆਂ। ਉਹ ਘਰ ਆ ਕੇ ਆਪਣੇ ਕਮਰੇ ਅੰਦਰ ਗੁੰਮਸੁੰਮ ਜਿਹਾ ਪਿਆ ਰਿਹਾ। ਉਸ ਦੇ ਮਨ ਵਿੱਚ ਤੂਫ਼ਾਨ ਝੁੱਲ ਰਹੇ ਸਨ। ਸਕੀਲਾ ਤੇ ਰਜ਼ੀਆ ਆ ਕੇ ਇੱਕ ਦੋ ਵਾਰ ਚਾਹ ਵੀ ਪੁੱਛ ਗਈਆਂ ਸਨ। ਕੁਝ ਜਵਾਬ ਨਾ ਮਿਲਣ ’ਤੇ ਅੰਮਾਂ ਤੇ ਭੈਣਾਂ ਨੂੰ ਮਹਿਸੂਸ ਹੋਇਆ। ਆਖ਼ਰ ਅੰਮਾਂ ਨੇ ਆ ਕੇ ਪੁੱਛਿਆ ਕਿ ਕੀ ਗੱਲ ਹੈ?

‘‘ਕੁਝ ਨਹੀਂ, ਅੰਮੀ। ਸਿਰ ਵਿੱਚ ਥੋੜ੍ਹਾ ਦਰਦ ਹੈ।’’ ਅੰਮਾਂ ਬਾਹਰ ਗਈ ਤੇ ਇੱਕ ਡਿਸਪ੍ਰਿਨ ਦੀ ਗੋਲੀ ਤੇ ਪਾਣੀ ਦਾ ਗਿਲਾਸ ਲਿਆ ਕੇ ਦੇ ਗਈ। ਜੀ ਕੀਤਾ ਕਿ ਬਹੁਤ ਕੁਝ ਪੁੱਛੇ, ਪਰ ਜਿਵੇਂ ਕਿਸੇ ਨੇ ਮੂੰਹ ’ਤੇ ਹੱਥ ਧਰ ਦਿੱਤਾ ਹੋਵੇ। ਕਿਸ ਤਰ੍ਹਾਂ ਦਾ ਬੇਗਾਨਾਪਣ ਹੈ ਕਿ ਇੱਕ ਦੂਜੇ ਵਿੱਚ ਖਾਈ ਵਾਂਗ ਫ਼ਾਸਲੇ ਖੁਦ ਗਏ ਹਨ। ਸਕੀਲਾ ਦੇ ਹੱਥ ਚਾਹ ਭੇਜ ਦਿੱਤੀ। ਸਕੀਲਾ ਚਾਹ ਦੇ ਕੇ ਮੁੜਦਿਆਂ ਬੈਠਕ ਵਿੱਚ ਬਹਿ ਗਈ। ਰਜ਼ੀਆ ਹੌਲੀ ਦੇਣੇ ਮਾਂ ਦੇ ਕੰਨ ਵਿੱਚ ਫੁਸਫੁਸਾਈ, ‘‘ਅੰਮਾਂ ਸਾਸ ਭੀ ਕਭੀ ਬਹੂ ਥੀ ਕਦੋਂ ਦਾ ਛੁੱਟਿਆ ਹੈ। ਕਿੰਨੇ ਐਪੀਸੋਡ ਨਿਕਲ ਗਏ ਹਨ। ਅੰਮਾਂ ਨੇ ਸ਼ੀਅ... ਦੀ ਆਵਾਜ਼ ਕੱਢਦਿਆਂ ਚੁੱਪ ਰਹਿਣ ਲਈ ਕਿਹਾ। ਜੇ ਅਫ਼ਜ਼ਲ ਨੇ ਸੁਣ ਲਿਆ ਤਾਂ ਉਸ ਨੇ ਗੁੱਸਾ ਕਰਨਾ ਹੈ। ਉਹ ਤੁਣਕ ਕੇ ਚਲੇ ਗਈ ਅਤੇ ਕੰਧ ਉੱਤੇ ਬੈਠੇ ਕਬੂਤਰਾਂ ਦਾ ਕੂਕਣਾ ਦੇਖਣ ਲੱਗੀ।

ਜਦੋਂ ਦਾ ਅਫ਼ਜ਼ਲ ਘਰ ਵਿੱਚ ਆਇਆ ਹੈ ਤਿੰਨੇ ਮਾਂ ਧੀਆਂ ਦਾ ਰੁਟੀਨ ਬਦਲ ਗਿਆ ਹੈ। ਸਾਝਰੇ ਉੱਠ ਕੇ ਫ਼ਜਰ ਦੀ ਨਮਾਜ਼ ਅਦਾ ਕਰਨਾ, ਤਲਾਵਤ ਕਰਨਾ ਤੇ ਫੇਰ ਘਰ ਦਾ ਕੰਮ ਨਬੇੜਨਾ। ਵਿੱਚ ਵਿੱਚ ਨਮਾਜ਼ ਤੇ ਅਫ਼ਜ਼ਲ ਦੀਆਂ ਤਕਰੀਰਾਂ। ਟੀ.ਵੀ. ਖ਼ਾਮੋਸ਼। ਰੇਡੀਓ ਬੰਦ। ਜ਼ਿਆਦਾ ਹੁੰਦਾ ਤਾਂ ਅੱਬੂ ਖ਼ਬਰਾਂ ਸੁਣ ਲੈਂਦੇ ਰੇਡੀਓ ਤੋਂ। ਲੱਗਦਾ ਹੈ ਜਿਵੇਂ ਸਾਰੇ ਰੰਗ ਹੀ ਖੋ ਗਏ ਹੋਣ। ਕਿੱਥੇ ਇੱਕ ਉਹ ਦਿਨ ਸਨ ਜਦੋਂ ਅਫ਼ਜ਼ਲ ਮੁਹੰਮਦ ਰਫ਼ੀ ਦੇ ਗਾਣੇ ਗਾ ਗਾ ਕੇ ਘਰ ਸਿਰ ’ਤੇ ਚੁੱਕ ਲੈਂਦਾ ਸੀ। ਅੰਮਾਂ ਚੀਕਦੀ ਰਹਿੰਦੀ, ‘‘ਓਏ! ਰਫ਼ੀਕ ਮੁਹੰਮਦ ਦੀ ਔਲਾਦ, ਬੱਸ ਵੀ ਕਰ।’’ ਉਹ ਚਿੜਾਉਂਦਿਆਂ ਆਖਦਾ, ‘‘ਅੰਮੀ, ਤੂੰ ਵੀ ਕਿਹੜਾ ਲਤਾ ਮੰਗੇਸ਼ਕਰ ਨਾਲੋਂ ਘੱਟ ਹੈਂ। ਗਾ ਕੇ ਤਾਂ ਵੇਖ, ਕਿੰਨਾ ਸਕੂਨ ਮਿਲਦਾ ਹੈ। ਸੰਗੀਤ ਤਾਂ ਦੁਨੀਆਂ ਦੀ ਰਗ ਰਗ ਵਿੱਚ ਹੈ।’’

‘‘ਬੱਸ ਰਹਿਣ ਦੇ ਤਾਨਸੇਨ ਦੀ ਔਲਾਦ।’’ ਅੱਬੂ ਹੱਸਦੇ ਰਹਿੰਦੇ। ਭੈਣਾਂ ਇਸ ਨੋਕ ਝੋਕ ਦਾ ਮਜ਼ਾ ਲੈਂਦੀਆਂ। ਉਹ ਦੌਰ ਹੁਣ ਸੁਪਨੇ ਜਿਹਾ ਲੱਗਦਾ। ਜਿਵੇਂ ਸਾਰੇ ਲੋਕ ਦਾਇਰਿਆਂ ਦੇ ਦਰਮਿਆਨ ਚਿਪਕਾ ਕੇ ਰੱਖ ਦਿੱਤੇ ਹਨ। ਜਿੱਥੋਂ ਕਿ ਉੱਠ ਕੇ ਜਾਣਾ ਮੁਸ਼ਕਿਲ ਹੋਵੇ। ਕਿੱਥੇ ਉਹ ਰੇਸ਼ਮ ਜਿਹੇ ਦਿਨ।

ਰਜ਼ੀਆ, ਸਕੀਲਾ ਰੋਜ਼ ਮੂੰਹ ਹਨੇਰੇ ਹੀ ਉੱਠਦੀਆਂ ਤੇ ਵੁਜੂ ਕਰਦਿਆਂ ਇੱਕ ਦੂਜੀ ਨੂੰ ਪੁੱਛਦੀਆਂ, ‘‘ਇਹ ਭਰਾ ਜੀ ਕਦੋਂ ਜਾਣਗੇ? ਸਾਡਾ ਤਾਂ ਕਾਲਜ ਵੀ ਛੁੱਟਿਆ ਪਿਆ ਹੈ।’’ ਇਸੇ ਤਰ੍ਹਾਂ ਦਿਨ ਬੀਤ ਰਹੇ ਸਨ।

ਅਫ਼ਜ਼ਲ ਨੂੰ ਆਇਆਂ ਲਗਭਗ ਨੌਂ ਦਿਨ ਹੋ ਗਏ ਸਨ। ਇਸ ਗੁਪਚੁੱਪ ਵਿੱਚ ਉਸ ਦਾ ਮਨ ਵੀ ਉਕਤਾਉਣ ਲੱਗਾ। ਕੋਈ ਮਿਲਣ ਗਿਲਣ ਵਾਲਾ ਆ ਜਾਂਦਾ ਤਾਂ ਘੜੀ ਭਰ ਉਸ ਦੇ ਨਾਲ ਬੈਠ ਜਾਂਦਾ, ਬਾਕੀ ਸਮਾਂ ਖ਼ਾਮੋਸ਼ ਹੀ ਰਹਿੰਦਾ। ਕਦੇ ਕਦੇ ਉਸ ਨੂੰ ਭੈਣਾਂ ਦੇ ਬੇਲੌਸ ਠਹਾਕੇ ਯਾਦ ਆਉਂਦੇ ਜਿਹੜੇ ਹੁਣ ਪਤਾ ਨਹੀਂ ਕਿਹੜੇ ਸਮੁੰਦਰ ਵਿੱਚ ਗਰਕ ਗਏ ਸਨ। ਉਹ ਖ਼ੁਦ ਵੀ ਆਪਣੇ ਆਪ ਦੇ ਖੋਲ ਤੋਂ ਬਾਹਰ ਨਾ ਨਿਕਲ ਸਕਿਆ। ਆਪਣੇ ਆਲੇ-ਦੁਆਲੇ ਉਸ ਨੇ ਅਜਿਹਾ ਘੇਰਾ ਬਣਾ ਲਿਆ ਜਿਸ ਨੂੰ ਉਲੰਘ ਜਾਣਾ ਉਸਦੇ ਵੱਸੋਂ ਬਾਹਰ ਸੀ। ਨਾ ਹੀ ਭੈਣਾਂ ਵਿੱਚ ਇੰਨੀ ਹਿੰਮਤ ਸੀ ਕਿ ਉਹ ਇਸ ਦਾਇਰੇ ਨੂੰ ਤੋੜ ਸਕਦੀਆਂ। ਅੰਮਾਂ ਵੀ ਬਹੁਤ ਸੰਭਲ ਸੰਭਲ ਕੇ ਰਹਿੰਦੀ। ਅੱਬੂ ਆਉਂਦੇ ਤਾਂ ਰੇਡੀਓ ਲੈ ਕੇ ਆਪਣੇ ਕਮਰੇ ਵਿੱਚ ਚਲੇ ਜਾਂਦੇ। ਕੁਝ ਦੇਰ ਖ਼ਬਰਾਂ ਸੁਣਦੇ ਫੇਰ ਚਾਦਰ ਲਪੇਟ ਕੇ ਸੌਂ ਜਾਂਦੇ। ਘਰ ਉੱਤੇ ਅਜੀਬ ਸੁੰਨ ਤਾਰੀ ਸੀ।

ਠੀਕ ਬਾਰ੍ਹਵੇਂ ਦਿਨ ਅਫ਼ਜ਼ਲ ਅੱਬੂ ਦੇ ਕਮਰੇ ਵਿੱਚ ਆਇਆ ਤੇ ਬੋਲਿਆ, ‘‘ਅੱਬੂ, ਮੈਂ ਸਵੇਰੇ ਨਿਕਲ ਰਿਹਾ ਹਾਂ। ਮਦਰਸੇ ਤੋਂ ਫੋਨ ਆਇਆ ਹੈ, ਫੌਰਨ ਜਾਣਾ ਪਵੇਗਾ।’’

ਅੱਬੂ ਸਮਝ ਗਏ ਕਿ ਹੁਣ ਅਫ਼ਜ਼ਲ ਖ਼ੁਦ ਵੀ ਉਕਤਾ ਗਿਆ ਹੈ। ਉਹ ਵੀ ਹੁਣ ਇੱਥੋਂ ਦੌੜਨਾ ਚਾਹੁੰਦਾ ਹੈ। ਫੇਰ ਵੀ ਉਸ ਨੇ ਕਿਹਾ, ‘‘ਕਿਉਂ...? ਕੁਝ ਦਿਨ ਹੋਰ ਠਹਿਰ ਜਾਂਦਾ ਜੇਕਰ ਛੁੱਟੀ ਮਿਲਦੀ ਹੈ ਤਾਂ। ਹੁਣ ਪਤਾ ਨਹੀਂ ਕਦੋਂ ਆਉਣਾ ਹੋਵੇਗਾ।’’

‘‘ਨਹੀਂ, ਅੱਬੂ। ਹੁਣ ਮੈਨੂੰ ਜਾਣਾ ਹੀ ਪੈਣਾ ਹੈ। ਫਰਜ਼ਾਨਾ ਨਾਲ ਕਾਫ਼ੀ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋ ਨਹੀਂ ਸਕੀ। ਉਸ ਨੇ ਕਿਸੇ ਤੋਂ ਕੁਹਾਇਆ ਵੀ ਹੈ ਕਿ ਇੱਕ ਸੂਰਤ ਵਿੱਚ ਹੀ ਗੱਲ ਕਰ ਸਕਦੀ ਹੈ ਜੇਕਰ ਮੈਂ ਪੁਰਾਣੇ ਰਸਤੇ ’ਤੇ ਪਰਤ ਆਵਾਂ। ਇਹ ਸ਼ਾਇਦ ਹੁਣ ਮੇਰੇ ਲਈ ਮੁਮਕਿਨ ਨਹੀਂ। ਇਸੇ ਕਰਕੇ ਤੁਸੀਂ ਖਾਲਾ ਨੂੰ ਆਖ ਦੇਣਾ ਕਿ ਉਹ ਰਿਸ਼ਤਾ ਕਿਤੇ ਹੋਰ ਕਰਨ ਲਈ ਆਜ਼ਾਦ ਹਨ।’’

‘‘ਠੀਕ ਹੈ, ਜਿਸ ਵਿੱਚ ਤੇਰੀ ਬਿਹਤਰੀ ਹੋਵੇ, ਉਹੀ ਕਰ। ਤੂੰ ਵੀ ਸਮਝਦਾਰ ਹੈਂ। ਮੈਂ ਆਖ ਦਿਆਂਗਾ।’’

ਉਸ ਦੇ ਜਾਣ ਬਾਰੇ ਸੁਣ ਕੇ ਅੰਮਾਂ ਹਾਲਾਂਕਿ ਅੰਦਰੋਂ ਕਾਫ਼ੀ ਬੁਝ ਜਹੀ ਗਈ ਸੀ ਪਰ ਕਿਹਾ ਕੁਝ ਨਹੀਂ।

ਭੈਣਾਂ ਨੂੰ ਲੱਗਿਆ ਜਿਵੇਂ ਕੋਈ ਠੰਢੀ ਫੁਹਾਰ ਜਿਹੀ ਆ ਕੇ ਉਨ੍ਹਾਂ ਦੀਆਂ ਅੱਖਾਂ ਭਿਉਂ ਗਈ।

- ਪੰਜਾਬੀ ਰੂਪ: ਗੁਰਮਾਨ ਸੈਣੀ

ਸੰਪਰਕ: 92563-46906; 83604-87488

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All