ਭੁਪਿੰਦਰ ਸਿੰਘ ਪੰਛੀ
‘ਬੇਬੇ… ਛੁੱਨਾ, ਭਾਂਬੂ, ਗਿੰਦਾ, ਦਰਸ਼ੀ ਸਭ ਚਲੇ ਗਏ ਨੇ ਮੱਝਾਂ ਲੈ ਕੇ… ਮੈਂ ਪਿੱਛੇ ਰਹਿ ਗਿਆ ਹਾਂ। … ਮੇਰਾ ਝੱਗਾ ਨਹੀਂ ਲੱਭਣ ਡਿਆ… ਛੇਤੀ ਛੇਤੀ ਲੱਭ ਕੇ ਦੇ… ਮੈਂ ਜਾਣਾ ਹੈ ਮੱਝੀਆਂ ਲੈ ਕੇ…।’’
‘‘…ਤੇਰਾ ਹਰ ਵੇਲੇ ਚੀਕ ਚਿਹਾੜਾ ਹੀ ਰਹਿੰਦਾ ਏ… ਕਦੇ ਤੇਰਾ ਪਜਾਮਾ ਗੁਆਚ ਜਾਂਦਾ… ਕਦੇ ਤੇਰਾ ਝੱਗਾ ਗੁਆਚ ਜਾਂਦਾ ਹੈ… ਛਿੱਤਰ ਖਾਣੇ ਨੇ ਤੂੰ… ਇਸੇ ਤਰ੍ਹਾਂ ਹੀ ਚਲਿਆ ਜਾ ਝੱਗੇ ਤੋਂ ਬਗੈਰ…।’’ ਬੇਬੇ ਗੋਹਾ ਸੁੱਟਦੀ ਸੁੱਟਦੀ ਪਹਿਲਾਂ ਹੀ ਬਹੁਤ ਖਪੀ ਹੋਈ ਸੀ।
‘‘…ਬੇਬੇ ਧੁੱਪ ਲੱਗਦੀ ਆ’’ ‘‘…ਕੋਈ ਗੱਲ ਨਹੀਂ ਕਿਸੇ ਰੁੱਖ ਹੇਠਾਂ ਖੜੋ ਜਾਵੀਂ… ਵੱਡਾ ਅੰਗਰੇਜ਼ ਆ ਗਿਆ ਤੂੰ… ਜਿਹੜੀ ਤੈਨੂੰ ਧੁੱਪ ਲੱਗਦੀ ਐ…’’ ‘‘ਪਰ ਬੇਬੇ ਜੇ ਮੱਝਾਂ ਕਿਸੇ ਦੀ ਫ਼ਸਲ ਵਿੱਚ ਪੈ ਗਈਆਂ ਤਾਂ ਡੱਕਣੀਆਂ ਤਾਂ ਪੈਣੀਆਂ ਹੀ ਹਨ… ਉਸ ਵੇਲੇ ਧੁੱਪ ਲੱਗੇਗੀ… ਰੁੱਖ ਨੇ ਮੇਰੇ ਨਾਲ ਨਹੀਂ ਤੁਰਨਾ…’’ ‘‘ਤੂੰ ਜੁੱਤੀਆਂ ਖਾਣੀਆਂ ਨੇ ਜਾਂ ਝੱਗਾ ਪਾਉਣੈ? ਬੰਦੇ ਦਾ ਪੁੱਤ ਬਣ ਡਾਂਡੇ ਬੀਂਡੇ ਹੋ ਜਾ…।’’
ਬੇਬੇ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ। ਇਸ ਲਈ ਕਈ ਵਾਰ ਬੇਬੇ ਦੀ ਮਾਰ ਤੋਂ ਡਰਦਾ ਮੈਂ ਬਿਨਾਂ ਝੱਗੇ ਤੋਂ ਹੀ ਮੱਝਾਂ ਚਾਰਨ ਚਲਾ ਜਾਂਦਾ ਸੀ।
ਮੈਂ ਬੇਬੇ ਨੂੰ ਸਾਰੀ ਉਮਰ ਨਵਾਂ ਝੱਗਾ ਪਾਇਆਂ ਬਹੁਤ ਘੱਟ ਦੇਖਿਆ ਸੀ। ਉਸ ਨੇ ਸਾਰੀ ਉਮਰ ਬਾਪੂ ਦੇ ਘਸੇ ਹੋਏ ਝੱਗੇ ਹੀ ਪਾਏ ਸਨ। ਜਦੋਂ ਬਾਪੂ ਦਾ ਝੱਗਾ ਘਸ ਜਾਂਦਾ ਸੀ, ਉਹ ਬੇਬੇ ਨੂੰ ਦੇ ਦਿੰਦਾ ਸੀ ਅਤੇ ਆਪ ਨਵਾਂ ਸੰਵਾ ਲੈਂਦਾ ਸੀ। ਬੇਬੇ ਵੀ ਬਾਪੂ ਦੇ ਘਸੇ ਹੋਏ ਝੱਗੇ ਨੂੰ ਨਵੇਂ ਝੱਗੇ ਦੇ ਚਾਅ ਨਾਲੋਂ ਜ਼ਿਆਦਾ ਚਾਅ ਨਾਲ ਪਾਉਂਦੀ ਸੀ। ਕਈ ਵਾਰ ਜਦੋਂ ਬਾਪੂ ਘਰ ਨਹੀਂ ਸੀ ਹੁੰਦਾ ਤਾਂ ਉਹ ਬਾਪੂ ਦਾ ਨਵਾਂ ਝੱਗਾ ਵੀ ਪਾ ਲੈਂਦੀ ਸੀ। ਫਿਰ ਬਾਪੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਤਾਰ ਦਿੰਦੀ ਸੀ।
ਬੇਬੇ ਦੇ ਚਾਵਾਂ ਨੂੰ ਪਤਾ ਨਹੀਂ ਕਦੋਂ ਦੇ ਖੰਭ ਲੱਗ ਗਏ ਸਨ। ਉਸ ਦੇ ਚਾਅ, ਉਸ ਦੀਆਂ ਸੱਧਰਾਂ ਕਦੋਂ ਦੀਆਂ ਉੱਡਣ ਲੱਗ ਪਈਆਂ, ਪਤਾ ਹੀ ਨਾ ਲੱਗਾ। ਮੈਂ ਮੱਝਾਂ ਚਾਰਦਾ ਚਾਰਦਾ ਪਤਾ ਨਹੀਂ ਕਦੋਂ ਕਿਸੇ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ, ਇਹ ਵੀ ਪਤਾ ਹੀ ਨਾ ਲੱਗਾ। ਮੈਂ ਪਿੰਡ ਛੱਡ ਕੇ ਸ਼ਹਿਰ ਵਿੱਚ ਪਤਾ ਨਹੀਂ ਕਦੋਂ ਦਾ ਇੱਕ ਮਹਿਲਨੁਮਾ ਘਰ ਬਣਾ ਲਿਆ ਸੀ ਇਹ ਵੀ ਪਤਾ ਨਾ ਲੱਗਾ।
‘‘…ਮੈਂ ਕਿਹਾ ਸਰਦਾਰ ਜੀ ਹੈਪੀ ਬਰਥ ਡੇ… ਮੈਂ ਕਿਹਾ ਸੁਣਦੇ ਹੋ ਜਨਮ ਦਿਨ ਮੁਬਾਰਕ… ਹੈਪੀ ਬਰਥ ਡੇ ਪਾਪਾ… ਕੀ ਹੋਇਆ ਸਰਦਾਰ ਜੀ? ਅੱਜ ਡਰਾਇੰਗ ਰੂਮ ਵਿੱਚ ਹੀ ਸੋਫੇ ਉੱਪਰ ਅੱਖ ਲੱਗ ਗਈ ਹੈ… ਉਹ ਵੀ ਏਨੀ ਗੂੜ੍ਹੀ… ਉੱਠੋ…।’’
ਬੱਚਿਆਂ ਅਤੇ ਸ੍ਰੀਮਤੀ ਜੀ ਨੇ ਮੈਨੂੰ ਜ਼ੋਰਦਾਰ ਹਲੂਣਾ ਮਾਰਿਆ। ਮੈਂ ਅਧਕੱਚੀ ਨੀਂਦ ਵਿੱਚੋਂ ਬਾਹਰ ਆਇਆ। ਉਹ ਬੋਲੀ, ‘‘…ਮੈਂ ਤੁਹਾਡੇ ਲਈ ਝੱਗਾ ਲੈ ਕੇ ਆਈ ਹਾਂ …ਜਨਮ ਦਿਨ ਦਾ ਤੋਹਫਾ।’’ ‘ਝੱਗਾ’ ਸ਼ਬਦ ਸੁਣ ਕੇ ਪਿਛਲੇ ਸਾਲ ਪੈਦਾ ਹੋਈ ਸਥਿਤੀ ਵੱਲ ਮੈਂ ਮੁੜ ਗਿਆ ਸੀ…
‘‘…ਨਾ ਕੁੜੇ ਤੇਰਾ ਡਮਾਗ ਖ਼ਰਾਬ ਹੋ ਗਿਐ…!!! ਤੂੰ ਤਾਂ ਆਖਦੀ ਏਂ ਮੈਂ ਪੰਦਰਵੀਂ ਸੋਲਵੀਂ ਜਮਾਤ ਨੂੰ ਪੜ੍ਹਾਉਂਦੀ ਹਾਂ… ਨਾ ਕੁੜੇ ਪੰਝੀ ਸੌ ਰੁਪਏ ਦਾ ਝੱਗਾ… ਮੈਂ ਸਾਰੀ ਉਮਰ ਤੇਰੇ ਬਾਪੂ ਦੇ ਲੱਥੇ ਹੋਏ ਝੱਗੇ ਹੀ ਪਾਏ ਨੇ… ਪੰਜੀ ਸੌ ਰੁਪਏ ਵਿੱਚ ਤਾਂ ਪੂਰੇ ਵਿਆਹ ਦੀ ਵਰੀ ਬਣ ਕੇ ਵੀ ਪੈਸੇ ਬਚ ਜਾਂਦੇ ਨੇ… ਤੂੰ ਪੰਜੀ ਸੌ ਰੁਪਏ ਦਾ ਝੱਗਾ ਲੈ ਕੇ ਆਈ ਹੈਂ… ਉਏ ਮੁੰਡਿਆ ਇਹ ਤਾਂ ਪੜ੍ਹ ਪੜ੍ਹ ਕੇ ਸ਼ੁਦੈਣ ਹੋ ਗਈ ਹੈ… ਤੂੰ ਹੀ ਇਸ ਨੂੰ ਕੁਝ ਸਮਝਾ… ਕਿਉਂ ਉਜਾੜਾ ਕਰਨ ਡਹੇ ਹੋਏ ਓ ਘਰ ਦਾ…।’’
‘‘…ਬੇਬੇ ਤੇਰਾ ਮੁੰਡਾ ਹੁਣ ਮੱਝੀਆਂ ਚਾਰਨ ਨਹੀਂ ਜਾਂਦਾ… ਕਾਲਜ ਵਿੱਚ ਪੜ੍ਹਾਉਣ ਜਾਂਦਾ ਹੈ… ਇਸ ਲਈ ਹੁਣ ਉਸ ਦਾ ਝੱਗਾ ਮਹਿੰਗਾ ਹੋ ਗਿਆ ਹੈ… ਮੇਰਾ ਤਾਂ ਜੀਅ ਕਰਦਾ ਹੈ ਕਿ ਮੈਂ ਬੇਬੇ ਨੂੰ ਬਲੇਜ਼ਰ ਅਤੇ ਪੈਂਟ ਦਾ ਰੇਟ ਵੀ ਦੱਸ ਦਿਆਂ, ਫਿਰ ਤਾਂ ਘਰ ਵਿੱਚ ਭੂਚਾਲ ਹੀ ਆ ਜਾਣਾ ਹੈ…।’’
ਹੁਣ ਸ੍ਰੀਮਤੀ ਜੀ ਦਾ ਧਿਆਨ ਮੇਰੇ ਵੱਲ ਸੀ ਅਤੇ ਮੈਂ ਬੜੀ ਮੁਸ਼ਕਿਲ ਨਾਲ ਮੂੰਹ ਉੱਤੇ ਉਂਗਲ ਰੱਖਣ ਦਾ ਇਸ਼ਾਰਾ ਕੀਤਾ ਸੀ।
‘‘…ਕੀ ਹੋ ਗਿਆ ਤੁਹਾਨੂੰ… ਪਤਾ ਹੀ ਨਹੀਂ ਲੱਗਦਾ ਕਿਧਰ ਗੁਆਚ ਜਾਂਦੇ ਹੋ ਤੁਸੀਂ। …ਤੁਸੀਂ ਹੁਣ ਮੈਨੂੰ ਸ਼ਰਟ ਪਾ ਕੇ ਦਿਖਾਓ…’’ ਇਹ ਕਹਿ ਕੇ ਸ੍ਰੀਮਤੀ ਜੀ ਰਸੋਈ ਵੱਲ ਚਲੇ ਗਏ।
ਨਵੀਂ ਕਮੀਜ਼ ਪ੍ਰੈੱਸ ਕਰ ਕੇ ਅਲਮਾਰੀ ਵਿੱਚ ਰੱਖਣ ਹੀ ਲੱਗਾ ਸਾਂ ਕਿ ਬਾਕੀ ਕੱਪੜਿਆਂ ਦੇ ਨਾਲ ਟੰਗਿਆ ਹੋਇਆ ਬੇਬੇ ਦਾ ਝੱਗਾ ਵੀ ਦਿਖਾਈ ਦਿੱਤਾ।
‘‘…ਨਾ ਕਾਕਾ ਏਨਾ ਮਹਿੰਗਾ ਝੱਗਾ…।’’ ਮੇਰੇ ਕੰਨਾਂ ਵਿੱਚ ਅਚਾਨਕ ਬੇਬੇ ਦੀ ਆਵਾਜ਼ ਗੂੰਜੀ ਅਤੇ ਮੈਂ ਅਲਮਾਰੀ ਦੇ ਸ਼ੀਸ਼ੇ ਸਾਹਮਣੇ ਖੜ੍ਹਾ ਜ਼ਾਰੋ-ਜ਼ਾਰ ਰੋ ਪਿਆ। ਮੇਰਾ ਦਿਲ ਕਰਦਾ ਸੀ ਕਿ ਮੈਂ ਬੇਬੇ ਦਾ ਝੱਗਾ ਪਾ ਕੇ ਪਿੰਡ ਚਲਾ ਜਾਵਾਂ। ਜਾ ਕੇ ਮੱਝਾਂ ਚਾਰਾਂ। ਬੇਬੇ ਦੀਆਂ ਝਿੜਕਾਂ ਖਾਵਾਂ। ਮਹਿੰਗੇ ਮਹਿੰਗੇ ਬਲੇਜ਼ਰ ਪੈਂਟ ਕੋਟ ਮੈਨੂੰ ਖਾਣ ਪੈ ਰਹੇ ਸਨ। ਬੇਬੇ ਦੇ ਝੱਗੇ ਨੇ ਤਾਂ ਹੀ ਇੱਥੋਂ ਤੱਕ ਪਹੁੰਚਾਇਆ ਸੀ।
ਅੱਜ ਬੇਬੇ ਮੇਰੇ ਕੋਲ ਨਹੀਂ ਸੀ, ਪਰ ਉਸ ਦਾ ਝੱਗਾ ਬੇਬੇ ਬਣ ਕੇ ਹੀ ਮੇਰੀ ਅਗਵਾਈ ਕਰਦਾ ਸੀ, ਮੈਨੂੰ ਹਰ ਮੋੜ ’ਤੇ ਅਕਲ ਦਿੰਦਾ ਸੀ। ਬੇਬੇ ਦਾ ਝੱਗਾ ਅੱਖਾਂ ਨਾਲ ਲਾ ਮੇਰੀਆਂ ਭੁੱਬਾਂ ਨਿਕਲ ਗਈਆਂ ਸਨ। ਮੇਰੀ ਛੋਟੀ ਜਿਹੀ ਧੀ ਮੇਰੇ ਹੰਝੂ ਪੂੰਝਦੀ ਹੋਈ ਮੇਰੀ ਬੇਬੇ ਬਣਨ ਦਾ ਸਫ਼ਲ ਯਤਨ ਕਰ ਰਹੀ ਸੀ।
ਸੰਪਰਕ: 98559-91055