ਜਿੱਤ ਦਾ ਭਰੋਸਾ

ਜਿੱਤ ਦਾ ਭਰੋਸਾ

ਨਰਿੰਦਰ ਸਿੰਘ ਕਪੂਰ

ਸਫ਼ਲ ਹੋਣ ਦੇ ਵਿਸ਼ਵਾਸ ਅਤੇ ਆਸ ਨੂੰ ਹੀ ਜਿੱਤ ਦਾ ਭਰੋਸਾ ਕਹਿੰਦੇ ਹਨ। ਵਿਸ਼ਵਾਸ ਅਤੇ ਆਸ ਤੋਂ ਬਿਨਾਂ ਭਵਿੱਖ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਭਵਿੱਖ ਦੇ ਭਰੋਸੇ ਤੋਂ ਬਿਨਾਂ ਜੀਵਨ ਦੀ ਕੋਈ ਦਿਸ਼ਾ ਨਹੀਂ ਹੁੰਦੀ। ਸਦਾ ਚੜ੍ਹਦੀਕਲਾ ਵਿਚ ਰਹਿਣ ਵਾਲੇ ਸਭ ਦੁਸ਼ਵਾਰੀਆਂ ਦੇ ਬਾਵਜੂਦ ਜੇਤੂ ਹੀ ਅਖਵਾਉਂਦੇ ਹਨ। 

ਦ੍ਰਿਸ਼ਟੀਕੋਣ 

ਕਿਸੇ ਅੰਦੋਲਨ, ਮੁਹਿੰਮ, ਯੁੱਧ ਵਿਚ ਜਿੱਤ ਹੋਵੇ ਨਾ ਹੋਵੇ ਪਰ ਜਿੱਤ ਦਾ ਭਰੋਸਾ ਹੋਣਾ ਜ਼ਰੂਰੀ ਹੁੰਦਾ ਹੈ। ਬਹਾਦਰੀ ਜਿੱਤਣ ਵਿਚ ਨਹੀਂ ਹੁੰਦੀ, ਹਾਰ ਨਾ ਮੰਨਣ ਵਿਚ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਬਹਾਦਰ ਸਨ ਕਿਉਂਕਿ ਉਨ੍ਹਾਂ ਨੇ ਹਾਰਾਂ, ਅਸਫ਼ਲਤਾਵਾਂ, ਘਾਟਿਆਂ, ਮਾਯੂਸੀਆਂ, ਬਿਪਤਾਵਾਂ, ਵਿਛੋੜਿਆਂ ਦੇ ਬਾਵਜੂਦ ਹਾਰ ਨਹੀਂ ਸੀ ਮੰਨੀ। ਇਸ ਅਵਸਥਾ ਨੂੰ ਚੜ੍ਹਦੀਕਲਾ ਕਹਿੰਦੇ ਹਨ। ਘੱਲੂਕਾਰਿਆਂ, ਨਸਲਕੁਸ਼ੀਆਂ, ਫਾਂਸੀਆਂ, ਕਾਲੇਪਾਣੀਆਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਦਾ ਸਿਰਜਿਆ ਪੰਥ ਚੜ੍ਹਦੀਕਲਾ ਵਿਚ ਰਹਿੰਦਾ ਹੈ। ਇਸ ਚੜ੍ਹਦੀਕਲਾ ਕਾਰਨ ਹੀ ਜਿੱਤ ਹੋਵੇ, ਹਾਰ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਆਨੰਦ ਸਾਹਿਬ ਗਾਇਆ ਜਾਂਦਾ ਹੈ। ਜ਼ਿੰਦਗੀ ਆਪਣੇ ਆਪ ਵਿਚ ਇਕ ਜੱਦੋਜਹਿਦ ਹੈ। ਜੱਦੋਜਹਿਦ ਅਤੇ ਸੰਗਰਾਮ ਨਾਲ ਜ਼ਿੰਦਗੀ ਦਿਲਚਸਪ ਹੋ ਜਾਂਦੀ ਹੈ। ਯੁੱਧ ਜਾਂ ਸੰਗਰਾਮ ਦੌਰਾਨ ਲਿੰਗ ਕੋਈ ਹੋਵੇ, ਹਰ ਕੋਈ ਮਰਦ ਬਣ ਜਾਂਦਾ ਹੈ। ਯੁੱਧ ਅਤੇ ਅੰਦੋਲਨ ਵਿਚ ਬਿਮਾਰ ਕੋਈ ਨਹੀਂ ਪੈਂਦਾ, ਸ਼ਹੀਦ ਅਨੇਕਾਂ ਹੁੰਦੇ ਹਨ। ਅੰਦੋਲਨ ਵਿਚ ਹਰ ਪਲ ਅਰਥਪੂਰਨ ਹੋ ਜਾਂਦਾ ਹੈ, ਸੋਚ ਬਦਲ ਜਾਂਦੀ ਹੈ, ਆਵਾਜ਼ ਵੀ ਬਦਲ ਜਾਂਦੀ ਹੈ। ਨਾਅਰੇ ਅਤੇ ਜੈਕਾਰੇ ਗੂੰਜਣ ਲੱਗ ਪੈਂਦੇ ਹਨ, ਹਰ ਕੋਈ ਜਥੇਬੰਦ ਅਤੇ ਲਾਮਬੰਦ ਹੋ ਜਾਂਦਾ ਹੈ। 

ਸਫ਼ਲ ਹੋਣ ਦੇ ਵਿਸ਼ਵਾਸ ਅਤੇ ਆਸ ਨੂੰ ਹੀ ਜਿੱਤ ਦਾ ਭਰੋਸਾ ਕਹਿੰਦੇ ਹਨ। ਵਿਸ਼ਵਾਸ ਅਤੇ ਆਸ ਤੋਂ ਬਿਨਾਂ ਭਵਿੱਖ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਭਵਿੱਖ ਦੇ ਭਰੋਸੇ ਤੋਂ ਬਿਨਾਂ ਜੀਵਨ ਦੀ ਕੋਈ ਦਿਸ਼ਾ ਨਹੀਂ ਹੁੰਦੀ। ਜਿੱਤ ਦੇ ਭਰੋਸੇ ਨਾਲ ਹੀ ਆਗੂ ਬਗ਼ਾਵਤਾਂ ਨੂੰ ਇਨਕਲਾਬ ਅਤੇ ਮੋਰਚਿਆਂ ਨੂੰ ਇਤਿਹਾਸਕ ਸੰਗਰਾਮ ਬਣਾ ਦਿੰਦੇ ਹਨ ਜਦੋਂਕਿ ਦੁਚਿੱਤੀਆਂ ਕਾਰਨ ਇਨਕਲਾਬ ਨੂੰ ਬਗ਼ਾਵਤ ਦੱਸ ਕੇ ਕੁਚਲ ਦਿੱਤਾ ਜਾਂਦਾ ਹੈ। ਜਿੱਤਦਾ, ਜਿੱਤ ਦਾ ਭਰੋਸਾ ਹੈ, ਹਾਰਦੀ ਦੁਚਿੱਤੀ ਅਤੇ ਆਪਸੀ ਫੁੱਟ ਹੈ। ਆਗੂਆਂ ਤੋਂ ਬਿਨਾਂ ਬੜੀਆਂ ਮਹੱਤਵਪੂਰਨ ਘਟਨਾਵਾਂ, ਹਾਦਸੇ ਹੋ ਨਿਬੜਦੀਆਂ ਹਨ। ਆਦਰਸ਼ਹੀਣ ਅਤੇ ਉਦੇਸ਼ਹੀਣ ਵਿਅਕਤੀ ਟੁਰਦਾ ਤਾਂ ਹੈ, ਪਰ ਚਲਦਾ ਨਹੀਂ; ਉੱਠਦਾ ਤਾਂ ਹੈ, ਪਰ ਜਾਗਦਾ ਨਹੀਂ; ਰੁਕਦਾ ਹੀ ਹੈ, ਪਹੁੰਚਦਾ ਨਹੀਂ। ਆਗੂ ਬਹਾਦਰ ਹੁੰਦਾ ਹੈ, ਬਹਾਦਰ ਹੋਣ ਕਰਕੇ ਉਸ ਨੂੰ ਆਗੂ ਮੰਨ ਲਿਆ ਜਾਂਦਾ ਹੈ। ਆਗੂ ਹੋਣ ਕਰਕੇ ਉਹ ਅੱਗੇ ਰਹਿੰਦਾ ਹੈ, ਅੱਗੇ ਰਹਿਣ ਕਰਕੇ ਹੀ ਉਸ ਨੂੰ ਆਗੂ ਕਿਹਾ ਜਾਂਦਾ ਹੈ ਅਤੇ ਉਸ ਦੀ ਵਿਸ਼ੇਸ਼ ਪਛਾਣ ਸਥਾਪਤ ਹੁੰਦੀ ਹੈ। ਬਹਾਦਰ ਵਿਅਕਤੀ, ਵਿਰੋਧੀ ਨੂੰ ਹਰਾਉਣ ਤੋਂ ਪਹਿਲਾਂ ਆਪਣੇ ਸੰਸਿਆਂ ਨੂੰ ਜਿੱਤਿਆ ਕਰਦੇ ਹਨ। ਕੋਈ ਵੀ ਵਿਅਕਤੀ ਸਰੀਰਕ ਜਾਂ ਬੌਧਿਕ ਬਹਾਦਰੀ ਤੋਂ ਬਿਨਾਂ ਮਹਾਨ ਨਹੀਂ ਬਣਦਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬਹਾਦਰਾਂ ਅਤੇ ਜੇਤੂਆਂ ਦੇ ਕਾਰਨਾਮੇ ਬੋਲਦੇ ਹਨ। ਬਹਾਦਰ ਵਿਅਕਤੀ ਕੋਲ ਜਿੱਤਣ ਦੀ ਵਿਉਂਤ ਹੁੰਦੀ ਹੈ। ਬਹਾਦਰੀ ਅਤੇ ਯੁੱਧ ਦੇ ਪੱਖੋਂ ਸਿਕੰਦਰ ਪਹਿਲਾ ਸੀ ਜਿਸ ਦੇ ਨਾਂ ਨਾਲ ਮਹਾਨ ਦਾ ਵਿਸ਼ੇਸ਼ਣ ਜੁੜਿਆ ਹੈ। ਉਸ ਦੀ ਮਹਾਨਤਾ ਇਸ ਗੱਲ ਵਿਚ ਸੀ ਕਿ ਸੰਸਾਰ ਵਿਚ ਉਹ ਪਹਿਲਾ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਵੇਖਿਆ ਸੀ। ਸਿਕੰਦਰ ਨੇ ਹਰੇਕ ਯੁੱਧ ਜਿੱਤਿਆ ਸੀ। ਉਸ ਕੋਲ ਜਿੱਤ ਦਾ ਪੈਂਤੜਾ ਸੀ। ਉਹ ਆਪਣੀ ਫ਼ੌਜ ਨਾਲ ਅੱਗੇ ਲੰਘ ਕੇ ਵਿਰੋਧੀ ਫ਼ੌਜ ਤੋਂ ਆਪਣੀ ਫ਼ੌਜ ਦਾ ਪਿੱਛਾ ਕਰਵਾਉਂਦਾ ਸੀ ਅਤੇ ਉਸ ਤੰਗ ਮੈਦਾਨ ਵਿਚ ਪਹੁੰਚ ਜਾਂਦਾ ਸੀ ਜਿੱਥੇ ਉਹ ਆਪਣੀ ਘੋੜ ਸਵਾਰ ਫ਼ੌਜ ਦੀ ਵਰਤੋਂ ਕਰਕੇ, ਇਕ ਦਿਨ ਵਿਚ ਜਿੱਤ ਪ੍ਰਾਪਤ ਕਰ ਲੈਂਦਾ ਸੀ। ਇਵੇਂ ਉਹ ਪਿੱਛਾ ਕਰ ਰਹੀ ਫ਼ੌਜ ਦੇ ਵੱਡੇ ਹਿੱਸੇ ਨੂੰ ਲੜਨ ਦਾ ਅਵਸਰ ਹੀ ਨਹੀਂ ਸੀ ਦਿੰਦਾ। ਭਾਰਤ ਵਿਚ ਜਿਸ ਨੇ ਵੀ ਯੁੱਧ ਵਿਚ ਹਾਥੀ ਵਰਤੇ ਹਨ, ਉਹ ਹਾਰਿਆ ਹੈ। ਚੁਸਤੀ ਅਤੇ ਫੁਰਤੀ ਜੇਤੂ ਯੋਧੇ, ਆਗੂ ਅਤੇ ਖਿਡਾਰੀ ਦਾ ਲੱਛਣ ਹੁੰਦਾ ਹੈ। 

ਬਹਾਦਰ ਅਤੇ ਸਿਆਣਾ ਆਗੂ ਸੁਣਦਾ ਸਾਰਿਆਂ ਨੂੰ ਹੈ, ਪਰ ਸੋਚਦਾ ਆਪ ਹੈ। ਉਹ ਸੰਸਿਆਂ ਅਤੇ ਦੁਚਿੱਤੀਆਂ ਤੋਂ ਮੁਕਤ ਹੁੰਦਾ ਹੈ ਕਿਉਂਕਿ ਦੁਚਿੱਤੀ ਵਿਚ ਹਾਂ ਅਤੇ ਨਾਂਹ ਦੋਹਾਂ ਤੋਂ ਡਰ ਲੱਗਦਾ ਹੈ। ਨਿਪੁੰਨ ਆਗੂ ਆਲੋਚਨਾ ਤੋਂ ਨਹੀਂ ਡਰਦੇ ਸਗੋਂ ਆਲੋਚਨਾ ਨੂੰ ਧਿਆਨ ਨਾਲ ਸੁਣਦੇ ਹਨ। ਇਤਿਹਾਸ ਦੱਸਦਾ ਹੈ ਕਿ ਆਲੋਚਨਾ ਤੋਂ ਬਿਨਾਂ ਮਨੁੱਖ ਨੇ ਸਿਆਣਾ, ਸਭਿਅਕ ਅਤੇ ਦਲੇਰ ਨਹੀਂ ਸੀ ਬਣਨਾ। ਵਿਹਾਰਕ ਅਨੁਭਵ ਸਾਬਤ ਕਰਦਾ ਹੈ ਕਿ ਜਦੋਂ ਸਾਰੇ ਤੁਹਾਡੇ ਨਾਲ ਸਹਿਮਤ ਹੁੰਦੇ ਹਨ, ਉਦੋਂ ਤੁਹਾਨੂੰ ਆਪਣੇ ਗ਼ਲਤ ਹੋਣ ਦੀ ਸੋਝੀ ਹੁੰਦੀ ਹੈ। ਜਦੋਂ ਮਨੁੱਖ ਵਰਤਮਾਨ ਸਥਿਤੀ ਨਾਲ ਅਸੰਤੁਸ਼ਟ ਹੁੰਦਾ ਹੈ, ਉਦੋਂ ਹੀ ਉਹ ਸੋਚਦਾ ਹੈ। ਜਦੋਂ ਉਹ ਸੋਚਦਾ ਹੈ, ਉਦੋਂ ਹੀ ਸਿਆਣਾ ਬਣਦਾ ਅਤੇ ਵਿਕਾਸ ਕਰਦਾ ਹੈ। ਸੁਤੰਤਰਤਾ ਸੰਗਰਾਮੀਆਂ ਦੀ ਬਹਾਦਰੀ ਅਤੇ ਦੂਰ-ਅੰਦੇਸ਼ ਸਿਆਣਪ ਇਸ ਗੱਲ ਵਿਚ ਸੀ ਕਿ ਗ਼ੁਲਾਮ ਹਿੰਦੋਸਤਾਨ ਵਿਚ ਰਹਿੰਦਿਆਂ ਉਨ੍ਹਾਂ ਨੇ ਆਜ਼ਾਦ ਭਾਰਤ ਦੇ ਸੁਪਨੇ ਵੇਖੇ ਸਨ। ਜ਼ਿੰਦਗੀ ਦਾ ਖੇਤਰ ਕੋਈ ਹੋਵੇ, ਸਫ਼ਲਤਾ ਦੀ ਵਿਧੀ ਇਕ ਹੀ ਹੈ। ਸਫ਼ਲ ਉਹ ਹੋਵੇਗਾ ਜਿਸ ਵਿਚ ਯੋਗਤਾ, ਸੂਝ ਅਤੇ ਹਿੰਮਤ ਹੋਵੇਗੀ। ਜੱਦੋਜਹਿਦ ਜਾਂ ਮੋਰਚਾ ਜਾਂ ਸੰਗਰਾਮ ਕੋਈ ਹੋਵੇ, ਜਰਨੈਲ ਇਕ ਹੋਣਾ ਚਾਹੀਦਾ ਹੈ, ਬਾਕੀ ਉਸ ਦੇ ਅਧੀਨ ਹੋਣੇ ਚਾਹੀਦੇ ਹਨ। ਜੇ ਸਾਰੇ ਹੀ ਬਰਾਬਰ ਹੋਣਗੇ ਤਾਂ ਉਹ ਆਪਸ ਵਿਚ ਲੜਦੇ ਰਹਿਣਗੇ। ਜੇ ਸਾਰੇ ਹੀ ਸਿਆਣੇ ਹੋਣ ਤਾਂ ਉਨ੍ਹਾਂ ਵਿਚ ਸਹਿਮਤ ਹੋਣ ਦਾ ਲੱਛਣ ਹੋਣ ਦੀ ਥਾਂ, ਦੂਜਿਆਂ ਨੂੰ ਮੂਰਖ ਸਿੱਧ ਕਰਨ ਦੀ ਪ੍ਰਵਿਰਤੀ ਹੋਵੇਗੀ। ਜੇ ਕਿਸੇ ਜਥੇ ਵਿਚ ਸਾਰੇ ਹੀ ਗੁਣਵਾਨ ਹੋਣ ਤਾਂ ਉਹ ਜਥਾ ਸ਼ਕਤੀਸ਼ਾਲੀ ਨਹੀਂ, ਕਮਜ਼ੋਰ ਹੋਵੇਗਾ। ਜੇ ਕਿਸੇ ਫ਼ੌਜ ਵਿਚ ਸਾਰੇ ਹਰੀ ਸਿੰਘ ਨਲੂਏ ਹੋਣ ਤਾਂ ਉਹ ਫ਼ੌਜ ਬਹਾਦਰ ਨਹੀਂ ਹੋਵੇਗੀ ਕਿਉਂਕਿ ਉਹ ਆਪਸ ਵਿਚ ਲੜਨਗੇ।

ਜਿਵੇਂ ਵਿਆਜ ਦੀ ਦਰ ਹੁੰਦੀ ਹੈ, ਉਵੇਂ ਹੀ ਜੀਵਨ ਵਿਚ ਸਫ਼ਲਤਾ-ਅਸਫ਼ਲਤਾ ਦੀ ਦਰ ਹੁੰਦੀ ਹੈ। ਜਿੱਤ  ਅਤੇ ਹਾਰ, ਸਫ਼ਲਤਾ ਅਤੇ ਅਸਫ਼ਲਤਾ ਨੂੰ ਨਿਖੇੜਨ ਵਾਲਾ ਤੱਤ, ਤਿਆਰੀ ਹੁੰਦਾ ਹੈ। ਮੈਚ ਵਿਚ ਅਤੇ ਯੁੱਧ ਜਾਂ ਮੁਕਾਬਲੇ ਵਿਚ ਹਾਰ-ਜਿੱਤ ਵਾਪਰਦੀ ਰਹਿੰਦੀ ਹੈ। ਹਾਰ ਤੋਂ ਬਿਨਾਂ ਕੋਈ ਜੇਤੂ ਨਹੀਂ ਬਣਦਾ। ਫ਼ੌਜ ਵਿਚ ਜਾਂ ਮੈਚ ਵਿਚ ਲਗਾਤਾਰ ਪੰਜ ਵਾਰੀ ਜਿੱਤਣ ਵਾਲੇ ਨੂੰ ਮਹਾਨ ਜਰਨੈਲ ਜਾਂ ਟੀਮ ਮੰਨ ਲਿਆ ਜਾਂਦਾ ਹੈ। ਨਿਰਸੰਦੇਹ ਸਫ਼ਲਤਾ ਜਾਂ ਜਿੱਤ ਨਾਲ ਪ੍ਰਸਿੱਧੀ ਮਿਲਦੀ ਹੈ, ਪਰ ਪ੍ਰਸਿੱਧੀ ਮਿਲਣ ਦੀ ਪ੍ਰਸੰਨਤਾ ਉਪਰੰਤ, ਇਸ ਦੇ ਗੁਆਚਣ ਦੀ ਪ੍ਰੇਸ਼ਾਨੀ ਆਰੰਭ ਹੋ ਜਾਂਦੀ ਹੈ। ਜੇਤੂ ਆਗੂ ਦਾ ਮੁੱਖ ਲੱਛਣ ਸੰਕਟ ਵਿਚ ਅਗਵਾਈ ਪ੍ਰਦਾਨ ਕਰਨਾ ਹੁੰਦਾ ਹੈ। ਸੰਕਟ ਵਿਚ ਭਾਸ਼ਾ ਦੀ ਸੰਜਮੀ ਵਰਤੋਂ ਸਥਿਤੀ ਨੂੰ ਸਾਡੇ ਪੱਖ ਵਿਚ ਕਰ ਦਿੰਦੀ ਹੈ। ਸੰਕਟ ਦੌਰਾਨ ਬਹੁਤਾ ਬੋਲਣ ਵਾਲੇ ਸਥਿਤੀ ਨੂੰ ਵਿਗਾੜ ਦਿੰਦੇ ਹਨ। ਜਿੱਥੇ ਵੀ ਜਨ-ਸਮੂਹ ਹੋਵੇਗਾ, ਉੱਥੇ ਇਕ ਮਨੋਵਿਗਿਆਨਕ ਫਾਰਮੂਲਾ ਕਾਰਜਸ਼ੀਲ ਹੁੰਦਾ ਹੈ। ਹਰੇਕ ਅੰਦੋਲਨ ਵਿਚ ਸਮੁੱਚੇ ਅੰਦੋਲਨ ਦੀ ਪੱਧਰ, ਉਸ ਅੰਦੋਲਨ ਵਿਚ ਸ਼ਾਮਿਲ ਲਾਇਕ ਤੋਂ ਲਾਇਕ ਵਿਅਕਤੀ ਦੀ ਪੱਧਰ ਤੱਕ ਉੱਚੀ ਜਾ ਸਕਦੀ ਹੈ ਅਤੇ ਉਸ ਅੰਦੋਲਨ ਵਿਚ ਸ਼ਾਮਿਲ ਨਾਲਾਇਕ ਤੋਂ ਨਾਲਾਇਕ ਵਿਅਕਤੀ ਦੀ ਪੱਧਰ ਤੱਕ ਨੀਵੀਂ ਜਾ ਸਕਦੀ ਹੈ। ਅਜਿਹੇ ਅੰਦੋਲਨ ਦੀ ਸਫ਼ਲਤਾ-ਅਸਫ਼ਲਤਾ ਇਨ੍ਹਾਂ ਦੋ ਸਿਰਿਆਂ ਵਿਚਕਾਰ ਰਹਿੰਦੀ ਹੈ। ਮਾਣ ਕਰਨ ਯੋਗ ਪ੍ਰਾਪਤੀਆਂ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਇਸ ਫਾਰਮੂਲੇ ਅਨੁਸਾਰ ਵਾਪਰਨਗੀਆਂ। ਬਹੁਤੇ ਅੰਦੋਲਨ ਨਿਰਣਾ ਕਰਨ ਵੇਲੇ ਥਿੜ੍ਹਕ ਜਾਂਦੇ ਹਨ ਕਿਉਂਕਿ ਉਹ ਤਰਕ ਦੀ ਥਾਂ ਭਾਵੁਕਤਾ ਤੋਂ ਪਰੇਰੇ ਹੁੰਦੇ ਹਨ। ਅੰਦੋਲਨ ਵਿਚ ਵਿਧੀ ਹਮਲਾਵਰੀ ਵਰਤੀ ਜਾਂਦੀ ਹੈ। ਆਗੂ ਦਾ ਮੁੱਖ ਲੱਛਣ ਵਿਦਰੋਹ ਹੁੰਦਾ ਹੈ। ਪਰੰਪਰਾ ਨੂੰ ਪਾਲਣ ਵਾਲੇ ਕਦੇ ਆਗੂ ਜਾਂ ਨਾਇਕ ਨਹੀਂ ਬਣਦੇ। ਵਿਦਰੋਹ ਵਿਚ ਨਵੀਨਤਾ ਹੁੰਦੀ ਹੈ ਜਦੋਂਕਿ ਪਰੰਪਰਾ ਵਿਚ ਦੁਹਰਾਓ ਹੁੰਦਾ ਹੈ। ਅੰਦੋਲਨ, ਇਕੱਠ ਜਾਂ ਸਮਾਗਮ  ਕੋਈ ਹੋਵੇ, ਉਸ ਵਿਚ ਕੁਝ ਗੁੰਝਲੀ ਵਿਅਕਤੀਆਂ ਦਾ ਵੜਨਾ ਸੁਭਾਵਿਕ ਹੁੰਦਾ ਹੈ। ਇਨ੍ਹਾਂ ਦੀ ਹਾਜ਼ਰੀ ਨਾਲ ਸਮੱਸਿਆਵਾਂ ਹੀ ਉਪਜਦੀਆਂ ਹਨ ਜਿਸ ਕਾਰਨ ਬਹੁਤ ਸਾਰੀ ਸ਼ਕਤੀ ਅਤੇ ਵਸੀਲੇ ਅਜਾਈਂ ਚਲੇ ਜਾਂਦੇ ਹਨ। ਅਜਿਹੇ ਅੰਦੋਲਨਾਂ ਨੂੰ ਮੁੜ ਲੀਹ ’ਤੇ ਪਾਉਣਾ ਮੁਸ਼ਕਿਲ ਹੁੰਦਾ ਹੈ।

ਮਹਾਨ ਅੰਦੋਲਨਾਂ ਵਿਚ ਅਸਫ਼ਲ ਹੋਣਾ ਵੀ ਸਫ਼ਲਤਾ ਵਰਗਾ ਹੁੰਦਾ ਹੈ। ਜਿਸ ਅੰਦੋਲਨ ਵਿਚ ਜਿੱਤ ਦੀ ਸੰਭਾਵਨਾ ਹੁੰਦੀ ਹੈ, ਉਸ ਵਿਚ ਹਾਰ ਦਾ ਡਰ ਵੀ ਹੁੰਦਾ ਹੈ। ਪਹਾੜ ’ਤੇ ਚੜ੍ਹਨ ਵਿਚ ਜੇਤੂ ਹੋਣ ਦਾ ਅਹਿਸਾਸ ਹੁੰਦਾ ਹੈ, ਪਰ ਡਿੱਗ ਕੇ ਮਰਨ ਦਾ ਖ਼ਤਰਾ ਵੀ ਹੁੰਦਾ ਹੈ। ਸੰਗਰਾਮੀਆਂ ਦੀ ਟੇਕ ਜਿੱਤ ’ਤੇ ਹੁੰਦੀ ਹੈ, ਹਾਰ ਦਾ ਉਨ੍ਹਾਂ ਨੂੰ ਡਰ ਨਹੀਂ ਹੁੰਦਾ। ਇਰਾਨ ਵਿਚ ਉਨ੍ਹੀਵੀਂ ਸਦੀ ਦੇ ਅੱਧ ਵਿਚ ਜਨਮੇ ਜਮਾਲੁਦੀਨ ਅਫ਼ਗਾਨੀ ਨੇ, ਸਾਰੇ ਸੰਸਾਰ ਦੇ ਮੁਸਲਮਾਨਾਂ ਨੂੰ ਇਕਮੁੱਠ ਕਰਕੇ, ਪੱਛਮੀ ਦੇਸ਼ਾਂ ਵਿਰੁੱਧ ਸੰਘਰਸ਼ ਕਰਨ ਅਤੇ ਉਨ੍ਹਾਂ ਵੱਲੋਂ ਢਾਹੀਆਂ ਇਸਲਾਮੀ ਬਾਦਸ਼ਾਹੀਆਂ ਨੂੰ ਮੁੜ ਉਸਾਰਨ ਦਾ ਬੀੜਾ ਚੁੱਕਿਆ ਸੀ। ਉਹ ਆਪਣੇ ਉਦੇਸ਼ ਵਿਚ ਸਫ਼ਲ ਤਾਂ ਨਹੀਂ ਹੋਇਆ, ਪਰ ਉਸ ਨੇ ਸਾਰੇ ਇਸਲਾਮਿਕ ਸੰਸਾਰ ਵਿਚ ਪੱਛਮੀ ਹਕੂਮਤਾਂ ਪ੍ਰਤੀ ਵਿਰੋਧ ਦੇ ਬੀਜ ਬੀਜਣ ਵਿਚ ਸਫ਼ਲਤਾ ਪ੍ਰਾਪਤ ਕੀਤੀ। ਮੁਹੰਮਦ ਇਕਬਾਲ ਇਸ ਲਹਿਰ ਦੀ ਉਪਜ ਸੀ। ਆਇਓਤੁਲਾ ਖੋਮੈਨੀ ਇਸ ਲਹਿਰ ਦੇ ਪ੍ਰਭਾਵ ਅਧੀਨ ਹੀ ਇਰਾਨ ਵਿਚ ਜਹਾਦ ਨੂੰ ਮੁੜ ਸੁਰਜੀਤ ਕਰ ਸਕਿਆ। ਪੱਛਮੀ ਹਕੂਮਤਾਂ ਵਿਰੁੱਧ ਸਾਰੇ ਅਜੋਕੇ ਅੰਦੋਲਨ ਇਸ ਲਹਿਰ ਦੇ ਪ੍ਰਭਾਵ ਅਧੀਨ ਵਾਪਰੇ ਹਨ ਅਤੇ ਵਾਪਰ ਰਹੇ ਹਨ। ਕੋਈ ਧਾਰਮਿਕ ਅੰਦੋਲਨ ਵੀ  ਕੇਵਲ ਧਾਰਮਿਕ ਨਹੀਂ ਹੁੰਦਾ। ਲਹਿਰ ਕੋਈ ਹੋਵੇ, ਇਹ ਰਾਜਨੀਤਕ ਹੀ ਹੁੰਦੀ ਹੈ, ਉਦੇਸ਼ ਹਕੂਮਤ ਕਰਨਾ ਹੁੰਦਾ ਹੈ। ਰਾਜ ਤੋਂ ਬਿਨਾਂ ਧਰਮ ਵੀ ਨਹੀਂ ਚੱਲਦਾ। ਹਰ ਲਹਿਰ ਦੇ ਪਿੱਛੇ ਕੋਈ ਨਾ ਕੋਈ ਜਮਾਤ ਅਤੇ ਵਿਚਾਰਧਾਰਾ ਹੁੰਦੀ ਹੈ।

ਸੰਸਾਰ ਵਿਚ ਜਦੋਂ ਦੀ ਬਾਰੂਦ ਦੀ ਕਾਢ ਨਿਕਲੀ ਹੈ, ਉਦੋਂ ਤੋਂ ਹੀ ਅੰਦੋਲਨਾਂ ਵਿਚ ਵੀ ਹਮਲਾਵਰੀ ਬਿਰਤੀ ਬਲਵਾਨ ਅਤੇ ਹਿਫ਼ਾਜ਼ਤੀ ਬਿਰਤੀ ਕਮਜ਼ੋਰ ਹੋਈ ਹੈ ਜਿਸ ਕਾਰਨ ਸੰਸਾਰ ਵਿਚ ਬੈਚੇਨੀ ਵਧੀ ਹੈ। ਮਾਰਕਸ ਨੇ ਸੰਘਰਸ਼ ਅਤੇ ਡਾਰਵਿਨ ਨੇ ਮੁਕਾਬਲੇ ਦੀ ਬਿਰਤੀ ਬਲਵਾਨ ਕੀਤੀ ਹੈ। ਫਰਾਇਡ ਦੇ ਵਿਚਾਰਾਂ ਨੇ ਸੰਸਾਰ ਵਿਚ ਮਾਨਸਿਕ ਉਲਝਣਾਂ ਵਧਾਈਆਂ ਹਨ। ਇਨ੍ਹਾਂ ਯੁੱਗ-ਪੁਰਸ਼ਾਂ ਨੇ ਮਨੁੱਖ ਦੀ ਅਕਲ ਤਾਂ ਵਧਾ ਦਿੱਤੀ ਹੈ, ਪਰ ਆਪਸੀ ਖਿੱਚੋਤਾਣ ਵਿਚ ਵਾਧਾ ਕਰਕੇ ਸਬੰਧਾਂ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਵਧਾ ਦਿੱਤੀ ਹੈ। 

ਉਦਯੋਗੀਕਰਣ ਨੇ ਖੇਤੀਬਾੜੀ ਸਮਾਜਾਂ ਦੀਆਂ ਮਾਨਤਾਵਾਂ ਨੂੰ ਤੋੜਨ ਦੀ ਪੀੜਾ ਉਪਜਾਈ ਹੈ। ਕਿਸੇ ਦੇਸ਼ ਦੀ ਸਭਿਅਤਾ ਦਾ ਸੁਭਾਓ ਕਿਹੋ ਜਿਹਾ ਵੀ ਹੋਵੇ, ਉਦਯੋਗੀਕਰਣ ਦਾ ਸੁਭਾਓ, ਅਮਲ ਅਤੇ ਪ੍ਰਭਾਵ ਇਕੋ ਜਿਹਾ ਹੁੰਦਾ ਹੈ। ਉਦਯੋਗੀਕਰਣ ਨੇ ਵਾਸਤਵ ਵਿਚ ਪੇਂਡੂ ਵਿਵਸਥਾ ਨੂੰ ਖੇਰੂੰ-ਖੇਰੂੰ ਕਰਕੇ, ਨਿਰਾਸਤਾ, ਉਦਾਸੀ, ਮਾਯੂਸੀ ਆਦਿ ਉਪਜਾ ਕੇ ਪੇਂਡੂ ਮਨੁੱਖ ਨੂੰ ਰੋਲ ਦਿੱਤਾ ਹੈ। ਪੇਂਡੂ ਸੋਚ, ਮਹਾਂਨਗਰੀ ਸੋਚ ਤੋਂ ਪੱਛੜ ਕੇ ਗੁਆਚ ਗਈ ਹੈ। ਪਿੰਡ ਪਰੰਪਰਾਵਾਂ ਦੀਆਂ ਪਾਠਸ਼ਾਲਾਵਾਂ ਹੁੰਦੀਆਂ ਹਨ ਜਦੋਂਕਿ ਸ਼ਹਿਰ ਅਤੇ ਮਹਾਂਨਗਰ ਆਧੁਨਿਕਤਾ ਦੇ ਕੇਂਦਰ ਹੁੰਦੇ ਹਨ। ਖੇਤੀਬਾੜੀ ਦੇ ਪੱਛੜਨ ਅਤੇ ਕਿਸਾਨੀ ਦੇ ਕਮਜ਼ੋਰ ਹੋਣ ਦੀ ਪ੍ਰਕਿਰਿਆ ਉਦਯੋਗੀਕਰਣ ਨਾਲ ਹੀ ਆਰੰਭ ਹੋ ਗਈ ਸੀ। ਪਹਿਲਾਂ ਉਦਯੋਗੀਕਰਣ ਨੇ ਜੀਵਨ ਦੀ ਨੁਹਾਰ ਬਦਲੀ ਸੀ, ਹੁਣ ਕੰਪਿਊਟਰ ਨੇ ਉਦਯੋਗੀਕਰਣ ਦਾ ਚਿਹਰਾ-ਮੁਹਰਾ ਵੀ ਬਦਲ ਦਿੱਤਾ ਹੈ। ਹੁਣ ਇਕ ਪੀੜ੍ਹੀ ਦਾ ਵਿਹਾਰ ਦੂਜੀ ਪੀੜ੍ਹੀ ਨੂੰ ਸਮਝ ਹੀ ਨਹੀਂ ਆਉਂਦਾ। ਸੰਕਟ ਨਿਰੰਤਰ ਵਧ ਰਹੇ ਹਨ।

ਵਿਸ਼ਵੀਕਰਣ ਦੇ ਦੌਰ ਵਿਚ ਹਰੇਕ ਖੇਤਰ ਵਿਚ ਮੁਕਾਬਲੇ ਅਤੇ ਜੱਦੋਜਹਿਦ ਦਾ ਅਖਾੜਾ ਵੱਡਾ ਹੋ ਗਿਆ ਹੈ। ਮਹਿੰਗਾਈ ਵਧਣ ਨਾਲ ਗ਼ਰੀਬ ਹੋਣਾ ਵੀ ਮਹਿੰਗਾ ਹੋ ਜਾਂਦਾ ਹੈ। ਅਜੋਕੇ ਮਨੁੱਖ ਨੂੰ ਹੁਣ ਉਹ ਖ਼ਰਚੇ ਕਰਨੇ ਪੈਂਦੇ ਹਨ ਜਿਨ੍ਹਾਂ ਬਾਰੇ ਕੁਝ ਦਹਾਕੇ ਪਹਿਲਾਂ ਉਸ ਨੇ ਸੁਣਿਆ ਹੀ ਨਹੀਂ ਸੀ। ਅਜਿਹੀ ਸਥਿਤੀ ਵਿਚ ਵਿਅਕਤੀਵਾਦ ਦੀ ਬਿਰਤੀ ਬਲਵਾਨ ਹੋਣ ਕਾਰਨ, ਹਰ ਕੋਈ ਗਵਾਚੇ ਹੋਏ ਵਿਅਕਤੀ ਵਾਂਗ ਵਿਹਾਰ ਕਰ ਰਿਹਾ ਹੈ ਜਿਸ ਕਾਰਨ ਹੁਣ ਲੋਕਾਂ ਦਾ ਜਥੇਬੰਦ ਹੋ ਕੇ ਲੰਮਾ ਸੰਘਰਸ਼ ਕਰਨਾ ਮੁਸ਼ਕਿਲ ਹੋ ਗਿਆ ਹੈ ਅਤੇ ਨਤੀਜੇਵੱਸ ਜਿੱਤ ਦਾ ਭਰੋਸਾ ਗੁਆਚਦਾ ਜਾ ਰਿਹਾ ਹੈ। ਕੋਈ ਅੰਦੋਲਨ ਕਰਦਿਆਂ ਭਰਮ ਹੁੰਦਾ ਹੈ ਕਿ ਅਸੀਂ ਜਿੱਤ ਰਹੇ ਹਾਂ, ਪਰ ਯਥਾਰਥ ਦੱਸਦਾ ਹੈ ਕਿ ਸੰਘਰਸ਼ ਤਾਂ ਅਜੇ ਹੋਣਾ ਹੈ। ਸਰਕਾਰਾਂ ਕੋਲ ਪ੍ਰਚਾਰ ਦੇ ਸਾਧਨ ਇਤਨੇ ਸ਼ਕਤੀਸ਼ਾਲੀ ਹੋ ਗਏ ਹਨ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਇਤਨੀ ਵਧ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਅਤੇ ਉਹ ਕਿੱਥੇ ਹੈ? ਇਸ ਕਾਰਨ ਜਿਹੜਾ ਸਾਡੇ ਵਿਰੋਧਾਂ ਦਾ ਭਾਈਵਾਲ ਨਹੀਂ ਬਣਦਾ, ਉਸ ਨੂੰ ਅਸੀਂ ਆਪਣਾ ਵਿਰੋਧੀ ਮਿੱਥ ਲੈਂਦੇ ਹਾਂ। ਸਰਕਾਰਾਂ ਕੋਲ ਮੀਡੀਏ ਨੂੰ ਖ਼ਰੀਦਣ ਅਤੇ ਕੂੜ ਪ੍ਰਚਾਰ ਦੇ ਅਥਾਹ ਸਾਧਨਾਂ ਦੀ ਤੁਲਨਾ ਵਿਚ ਰੈਲੀਆਂ ਕਰਨਾ ਨਿਭਣਯੋਗ ਪ੍ਰੋਗਰਾਮ ਨਹੀਂ ਰਹਿੰਦਾ। ਲੋਕਾਂ ਦਾ ਧਿਆਨ ਕਿਸੇ ਇਕ ਮਸਲੇ ’ਤੇ ਲੰਮਾ ਸਮਾਂ ਕੇਂਦਰਿਤ ਕਰੀ ਰੱਖਣਾ ਵੀ ਸੰਭਵ ਨਹੀਂ ਰਹਿੰਦਾ ਅਤੇ ਆਮ ਲੋਕਾਂ ਦੀ ਉਸ ਮਸਲੇ ਵਿਚ ਦਿਲਚਸਪੀ ਪੇਤਲੀ ਹੁੰਦੀ-ਹੁੰਦੀ ਮੁੱਕ ਜਾਂਦੀ ਹੈ। ਅੰਦੋਲਨ ਜਾਂ ਕਾਰਜ ਕੋਈ ਹੋਵੇ, ਉਸ ਉੱਤੇ ਮੌਸਮ ਦਾ ਪ੍ਰਭਾਵ ਵਿਆਪਕ ਅਤੇ ਡੂੰਘਾ ਹੁੰਦਾ ਹੈ। ਬਦਲੇ ਹੋੲੇ ਮੌਸਮ ਵਿਚ ਅੰਦੋਲਨ ਦੀ ਪੁਰਾਣੀ ਸ਼ਿੱਦਤ ਬਣਾਈ ਰੱਖਣੀ ਮੁਸ਼ਕਿਲ ਹੁੰਦੀ ਹੈ।

ਪੰਜਾਬ ਦਾ ਇਤਿਹਾਸ ਤਲਵਾਰਾਂ ਦਾ ਸਿਰਜਿਆ ਹੋਇਆ ਹੈ। ਅਸੀਂ ਅਜੇ ਸਮਝਣਾ ਹੈ ਕਿ ਸ਼ਕਤੀ ਤਰਕ ਅਤੇ ਲਚਕ ਵਿਚ ਹੁੰਦੀ ਹੈ, ਜ਼ਿੱਦ ਅਤੇ ਸਿਧਾਂਤ ਵਿਚ ਨਹੀਂ। ਸਹੀ ਹੋਣਾ ਚੰਗੀ ਗੱਲ ਹੈ, ਪਰ ਇਸ ਗੁਮਾਨ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਕੇਵਲ ਅਸੀਂ ਹੀ ਸਹੀ ਹਾਂ। ਕਈ ਵਾਰੀ ਕੋਈ ਤਰਕ ਕਿਸੇ ਅੰਦੋਲਨ ਦੇ ਆਰੰਭ ਵਿਚ ਸਹੀ ਪ੍ਰਤੀਤ ਹੁੰਦਾ ਹੈ, ਪਰ ਵਕਤ ਦੇ ਬੀਤਣ ਨਾਲ ਸੋਝੀ ਹੁੰਦੀ ਹੈ ਕਿ ਪੈਂਤੜਾ ਅਤੇ ਨੀਤੀ ਬਦਲਣ ਦੀ ਲੋੜ ਹੈ। ਹਰ ਅੰਦੋਲਨ ਵਿਚ ਵੱਖਰੀ ਕਿਸਮ ਦੇ ਵਲੀ ਕੰਧਾਰੀ ਅਤੇ ਸੱਜਣ ਠੱਗ ਮਿਲਦੇ ਹਨ। ਅਫ਼ਵਾਹਾਂ ਉਪਜਾਈਆਂ ਜਾਂਦੀਆਂ ਹਨ, ਭਰਮ ਫੈਲਾਏ ਜਾਂਦੇ ਹਨ, ਦੁਚਿੱਤੀਆਂ ਕਾਰਨ ਕਥਨਾਂ ਦੇ ਗ਼ਲਤ ਅਰਥ ਕੱਢੇ ਜਾਂਦੇ ਹਨ। ਭੀੜ ਦੇ ਭਰਮਾਂ ਅਤੇ ਦੁਚਿੱਤੀਆਂ ਨੂੰ ਜਿੱਤਣਾ ਆਗੂਆਂ ਦੀ ਸੋਚ ਅਤੇ ਹੌਸਲੇ ਨਾਲ ਹੀ ਸੰਭਵ ਹੁੰਦਾ ਹੈ। ਹਰ ਸੰਗਰਾਮ ਦੀ ਮੰਜ਼ਿਲ ਹੁੰਦੀ ਹੈ, ਮੰਜ਼ਿਲ ਕਾਰਨ ਫ਼ਾਸਲੇ ਅਤੇ ਮੋੜ ਹੁੰਦੇ ਹਨ, ਹਰ ਮੋੜ ਨਾਲ ਨਵੀਆਂ ਮੁਸ਼ਕਿਲਾਂ ਉਪਜਦੀਆਂ ਹਨ ਜਿਨ੍ਹਾਂ ਨੂੰ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਪਾਰ ਕੀਤਾ ਜਾਂਦਾ ਹੈ। ਵਿਰੋਧੀ ਆਪਣੀ ਮਰਜ਼ੀ ਮਨਵਾਉਣ ਲਈ ਵਿਕਾਸ ਦਾ ਭਰਮ ਉਪਜਾਉਂਦੇ ਹਨ, ਆਮਦਨ ਦੁੱਗਣੀ ਕਰਨ ਦੇ ਸੁਪਨੇ ਵਿਖਾਉਂਦੇ ਹਨ ਅਤੇ ਕਈ ਢੰਗਾਂ ਨਾਲ ਪੁਲੀਸ ਕਾਰਵਾਈ ਨਾਲ ਡਰਾਉਂਦੇ ਅਤੇ ਧਮਕਾਉਂਦੇ ਹਨ, ਪਰ ਸਿਆਣੇ ਆਗੂ ਇਨ੍ਹਾਂ ਚਾਲਾਂ ਨੂੰ ਖ਼ੂਬ ਸਮਝਦੇ ਹੋਣ ਕਾਰਨ ਅੰਦੋਲਨਕਾਰੀਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਸਰੋਤਿਆਂ ਦੀਆਂ ਤਾੜੀਆਂ ਆਗੂ ਦਾ ਹੌਸਲਾ ਵਧਾ ਦਿੰਦੀਆਂ ਹਨ। ਕਈ ਵਾਰੀ ਆਗੂ ਦੇ ਬਾਂਹ ਉੱਚੀ ਕਰਨ ਨਾਲ ਅੰਦੋਲਨਕਾਰੀਆਂ ਦਾ ਹੌਸਲਾ ਚੁਬਾਰਾ ਚੜ੍ਹ ਜਾਂਦਾ ਹੈ। ਜੇ ਆਗੂ ਦਾ ਨਾਂ ਥਾਂ ਹੋਵੇ ਤਾਂ ਹੀ ਉਸ ਦੀ ਜ਼ਿੰਦਾਬਾਦ ਅਤੇ ਵਿਰੋਧੀਆਂ ਦੀ ਮੁਰਦਾਬਾਦ ਹੁੰਦੀ ਹੈ।

ਕਮਜ਼ੋਰਾਂ ਕੋਲ ਜਿਉਂਦੇ ਰਹਿਣ ਦਾ ਇਕੋ-ਇਕ ਢੰਗ, ਕੋਈ ਸਮੂਹ ਉਸਾਰਨਾ ਜਾਂ ਕਿਸੇ ਸਮੂਹ ਦਾ ਭਾਗ ਬਣਨਾ ਹੁੰਦਾ ਹੈ। ਇਸ ਵੇਲੇ ਥੱਕੇ ਹੋਏ ਅਤੇ ਮਜਬੂਰੀਆਂ ਦੇ ਸ਼ਿਕਾਰ ਪੰਜਾਬ ਨੂੰ ਇਕ ਵੱਡੇ ਆਗੂ ਦੀ ਲੋੜ ਹੈ। ਜਨਤਾ ਕੋਲ ਹਕੂਮਤ ਖ਼ਤਮ ਕਰਨ ਦਾ ਅਧਿਕਾਰ ਨਹੀਂ ਹੁੰਦਾ, ਹਾਕਮ ਬਦਲਣ ਦਾ ਹੀ ਅਧਿਕਾਰ ਹੁੰਦਾ ਹੈ, ਇਸ ਕਾਰਨ ਹੀ ਹਾਕਮਾਂ ਵਿਰੁੱਧ ਅੰਦੋਲਨ ਅਤੇ ਵਿਦਰੋਹ ਹੁੰਦੇ ਹਨ। ਇਸ ਵੇਲੇ ਸਿੱਧੀ, ਸਾਦੀ ਅਤੇ ਸਰਲ ਪੇਂਡੂ ਸੋਚ ਮਹਾਂਨਗਰੀ ਆਧੁਨਿਕ ਸੋਚ ਦਾ ਸਾਹਮਣਾ ਕਰ ਰਹੀ ਹੈ। ਇਹ ਮੁਕਾਬਲਾ ਅਸਾਵਾਂ ਹੈ। ਹੁਣ ਪਿੰਡ ਨੂੰ, ਦਿੱਲੀ ਦਾ ਕਈ ਸੌ ਕਿਲੋਮੀਟਰ ਦੂਰ, ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗਿਕ ਕਰਾਂਤੀ ਨਾਲ ਖੇਤੀਬਾੜੀ ਨਾਲ ਜੋ ਵਾਪਰਿਆ ਹੈ, ਉਹ ਦੁਹਰਾਇਆ ਜਾ ਰਿਹਾ ਹੈ। ਉਦਯੋਗਿਕ ਕਰਾਂਤੀ ਨਾਲ ਭਾਰਤੀ ਕਿਸਾਨ ਦੀ ਹਾਲਤ ਮਾੜੀ ਹੋਈ। ਇੰਗਲੈਂਡ ਨੇ ਸਾਡੇ ਸਸਤੇ ਕੱਚੇ ਮਾਲ ਦਾ ਮਸ਼ੀਨਾਂ ਨਾਲ ਆਪ ਮਾਲ ਬਣਾਉਣਾ ਆਰੰਭ ਕੀਤਾ ਜਿਸ ਕਾਰਨ ਉੱਥੇ ਸਾਡਾ ਮਾਲ ਵਿਕਣਾ ਬੰਦ ਹੋ ਗਿਆ। ਸਾਡੇ ਮਾਲ ਦੀ ਵਿਕਰੀ ਰੋਕਣ ਲਈ ਇੰਗਲੈਂਡ ਨੇ ਮਹਿਸੂਲ ਵੀ ਲਾ ਦਿੱਤਾ। ਸਾਡੇ ਦੇਸ਼ ਵਿਚ ਖੇਤੀ ਉੱਤੇ ਉਦਯੋਗਾਂ ਦਾ ਹਮਲਾ ਹੁਣ ਸ਼ੁਰੂ ਹੋਇਆ ਹੈ। ਇਤਿਹਾਸ ਦੀ ਸਮਝ ਰੱਖਣ ਵਾਲੇ ਜਾਣਦੇ ਹਨ ਕਿ ਸਾਡੇ ਨਾਲ ਕੀ ਵਾਪਰਨ ਵਾਲਾ ਹੈ। ਇਸ ਵੇਲੇ ਪੰਜਾਬ ਦੇ ਜੱਟ ਦੀ ਪੱਗ, ਇਕ ਸਦੀ ਮਗਰੋਂ ਮੁੜ ਖ਼ਤਰੇ ਵਿਚ ਹੈ। ਸੰਕਟ ਦੀ ਇਸ ਘੜੀ ਵਿਚ ਜੈਕਾਰੇ ਥੱਕਣੇ ਨਹੀਂ ਚਾਹੀਦੇ, ਨਗਾਰੇ ਵੱਜਦੇ ਰਹਿਣੇ ਚਾਹੀਦੇ ਹਨ ਅਤੇ ਜਿੱਤ ਦਾ ਭਰੋਸਾ ਬਣਿਆ ਰਹਿਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All