ਸੂਖ਼ਮ ਤਬੀਅਤ ਇਨਸਾਨ ਅਤੇੇ ਜ਼ਹੀਨ ਅਦਾਕਾਰ ਸੀ ਅਰੁਣ ਬਾਲੀ : The Tribune India

ਸੂਖ਼ਮ ਤਬੀਅਤ ਇਨਸਾਨ ਅਤੇੇ ਜ਼ਹੀਨ ਅਦਾਕਾਰ ਸੀ ਅਰੁਣ ਬਾਲੀ

ਸੂਖ਼ਮ ਤਬੀਅਤ ਇਨਸਾਨ ਅਤੇੇ ਜ਼ਹੀਨ ਅਦਾਕਾਰ ਸੀ ਅਰੁਣ ਬਾਲੀ

ਸੰਜੀਵਨ ਸਿੰਘ

ਵਧੀਆ ਇਨਸਾਨ, ਵਧੀਆ ਫ਼ਨਕਾਰ ਤਾਂ ਬਣ ਸਕਦਾ ਹੈ ਪਰ ਇਹ ਲਾਜ਼ਮੀ ਨਹੀਂ ਕਿ ਵਧੀਆ ਫ਼ਨਕਾਰ ਵਧੀਆ ਇਨਸਾਨ ਵੀ ਹੋਵੇ। ਬਹੁਤ ਘੱਟ ਸ਼ਖ਼ਸ ਹੁੰਦੇ ਹਨ ਜੋ ਇਨਸਾਨ ਵੀ ਕਮਾਲ ਦੇ ਹੁੰਦੇ ਹਨ ਤੇ ਫ਼ਨਕਾਰ ਵੀ ਲਾਜਵਾਬ। ਅਰੁਣ ਬਾਲੀ ਅਜਿਹੀਆਂ ਹੀ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਸਨ ਜੋ ਇਨਸਾਨ ਅਤੇ ਫ਼ਨਕਾਰ ਉੱਚ-ਪਾਏ ਦੇ ਸਨ।

ਅੱਠ ਦਹਾਕੇ ਪਹਿਲਾਂ ਦਸੰਬਰ 1942 ਵਿੱਚ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਜਨਮੇ ਅਰੁਣ ਬਾਲੀ ਨੇ ਚੜ੍ਹਦੀ ਉਮਰੇ ਦਿੱਲੀ ਰਹਿੰਦਿਆਂ ਆਪਣੇ ਰੰਗਮੰਚ ਸਫ਼ਰ ਦਾ ਅਗ਼ਾਜ਼ ਆਪਣੇ ਵੱਡੇ ਭਰਾ ਜੋਗਿੰਦਰ ਬਾਲੀ ਦੀ ਹੱਲਾਸ਼ੇਰੀ ਨਾਲ ਓਪੇਰਾ ਸੋਹਣੀ-ਮਹੀਵਾਲ ਰਾਹੀਂ ਸੋਹਣੀ ਦੇ ਪਤੀ ਦਾ ਕਿਰਦਾਰ ਨਿਭਾਅ ਕੇ ਕੀਤਾ ਅਤੇ ਕਈ ਨਾਟ-ਮੰਡਲੀਆਂ ਅਤੇ ਉਸ ਸਮੇਂ ਦੇ ਚਰਚਿਤ ਤੇ ਪ੍ਰਸਿੱਧ ਨਿਰਦੇਸ਼ਕਾਂ ਨਾਲ ਅਨੇਕਾਂ ਨਾਟਕਾਂ ਵਿੱਚ ਭਾਂਤ-ਭਾਂਤ ਦੇ ਕਿਰਦਾਰ ਮੰਚ ’ਤੇ ਜੀਵੰਤ ਵੀ ਕੀਤੇ। ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਅਭਿਨੈ ਦੀਆਂ ਬਾਰੀਕੀਆਂ ਅਤੇ ਰੰਗਮੰਚ ਦੀਆਂ ਹੋਰ ਤਕਨੀਕਾਂ ਦੀ ਸਿਖਲਾਈ ਲਈ, ਪਰ ਗਾਇਕੀ ਅਰੁਣ ਬਾਲੀ ਦਾ ਪਹਿਲਾ ਸ਼ੌਕ ਸੀ।

ਰੰਗਮੰਚ ਤਾਂ ਵੈਸੇ ਵੀ ਮਨੁੱਖ ਨੂੰ ਮਨੁੱਖ ਬਣਨ ਦੇ ਰਾਹ ਤੋਰਦਾ ਹੈ। ਜ਼ਿੰਦਗੀ ਦੇ ਬਿਖੜੇ ਰਾਹਾਂ ’ਤੇ ਅਡੋਲ ਤੁਰਨ ਦਾ ਵੱਲ ਸਿਖਾਉਂਦਾ ਹੈ। ਰੰਗਮੰਚ ਜਿੱਥੇ ਆਮ ਤੌਰ ’ਤੇ ਸਮਾਜ ’ਤੇ ਅਸਰ ਅੰਦਾਜ਼ ਹੁੰਦਾ ਹੈ, ਉੱਥੇ ਖ਼ਾਸ ਤੌਰ ’ਤੇ ਰੰਗਕਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਖ਼ਾਸ ਕਿਸਮ ਦੀ ਤਬਦੀਲੀ ਅਤੇ ਸਵੈ-ਭਰੋਸਾ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦਾ ਹੈ। ਸੰਸਾਰ ਦੇ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਨੇ ਤਾਂ ਇਸ ਦੁਨੀਆਂ ਦੀ ਤੁਲਨਾ ਰੰਗਮੰਚ ਨਾਲ ਕੀਤੀ ਹੈ ਅਤੇ ਇਨਸਾਨ ਨੂੰ ਅਭਿਨੇਤਾ ਕਿਹਾ ਹੈ।

ਬੱਤੀ ਸਾਲ ਪਹਿਲਾਂ 1990 ਵਿੱਚ ਵੱਡੇ ਅਤੇ ਛੋਟੇ ਪਰਦੇ ਉਪਰ ਵੱਡੇ-ਛੋਟੇ, ਤਰ੍ਹਾਂ-ਤਰ੍ਹਾਂ ਕਿਰਦਾਰ ਨਿਭਾਉਣੇ ਸ਼ੁਰੂ ਕਰਕੇ ਆਪਣੇ ਆਖ਼ਰੀ ਦਮ ਤੱਕ ਫਿਲਮਾਂ ਅਤੇ ਟੀ.ਵੀ. ਲੜੀਵਾਰਾਂ ਵਿੱਚ ਮਸ਼ਰੂਫ਼ ਰਹੇ ਅਰੁਣ ਬਾਲੀ ਅਕਤੂਬਰ 2022 ਵਿੱਚ ਰਿਲੀਜ਼ ਹੋਈ ਆਪਣੀ ਆਖ਼ਰੀ ਫਿਲਮ ‘ਗੁੱਡਬਾਏ’ ਮਗਰੋਂ ਅਦਾਕਾਰੀ ਅਤੇ ਜ਼ਿੰਦਗੀ ਨੂੰ ਸਦਾ ਲਈ ‘ਗੁੱਡਬਾਏ’ ਕਹਿ ਗਏ।

ਅਰੁਣ ਬਾਲੀ ਸੁਨਹਿਰੀ ਪਰਦੇ ’ਤੇ ‘ਸੌਗੰਧ’, ‘ਯਲਗਾਰ’, ‘ਰਾਜੂ ਬਣ ਗਿਆ ਜੈਂਟਲਮੈਨ’, ‘ਹੀਰ ਰਾਂਝਾ’, ‘ਖਲਨਾਇਕ’, ‘ਫੂਲ ਅੰਗਾਰੇ’, ‘ਕਾਇਦਾ ਕਾਨੂੰਨ’, ‘ਸੱਤਿਆ’, ‘ਹੇ ਰਾਮ’, ‘ਲਾਡੋ’, ‘ਆਂਖੇਂ’, ‘ਲਗੇ ਰਹੋ ਮੁੰਨਾ ਭਾਈ’, ‘3-ਈਡੀਅਟਸ’, ‘ਬਰਫ਼ੀ’, ‘ਓ ਮਾਈ ਗੌਡ’, ‘ਮਨਮਰਜ਼ੀਆਂ’, ‘ਕੇਦਾਰ ਨਾਥ’, ‘ਪਾਣੀਪਤ’ ਅਤੇ ‘ਲਾਲ ਸਿੰਘ ਚੱਢਾ’ ਸਮੇਤ 40 ਦੇ ਕਰੀਬ ਫਿਲਮਾਂ ਵਿੱਚ ਨਜ਼ਰ ਆਏ।

ਛੋਟੇ ਪਰਦੇ ਉਪਰ ਉਨ੍ਹਾਂ ਨੇ ‘ਦੂਸਰਾ ਕੇਵਲ’, ‘ਫਿਰ ਵਹੀ ਤਲਾਸ਼’, ‘ਨੀਮ ਕਾ ਪੇੜ’, ‘ਦਸਤੂਰ’, ‘ਦਿਲ ਦਰਿਆ’, ‘ਚਾਕਣਯ’, ‘ਦੇਖ ਭਾਈ ਦੇਖ’, ‘ਸ਼ਕਤੀਮਾਨ’, ‘ਸਵਾਭਿਮਾਨ’, ‘ਆਹਟ’, ‘ਚਮਤਕਾਰ’, ‘ਅਮਰਪਾਲੀ’, ‘ਕੁਮਕੁਮ’, ‘ਮਾਯਕਾ’, ‘ਮਰਿਯਾਦਾ’, ‘ਆਈ ਲਵ ਮਾਈ ਇੰਡੀਆ’ ਸਮੇਤ 25 ਦੇ ਕਰੀਬ ਟੀ.ਵੀ. ਲੜੀਵਾਰਾਂ ਵਿੱਚ ਵੰਨ-ਸੁਵੰਨੇ ਕਿਰਦਾਰਾਂ ਵਿੱਚ ਨਜ਼ਰ ਆਏ।

ਅਰੁਣ ਬਾਲੀ ਦੀ ਪਹਿਲੀ ਪੰਜਾਬੀ ਫਿਲਮ ‘ਵਿਸਾਖੀ’ ਸੀ।ਉਨ੍ਹਾਂ ਨੇ ‘ਪੰਜਾਬ 1984’, ‘ਸਤਿ ਸ੍ਰੀ ਅਕਾਲ’, ‘ਮੁੰਡੇ ਯੂ.ਕੇ. ਦੇ’ ਸਮੇਤ ਕਈ ਪੰਜਾਬੀ ਫਿਲਮਾਂ ਵੀ ਕੀਤੀਆਂ। ਪੰਜਾਬੀ ਫਿਲਮਾਂ ਬਾਰੇ ਉਨ੍ਹਾਂ ਦੀ ਰਾਇ ਪੁੱਛਣ ’ਤੇ ਉਹ ਪੰਜਾਬੀ ਦੇ ਮੁਹਾਵਰੇ ‘ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ’ ਦੀ ਵਰਤੋਂ ਕਰਿਆ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਪੰਜਾਬੀ ਫਿਲਮਾਂ ਵਿੱਚ ਭੇਡ-ਚਾਲ ਹੈ, ਵੰਨ-ਸੁਵੰਨਤਾ ਬਿਲਕੁਲ ਵੀ ਨਹੀਂ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹਮੇਸ਼ਾ ਰਿਹਾ ਕਿ ਦੱਖਣ ਭਾਰਤੀ ਫਿਲਮਾਂ ਵਾਂਗ ਪੰਜਾਬੀ ਫਿਲਮਾਂ ਦਾ ਹਿੰਦੀ ਰੀਮੇਕ ਕਦੇ ਕਿਉਂ ਨਹੀਂ ਬਣਿਆ। ਤੇ ਫੇਰ ਆਪੇ ਕਹਿੰਦੇ, ‘‘ਸ਼ਾਇਦ ਪੰਜਾਬੀ ਫਿਲਮਾਂ ਦਾ ਪੱਧਰ ਦੱਖਣ ਭਾਰਤੀ ਫਿਲਮਾਂ ਵਰਗਾ ਨਾ ਹੋਣ ਕਰਕੇ।’’

ਉਹ ਕਿਹਾ ਕਰਦੇ ਸਨ, ‘‘ਅਦਾਕਾਰ ਦੀ ਪੇਸ਼ਕਾਰੀ ਨਿਰਦੇਸ਼ਕ ਦੀ ਸੂਝ-ਸਮਝ ਉਪਰ ਨਿਰਭਰ ਕਰਦੀ ਹੈ।’’ ਉਹ ਕਹਿੰਦੇ, ‘‘ਅਦਾਕਾਰ ਗਿੱਲੀ ਮਿੱਟੀ ਵਾਂਗ ਹੁੰਦਾ ਹੈ। ਚੰਗਾ ਬਰਤਨਘਾੜਾ ਉਸੇ ਮਿੱਟੀ ਵਿੱਚੋਂ ਇੱਕ ਵਧੀਆ ਅਤੇ ਟੁਣਕਦਾ ਭਾਂਡਾ ਵੀ ਬਣਾ ਸਕਦਾ ਹੈ ਅਤੇ ਅਨਾੜੀ ਵਿੰਗਾ-ਟੇਢਾ ਬਰਤਨ ਬਣਾ ਵੀ ਧਰਦਾ ਹੈ। ਇਸੇ ਤਰ੍ਹਾਂ ਇੱਕ ਸੁਲਝਿਆ ਹੋਇਆ ਅਤੇ ਸਿਆਣਾ ਨਿਰਦੇਸ਼ਕ ਔਸਤ ਪੱਧਰ ਦੇ ਅਦਾਕਾਰ ਤੋਂ ਕਮਾਲ ਦਾ ਕੰਮ ਵੀ ਲੈ ਸਕਦਾ ਹੈ ਅਤੇ ਇੱਕ ਅਨਾੜੀ ਨਿਰਦੇਸ਼ਕ ਕਮਾਲ ਦੇ ਅਦਾਕਾਰ ਨੂੰ ਰੋਲ ਵੀ ਸਕਦਾ ਹੈ।’’

ਕਲਾ ਦੇ ਕਿਸੇ ਵੀ ਖੇਤਰ ਵਿੱਚ ਨਾਮਣਾ ਖੱਟਣ ਤੋਂ ਬਾਅਦ ਤਕਰੀਬਨ ਹਰ ਇਨਸਾਨ ਆਪਣੇ ਆਪ ਨੂੰ ਆਮ ਲੋਕਾਂ ਤੋਂ ਉਪਰ ਸਮਝਣ ਲੱਗ ਜਾਂਦਾ ਹੈ। ਅਕਸਰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਟਾਲਾ ਵੱਟ ਲੈਂਦਾ ਹੈ ਪਰ ਸ਼ੋਹਰਤ ਦੀਆਂ ਬੁਲੰਦੀਆਂ ਛੋਹਣ ਤੋਂ ਬਾਅਦ ਵੀ ਅਰੁਣ ਬਾਲੀ ਦੇ ਪੈਰ ਹਮੇਸ਼ਾਂ ਜ਼ਮੀਨ ਉਪਰ ਟਿਕੇ ਰਹੇ। ਆਪਣੇ ਪਰਿਵਾਰ ਅਤੇ ਸਾਕ-ਸਬੰਧੀਆਂ ਵੱਲ ਆਪਣੇ ਫ਼ਰਜ਼ ਪਹਿਲ ਦੇ ਆਧਾਰ ’ਤੇ ਨਿਭਾਉਂਦੇ। ਇੱਕ ਭਰੇ-ਪੂਰੇ ਪਰਿਵਾਰ ਵਿੱਚ ਪੈਦਾ ਹੋਏ ਅਰੁਣ ਬਾਲੀ ਆਪਣੀ ਸ਼ਖ਼ਸੀਅਤ ਉਪਰ ਆਪਣੀ ਮਾਂ ਦਾ ਪ੍ਰਭਾਵ ਵਧੇਰੇ ਮੰਨਦੇ ਹਨ। ਉਹ ਕਹਿੰਦੇ, ‘‘ਅੱਜ ਮੈਂ ਜੋ ਵੀ ਹਾਂ, ਆਪਣੀ ਮਾਂ ਦੀ ਰਹਿਨੁਮਾਈ ਅਤੇ ਆਸ਼ੀਰਵਾਦ ਸਦਕਾ ਹਾਂ।’’ ਉਨ੍ਹਾਂ ਨੇ ਰੋਟੀ-ਰੋਜ਼ੀ ਖ਼ਾਤਰ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਬਿਸਕੁਟ ਵੀ ਵੇਚੇੇ।

ਛੋਟੇ-ਵੱਡੇ ਪਰਦੇ ਉਪਰ ਤਕਰੀਬਨ ਸਿੱਖ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਅਰੁਣ ਬਾਲੀ ਕਹਿੰਦੇ, ‘‘ਬੇਸ਼ੱਕ ਮੇਰਾ ਜਨਮ ਹਿੰਦੂ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਪਰ ਮੈਂ ਵਿਚਰਿਆ ਸਿੱਖ ਮਾਹੌਲ ਵਿੱਚ ਹਾਂ। ਮੇਰੀ ਮਿੱਤਰ ਮੰਡਲੀ ਵਿੱਚ ਸਰਦਾਰ ਹੀ ਜ਼ਿਆਦਾ ਸਨ। ਦਾੜ੍ਹੀ ਮੈਂ ਹਮੇਸ਼ਾ ਹੀ ਰੱਖੀ। ਜਦੋਂ ਕਦੇ ਮੈਂ ਪੱਗ ਬੰਨ੍ਹਣੀ ਤਾਂ ਸਭ ਨੇ ਕਹਿਣਾ, ‘ਅਰੁਣ, ਤੂੰ ਯਾਰ ਪੱਗ ਬੰਨ੍ਹਿਆ ਕਰ ਤੇਰੇ ਫੱਬਦੀ ਬਹੁਤ ਹੈ’। ਫਿਲਮਾਂ ਤੇ ਟੀ.ਵੀ. ਸੀਰੀਅਲਾਂ ਵਿੱਚ ਵੀ ਮੈਨੂੰ ਸਿੱਖ ਕਿਰਦਾਰਾਂ ਦੀ ਪੇਸ਼ਕਸ਼ ਹੋਣ ਲੱਗ ਪਈ ਤੇ ਮੇਰੀ ਛਵੀ ਵੀ ਸਿੱਖ ਅਦਾਕਾਰ ਦੀ ਬਣ ਗਈ। ਇਹ ਨਹੀਂ ਕਿ ਮੈਂ ਸਿੱਖ ਕਿਰਦਾਰ ਹੀ ਕੀਤੇ। ਮੈਨੂੰ ਫਿਲਮਸਾਜ਼ਾਂ ਨੇ ਬਿਨਾਂ ਪੱਗ ਤੇ ਦਾੜ੍ਹੀ ਤੋਂ ਵੀ ਪਰਦੇ ਉਪਰ ਪੇਸ਼ ਕੀਤਾ, ਪਰ ਮੈਨੂੰ ਸਿੱਖ ਅਦਾਕਾਰ ਦੇ ਤੌਰ ’ਤੇ ਪਛਾਣੇ ਜਾਣ ਦਾ ਮਾਣ ਵੀ ਮਹਿਸੂਸ ਹੁੰਦਾ ਤੇ ਸਕੂਨ ਵੀ ਮਿਲਦਾ।’’

ਅਰੁਣ ਬਾਲੀ ਨੂੰ ਇਸ ਦੇ ਨਾਲ ਨਾਲ ਸਾਹਿਤ ਦਾ ਸ਼ੌਕ ਵੀ ਸੀ। ਉਨ੍ਹਾਂ ਇੱਕ ਪੁਸਤਕ ‘ਮੈਂ ਤੇ ਮੇਰੀ ਤੁਕਬੰਦੀਆਂ’ ਵੀ ਪਾਠਕਾਂ ਦੀ ਨਜ਼ਰ ਕੀਤੀ। ਉਨ੍ਹਾਂ ਕਿਤਾਬ ਲਿਖੇ ਜਾਣ ਦੀ ਵਜ੍ਹਾ ਦੱਸਦਿਆਂ ਕਿਹਾ, ‘‘ਮੇਰੇ ਇੱਕ ਮਿੱਤਰ ਨੇ ਮੈਨੂੰ ਸਵੇਰ ਦੀ ਸੈਰ ਦੇ ਫ਼ਾਇਦੇ ਦੱਸਦਿਆਂ ਸੈਰ ਕਰਨ ਦੀ ਸਲਾਹ ਹੀ ਨਹੀਂ ਦਿੱਤੀ ਸਗੋਂ ਧੱਕੇ ਨਾਲ ਮੈਨੂੰ ਆਪਣੇ ਨਾਲ ਲਿਜਾਣ ਵੀ ਲੱਗ ਗਿਆ। ਸੈਰ ਕਰਦੇ ਸਮੇਂ ਅਸੀਂ ਤੁਕਬੰਦੀ ਰਾਹੀਂ ਗੱਲਾਂ ਕਰਦੇ। ਮੈਂ ਘਰ ਆ ਕੇ ਸਾਰੀ ਤੁਕਬੰਦੀ ਨੋਟ ਕਰ ਲੈਂਦਾ। ਇਸ ਤਰ੍ਹਾਂ ਇਹ ਤੁਕਬੰਦੀਆਂ ਕਿਤਾਬ ਦੀ ਸ਼ਕਲ ਅਖ਼ਤਿਆਰ ਕਰ ਗਈਆਂ।’’

ਉਂਜ ਤਾਂ ਕਿਸੇ ਵੀ ਵਿਆਕਤੀ ਦਾ ਵਿਛੋੜਾ ਉਸ ਦੇ ਨੇੜਲਿਆਂ ਲਈ ਦੁਖਦਾਈ ਹੁੰਦਾ ਹੈ, ਪਰ ਅਰੁਣ ਬਾਲੀ ਵਰਗੇ ਸੂਖ਼ਮ ਤਬੀਅਤ ਇਨਸਾਨ ਅਤੇ ਰੰਗਮੰਚ, ਫਿਲਮਾਂ ਤੇ ਟੀ.ਵੀ. ਦੇ ਜ਼ਹੀਨ ਅਦਾਕਾਰ ਦੀ ਘਾਟ ਉਨ੍ਹਾਂ ਦੇ ਪਰਿਵਾਰ, ਮਿੱਤਰਾਂ, ਸਹਿਕਰਮੀਆਂ ਅਤੇ ਪ੍ਰਸ਼ੰਸਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ। ਅਰੁਣ ਬਾਲੀ ਆਪਣੀ ਅਦਾਕਾਰੀ ਰਾਹੀਂ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਜ਼ਿੰਦਾ ਰਹਿਣਗੇ।

ਸੰਪਰਕ: 941974-60656

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All