ਵਿਦਵਤਾ, ਸਿਆਣਪ ਤੇ ਗਿਆਨ ਦਾ ਕੁੰਭ ‘ਗੁਲਿਸਤਾਂ-ਬੋਸਤਾਂ’ : The Tribune India

ਵਿਦਵਤਾ, ਸਿਆਣਪ ਤੇ ਗਿਆਨ ਦਾ ਕੁੰਭ ‘ਗੁਲਿਸਤਾਂ-ਬੋਸਤਾਂ’

ਵਿਦਵਤਾ, ਸਿਆਣਪ ਤੇ ਗਿਆਨ ਦਾ ਕੁੰਭ ‘ਗੁਲਿਸਤਾਂ-ਬੋਸਤਾਂ’

ਮਨਮੋਹਨ ਸਿੰਘ ਦਾਊਂ

ਵਿਦਿਆਰਥੀ ਜੀਵਨ ਤੋਂ ਹੀ ਸ਼ੇਖ ਸਾਅਦੀ ਦੀਆਂ ਚਰਚਿਤ ਪੁਸਤਕਾਂ ‘ਗੁਲਿਸਤਾਂ ਤੇ ਬੋਸਤਾਂ’ ਨੂੰ ਪੜ੍ਹਨ ਦੀ ਇੱਛਾ ਰਹੀ ਪਰ ਪੁਸਤਕਾਂ ਪੰਜਾਬੀ ਵਿੱਚ ਉਪਲਬਧ ਨਾ ਹੋ ਸਕੀਆਂ। ਪਿਛਲੇ ਵਰ੍ਹੇ (2021) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਇੱਕ ਸਮਾਗਮ ਦੀ ਪ੍ਰਤੀਨਿਧਤਾ ਕਰਨ ਮੌਕੇ ਮੈਨੂੰ ਮਾਣ-ਸਨਮਾਨ ਵਿੱਚ ਪੁਸਤਕਾਂ ਦਾ ਸੈੱਟ ਭੇਟਾ ਕੀਤਾ ਗਿਆ। ਘਰ ਆ ਕੇ ਪੁਸਤਕਾਂ ਦੇ ਦਰਸ਼ਨ ਕੀਤੇ ਤਾਂ ਖ਼ੁਸ਼ੀ ਉਮੜ ਪਈ ਜਦੋਂ ਪੰਜਾਬੀ ਵਿੱਚ ‘ਗੁਲਸਿਤਾਂ-ਬੋਸਤਾਂ’ ਇੱਕੋ ਜਿਲਦ ਵਿੱਚ ਅਨੁਵਾਦ ਕੀਤੀਆਂ ਪ੍ਰਾਪਤ ਹੋਈਆਂ। ਭਾਸ਼ਾ ਵਿਭਾਗ ਪੰਜਾਬ ਨੇ ਪਿਛਲੇ ਵਰ੍ਹਿਆਂ ਵਿੱਚ ਸੰਸਾਰ ਦਾ ਕਲਾਸੀਕਲ-ਸਾਹਿਤ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਹੱਥ ਲੱਗੀ ਪੁਸਤਕ ਦਾ ਅਨੁਵਾਦਕ ਪ੍ਰੋ. ਜਨਕ ਸਿੰਘ ਅਤੇ ਸੋਧਕ ਪ੍ਰੋ. ਦੀਵਾਨ ਸਿੰਘ ਹਨ। ਪਹਿਲਾ ਐਡੀਸ਼ਨ 1981, ਦੂਜਾ 1994 ਅਤੇ ਤੀਜਾ ਐਡੀਸ਼ਨ 2011 ’ਚ ਪ੍ਰਕਾਸ਼ਿਤ ਕੀਤਾ ਗਏ। ਇਹ ਪੁਸਤਕ 12ਵੀਂ ਸਦੀ ਦੇ ਵਿਸ਼ਵ ਪ੍ਰਸਿੱਧ ਇਰਾਨੀ ਲੇਖਕ ਸ਼ੇਖ ਸਾਅਦੀ ਵੱਲੋਂ ਫ਼ਾਰਸੀ ਵਿੱਚ ਲਿਖੀਆਂ ਦੋ ਪੁਸਤਕਾਂ ‘ਗੁਲਿਸਤਾਂ’ ਅਤੇ ‘ਬੋਸਤਾਂ’ ਦਾ ਪੰਜਾਬੀ ਰੂਪਾਂਤਰ ਹੈ। ਵਿਦਵਾਨ ਖੋਜੀ ਜਨਾਬ ਤਾਰਿਕ ਕਿਫ਼ਾਇਤ ਉਲਾ ਅਨੁਸਾਰ ਸ਼ੇਖ ਸਾਅਦੀ ਨੂੰ ਸਾਅਦੀ ਸੀਰਾਜ਼ੀ ਕਰਕੇ ਵੀ ਜਾਣਿਆ ਜਾਂਦਾ ਹੈ ਜਿਸ ਦਾ ਜਨਮ 6ਵੀਂ ਸਦੀ ਹਿਜਰੀ ਜਾਂ 12ਵੀਂ ਸਦੀ ਈਸਵੀ ਨੂੰ ਸ਼ੀਰਾਜ਼ ਦੇਸ਼ ਵਿੱਚ ਹੋਇਆ। ਤਖੱਲਸ ਸਾਅਦੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਫ਼ਾਰਸ ਦੇ ਅਤਾਬੁਕ (ਰਾਜੇ) ਸਾਅਦ ਬਿਨ ਜੰਗੀ ਨਾਲ ਨਿਸਬਤ ਨੂੰ ਦਰਸਾਉਂਦਾ ਹੈ ਜਿਸ ਦੀ ਸੇਵਾ ਵਿੱਚ ਸਾਅਦੀ ਦੇ ਪਿਤਾ ਰਹੇ ਸਨ। ਸ਼ੇਖ ਸਾਅਦੀ ਦੀ ਮੁੱਢਲੀ ਸਿੱਖਿਆ ਘਰ ਵਿੱਚ ਹੀ ਰਹੀ ਪਰ ਪਿਤਾ ਦੇ ਦੇਹਾਂਤ ਤੋਂ ਬਾਅਦ ਸਾਅਦੀ ਨੂੰ ਸ਼ੀਰਾਜ਼ ਛੱਡ ਕੇ ਬਗਦਾਦ ਜਾਣਾ ਪਿਆ। ਉੱਥੇ ਮਦਰਸਾ-ਏ-ਨਿਜ਼ਾਮੀਆਂ ’ਚ ਦਾਖਲਾ ਲਿਆ। ਉਸਤਾਦਾਂ ਤੋਂ ਸਿੱਖਿਆ ਲੈਣ ਉਪਰੰਤ ਸਾਅਦੀ ਨੇ ਸੰਸਾਰ ਦੀ ਸੈਰ ਕਰਨ ਦਾ ਫ਼ੈਸਲਾ ਲਿਆ। ਦੱਸਿਆ ਜਾਂਦਾ ਹੈ ਕਿ ਉਸ ਨੇ ਅਜ਼ਰਬਾਈਜਾਨ, ਆਰਮੀਨੀਆ, ਤੂਰਾਨ, ਏਸ਼ੀਆ ਮਾਈਨਰ, ਖੁਰਾਸਾਨ, ਗਜ਼ਨੀ, ਬਲਖ, ਕਾਸ਼ਗਰ (ਪੱਛਮੀ ਚੀਨ), ਬਸਰਾ, ਯਮਨ, ਹਿਜਾਜ਼ (ਸਾਊਦੀ ਅਰਬ), ਫਲਸਤੀਨ, ਸੀਰੀਆ, ਤਾਤਾਰ, ਮਿਸਰ, ਏਬੀਸੀਨੀਆ, ਮੋਰੱਕੋ ਆਦਿ ਅਨੇਕਾਂ ਸਥਾਨਾਂ ਦਾ ਭਰਮਣ ਕੀਤਾ। ਹਿੰਦੋਸਤਾਨ ਦਾ ਦੌਰਾ ਵੀ ਕੀਤਾ ਜਿਸ ਦਾ ਜ਼ਿਕਰ ‘ਬੋਸਤਾਂ’ ਦੇ ਅੱਠਵੇਂ ਅਧਿਆਇ ਦੀ ਇੱਕ ਹਿਕਾਇਤ ਅਨੁਸਾਰ ਸਾਅਦੀ ਨੇ ਗੁਜਰਾਤ ਪ੍ਰਾਂਤ ਵਿੱਚ ਸੋਮਨਾਥ ਵਿੱਚ ਕੁਝ ਸਮਾਂ ਠਹਿਰਨ ਅਤੇ ਉੱਥੋਂ ਦੇ ਮੰਦਰ-ਪੁਜਾਰੀਆਂ ਦੀਆਂ ਦੰਭੀ ਰੌਚਿਕ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਆਪਣੀ ਸਿਆਣਪ ਰਾਹੀਂ ਆਪਣਾ ਬਚਾਅ ਵੀ ਕੀਤਾ। ਲਗਪਗ 30-40 ਸਾਲ ਲਗਾਤਾਰ ਸਫ਼ਰ ਕਰਨ ਮਗਰੋਂ, 1256 ’ਚ ਸਾਅਦੀ ਸ਼ੀਰਾਜ਼ ਪਰਤ ਗਿਆ। ਸਫ਼ਰ ਦੌਰਾਨ ਔਕੜਾਂ ਦਾ ਮੁਕਾਬਲਾ ਕੀਤਾ। ਜਿੱਥੋਂ ਵੀ ਗਿਆਨ ਪ੍ਰਾਪਤ ਹੋਇਆ ਉਸ ਨੂੰ ਪੱਲੇ ਬੰਨ੍ਹਿਆ ਅਤੇ ਆਪਣੀਆਂ ਲਿਖਤਾਂ ਦਾ ਸ਼ਿੰਗਾਰ ਬਣਾਇਆ। ਸਾਅਦੀ ਨੇ ਕਾਫ਼ੀ ਲੰਮੀ ਉਮਰ ਭੋਗੀ, 120 ਸਾਲ। ਆਪਣੀ ਉਮਰ ਵਿੱਚ 14 ਵਾਰੀ ਹੱਜ ਦੀ ਯਾਤਰਾ ਵੀ ਕੀਤੀ। ਸਫ਼ਰ ਦੌਰਾਨ ਅਨੇਕਾਂ ਤਰ੍ਹਾਂ ਦੇ ਅਨੁਭਵ ਗ੍ਰਹਿਣ ਕੀਤੇ। ਭਿੰਨ-ਭਿੰਨ ਪ੍ਰਕਾਰ ਦੇ ਲੋਕਾਂ ਨੂੰ ਮਿਲਿਆ, ਉਨ੍ਹਾਂ ਦੀਆਂ ਭਾਸ਼ਾਵਾਂ ਸਿੱਖੀਆਂ, ਉਨ੍ਹਾਂ ਦੇ ਸਭਿਆਚਾਰ ਬਾਰੇ ਜਾਣੂੰ ਹੋਇਆ। ਕਈ ਵਾਰ ਜਾਨ ਨੂੰ ਖ਼ਤਰੇ ਵੀ ਹੋਏ ਪਰ ਇੱਕ ਜਗਿਆਸੂ ਤੇ ਹਲੀਮੀ ਦੇ ਪਾਤਰ ਵਾਂਗੂ ਹਾਲਾਤ ਦਾ ਸਾਹਮਣਾ ਕੀਤਾ। ਚਰਚਿਤ ਦੋ ਪੁਸਤਕਾਂ ਦੇ ਨਾਲ ਨਾਲ ਉਸ ਨੇ ਹੋਰ ਪੁਸਤਕਾਂ ਦੀ ਸਿਰਜਣਾ ਵੀ ਕੀਤੀ। ਅਖ਼ੀਰਲੀ ਉਮਰੇ ਸੂਫ਼ੀਅਤ ਵੱਲ ਝੁਕਾਅ ਹੋ ਗਿਆ ਤੇ ਸ਼ੀਰਾਜ਼ ਸ਼ਹਿਰ ਤੋਂ ਬਾਹਰ ਇੱਕ ‘ਜ਼ਾਵੀਏ’ ਵਿੱਚ ਸੂਫ਼ੀਆਨਾ, ਧਾਰਮਿਕ ਤੇ ਨੈਤਿਕ ਪ੍ਰਚਾਰ ’ਚ ਗੁਜ਼ਾਰਿਆ।

‘ਗੁਲਿਸਤਾਂ’ ਦੀਆਂ ਕਥਾਵਾਂ ਫ਼ਾਰਸੀ ਨਸਰ ਵਿੱਚ ਹਨ ਪਰ ਆਪਣੇ ਕਥਨ ਨੂੰ ਵਧੇਰੇ ਸਪਸ਼ਟ ਅਤੇ ਰੌਚਿਕ ਬਣਾਉਣ ਲਈ ਮੌਕੇ ਅਨੁਸਾਰ ਮਸਨਵੀ, ਰੁਬਾਈ ਅਤੇ ਕਤਆ ਆਦਿ ਦੇ ਢੁਕਵੇਂ ਕਾਵਿ ਟੋਟਿਆਂ ਨੂੰ ਕਲਮਬੰਦ ਕੀਤਾ। ਇਹ ਪ੍ਰਵਚਨ ਪਰੀਆਂ, ਦੇਵਤਿਆਂ ਜਾਂ ਦਾਨਵਾਂ ਨਾਲ ਸਬੰਧਤ ਨਾ ਹੋ ਕੇ, ਸਾਧਾਰਨ ਮਨੁੱਖਾਂ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਨ। ‘ਗੁਲਿਸਤਾਂ’ ਦੇ ਅੱਠ ਅਧਿਆਇ ਹਨ : 1. ਬਾਦਸ਼ਾਹਾਂ ਦੇ ਸੁਭਾਉ ਸਬੰਧੀ, 2. ਸੰਤਾਂ ਦੇ ਸਭਿਆਚਾਰ ਬਾਰੇ, 3. ਸੰਤੁਸ਼ਟਤਾ ਦੀ ਵਡਿੱਤਣ ਬਾਰੇ, 4. ਚੁੱਪ ਦੇ ਲਾਭ, 5. ਇਸ਼ਕ ਤੇ ਜੁਆਨੀ, 6. ਬੁਢਾਪੇ ਦੀ ਨਿਰਬਲਤਾ, 7. ਸਿੱਖਿਆ ਦੇ ਪ੍ਰਭਾਵ, 8. ਸੰਗਤ ਦੇ ਚੱਜ ਆਚਾਰ। ਅੰਤਿਕਾ ’ਚ ਵਿਸ਼ੇਸ਼ ਸ਼ਬਦਾਂ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਬਹੁਤ ਗਿਆਨਮਈ ਹੈ।

‘ਬੋਸਤਾਂ’ ਦਾ ਮੁੱਖ ਵਿਸ਼ਾ ਵੀ ਨੈਤਿਕਤਾ ਅਤੇ ਸਦਾਚਾਰ ਹੀ ਹੈ। ਸ਼ੈਲੀ ਵੀ ‘ਗੁਲਿਸਤਾਂ’ ਵਰਗੀ ਹੈ। ‘ਗੁਲਿਸਤਾਂ’ ਵਿੱਚ ਸਾਹਿਤ ਦੇ ਰੂਪ ਗਦ ਅਤੇ ਪਦ ਦਾ ਸੁਮੇਲ ਹੈ। ਉੱਥੇ ‘ਬੋਸਿਤਾਂ’ ’ਚ ਕਾਵਿ-ਰੂਪ ਹੀ ਆਧਾਰਿਤ ਹੈ।

‘ਬੋਸਤਾਂ’ ਦੇ 10 ਅਧਿਆਇ ਹਨ। ਆਦਿ ’ਚ ਸੰਸਾਰ ਦੇ ਮੁਹੰਮਦ ਦੀ ਪ੍ਰਸੰਸਾ, ਪੁਸਤਕ ਰਚਣ ਦਾ ਕਾਰਨ। ਪਹਿਲੇ ਅਧਿਆਇ ’ਚ ਨਿਆਇ, ਰਾਜ ਕਰਨ ਦੀ ਨੀਤੀ ਅਤੇ ਜੁਗਤ ਬਾਰੇ, ਦੂਜੇ ’ਚ ਅਹਿਸਾਨ ਦੇ ਬਿਆਨ ਵਿੱਚ, ਤੀਜੇ ’ਚ ਇਸ਼ਕ ਬਾਰੇ, ਚੌਥੇ ’ਚ ਦੀਨਤਾ ਬਾਰੇ, ਪੰਜਵੇਂ ’ਚ ਭਾਣਾ ਮੰਨਣ ਦੀ ਰਜ਼ਾ ਬਾਰੇ, ਛੇਵੇ ’ਚ ਸਬਰ-ਸੰਤੋਖ ਬਾਰੇ, ਸੱਤਵੇ ਅਤੇ ਅੱਠਵੇਂ ’ਚ ਧੰਨਵਾਦ-ਕ੍ਰਿਤੱਗਤਾ ਬਾਰੇ, ਨੌਵੇਂ ’ਚ ਤੋਬਾ (ਪਾਪਾਂ ਦੇ ਛੱਡਣ ਬਾਰੇ), ਦਸਵੇਂ ’ਚ ਪ੍ਰਾਰਥਨਾ ਅਤੇ ਪੁਸਤਕ ਦੀ ਸਮਾਪਤੀ, ਅੰਤਿਕਾ ’ਚ ਵਿਸ਼ੇਸ਼ ਸ਼ਬਦਾਂ ਦੀ ਕੋਸ਼ਕਾਰੀ ਕੀਤੀ ਗਈ ਹੈ। ਕੁੱਲ ਮਿਲਾ ਕੇ ਇਨ੍ਹਾਂ ਕਲਾਸੀਕਲ ਲਿਖਤਾਂ ਦੇ 512 ਪੰਨੇ ਹਨ। ਪੰਜਾਬੀ ਭਾਸ਼ਾ ਵਿੱਚ ਅਜਿਹੀ ਦੁਰਲੱਭ ਪੁਸਤਕ ਦਾ ਰੂਪਾਂਤਰ ’ਚ ਹੋਣਾ ਖ਼ਜ਼ਾਨੇ ਨੂੰ ਸੰਭਾਲਣ ਵਾਲਾ ਕਾਰਜ ਹੈ। ਪ੍ਰੋ. ਜਨਕ ਸਿੰਘ ਦੀ ਮਿਹਨਤ ਮੂੰਹੋਂ ਬੋਲਦੀ ਹੈ। ਪਾਠਕਾਂ ਦੀ ਦਿਲਚਸਪੀ ਲਈ ਵੱਖੋ-ਵੱਖ ਵਿਸ਼ਿਆਂ ਨਾਲ ਸਬੰਧਿਤ ਕਥਨਾਂ ਦਾ ਪਾਠ ਸਾਅਦੀ ਦੀ ਵਿਦਵਤਾ, ਗਿਆਨ ਅਤੇ ਸਿਆਣਪਾਂ ਨਾਲ ਲਬਰੇਜ਼ ਝੰਜੋੜਨ ਵਾਲਾ ਹੈ ਜਿਸ ਕਾਰਨ ਲੇਖਕ ਦਾ ਵਿਸ਼ਾਲ ਗਿਆਨ, ਤੀਖਣ ਬੁੱਧੀ, ਨਿਰਪੱਖ ਨਜ਼ਰੀਆ, ਅਦੁੱਤੀ ਸਿਆਣਪ ਅਤੇ ਪੈਗੰਬਰੀ ਸੋਚ ਇਸ ਪੁਸਤਕ ਨੂੰ ਧਾਰਮਿਕ ਪਾਠ ਪੁਸਤਕ ਵਾਂਗ ਪੂਜਣ ਯੋਗ ਬਣਾ ਦਿੰਦੀ ਹੈ। ਇਨ੍ਹਾਂ ਦਾ ਅਨੁਵਾਦ ਯੂਰਪ ਤੇ ਏਸ਼ੀਆਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਕੀਤਾ ਜਾ ਚੁੱਕਾ ਹੈ।

ਕੁਝ ਕਥਨ ਇਸ ਪ੍ਰਕਾਰ ਹਨ:

* ਜਿਸ ਕੋਲ ਸਬਰ ਨਹੀਂ, ਉਹ ਸਿਆਣਾ ਨਹੀਂ।

* ਅਕਲਮੰਦ ਬੰਦੇ ਦੀ ਹੋਂਦ ਖਾਲਸ ਸੋਨੇ ਜਿਹੀ ਹੈ।

* ਲਾਲਚ ਨਾ ਕਰਨ ਵਾਲੇ ਦੀ ਧੌਣ ਉੱਚੀ ਰਹਿੰਦੀ ਹੈ।

* ਫੱਕਰ ਦਾ ਸਬਰ, ਅਮੀਰ ਦੇ ਦਾਨ ਕਰਨ ਨਾਲੋਂ ਚੰਗਾ ਹੈ।

* ਅਸਲ ਮਰਦ ਉਹ ਹੈ ਜੋ ਕ੍ਰੋਧ ਆਏ ’ਤੇ ਝੂਠ ਨਾ ਬੋਲੇ।

* ਮਿੱਠੇ ਬੋਲਾਂ, ਕਿਰਪਾਲਤਾ ਅਤੇ ਪ੍ਰਸੰਨਤਾ ਨਾਲ ਤੂੰ ਹਾਥੀ ਨੂੰ ਵੀ ਵਾਲ ਨਾਲ ਬੰਨ੍ਹ ਕੇ ਲੈ ਜਾ ਸਕਦਾ ਹੈਂ।

* ਦਾਨੀ ਪੁਰਸ਼ ਇੱਕ ਫਲਦਾਰ ਰੁੱਖ ਹੈ। ਹਰ ਸਿੱਪੀ ਵਿੱਚ ਮੋਤੀ ਨਹੀਂ ਹੁੰਦਾ।

* ਲਾਲਚ ਅਤੇ ਤ੍ਰਿਸ਼ਨਾ ਉੱਡਦੀ ਹੋਈ ਮਿੱਟੀ ਹੈ।

* ਖਜੂਰ ਦੇ ਰੁੱਖ ਦੀ ਤਰ੍ਹਾਂ ਕਿਰਪਾਲੂ ਹੋ, ਜੇ ਇਹ ਨਾ ਬਣ ਸਕੇ ਤਾਂ ਸਰੂ ਦੇ ਰੁੱਖ ਦੀ ਤਰ੍ਹਾਂ ਸੁਤੰਤਰ ਹੋ।

* ਹੇ ਬੰਦੇ, ਪਰਮਾਤਮਾ ਨੇ ਤੈਨੂੰ ਮਿੱਟੀ ਤੋਂ ਪੈਦਾ ਕੀਤਾ ਹੈ। ਤੂੰ ਮਿੱਟੀ ਦੀ ਤਰ੍ਹਾਂ ਦੀਨ ਹੋ ਜਾ, ਅੱਗ ਨਾ ਬਣ। ਭੈੜੇ ਕੰਮਾਂ ’ਤੇ ਸ਼ਰਮ ਕਰ।

ਇਸਤ੍ਰੀ ਦੇ ਇਖ਼ਲਾਕ ਦੇ ਗੁਣਾਂ ਬਾਰੇ ਸਾਅਦੀ ਲਿਖਦਾ ਹੈ:

* ਹੁਕਮ ਦੀ ਪਾਲਣਾ ਕਰਨ ਵਾਲੀ ਚੰਗੀ ਇਸਤਰੀ ਆਪਣੇ ਫ਼ਕੀਰ ਪਤੀ ਨੂੰ ਬਾਦਸ਼ਾਹ ਬਣਾ ਦਿੰਦੀ ਹੈ।

* ਜਦ ਸੁੰਦਰ ਇਸਤਰੀ ਘਰ ਵਿੱਚ ਹੋਵੇ, ਉਸ ਦੇ ਦੀਦਾਰ ਦੇ ਕਾਰਨ ਉਸ ਦਾ ਪਤੀ ਸੁਰਗ ਵਿੱਚ ਹੁੰਦਾ ਹੈ।

ਬਾਦਸ਼ਾਹ ਬਾਰੇ ਸਾਅਦੀ ਨੇ ਬੜੇ ਹੀ ਕਮਾਲ ਤੇ ਪ੍ਰਵਚਨ ਆਖੇ ਹਨ:

* ਹੇ ਬਾਦਸ਼ਾਹ! ਤੇਰੇ ਰਾਜ ਵਿੱਚ ਕੋਈ ਯਤੀਮ ਨਾ ਹੋਵੇ ਕਿਉਂਕਿ ਉਸ ਦੇ ਰੋਣ ਨਾਲ ਸਭ ਤੋਂ ਉੱਚਾ ਅਸਮਾਨ ਕੰਬਣ ਲੱਗ ਜਾਂਦਾ ਹੈ।

* ਨਿਰਬਲਾਂ ਉੱਤੇ ਆਪਣਾ ਜ਼ੋਰ ਅਜ਼ਮਾਉਣਾ ਲਿਆਕਤ ਨਹੀਂ।

* ਕਿਸੇ ’ਤੇ ਤੀਰ ਚਲਾਉਣ ਲਈ ਸਬਰ ਕਰਨਾ ਸ਼ਰਤ ਹੈ।

ਕੁਝ ਹੋਰ ਦਾਰਸ਼ਨਿਕ ਵਿਚਾਰ ਅਮਲ ਅਤੇ ਚਿੰਤਨ ਕਰਨ ਵਾਲੇ ਹਨ:

* ਜਦ ਤੱਕ ਦਾਣਾ ਧਰਤੀ ਵਿੱਚ ਨਹੀਂ ਬਖੇਰਿਆ ਜਾਂਦਾ, ਜੰਮਦਾ ਨਹੀਂ।

* ਫੌਲਾਦ ਦੀ ਸੂਈ ਤੋਂ ਬਿਨਾਂ ਕੱਪੜਾ ਨਹੀਂ ਸੀਤਾ ਜਾਂਦਾ।

* ਵਿੱਦਿਆ ਮੱਤ ਨੂੰ ਸੁਰੱਖਿਅਤ ਕਰਨ ਲਈ ਹੈ।

* ਖ਼ਾਮੋਸ਼ੀ ਤੋਂ ਬਿਨਾਂ ਉਪਦੇਸ਼ ਦਾ ਪ੍ਰਭਾਵ ਨਹੀਂ ਪੈਂਦਾ।

* ਕਦੇ ਤੁਪਕਾ ਵੀ ਦਰਿਆ ਬਣ ਜਾਂਦਾ ਹੈ।
ਸੰਪਰਕ: 98151-23900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...