ਸਾਡੀ ਦ੍ਰਿਸ਼ਟ-ਸੰਵੇਦਨਾ ਵੀਹਵੀਂ ਸਦੀ ਤੋਂ ਪਹਿਲੇ ਦੇ ਸਾਡੇ ਪੂਰਵਜਾਂ ਦੀ ਸੰਵੇਦਨਾ ਨਾਲ਼ੋਂ ਅਸਲੋਂ ਵੱਖਰੀ ਹੈ। ਇਸ ਵਿਚ ਵੱਡਾ ਦਖ਼ਲ ਸਾਇੰਸ ਤਕਨੌਲੌਜੀ ਫ਼ਿਲਮਾਂ ਦਾ ਹੈ। ਹਰ ਫ਼ਿਲਮ ਸਾਨੂੰ ਕਹਾਣੀ ਪਾ ਕੇ ਦਿਖਾਉਂਦੀ ਹੈ। ਨਾਵਲ ਕਹਾਣੀ ਤੋਂ ਪਹਿਲਾਂ ਬਾਤਾਂ ਹੁੰਦੀਆਂ ਸਨ, ਜਾਂ ਕਥਾਵਾਂ ਤੇ ਲੀਲਾਵਾਂ। ਬਾਤਾਂ ਤੋਂ ਪਹਿਲੇ ਗੱਲ ਸੀ; ਗੱਲ ਤੋਂ ਪਹਿਲਾਂ ਸੋਚ ਸੀ। ਤੇ ਫਿਰ ਬੰਦੇ ਨੂੰ ਵਿਚਾਰ ਆਇਆ।
ਹੁਣ ਤਕ ਦੇਖੀਆਂ ਅਣਗਿਣਤ ਫ਼ਿਲਮਾਂ ਵਿੱਚੋਂ ਦੋ ਫ਼ਿਲਮਾਂ ਬੰਦਿਨੀ (ਨਿਰਦੇਸ਼ਕ: ਬਿਮਲ ਰੌਏ, 1963) ਅਤੇ ਅੰਨ੍ਹੇ ਘੋੜੇ ਦਾ ਦਾਨ (ਨਿਰਦੇਸ਼ਕ: ਗੁਰਵਿੰਦਰ ਸਿੰਘ, 2011) ਦੇ ਸੀਨ ਮੈਨੂੰ ਭੁੱਲਦੇ ਨਹੀਂ। ਇਨ੍ਹਾਂ ਸੀਨਾਂ ਵਿਚ ਮਾਨਵੀ ਸਥਿਤੀ (ਹਿਉਮਨ ਕੰਡੀਸ਼ਨ) ਦਾ ਸਾਰਤੱਤ ਹੈ। ਬੰਦਾ ਬੰਦੇ ਦੇ ਕੰਮ ਆਉਂਦਾ ਹੈ; ਲੋੜ ਵੇਲੇ ਬਾਂਹ ਪਕੜਦਾ ਹੈ; ਇਕੱਲਾ ਨਹੀਂ ਪੈਂਦਾ। ਪਿਆਰ ਦੇ ਇਕ ਤਿਣਕੇ ਦਾ ਸਹਾਰਾ ਬੰਦੇ ਨੂੰ ਡੁੱਬਣ ਨਹੀਂ ਦਿੰਦਾ।
ਜਿਨ੍ਹਾਂ ਸੀਨਾਂ ਦੀ ਮੈਂ ਇਹ ਗੱਲ ਕਰਨ ਲੱਗਾ ਹਾਂ, ਇਤਫ਼ਾਕਨ ਦੋਹਵੇਂ ਇਨ੍ਹਾਂ ਫ਼ਿਲਮਾਂ ਦੇ ਅੰਤਿਮ ਸੀਨ ਹਨ। ਇਹ ਬਹਿਸ ਕਦੇ ਮੁੱਕਣੀ ਨਹੀਂ ਕਿ ਅੰਤ ਕੀ ਹੈ ਤੇ ਆਦਿ ਕੀ? ਇਸ ਕੜੇ ਦੇ ਦੋ ਸਿਰੇ ਅੱਜ ਤਕ ਕੋਈ ਨਹੀਂ ਪਕੜ ਸਕਿਆ। ਨਿਰੋਲ ਤਰਕ ਕਹਿੰਦਾ ਹੈ, ਜੇ ਆਦਿ ਹੈ; ਤਾਂ ਅੰਤ ਵੀ ਹੈ। ਗਿਣਤੀ ਸ਼ੂਨਯ, ਸੁੰਨ ਯਾਨੀ ਸਿਫ਼ਰ ਤੋਂ ਚਲਦੀ ਹੈ। ਫੇਰ ਤਾਂ ਸੁੰਨ ਤੋਂ ਸ਼ੁਰੂ ਹੋਈ ਕਥਾ ਦਾ ਅੰਤ ਸੁੰਨ ਵਿਚ ਹੀ ਹੈ। ਸੁੰਨ ਤੋਂ ਪਹਿਲਾਂ ਕੀ ਸੀ ਤੇ ਸੁੰਨ ਤੋਂ ਪਿੱਛੋਂ ਕੀ ਹੈ? ਬ੍ਰਹਮ ਗਿਆਨ ਸੌ ਸਿਰੇ ’ਤੇ ਇਕ ਗੰਢ ਮਾਰ ਕੇ ਆਖਦਾ ਹੈ – ਇਸ ਮਹਾਕਥਾ ਦਾ ਨਾ ਕੋਈ ਆਦਿ ਹੈ ਤੇ ਨਾ ਕੋਈ ਅੰਤ।
ਗਾਣਾ-ਵਜਾਣਾ ਸਿਨੇਮਾਈ ਤਰਕ ਹੈ। ਜੋ ਹੋ ਰਿਹਾ ਹੈ, ਉਹਨੂੰ ਆਵਾਜ਼ ਦੇਣੀ। ਜਿਵੇਂ ਕਿਸੇ ਤਸਵੀਰ ਦਾ ਸਿਰਲੇਖ ਲਿਖੀਦਾ ਹੈ; ਤਾਂਕਿ ਅਰਥ ਹੋਰ ਉਘੜ ਜਾਣ। ਗੂੰਗੀਆਂ ਫ਼ਿਲਮਾਂ ਵੇਲੇ ਚਲਦੇ ਖੇਲ ਦੇ ਨਾਲ਼-ਨਾਲ਼ ਪਰਦਾ-ਏ-ਸੀਮੀ (ਸਿਲਵਰ ਸਕ੍ਰੀਨ) ਕੋਲ਼ ਬੈਠੇ ਸਾਜ਼ਿੰਦੇ ਸੰਗੀਤ ਵਜਾਉਂਦੇ ਸਨ; ਗਾਵਣ ਵਾਲ਼ੇ ਗਾਂਦੇ ਸਨ।
ਬੰਦਿਨੀ ਦੇ ਇਸ ਸੀਨ ਵਿਚ ਕਲਿਆਣੀ ਆਪ ਨਹੀਂ ਗਾ ਰਹੀ; ਨਾ ਵਿਕਾਸ ਗਾਉਂਦਾ ਹੈ। ਕਲਿਆਣੀ ਤੇ ਵਿਕਾਸ ਇਹ ਗੀਤ ਨਹੀਂ ਸੁਣ ਰਹੇ। ਨਦੀ ਦੇ ਘਾਟ ’ਤੇ ਚਾਹਖ਼ਾਨੇ ਵਿਚ ਬੈਠਾ ਕੋਈ ਰਾਵਲ ਗਾ ਰਿਹਾ ਹੈ: ਮੇਰੇ ਸਾਜਨ ਹੈਂ ਉਸ ਪਾਰ…। ਬਾਕੀ ਲੋਕਾਂ ਨੂੰ ਸਿਰਫ਼ ਗੀਤ ਹੀ ਸੁਣੀਂਦਾ ਹੈ। ਉਨ੍ਹਾਂ ਨੂੰ ਕਲਿਆਣੀ ਤੇ ਵਿਕਾਸ ਦਾ ਉਨ੍ਹਾਂ ਨਾਲ਼ ਹੋਏ-ਬੀਤੇ ਦਾ ਕੋਈ ਇਲਮ ਨਹੀਂ। ਫ਼ਿਲਮ ਦੇ ਦਰਸ਼ਕ ਕਿਸੇ ਹੋਰ ਦੁਨੀਆ ਵਿਚ ਬੈਠੇ ਇਹ ਸਾਰਾ ਵਰਤਦਾ ਨਾਟਕ ਦੇਖਦੇ ਹਨ। ਇਹ ਗੀਤ ਦਰਸ਼ਕ-ਸਰੋਤੇ ਦੀ ਭਾਵਨਾ ਤੇ ਸੋਚ ਦਾ ਅੰਕੁਸ਼ ਹੈ। ਉਹਦੇ ਮਨ ਦੇ ਘੁੰਮਦੇ ਤਵੇ ਦੀ ਲੀਕ ’ਤੇ ਨੱਸੀ ਜਾਂਦੀ, ਪਰ ਟਿਕੀ ਹੋਈ ਸੂਈ ਹੈ: (ਪੈਰਾਡੌਕਸ – ਵਿਰੋਧਾਭਾਸ)। ਚੁੱਪ ਅਣਜਾਣੇ ਸੁਰ ਜਗਾ ਰਹੀ ਹੈ, ਜਿਨ੍ਹਾਂ ਦਾ ਉਹਨੂੰ ਆਪ ਵੀ ਨਹੀਂ ਪਤਾ। ਫ਼ਿਲਮ ਬਣਾਣ ਵਾਲ਼ੇ ਦਾ, ਗੀਤ ਲਿਖਣ ਵਾਲ਼ੇ ਦਾ, ਗਾਣ ਵਾਲ਼ੇ ਦਾ ਇਹੀ ਮਨਸ਼ਾ ਸੀ। ਸ਼ਬਦ ਸੰਗੀਤ ਸਾਡੇ ਸਾਰੇ ਸ਼ਰੀਰ ਵਿਚ ਗੂੰਜਦਾ ਹੈ।
ਇਹ ਸੀਨ ਧੂ ਕਿਉਂ ਪਾਉਂਦਾ ਹੈ? ਇਹ ਮੇਰੀ ਅਪਣੀ ਕਹਾਣੀ ਹੈ। ਅੱਧੀ। ਮੈਂ ਉਹ ਇਨਕਲਾਬੀ ਵਿਕਾਸ ਘੋਸ਼ ਹਾਂ, ਜੋ ਨਦੀ ਦੇ ਘਾਟ ’ਤੇ ਇਕੱਲਾ ਬੈਠਾ ਬੇੜੀ ਪੈਣ ਦੀ ਉਡੀਕ ਕਰ ਰਿਹਾ ਹੈ।
ਇਸ ਸੀਨ ਦੀ ਆਵਾਜ਼ ਬੰਦ ਕਰਕੇ ਦੇਖਿਆਂ ਭਾਸ਼ਾ ਤੇ ਧ੍ਵਨੀ ਦਾ ਕਾਰਜ ਮਨਫ਼ੀ ਹੋ ਜਾਂਦਾ ਹੈ। ਬਾਕੀ ਜੋ ਬਚਦਾ ਹੈ, ਉਹ ਹੈ ਸੋਚ ਤੇ ਦ੍ਰਿਸ਼ਟੀ। ਹੁਣ ਸੀਨ ਨਾ ਵੇਖੋ; ਅੱਖਾਂ ਬੰਦ ਕਰਕੇ ਗੀਤ-ਸੰਗੀਤ ਸੁਣੋ। ਦੇਖਿਆ ਸੀਨ ਵੀ ਭੁੱਲ ਜਾਓ। ਫੇਰ ਸੋਚੋ, ਬੰਦਿਨੀ ਕੌਣ ਹੋਈ ਤੇ ਪੀਆ ਕੌਣ?
ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਦਾ ਆਖ਼ਿਰੀ ਸੀਨ ਓਦੋਂ ਸ਼ੁਰੂ ਹੁੰਦਾ ਹੈ, ਜਦ ਦਿਆਲੋ ਅੱਧੀ ਰਾਤ ਨੂੰ ਘਬਰਾਈ ਹੋਈ ਹੱਥ ਵਿਚ ਬੈਟਰੀ ਲੈ ਕੇ ਘਰੋਂ ਬਾਹਰ ਪੈਰ ਧਰਦੀ ਹੈ।
ਜਾਗਦਾ ਛੋਟਾ ਭਰਾ ਪੁੱਛਦਾ ਹੈ: ਤੂੰ ਕਿੱਥੇ ਚੱਲੀ ਭੈਣੇ?
– ਚੁੱਪ! ਮੈਂ ਹੁਣੇ ਆਉਂਦੀ ਆਂ। ਮੈਂ ਬੱਕਰੀ ਨੂੰ ਦੇਖ ਆਵਾਂ।
ਉਹਦਾ ਘਰ ਬੈਠੀ ਦਾ ਸਾਹ ਘੁੱਟਦਾ ਹੈ। ਉਹਨੂੰ ਆਪ ਨਹੀਂ ਪਤਾ, ਉਹਨੇ ਕਿੱਧਰ ਨੂੰ ਕਿੱਥੇ ਜਾਣਾ ਹੈ।
ਕੁੱਤੇ ਭੌਂਕ ਰਹੇ ਹਨ। ਉੱਲੂ ਬੋਲਦਾ ਹੈ।
ਬੀਹੀ ਵਿਚ ਕੋਈ ਬੰਦਾ ‘ਅੰਨ੍ਹੇ ਘੋੜੇ ਦਾ ਦਾਨ ਬਈ ਓਇ’ ਦਾ ਹੋਕਾ ਦਿੰਦੇ ਬੰਦੇ ਨਾਲ਼ ਬਹਿਸਦਾ ਹੈ ਕਿ ਜੱਟਾਂ ਤੋਂ ਅੰਨ੍ਹੇ ਘੋੜੇ ਦਾ ਦਾਨ ਮੰਗ ਕੇ ਖਾਣਾ ਛੱਡ ਦਿਓ।
– ਇਹ ਤਾਂ ਪਿਉ ਦਾਦੇ ਦੀ ਰੀਤ ਐ। ਇਹ ਤਾਂ ਤੁਹਾਨੂੰ ਕਰਨੀ ਪੈਣੀ ਐਂ।
– ਜੇ ਦੋ-ਕੁ ਸਾਲ ਗ੍ਰਹਿਣ ਨਾ ਲੱਗੇ, ਫੇਰ ਕਿੱਥੋਂ ਖਾਓਂਗੇ? ਪਿਉ-ਦਾਦੇ ਦੀ ਰੀਤ ਨਹੀਂ ਛੱਡਦੇ, ਤਾਂ ਹੀ ਪੀੜ੍ਹੀਆਂ ਬੀਤ ਗਈਆਂ ਧੱਕੇ ਖਾਂਦਿਆਂ ਨੂੰ।
– ਇਹ ਤਾਂ ਰੱਬ ਦੀ ਰਜਾ ਐ; ਉਹ ਤਾਂ ਮੰਨਣੀ ਪੈਣੀ ਆਂ। ਜੋ ਰੀਤ ਬਣੀ ਹੋਈ ਐ, ਉਹ ਤਾਂ ਕਰਨੀ ਪੈਣੀ ਆਂ।
– ਸਾਲ਼ਾ ਰੱਬ ਦੀ ਰੀਤ ਦਾ! ਜਦੋਂ ਮੈਂ ਕਹੀ ਜਾਂਦਾਂ; ਬੰਦੇ ਦਾ ਪੁੱਤ ਬਣ ਕੇ ਘਰ ਨੂੰ ਮੁੜ ਜਾ। ਜਾਂ ਦਿਆਂ .ਖੂੰਡਾ ਖੜਕਾਂਦਿਆਂ॥ ਫੇਰ ਅੰਨ੍ਹੇ ਘੋੜੇ ਦਾ ਦਾਨ?
– ਫੇਰ ਮੈਂ ਮੁੜ ਜਾਨਾਂ। ਐਵੇਂ ਔਖਾ-ਸੌਖਾ ਕਿਉਂ ਬੋਲਦੈਂ? ਐਵੇਂ ਅਵਾ-ਤਵਾ ਬੋਲੀ ਜਾਂਦੈਂ ਬਾਈ ਓਏ। (ਜਣਾ ਕਿੰਨੇ ਪਿਆਰ ਨਾਲ਼ ‘ਬਾਈ ਓਏ’ ਆਖਦਾ ਹੈ।)
ਰਤਾ ਅੱਗੇ ਜਾ ਕੇ ਦਿਆਲੋ ਨੂੰ ਭੂਰੇ ਦੀ ਬੁੱਕਲ਼ ਮਾਰੀ ਤੁਰਿਆ ਆਉਂਦਾ ਇਕ ਹੋਰ ਬੰਦਾ ਟੱਕਰਦਾ ਹੈ। ਬੈਟਰੀ ਦੀ ਲੋਏ ਦੇਖਣ-ਸਾਰ ਪਿਛਾਂਹ ਮੁੜਦੀ ਹੈ; ਸ਼ਾਇਦ ਸੰਙ ਕੇ ਜਾਂ ਡਰ ਕੇ।
ਇਹ ਤਾਂ ਦਿਆਲੋ ਦਾ ਭਰਾ ਮੇਲੂ ਹੈ। ਪਿੱਛੋਂ ਹਾਕ ਮਾਰਦਾ ਹੈ: ਦਿਆਲੋ! ਓਏ ਕੁੜੀਏ! ਦਿਆਲੋ!
– ਮੇਲੂ ਬਾਈ!
– ਅੱਧੀ ਰਾਤ ਹੋਈ ਪਈ ਐ; ਤੂੰ ਕਿੱਥੇ ਚੱਲੀ ਸੀ?
– ਕਿਤੇ ਨਹੀਂ। ਘਰੇ ਜੀਅ ਕਾਹਲ਼ਾ ਪਈ ਜਾਂਦਾ ਸੀ।
– ਚਲ ਘਰ ਨੂੰ ਚੱਲ।
ਹੋਰ ਬਹੁਤੀ ਗੱਲ ਨਹੀਂ ਹੁੰਦੀ। ਗੱਲ ਕਰਨ ਵਾਲ਼ੀ ਹੈ ਵੀ ਕਿਹੜੀ? ਫੇਰ ਦੋਹਵੇਂ ਇਕੱਠੇ ਚੁੱਪ-ਚਾਪ ਘਰ ਨੂੰ ਤੁਰ ਪੈਂਦੇ ਹਨ। ਇਹ ਲਾਲ ਸਿੰਘ ਦਿਲ ਦੇ ਕਹਿਣ ਵਾਂਙ ‘ਬਹੁਤ ਚੁੱਪ ਕੀਤੇ’ ਲੋਕਾਂ ਚੋਂ ਨੇ। ਦਿਆਲੋ ਨੂੰ ਅਪਣੇ ਭਰਾ ਨੂੰ ਸ਼ਹਿਰੋਂ ਸਤ ਸਾਲਾਂ ਬਾਅਦ ਘਰ ਆਏ ਨੂੰ ਵੇਖ ਕੇ ਧੀਰਜ ਹੁੰਦਾ ਹੈ। ਹੁਣ ਇਹ ਇਕੱਲੀ ਨਹੀਂ।
ਕੁਝ ਸਾਹਾਂ ਬਾਅਦ ਇਕਦਮ ਸਿਆਹ ਪਿਛੋਕੜ ਵਿਚ ਬਾਹਰਲੇ ਕਿਸੇ ਅਣਡਿੱਠ ਬੰਦੇ ਦੀ ਵਿਲਕਦੀ ਕੁਰਲਾਉਂਦੀ ਆਵਾਜ਼ ਵਿਚ ਂੋਨ-ਦਇਗੲਟਚਿ ਮੁਲਤਾਨੀ ਲੋਕਗੀਤ ਚਲਣ ਲਗਦਾ ਹੈ। ਵਿਚ-ਵਿਚ ਬੋਲਾਂ ਵਲ ਧਿਆਨ ਜਾਂਦਾ ਹੈ: ਡਾਢੇ ਦੀਏ ਬੇੜੀਏ…ਚਿੱਟੀ ਚਾਦਰ…ਕੰਢੇ ’ਤੇ ਸੱਟੀ ਮੱਛੀ। ਇਸ ਗੀਤ ਦੇ ਬੋਲ ਅਹਿਮ ਨਹੀਂ; ਇਹਦੀ ਆਵਾਜ਼ ਦੀ ਕੁਰਲਾਹਟ ਅਹਿਮ ਹੈ। ਇਸ ਵਿਚ ਕੂਕਦੇ ਮੋਰ ਦੀ ਕੰਬਦੀ ਜੀਭ ਦਿਸਦੀ ਹੈ। ਇਹ ਆਵਾਜ਼ ਦਿਲ ਦਾ ਰੁੱਗ ਭਰਦੀ ਹੈ।
ਬੰਦਿਨੀ ਤੇ ਅੰਨ੍ਹੇ ਘੋੜੇ ਦੇ ਇਨ੍ਹਾਂ ਸੀਨਾਂ ਵਿਚ ਚਲਦੇ ਗੀਤ ਮਰਦ ਦੀ ਆਵਾਜ਼ ਵਿਚ ਹੀ ਜਚਦੇ ਹਨ। ਕੀ ਇਹਦਾ ਮਤਲਬ ਇਹ ਹੈ ਕਿ ਮਰਦ ਦੀ ਆਵਾਜ਼ ਹੀ ਕਰੁਣਾ ਤੇ ਵਿਅਥਾ ਪ੍ਰਗਟਾ ਸਕਦੀ ਹੈ? ਇਕ ਵਜਾਹ ਇਹ ਵੀ ਹੈ ਕਿ ਸਾਰੇ ਹਿੰਦੁਸਤਾਨ ਵਿਚ ਇਸ ਪਨ੍ਹੇ ਦੀ ਆਵਾਜ਼ ਵਾਲ਼ੀ ਕੋਈ ਇਸਤਰੀ ਗਾਇਕਾ ਹੈ ਈ ਕੋਈ ਨਹੀਂ। ਸਾਡੇ ਕੋਲ਼ ਮਿਸਰ ਦੀ ਗਾਇਕਾ ਉਮ ਕੁਲਸੁਮ (1924-1973) ਜਾਂ ਯੂਨਾਨ ਦੀ ਮਾਰੀਆ ਫ਼ਰੰਤੂਰੀ ਵਰਗੀ ਕੋਈ ਆਵਾਜ਼ ਨਹੀਂ।
‘‘ਘਰੇ ਜੀਅ ਕਾਹਲ਼ਾ ਪਈ ਜਾਂਦਾ ਸੀ’’ – ਦਿਆਲੋ ਦੇ ਇਨ੍ਹਾਂ ਕੁਝ ਬੋਲਾਂ ਵਿਚ ਚੁਪਾਸੀਂ ਛਾਏ ਅੰਨ੍ਹੇਰੇ ਦੀ ਕਾਲਖ, ਮਨ ਦੀ ਉਦਾਸੀ, ਭੈਣ-ਭਰਾ ਦਾ ਪਿਆਰ* ਏਨੇ ਸੰਜਮ ਨਾਲ਼ ਇਸ ਤਰ੍ਹਾਂ ਪੇਸ਼ ਹੋਣਾ ਸਿਨੇਮੇ ਦਾ ਹਾਸਿਲ ਹੈ।
ਪੰਜਾਬੀ ਬੋਲੀ ਵਿਚ ਅੰਗਰੇਜ਼ੀ ਸ਼ਬਦ ‘ਡੀਪ੍ਰੈੱਸ਼ਨ’ ਜਾਂ ‘ਅਨੈੱਗਜ਼ਾਇਟੀ’ ਦੇ ਬਰਾਬਰ ਦਾ ਕੋਈ ਸ਼ਬਦ ਨਹੀਂ ਹੈ। ਪੋਠੋਹਾਰੀ ਵਿਚ ‘ਖਬਤੀ’ ਵਰਤੀਂਦਾ ਹੈ। ਪੰਜਾਬੀ ਵਿਚ ਦਿਲ, ਕਾਲ਼ਜਾ, ਢਿੱਡ ਸਮਅਰਥੀ ਹਨ। ਦਿਲ ਨਾਲ਼ ਜੁੜੇ ਕਈ ਮੁਹਾਵਰੇ ਹਨ: ਦਿਲ – ਸੁੰਞਾ-ਸੁੰਞਾ ਹੋਣਾ, ਹੁੱਸੜਨਾ, ਕੱਚਾ ਹੋਣਾ, ਕਾਬੂ ਚ ਨਾ ਹੋਣਾ, ਘਾਊਂ-ਮਾਊਂ ਹੋਣਾ, ਘਾਬਰਨਾ, ਟੁੱਟਣਾ, ਟੋਟੇ-ਟੋਟੇ ਹੋਣਾ, ਡੁੱਬਣਾ, ਡੋਬੂ ਪੈਣੇ, ਡੋਲਣਾ, ਢਹਿਣਾ, ਥੋਹੜਾ ਹੋਣਾ, ਬੁੱਝਣਾ, ਬੁਝਿਆ-ਬੁਝਿਆ ਹੋਣਾ, ਮਸੋਸਣਾ। ਸਮੁੰਦਰੋਂ ਡੂੰਘੇ ਦਿਲ ਦਰਿਆ ਵਾਲ਼ਾ ਪੰਜਾਬੀ ਮੁਹਾਵਰਾ ਵੀ ਤਾਂ ਹੈ।
ਅੰਨ੍ਹੇ ਘੋੜੇ ਵਾਲ਼ੀ ਫ਼ਿਲਮ ਵਿਚ ਮਜ਼੍ਹਬੀ ਬੜੇ ਧੀਮੇ ਬੋਲਦੇ ਹਨ; ਜੱਟ ਦਹਾੜਦੇ ਹਨ। ਕਦੇ-ਕਦੇ ਜੱਟਾਂ ਦੀ ਧੌਂਸ ਦੇ ਖ਼ਿਲਾਫ਼ ਮਜ਼੍ਹਬੀਆਂ ਦੀ ਵਾਜ ਖਰ੍ਹਵੀ ਹੋ ਜਾਂਦੀ ਹੈ। ਉਨ੍ਹਾਂ ਨੂੰ ਅਪਣੇ ਜੀਉਂਦੇ ਹੋਣ ਦਾ ਭਰੋਸਾ ਨਹੀਂ: ‘‘ਅਸੀਂ ਕਿਹੜਾ ਜੀਉਂਦਿਆਂ ਚ ਸ਼ਾਮਲ ਐਂ?’’
ਮੇਲੂ ਸ਼ਹਿਰ ਗਿਆ ਸਵਾਰੀਆਂ ਢੋਂਦਾ ਰਿਕਸ਼ਾ ਯੂਨੀਅਨ ਦਾ ਲੀਡਰ ਬਣਦਾ ਹੈ। ਰਿਕਸ਼ੇ ਵਾਲ਼ਿਆਂ ਦੇ ਮੁਜ਼ਾਹਰੇ ਵਿਚ ਪੁਲਸ ਦੀ ਲਾਠੀ ਨਾਲ਼ ਸਿਰ ਪੜਵਾ ਘਰ ਮੁੜਨ ਦੀ ਗੱਲ ਪੱਟੀ ਕਰਦੇ ਅਪਣੇ ਗਰਾਈਂ ਕੰਪਾਊਂਡਰ ਨਾਲ਼ ਕਰਦਾ ਹੈ, ਤਾਂ ਅੱਗੋਂ ਉਹ ਕਹਿੰਦਾ ਹੈ: ‘‘ਪਿੰਡ ਜੱਟਾਂ ਦੀ ਜੂਠ ਚੱਟਣ ਜਾਣੈ? ਪਿੰਡ ਹੁਣ ਅਪਣਾ ਹੈ ਵੀ ਕੀ ਆ?’’
ਕਲਿਆਣੀ ਠਿਲ੍ਹਣ ਲੱਗੇ ਜਹਾਜ਼ ਵਿਚ ਚੜ੍ਹ ਕੇ ਅਪਣੇ ਸ਼ਹੁ ਦੇ ਪੈਰੀਂ ਹੱਥ ਲਾ ਕੇ ਉਹਦੀਆਂ ਬਾਹਵਾਂ ਵਿਚ ਸਮਾ ਜਾਂਦੀ ਹੈ। ਭੈਣ ਦਿਆਲੋ ਨੂੰ ਅਪਣਾ ਗੁਆਚਿਆਂ ਵਰਗਾ ਭਰਾ ਮਿਲ਼ ਪੈਂਦਾ ਹੈ। ਸਾਰੇ ਅਪਣੇ ਘਰਾਂ ਨੂੰ ਚੱਲੇ ਹਨ।
ਇਤਿ। ਆਦਿ ਦੀ ਇਤਿ। ਜਾਂ ਇਥੋਂ ਇਤਿ ਸ਼ੁਰੂ ਹੁੰਦੀ ਹੈ। ਜਾਂ ਇੱਕੋ ਹੀ ਗੱਲ ਹੈ? ਨਾ ਆਰੰਭ ਨਾ ਅੰਤ।
ਸਭ ਕੁਝ ਅਨੰਤ ਵਰਤਮਾਨ ਵਿਚ ਵਾਪਰ ਰਿਹਾ ਹੈ।
* ਇਕ ਹੋਰ ਐਸਾ ਅਮਿਟ ਸੀਨ ਰਿਤਵਿਕ ਘਟਕ ਦੀ ਬਾਂਗਲਾ ਫ਼ਿਲਮ ਮੇਘੇ ਢਾਕਾ ਤਾਰਾ (1960) ਵਿਚ ਹੈ, ਜਿਸ ਵਿਚੇ ਭੈਣ-ਭਰਾ ਮਿਲ਼ਕੇ ਟੈਗੋਰ ਦਾ ਗੀਤ ਗਾਉਂਦੇ ਹਨ: ਜੇ ਰਾਤੇ ਮੋਰ ਦੁਆਰ ਗੁਲੀ…