ਗੁਰਦੀਪ ਸਿੰਘ ਢੁੱਡੀ
ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿਚ ਸ਼ੁਰੂ ਹੋਇਆ ਪੰਜਾਬ ਵਿਚਲਾ ਅਤਿਵਾਦ ਨੌਵੇਂ ਦਹਾਕੇ ਵਿਚ ਚਰਮ ਸੀਮਾ ’ਤੇ ਪਹੁੰਚਿਆ ਅਤੇ ਫਿਰ ਜ਼ਿੰਮੇਵਾਰ ਸਿਆਸਤਦਾਨਾਂ ਨੇ ਸਦੀ ਦੇ ਅਖੀਰਲੇ ਦਹਾਕੇ ਦੇ ਪਹਿਲੇ ਸਾਲਾਂ ਵਿਚ ਅੱਖ ਦੇ ਫ਼ੋਰ ਵਿਚ ਇਸ ਨੂੰ ਸਮਾਪਤੀ ਦੇ ਕੰਢੇ ’ਤੇ ਲੈ ਆਂਦਾ। ਪੰਜਾਬੀਆਂ ’ਤੇ ਇਹ ਅੰਤਾਂ ਦੇ ਕਹਿਰ ਦਾ ਸਮਾਂ ਸੀ। ਇਸ ਨੇ ਇੱਥੋਂ ਦੀਆਂ ਸਦੀਆਂ ਦੀ ਭਾਈਚਾਰਕ ਸਾਂਝ ਦੀਆਂ ਤੰਦਾਂ ਵਿਚ ਅੰਤਾਂ ਦੀਆਂ ਤ੍ਰੇੜਾਂ ਪੈਦਾ ਕਰ ਦਿੱਤੀਆਂ। ਇੱਥੋਂ ਦੀ ਉੱਚੀ ਆਰਥਿਕਤਾ ਨੂੰ ਪਟੜੀਓਂ ਲਾਹ ਕੇ ਮੂਧੇ ਮੂੰਹ ਸੁੱਟ ਦਿੱਤਾ। ਇਸ ਕਥਿਤ ਖਾੜਕੂਵਾਦ ਨੇ ਸਭ ਤੋਂ ਵੱਧ ਪੰਜਾਬ ਦੀ ਸਿੱਖਿਆ ਦੇ ਗੁਣਵੱਤਾ ਵਾਲੇ ਪੱਖ ਨੂੰ ਅੰਤਾਂ ਦਾ ਨੁਕਸਾਨ ਪਹੁੰਚਾਇਆ ਸੀ। ਕਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ ਪਰ ਇਸ ਖਾੜਕੂਵਾਦ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਸ਼ੇਸ਼ ਕਰ ਕੇ ਦੁਜ਼ੈਲੇ ਦਰਜੇ ਦੀ ਬਣਦੀ ਹੋਈ ਰਹਿ ਹੀ ਗ਼ਰੀਬ ਤਬਕੇ ਜੋਗੀ ਗਈ। ਇਸੇ ਸਮੇਂ ਨਕਲ ਦਾ ਕੋਹੜ ਕਥਿਤ ਕਨੂੰਨਨ ਦਰਜਾ ਹਾਸਲ ਕਰ ਗਿਆ। ਵਿਦਿਆਰਥੀ, ਅਧਿਆਪਕ ਅਤੇ ਮਾਪੇ ਨਕਲ ਕਰਕੇ ਪਾਸ ਹੋਣ ਨੂੰ ਹੀ ਸਿੱਖਿਆ ਸਮਝਣ ਲੱਗ ਪਏ ਸਨ। ਇਸ ਨਾਲ ਸਾਡੀ ਉਸ ਸਮੇਂ ਦੀ ਪੀੜ੍ਹੀ ਵਿਚ ਬੌਧਿਕ ਖਲਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ। ਕੁੱਝ ਖਾੜਕੂਆਂ ਦਾ ਡਰ ਅਤੇ ਕੁੱਝ ਸਰਕਾਰ ਅਤੇ ਖਾੜਕੂਆਂ ਵੱਲੋਂ ਵਿਦਿਅਕ ਸੰਸਥਾਵਾਂ ਨੂੰ ਬੰਦ ਕੀਤੇ ਜਾਣ ਸਦਕਾ ਪੜ੍ਹਾਈ ਆਪਣੇ ਸਮਾਪਤੀ ਵਾਲੇ ਸਥਾਨ ’ਤੇ ਪਹੁੰਚ ਗਈ ਸੀ। ਇਸੇ ਹੀ ਸਮੇਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਰਹਿਣੀਆਂ ਸਾਧਾਰਨ ਗੱਲ ਬਣ ਗਈ। ਸਕੂਲ ਸਿੱਖਿਆ ਵਿਭਾਗ ਸਿਆਸੀ ਲੋਕਾਂ ਵਾਸਤੇ ਹਕੂਮਤ ਕਰਨ ਵਾਸਤੇ ਇਕ ਸੰਦ ਬਣ ਗਿਆ। ਵਿਦਿਆਰਥੀਆਂ ਨੇ ਪੜ੍ਹਨਾ ਛੱਡ ਦਿੱਤਾ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਦੀ ਕੋਈ ਲੋੜ ਹੀ ਨਾ ਰਹਿ ਗਈ। ਸਿੱਖਿਆ ਅਧਿਕਾਰੀਆਂ ਦਾ ਵੱਧ ਤੋਂ ਵੱਧ ਬਲ ਸਿਆਸੀ ਲੋਕਾਂ ਦੀ ਖੁਸ਼ਨੂਦੀ ਹਾਸਲ ਕਰਨ ’ਤੇ ਲੱਗਿਆ ਰਹਿੰਦਾ ਅਤੇ ਇਸੇ ਆੜ ਵਿਚ ਉਹ ਪੜ੍ਹਾਉਣ ਨੂੰ ਤਿਲਾਂਜਲੀ ਦਿੰਦੇ ਰਹੇ। ਭਾਰਤ ਭਰ ਵਿਚ ਆਰਥਿਕਤਾ ਵਾਂਗ ਪਹਿਲੇ ਸਥਾਨਾਂ ’ਤੇ ਰਹਿਣ ਵਾਲੀ ਸਿੱਖਿਆ ਵੀ ਇਸ ਸਮੇਂ ਆਰਥਿਕਤਾ ਵਾਂਗ ਬੁਰੀ ਤਰ੍ਹਾਂ ਡਗਮਗਾ ਗਈ। ਇਸ ਤੋਂ ਬਾਅਦ ਵਾਲੇ ਸਮੇਂ ਵਿਚ ਸਿੱਖਿਆ ਵਿਭਾਗ ਦੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਲੋਕਾਂ ਨੇ ਸਿੱਖਿਆ ਨੂੰ ਪ੍ਰਯੋਗਸ਼ਾਲਾ ਵਿਚ ਤਬਦੀਲ ਕਰਦਿਆਂ ਪ੍ਰਯੋਗ ਕਰਨ ਲਈ ਨਿਰੰਤਰਤਾ ਬਣਾਈ ਰੱਖੀ, ਜੋ ਅੱਜ ਤੱਕ ਉਵੇਂ ਹੀ ਚੱਲ ਰਹੀ ਹੈ।
ਉਪਰੋਕਤ ਵਰਣਿਤ ਸਮਾਜੀ ਕਹਿਰਾਂ ਤੋਂ ਬਾਅਦ ਪਿਛਲੇ ਸਾਲ ਦੁਨੀਆਂ ਭਰ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਕਰੋਨਾ ਨੇ ਪੰਜਾਬ ਵਿਚ ਸਭ ਤੋਂ ਵਿਆਪਕ ਕਹਿਰ ਸਿੱਖਿਆ ’ਤੇ ਢਾਹਿਆ। ਆਮ ਤਾਲਾਬੰਦੀ ’ਤੇ ਚੱਲਦਿਆਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ। ਬਾਕੀ ਤਾਲਾਬੰਦੀ ਤਾਂ ਬਹੁਤ ਜਲਦੀ ਖੋਲ੍ਹ ਦਿੱਤੀ ਗਈ ਪਰ ਵਿਦਿਅਕ ਸੰਸਥਾਵਾਂ ਦੀ ਤਾਲਾਬੰਦੀ ਜਿਉਂ ਦੀ ਤਿਉਂ ਜਾਰੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਮੋਬਾਈਨ ਫੋਨ ’ਤੇ ਸਿੱਖਿਆ ਦੇਣ ਦਾ ਵੱਡਾ ਪਰ ਅਸਫ਼ਲ ਕਾਰਜ ਆਰੰਭਿਆ। ਇਸ ਦੇ ਨਾਲ ਹੀ ਦੂਰਦਰਸ਼ਨ ’ਤੇ ਵੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਉਪਰਾਲੇ ਕੀਤੇ ਗਏ। ਇਹ ਵੱਖਰੀ ਗੱਲ ਹੈ ਕਿ ਗ਼ਰੀਬ ਵਰਗ ਦੇ ਬੱਚਿਆਂ ਕੋਲ ਨਾ ਮੋਬਾਈਲ ਫ਼ੋਨ, ਨਾ ਇੰਟਰਨੈੱਟ ਪੈਕੇਜ, ਨਾ ਬਿਜਲੀ ਨਾਲ ਚੱਲਣ ਵਾਸਤੇ ਟੈਲੀਵਿਜ਼ਨ ਸੈੱਟ ਸਨ। ਵੈਸੇ ਵੀ ਇਸ ਆਨਲਾਈਨ ਪੜ੍ਹਾਈ ਕਰਵਾਏ ਜਾਣ ਦੇ ਸਮੇਂ ਮੀਡੀਆ ਵਿਚ ਵਿਦਿਆਰਥੀਆਂ ਦੇ ਖੇਤਾਂ ਵਿਚ ਝੋਨਾ ਲਾਉਂਦਿਆਂ ਦੀਆਂ ਫ਼ੋਟੋਆਂ ਅਤੇ ਖ਼ਬਰਾਂ ਨਸ਼ਰ ਹੋਈਆਂ ਸਨ। ਆਨਲਾਈਨ ਪੜ੍ਹਾਈ ਦੇ ਨਾਮ ’ਤੇ ਦਿੱਤੀ ਜਾਣ ਵਾਲੀ ਸਿੱਖਿਆ ਦੀ ਹਕੀਕਤ ਜਾਣਨ ਵਾਸਤੇ ਸਰਕਾਰੀ ਸਕੂਲਾਂ ਦੇ ਇਲਾਵਾ ਪਿੰਡਾਂ ਵਿਚੋਂ ਨਿੱਜੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਭੇਜਣ ਵਾਲੇ ਅਨਪੜ੍ਹਤਾ ਅਤੇ ਡਿੱਕਡੋਲੇ ਖਾਂਦੀ ਆਰਥਿਕਤਾ ਦੀ ਮਾਰ ਝੱਲਣ ਵਾਲੇ ਮਾਪਿਆਂ ਨਾਲ ਸੰਪਰਕ ਕਰਕੇ ਬਿਨਾਂ ਕਿਸੇ ਲਾਗ-ਲਪੇਟ ਦੇ ਅੰਕੜੇ ਹਾਸਲ ਕਰਕੇ ਜੇਕਰ ਜਨਤਕ ਕੀਤੇ ਜਾਣ ਤਾਂ ਪਹਿਲਾਂ ਹੀ ਮਾਰਾਂ ਝੱਲਣ ਵਾਲੇ ਲੋਕਾਂ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨਣਾ ਅੰਤਾਂ ਦਾ ਕਠਿਨ ਹੋ ਜਾਵੇਗਾ। ਸਿੱਖਿਆ ਵਿਭਾਗ, ਨਿੱਜੀ ਸਕੂਲਾਂ ਦੇ ਅਧਿਆਪਕ ਅਤੇ ਸਰਕਾਰੀ ਸਕੂਲਾਂ ਦਾ ਅਧਿਆਪਕ ਵਰਗ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰਿਆ ਹੋਇਆ ਹੈ ਪਰ ਅੱਗੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਣੀ ਹੈ, ਉਨ੍ਹਾਂ ਦੀ ਅਸਲੀਅਤ ਜਾਣਨੀ ਹੋਵੇ ਤਾਂ ੳਹੁ ਤਾਂ ਨਿਰਅੱਖਰ ਹੋਣ ਵਾਂਗ ਹੋ ਗਏ ਹਨ। ਬੜੀ ਤਰ੍ਹਾਂ ਦੀਆਂ ਮਜਬੂਰੀਆਂ ਝੱਲ ਕੇ ਆਪਣੀ ਔਲ਼ਾਦ ਨੂੰ ਸਿੱਖਿਆ ਦਿਵਾਉਣ ਦੀ ਚਾਹਤ ਨਾਲ ਨਿੱਜੀ ਅਤੇ ਸਰਕਾਰੀ ਸਕੂਲਾਂ ਵਿਚ ਭੇਜਣ ਵਾਲੇ ਲੋਕਾਂ ਦਾ ਦਰਦ ਇੱਥੇ ਸ਼ਬਦਾਂ ਵਿਚ ਬਿਆਨਣਾ ਅਸੰਭਵ ਜਾਪਦਾ ਹੈ।
ਹੁਣ ਪਹਿਲੀ ਅਪਰੈਲ ਤੋਂ ਲੈ ਕੇ ਮਹੀਨੇ ਦੇ ਅਖੀਰ ਤੱਕ ਨਿੱਜੀ ਅਤੇ ਸਰਕਾਰੀ ਸਕੂਲਾਂ ਦੀਆਂ ਮੈਨੇਜਮੈਂਟਸ ਅਖ਼ਬਾਰਾਂ ਵਿਚ ਫ਼ੋਟੋਆਂ ਸਮੇਤ ਇਹ ਖ਼ਬਰਾਂ ਬੜੇ ਧੜੱਲੇ ਨਾਲ ਲੁਆਉਣਗੀਆਂ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆਵਾਂ ਵਿਚ ਬੜੀਆਂ ਮੱਲਾਂ ਮਾਰੀਆਂ ਹਨ। ਜਦੋਂ ਕਿ ਹਕੀਕਤ ਵਿਚ ਸਾਰਾ ਸਾਲ (2020-21) ਵਿਚ ਨਾ ਤਾਂ ਪੜ੍ਹਾਈ ਹੋਈ ਅਤੇ ਨਾ ਹੀ ਪ੍ਰੀਖਿਆਵਾਂ ਹੋਈਆਂ ਹਨ। ਆਨਲਾਈਨ ਪੜ੍ਹਾਈ ਅਤੇ ਪ੍ਰੀਖਿਆਵਾਂ ਦੀ ਹਕੀਕਤ ਦੇ ਅਸਲ ਅਤੇ ਬਣਾਈ ਗਈ ਕਹਾਣੀ ਵਿਚ ਅੰਤਾਂ ਦਾ ਅੰਤਰ ਹੈ। ਦਮਗਜ਼ੇ ਮਾਰਨ ’ਤੇ ਜਿੰਨਾ ਜ਼ੋਰ ਲਾਇਆ ਜਾਂਦਾ ਹੈ ਜੇਕਰ ਅਸੀਂ ਸਚਮੁੱਚ ਹੀ ਪੜ੍ਹਾਈ ਪ੍ਰਤੀ ਸੰਜੀਦਾ ਹੁੰਦੇ ਤਾਂ ਅਸੀਂ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਬੁਲਾ ਕੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਅ ਕਰਦੇ ਹੋਏ ਸਿੱਖਿਆ ਦਾ ਮਾਹੌਲ ਬਣਾਇਆ ਜਾ ਸਕਦਾ ਸੀ ਪਰ ਅਜਿਹਾ ਕਰਨ ਦੀ ਥਾਂ ਅਸੀਂ ਆਨਲਾਈਨ ਸਿੱਖਿਆ ਦੇਣ ’ਤੇ ਨਿਰੰਤਰ ਜ਼ੋਰ ਲਾਉਂਦੇ ਰਹੇ ਅਤੇ ਅੰਕੜਿਆਂ ਨਾਲ ਝੂਠੀਆਂ ਤਸੱਲੀਆਂ ਦਾ ਢਿੱਡ ਭਰਦੇ ਰਹੇ ਹਾਂ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਸਿੱਖਿਆ ਦੇਣ ਵਾਸਤੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੀ ਕਲਾਸਰੂਮ ਦੀ ਥਾਂ ਹੋਰ ਕੋਈ ਵੀ ਵਸੀਲਾ ਨਹੀਂ ਲੈ ਸਕਦਾ। ਵੈਸੇ ਵੀ ਵੇਖਿਆ ਜਾਵੇ ਤਾਂ ਕੇਵਲ ਵਿਦਿਅਕ ਸਥਾਨ ਹੀ ਅੱਜ ਬੰਦ ਹਨ ਜਦੋਂ ਕਿ ਬਾਕੀ ਸਾਰੇ ਸਥਾਨ ਆਪਣੀ ਆਪਣੀ ਥਾਂ ਕੰਮ ਕਰ ਰਹੇ ਹਨ। ਅਸਲੀਅਤ ਵਿਚ ਵਿਦਿਆਰਥੀਆਂ ਨੂੰ ਵਿਦਿਆ ਦੇਣ ਨੂੰ ਸਰਕਾਰ ਆਪਣੀ ਕਮਾਈ ਦੇ ਸਾਧਨ ਵਜੋਂ ਪ੍ਰਵਾਨ ਕਰਦੀ ਹੀ ਨਹੀਂ ਹੈ। ਕਰੋਨਾ ਦਾ ਕਹਿਰ ਸਭ ਤੋਂ ਵੱਧ ਵਿਦਿਅਕ ਸੰਸਥਾਵਾਂ ਵਾਸਤੇ ਬਣਿਆ ਹੋਇਆ ਹੈ।
ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀ ਨੂੰ ਕੇਵਲ ਅੱਖਰ ਗਿਆਨ ਹੀ ਨਹੀਂ ਦਿੱਤਾ ਜਾਂਦਾ ਸਗੋਂ ਇਸ ਨਾਲੋਂ ਸਿੱਖਿਆ ਦਾ ਵਡੇਰਾ ਮਨੋਰਥ ਵਿਦਿਆਰਥੀ ਦਾ ਚੌਤਰਫ਼ਾ ਵਿਕਾਸ ਕਰਦਿਆਂ ਉਸ ਨੂੰ ਇਸ ਸਮਾਜ ਦਾ ਇਕ ਚੰਗੇਰਾ ਨਾਗਰਿਕ ਬਣਾਉਣਾ ਹੈ। ਬੇਸ਼ੱਕ ਕਿਤਾਬਾਂ ਦੀ ਪੜ੍ਹਾਈ ਸਕੂਲਾਂ ਕਾਲਜਾਂ ਦੀ ਪੜ੍ਹਾਈ ਦਾ ਇਕ ਵੱਡਾ ਮਕਸਦ ਹੁੰਦਾ ਹੈ ਅਤੇ ਇਸ ਵਾਸਤੇ ਬਕਾਇਦਾ ਪਾਠਕ੍ਰਮ ਨਿਰਧਾਰਤ ਕੀਤੇ ਹੁੰਦੇ ਹਨ ਪਰ ਇਸ ਦੇ ਨਾਲ ਹੀ ਵਿਦਿਆਰਥੀ ਦੀ ਸ਼ਖ਼ਸੀਅਤ ਦੇ ਵਿਕਾਸ ਦੇ ਕਈ ਹੋਰ ਪੜਾਵਾਂ ਦੀ ਵੀ ਇਨ੍ਹਾਂ ਸਥਾਨਾਂ ’ਤੇ ਹੀ ਪੂਰਤੀ ਹੁੰਦੀ ਹੈ। ਉਸ ਦੇ ਸਰੀਰਕ ਵਿਕਾਸ ਦੇ ਇਲਾਵਾ ਉਸ ਦਾ ਬੌਧਿਕ, ਸਮਾਜਿਕ, ਅਤੇ ਮਨੋਵਿਗਿਆਨਕ ਵਿਕਾਸ ਵੀ ਇੱਥੇ ਹੀ ਠੀਕ ਦਿਸ਼ਾ ਨਾਲ ਨੇਪਰੇ ਚੜ੍ਹਦਾ ਹੈ। ਇਨ੍ਹਾਂ ਸੰਸਥਾਵਾਂ ਵਿਚ ਕਰਵਾਈਆਂ ਜਾਂਦੀਆਂ ਸਹਿਪਾਠੀ ਕਿਰਿਆਵਾਂ ਵਿਦਿਆਰਥੀ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਵੱਡਾ ਰੋਲ ਅਦਾ ਕਰਦੀਆਂ ਹਨ। ਇਨ੍ਹਾਂ ਕਿਰਿਆਵਾਂ ਵਿਚੋਂ ਨੇਤਾ, ਬੁਲਾਰੇ, ਖਿਡਾਰੀ, ਲਿਖਾਰੀ, ਕਲਾਕਾਰ, ਰੰਗਕਰਮੀ, ਸਮਾਜਸੇਵੀ ਵਾਲੇ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਹੈ। ਜੇਕਰ ਨਿਚੋੜ ਕੱਢਦਿਆਂ ਇਹ ਗੱਲ ਨਬਿੇੜੀ ਜਾਵੇ ਕਿ ਇੱਥੋਂ ਵਿਦਿਆਰਥੀ ਦਾ ਸੰਪੂਰਨ ਵਿਕਾਸ ਸੰਭਵ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਵਿਦਿਅਕ ਸਥਾਨ ਬੰਦ ਹੋਣ ਕਾਰਨ ਵਿਦਿਆਰਥੀ ਇਨ੍ਹਾਂ ਗੁਣਾਂ ਦੇ ਵਿਕਾਸ ਤੋਂ ਵਿਰਵੇ ਰਹਿਣਗੇ। ਇਸ ਲਈ ਕਰੋਨਾ ਦੇ ਕਹਿਰ ਨੂੰ ਸਿੱਖਿਆ ਵਾਸਤੇ ਵੱਡੇ ਪਰਕੋਪ ਵਜੋਂ ਵਿਕਸਤ ਕਰਨਾ ਵੱਡੀ ਭੁੱਲ ਹੋਵੇਗੀ।
ਦੁਨੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ, ਦੁਸ਼ਵਾਰੀਆਂ, ਘਾਟਾਂ, ਸਮੱਸਿਆਵਾਂ ਦਾ ਹੱਲ ਕੇਵਲ ਅਤੇ ਕੇਵਲ ਇਕ ਹੀ ਸਥਾਨ ’ਤੇ ਮਿਲ ਸਕਦਾ ਹੈ ਅਤੇ ਇਹ ਸਥਾਨ ਹੈ ਵਿਅਕਤੀ ਦਾ ਸਿੱਖਿਅਤ ਹੋਣ ਲਈ ਲੋੜੀਂਦਾ ਸਥਾਨ। ਜੇਕਰ ਅਸੀਂ ਇਸ ਸਿੱਖਿਆ ਨੂੰ ਦੂਸਰੇ ਨੰਬਰ ’ਤੇ ਰੱਖ ਕੇ ਚੱਲਾਂਗੇ ਤਾਂ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਹਰ ਤਰ੍ਹਾਂ ਪੱਛੜੇ ਹੀ ਰਹਾਂਗੇ। ਇਸ ਲਈ ਜੇਕਰ ਅਸੀਂ ਆਪਣੇ ਸਮਾਜ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਸਿੱਖਿਆ ਨੂੰ ਪਹਿਲੇ ਸਥਾਨ ’ਤੇ ਰੱਖ ਕੇ ਚੱਲਣਾ ਪੈਣਾ ਹੈ। ਨਿਰਸੰਦੇਹ ਵਰਤਮਾਨ ਵਿਗਿਆਨ ਅਤੇ ਤਕਨਾਲੋਜੀ ਸਦਕਾ ਅਸੀਂ ਜਿਵੇਂ ਹੋਰਨਾਂ ਥਾਵਾਂ ’ਤੇ ਵਸੀਲੇ ਪੈਦਾ ਕਰ ਸਕਦੇ ਹਾਂ ਇਸੇ ਤਰ੍ਹਾਂ ਅਸੀਂ ਸਿੱਖਿਆ ਸੰਸਥਾਵਾਂ ਵਿਚ ਵੀ ਇਸ ਵਿਗਿਆਨ ਅਤੇ ਤਕਨਾਲੋਜੀ ਦੇ ਸੰਦਾਂ ਦਾ ਪ੍ਰਯੋਗ ਕਰ ਸਕਦੇ ਹਾਂ ਪਰ ਸਾਨੂੰ ਇਸ ਹਕੀਕਤ ਨੂੰ ਵੀ ਪੱਲੇ ਬੰਨ੍ਹ ਕੇ ਚੱਲਣਾ ਪੈਣਾ ਹੈ ਕਿ ਵਿਦਿਅਕ ਸੰਸਥਾਵਾਂ ਨੂੰ ਉਨ੍ਹਾਂ ਦੇ ਅਸਲੀ ਹਾਲਤਾਂ ਵਿਚ ਰੱਖਦਿਆਂ ਹੋਇਆਂ ਇੱਥੇ ਅਧਿਆਪਕ ਅਤੇ ਵਿਦਿਆਰਥੀ ਦਾ ਤਾਲਮੇਲ ਬਣਾ ਕੇ ਰੱਖਣਾ ਅਤਿਅੰਤ ਅਨਿਵਾਰੀ ਹੈ। ਵਿਦਿਆਰਥੀ ਦੀ ਵਿਦਿਅਕ ਪ੍ਰਾਪਤੀ ਅਧਿਆਪਕ ਦੀ ਛਤਰ-ਛਾਇਆ ਅਧੀਨ ਹੀ ਸੰਪੂਰਨ ਹੁੰਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਵਿਕਾਸ ਵਾਸਤੇ ਉਸ ਵਾਸਤੇ ਵਿਦਿਅਕ ਸੰਸਥਾ ਹੀ ਇਕੋ-ਇੱਕ ਸਥਾਨ ਸਾਬਤ ਹੋ ਸਕਦੀ ਹੈ। ਇਸ ਲਈ ਵਿਦਿਅਕ ਸੰਸਥਾਵਾਂ ਨੂੰ ਕਰੋਨਾ ਦੇ ਕਹਿਰ ਦੀ ਆੜ ਵਿਚ ਬੰਦ ਕਰਨਾ ਅਸਲ ਵਿਚ ਸਾਡੀ ਭਵਿੱਖ ਦੀ ਪੀੜ੍ਹੀ ਦੇ ਵਿਕਾਸ ਨੂੰ ਰੋਕਣ ਦੇ ਬਰਾਬਰ ਹੈ।
ਸੰਪਰਕ: 95010-20731