ਵਿਨੀਪੈੱਗ ਲਈ ਇਕ ਯਾਤਰੂ ਦਾ ਸਵਾਲ

ਵਿਨੀਪੈੱਗ ਲਈ ਇਕ ਯਾਤਰੂ ਦਾ ਸਵਾਲ

ਮੈਨੀਟੋਬਾ ਅਸੈਂਬਲੀ ਸਾਹਮਣੇ ਨਗਰ ਕੀਰਤਨ ਦੀ ਤਿਆਰੀ (ਫ਼ੋਟੋ:ਪਰਮਪ੍ਰੀਤ ਗਰੇਵਾਲ)

ਆਤਮਜੀਤ

ਪੰਜਾਬੀਆਂ ਦੀਆਂ ਪੈੜਾਂ- 13

12 ਏਕੜ ਜ਼ਮੀਨ ’ਤੇ ਬਣੀ ਮੈਨੀਟੋਬਾ ਅਸੈਂਬਲੀ ਦੀ ਇਮਾਰਤ ਵਿਨੀਪੈੱਗ ਦੀ ਮੁੱਖ ਖਿੱਚ ਹੈ। ਇਸਨੂੰ ਵਿਨੀਪੈੱਗ ਦੇ ਨੇੜੇ  ਮਿਲਦੇ ਟਿੰਡਲ ਪੱਥਰ ਨਾਲ ਇਕ ਫ਼ਰਾਂਸੀਸੀ ਇਮਾਰਤਕਾਰ ਨੇ ਬਣਾਇਆ ਸੀ। ਇਸ ਵਿਚ ਲੱਗੇ ਕੁਝ ਬੁੱਤਾਂ ਨੂੰ ਇਕ ਹੋਰ ਫ਼ਰਾਂਸੀਸੀ ਕਲਾਕਾਰ ਜਾਰਜ ਗਾਡੇਟ ਨੇ ਘੜਿਆ ਸੀ। ਅਸੈਂਬਲੀ ਦਾ ਮੌਜੂਦਾ ਦਿਲਖਿੱਚਵਾਂ ਢਾਂਚਾ ਸੰਨ 1914-15 ਵਿਚ ਤਿਆਰ ਹੋਇਆ। ਇਸ ਇਮਾਰਤ ਦੇ ਧੁਰ ਉਪਰ ਪੰਜ ਮੀਟਰ ਕੱਦ ਦੀ ਇਕ ਮੂਰਤੀ ਹੈ ਜਿਸਨੂੰ ਗਾਡੇਟ ਨੇ ਅਮਰ ਜਵਾਨੀ (ਇਟਰਨਲ ਯੂਥ) ਦਾ ਨਾਂ ਦਿੱਤਾ ਹੈ। ਸੁਨਹਿਰੀ ਰੰਗ ਹੋਣ ਕਾਰਨ ਉਸਨੂੰ ਗੋਲਡਨ ਬੌਇ ਕਹਿ ਦਿੱਤਾ ਜਾਂਦਾ ਹੈ। ਇਹ ਮੂਰਤੀ ਵਿਨੀਪੈੱਗ ਦੀ ਸਦਾ-ਜਵਾਨ ਭਾਵਨਾ ਦੀ ਪ੍ਰਤੀਕ ਹੈ ਜੋ ਬੋਲੋਗਨਾ ਦੁਆਰਾ ਬਣਾਏ ‘ਮਰਕਰੀ’ ਦੇ ਪ੍ਰਸਿੱਧ ਬੁੱਤ ਦੀ ਤਰਜ਼ ਉੱਤੇ ਘੜੀ ਗਈ। ਰੋਮਨ ਮਾਨਤਾਵਾਂ ਅਨੁਸਾਰ ਮਰਕਰੀ ਦੁਕਾਨਦਾਰਾਂ, ਵਪਾਰੀਆਂ, ਯਾਤਰਾ ਕਰਨ ਵਾਲਿਆਂ, ਵਸਤਾਂ ਨੂੰ ਟਰਾਂਸਪੋਰਟ ਕਰਨ ਵਾਲਿਆਂ ਅਤੇ ਏਥੋਂ ਤੱਕ ਕਿ ਚੋਰਾਂ ਤੇ ਲੁਟੇਰਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਹ ਸਾਰੀ ਵਿਆਖਿਆ ਵਿਨੀਪੈੱਗ ਦੇ ਪਿਛਲੇ ਕੁਝ ਸਦੀਆਂ ਦੇ ਇਤਿਹਾਸ ਨਾਲ ਬਹੁਤ ਮੇਲ ਖਾਂਦੀ ਹੈ।  ਦੂਜੀ ਗੱਲ ਇਹ ਕਿ ਗਾਡੇਟ ਨੇ ਇਮਾਰਤ ਦੇ ਚਾਰ ਹਿੱਸਿਆਂ ਵਿਚ ਅਜਿਹੇ ਬੁੱਤ ਬਣਾਏ ਜਿਹੜੇ ਮੈਨੀਟੋਬਾ ਦੀ ਖੇਤੀਬਾੜੀ, ਕਲਾ, ਸਨਅਤ ਅਤੇ ਸਾਇੰਸ ਦੇ ਪ੍ਰਤੀਕ ਹਨ। ਸਪੀਕਰ ਦੀ ਕੁਰਸੀ ਦੇ ਦੋਵੇਂ ਪਾਸੇ ਮੂਸਾ ਅਤੇ ਸੋਲੋਨ ਦੇ ਬੁੱਤ ਹਨ ਅਤੇ ਦੂਜੀਆਂ ਕੰਧਾਂ ਉੱਤੇ ਦੁਨੀਆਂ ਦੇ ਪੰਜ ਪ੍ਰਸਿੱਧ ਕਾਨੂੰਨ-ਘਾੜਿਆਂ ਦੀਆਂ ਮੂਰਤੀਆਂ ਉਕਰੀਆਂ ਗਈਆਂ ਜਿਨ੍ਹਾਂ ਵਿਚ ਚੀਨ ਦਾ ਕਨਫ਼ਿਊਸ਼ੀਅਸ, ਰੋਮ ਦਾ ਜਸਟੀਨੀਅਨ, ਇੰਗਲੈਂਡ ਦਾ ਕਿੰਗ ਐਲਫ਼ਰਡ, ਯੂਨਾਨ ਦਾ ਲਾਈਕਰਗਸ ਅਤੇ ਭਾਰਤ ਦਾ ਮਨੂ ਸ਼ਾਮਿਲ ਹੈ। ਇਉਂ ਮੈਨੀਟੋਬਾ ਦਾ ਬਹੁ-ਸਭਿਆਚਾਰਵਾਦ ਉਸਦੀ ਅਸੈਂਬਲੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮੈਨੀਟੋਬਾ ਸਰਕਾਰ ਵੱਲੋਂ ਸਤੰਬਰ ਮਹੀਨੇ ਦਾ ਪਹਿਲਾ ਐਤਵਾਰ ਸਿੱਖ ਦਿਵਸ ਦੇ ਤੌਰ ’ਤੇ ਮਾਨਤਾ ਪ੍ਰਾਪਤ ਹੈ। ਇਸ ਦਿਨ ਕਮਿਊਨਿਟੀ ਦੇ ਲੋਕ ਡਾਊਨਟਾਊਨ ਵਿਚ ਨਗਰ ਕੀਰਤਨ ਕਢਦੇ ਹਨ। ਕੁਝ ਮਹੀਨੇ ਪਹਿਲਾਂ ਹੀ ਮੈਨੀਟੋਬਾ ਦੀ ਅਸੈਂਬਲੀ ਦੇ ਨਵੇਂ ਐਕਟ ਅਨੁਸਾਰ ਹਰ ਸਾਲ ਅਪਰੈਲ ਮਹੀਨਾ ਸਿੱਖ ਹੈਰੀਟੇਜ ਮਹੀਨੇ ਵਜੋਂ ਜਾਣਿਆ ਅਤੇ ਮਨਾਇਆ ਜਾਵੇਗਾ। ਇਸ ਨੂੰ ਕਹਿੰਦੇ ਹਨ ਬਹੁ-ਸਭਿਆਚਾਰਵਾਦ!

ਪੰਜਾਬੀਆਂ ਦੀਆਂ ਪੈੜਾਂ- 13

ਅਸੈਂਬਲੀ ਨਾਲ ਜੁੜੀ ਤੀਸਰੀ ਗੱਲ ਇਸ ਬਿਲਡਿੰਗ ਦੀ ਉਸਾਰੀ ਸਮੇਂ ਹੋਏ ਘੋਟਾਲਿਆਂ ਦੀ ਹੈ। ਇਹ ਜਾਣ ਕੇ ਸ਼ਾਇਦ ਭਾਰਤੀਆਂ ਨੂੰ ਕੁਝ ਤਸੱਲੀ ਹੋਵੇ ਕਿ ਚੋਰੀ ਦੇ ਸਿਰਫ਼ ਅਸੀਂ ਹੀ ਮਾਹਰ ਨਹੀਂ ਹਾਂ। ਕਹਿੰਦੇ ਹਨ ਕਿ ਇਸਦੇ ਠੇਕੇਦਾਰ ਥਾਮਸ ਕੈਲੀ ਨੂੰ ਟੇਢੇ ਢੰਗ ਨਾਲ ਲੱਖਾਂ ਡਾਲਰ ਅਦਾ ਕੀਤੇ ਗਏ ਜਿਹੜੇ ਉਹਨੇ ਕੰਜ਼ਰਵੇਟਿਵ ਪਾਰਟੀ ਦੇ ਪ੍ਰੀਮੀਅਰ ਰੌਬਲਿਨ ਨੂੰ ਪਹੁੰਚਾ ਦਿੱਤੇ। ਕੇਸ ਨੂੰ ਲੁਕਾਉਣ ਵਾਸਤੇ ਕਈ ਅਫ਼ਸਰਾਂ ਨੇ ਸਰਕਾਰੀ ਕਾਗਜ਼ ਨਸ਼ਟ ਕੀਤੇ ਅਤੇ ਇਕ ਚਸ਼ਮਦੀਦ ਗਵਾਹ ਨੂੰ ਰਿਸ਼ਵਤ  ਦੇ ਕੇ ਉਸਦਾ ਮੂੰਹ ਬੰਦ ਕੀਤਾ ਗਿਆ। ਕੈਲੀ ਨੇ ਵੀ ਆਪਣੇ ਦਾਅ ਲਾਏ ਅਤੇ ਅਸੈਂਬਲੀ ਵਾਸਤੇ ਬਣਾਏ ਚੂਨਾ-ਪੱਥਰ (ਲਾਈਮਸਟੋਨ) ਦੇ ਸੱਤ ਕੀਮਤੀ ਅਤੇ ਦਰਸ਼ਨੀ ਥਮਲਿਆਂ ਨੂੰ ਆਪਣੇ ਨਿਜੀ ਭਵਨ ਦੀ ਉਸਾਰੀ ਵਿਚ ਵਰਤ ਲਿਆ। ਪਹਿਲਾਂ ਕੈਲੀ ਸ਼ਿਕਾਗੋ ਭੱਜ ਗਿਆ ਸੀ ਪਰ ਉਸਨੂੰ ਵਾਪਸ ਲਿਆਂਦਾ ਗਿਆ। ਜਦੋਂ ਕੈਲੀ ਨੂੰ ਢਾਈ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤਾਂ ਉਹਦਾ ਭਵਨ ਵੀ ਖੋਹ ਲਿਆ ਗਿਆ। ਕੈਲੀ ਦਾ ਵਾਰਸ ਬੌਬ ਕੈਲੀ ਥਮਲਿਆਂ ਵਾਲੀ ਗੱਲ ਨੂੰ ਅਸਲੀ ਹੇਰਾਫ਼ੇਰੀ ’ਤੇ ਪਰਦਾ ਪਾਉਣ ਦੀ ਚਾਲ ਦਸਦਾ ਹੈ। ਉਸ ਅਨੁਸਾਰ ਉਸਦੇ ਵਡੇਰੇ ਨੇ ਕਿਸੇ ‘ਹੋਰ’ ਵਾਸਤੇ ਇਹ ਸਾਰਾ ਕੁਝ ਕੀਤਾ ਸੀ। ਭਾਵੇਂ ਕੈਦ ਸਿਰਫ਼ ਕੈਲੀ ਨੂੰ ਹੋਈ, ਪਰ ਕੈਨੇਡਾ ਫ਼ਿਰ ਵੀ ਕੈਨੇਡਾ ਹੈ; ਲੋਕਾਂ ਦੇ ਰੋਹ ਸਾਹਮਣੇ ਰੌਬਲਿਨ ਦੀ ਸਰਕਾਰ 1915 ਵਿਚ ਡਿੱਗ ਪਈ ਸੀ।

ਇਕ ਲੰਮੇਂ ਅਰਸੇ ਤੱਕ ਵਿਨੀਪੈੱਗ ਦਾ ਬਹੁਤ ਵੱਡਾ ਆਕਰਸ਼ਨ ਉੱਥੋਂ ਦੀ ਸਿੱਕਿਆਂ ਦੀ ਟਕਸਾਲ ਵੀ ਹੈ ਜਿੱਥੇ ਸੱਠ ਤੋਂ ਵੱਧ ਦੇਸ਼ਾਂ ਦੇ ਸਿੱਕੇ ਢਾਲੇ ਜਾਂਦੇ ਹਨ। ਵਿਨੀਪੈੱਗ ਦੇ ਅਜਾਇਬਘਰ ਵੀ ਇਸ ਦੀ ਸ਼ਾਨ ਹਨ। ਮੈਨੀਟੋਬਾ ਮਿਊਜ਼ੀਅਮ ਕਦਰਯੋਗ ਅਤੇ ਸਨਮਾਨਿਤ ਸਥਾਨ ਹੈ ਜਿਸ ਦੀਆਂ ਨੌਂ ਸਥਾਈ ਗੈਲਰੀਆਂ ਹਨ। ਇਕ ਗੈਲਰੀ ਵਿਚ ਸਤਾਰਵੀਂ ਸਦੀ ਦੇ ਇਕ ਸਮੁੰਦਰੀ ਬੇੜੇ ਦਾ ਹੂਬਹੂ ਮਾਡਲ (ਰੈਪਲਿਕਾ) ਰੱਖਿਆ ਗਿਆ ਹੈ। ਮੈਨੀਟੋਬਾ ਦਾ ਮਾਨਵੀ ਅਤੇ ਪ੍ਰਕਿਰਤਕ ਇਤਿਹਾਸ ਦਰਸਾਉਂਦਾ ਇਹ ਅਜਾਇਬਘਰ ਹਜ਼ਾਰਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਇਸ ਅੰਦਰ ਕੈਨੇਡਾ ਦਾ ਪਹਿਲਾ ਐਸਾ ਪਲੈਨੇਟੋਰੀਅਮ ਵੀ ਹੈ ਜਿਸ ਵਿਚ ਆਲ ਡੋਮ ਡਿਜੀਟਲ ਪ੍ਰੋਜੈਕਸ਼ਨ ਟੈਕਨਾਲੋਜੀ ਇਸਤੇਮਾਲ ਕੀਤੀ ਗਈ ਹੈ। ਦੋ ਕੈਮਰੇ ਪਲੈਨੇਟੋਰੀਅਮ ਦੇ ਪੂਰੇ ਡੋਮ ਨੂੰ ਆਪਣੇ ਬਿੰਬਾਂ ਵਿਚ ਕੱਜ ਲੈਂਦੇ ਹਨ। ਇਸ ਨਾਲ ਦਰਸ਼ਕ ਦ੍ਰਿਸ਼ਾਂ ਨੂੰ ਬਹੁਤ ਨੇੜਿਉਂ ਸਿਰਫ਼ ਦੇਖਦਾ ਹੈ, ਉਨ੍ਹਾਂ ਦੇ ਅੰਦਰ ਵਿਚਰਦਾ ਹੈ ਅਤੇ ਦ੍ਰਿਸ਼ ਦਾ ਹਿੱਸਾ ਹੀ ਬਣ ਜਾਂਦਾ ਹੈ। ਉਹ ਤਾਰਾ-ਮੰਡਲ ਦਾ ਦਰਸ਼ਕ ਨਹੀਂ ਰਹਿੰਦਾ, ਉਸਦੇ ਅੰਦਰ ਘੁੰਮਦਾ ਮਹਿਸੂਸ ਕਰਦਾ ਹੈ। ਇਸ ਤਕਨੀਕ ਨਾਲ ਦਰਸ਼ਕ ਦੇ ਅਨੁਭਵ ਵਿਚ ਬਹੁਤ ਨੇੜਤਾ ਵਾਲਾ ਅਹਿਸਾਸ ਪੈਦਾ ਹੁੰਦਾ ਹੈ। ਇਵੇਂ ਹੀ ਅਸੀਨੀਬੋਇਨ ਪਾਰਕ ਵਿਚ ਪੈਵੀਲੀਅਨ ਗੈਲਰੀ ਮਿਊਜ਼ੀਅਮ ਹੈ ਜਿਸ ਨੂੰ ਸਿਰਲ ਸ਼ਿਵਰਜ਼ ਨਾਂ ਦੇ ਆਰਕੀਟੈਕਟ ਨੇ ਬਣਾਇਆ। ਇਸ ਇਮਾਰਤ ਦੇ ਡੀਜ਼ਾਈਨ ਵਿਚ ਕਈ ਦੇਸ਼ਾਂ ਦੀ ਇਮਾਰਤਕਾਰੀ ਦੀਆਂ ਸ਼ੈਲੀਆਂ ਨੂੰ ਮਿਲਾ ਕੇ ਇਸਨੂੰ ਅੰਤਰ-ਰਾਸ਼ਟਰੀ ਦਿੱਖ ਦਿੱਤੀ ਗਈ ਹੈ।

ਪੈਵੀਲੀਅਨ ਗੈਲਰੀ ਮਿਊਜ਼ੀਅਮ ਦੀ ਇਮਾਰਤ (ਫ਼ੋਟੋ: ਪਰਮਪ੍ਰੀਤ ਗਰੇਵਾਲ)

ਪਰ ਪਿਛਲੇ ਕੁਝ ਸਮੇਂ ਤੋਂ ਵਿਨੀਪੈੱਗ ਦੀ ਸਭ ਤੋਂ ਵੱਡੀ ਖਿੱਚ ਏਥੋਂ ਦਾ ਕੈਨੇਡੀਅਨ ਹਿਊਮਨ ਰਾਈਟਸ ਮਿਊਜ਼ੀਅਮ (ਸੀਐਚਆਰਐਮ) ਭਾਵ ‘ਮਨੁੱਖੀ ਅਧਿਕਾਰਾਂ ਦਾ ਅਜਾਇਬਘਰ’ ਹੈ। ਇਹ ਇਸ ਲਈ ਵੀ ਅਜਬ ਹੈ ਕਿ ਇਸ ਤੋਂ ਪਹਿਲਾਂ ਇਸ ਅਕਾਰ ਅਤੇ ਮਿਆਰ ਦਾ ਐਸਾ ਅਜਾਇਬਘਰ ਦੁਨੀਆਂ ’ਚ ਹੋਰ ਕਿਤੇ ਨਹੀਂ ਸੀ। ਨਾਜ਼ੀ ਜ਼ੁਲਮਾਂ ਦੇ ਖਿਲਾਫ਼ ਮਨੁੱਖਤਾ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 1948 ਵਿਚ ਸੰਯੁਕਤ ਰਾਸ਼ਟਰ ਵਲੋਂ ਮਨੁੱਖੀ ਅਧਿਕਾਰਾਂ ਦਾ ਇਕ ਐਲਾਨਨਾਮਾ ਤਿਆਰ ਕੀਤਾ ਗਿਆ ਸੀ ਜਿਸ ਵਿਚ ਦੁਨੀਆਂ ਦੇ ਕਿਸੇ ਵੀ ਇਨਸਾਨ ਦੇ ਕੁਝ ਮੁੱਢਲੇ ਹੱਕਾਂ ਦੀ ਗੱਲ ਕੀਤੀ ਗਈ ਹੈ। ਭਾਵੇਂ ਇਨ੍ਹਾਂ ਹੱਕਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਮਜ਼ਬੂਤੀ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਇਸ ਵੇਲੇ ਕਸ਼ਮੀਰ ਦੀ ਹਾਲਾਤ ਹੈ, ਪਰ ਇਨ੍ਹਾਂ ਹੱਕਾਂ ਨੇ ਦੁਨੀਆਂ ਵਿਚ ਇਕ ਚੇਤਨਾ ਪੈਦਾ ਕੀਤੀ ਹੈ ਅਤੇ ਸਰਕਾਰਾਂ ਨੂੰ ਇਸ ਪ੍ਰਤੀ ਜਵਾਬਦੇਹ ਹੋਣ ਲਈ ਰਾਜਸੀ ਪਿੜ ਵਿਚ ਵੰਗਾਰਿਆ ਜਾਂਦਾ ਹੈ। ਇਹ ਅਜਾਇਬਘਰ ਦੁਨੀਆਂ ਭਰ ਦੇ ਉਨ੍ਹਾਂ ਕਾਰਕੁਨਾਂ ਦੇ ਸੰਘਰਸ਼ ਨੂੰ ਸਾਹਮਣੇ ਲਿਆਉਂਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕਈ ਸੰਘਰਸ਼ ਵਿੱਢੇ ਅਤੇ ਕੁਰਬਾਨੀਆਂ ਦਿੱਤੀਆਂ। ਹਿੰਦੁਸਤਾਨ ਦੇ ਪ੍ਰਸੰਗ ਵਿਚ ਮਹਾਤਮਾ ਗਾਂਧੀ ਇਕ ਵੱਡਾ ਚਿਹਰਾ ਹੈ ਜਿਸਦੇ ਮਨੁੱਖੀ ਅਧਿਕਾਰਾਂ ਨੂੰ ਦੱਖਣੀ ਅਫ਼ਰੀਕਾ  ਵਿਚ ਖੋਹਿਆ ਗਿਆ।  ਉਸਨੂੰ ਰੇਲ ਗੱਡੀ ਦੇ ਫ਼ਸਟ ਕਲਾਸ ਦੇ ਡੱਬੇ ਵਿਚੋਂ ਨਸਲੀ ਵਿਤਕਰੇ ਦੇ ਆਧਾਰ ’ਤੇ ਉਤਾਰ ਦਿੱਤਾ ਗਿਆ ਸੀ। ਪਰ ਗਾਂਧੀ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਵਾਸਤੇ ਲੜਾਈ ਜਾਰੀ ਰੱਖੀ। ਉਸਤੋਂ ਸਿੱਧੀ ਪ੍ਰੇਰਨਾ ਲੈ ਕੇ ਰੋਜ਼ਾ ਪਾਰਕ ਨਾਂ ਦੀ ਸਿਆਹਫ਼ਾਮ ਔਰਤ ਨੇ ਅਮਰੀਕਾ ਵਿਚ ਇਕ ਗੋਰੀ ਨੂੰ ਆਪਣੀ ਸੀਟ ਖਾਲੀ ਕਰਨ ਤੋਂ ਨਾਂਹ ਕਰ ਦਿਤੀ ਸੀ ਜਿਹੜੀ ਕਿ ਚਿੱਟੀ ਚਮੜੀ ਵਾਲਿਆਂ ਵਾਸਤੇ ਰਾਖਵੀਂ ਸੀ। ਨਤੀਜੇ ਵਜੋਂ ਸਰਕਾਰ ਦੇ ਹੁਕਮਾਂ ਵਿਰੁੱਧ ‘ਮੌਂਟਗੁਮਰੀ ਬਸ ਬਾਈਕਾਟ’ ਦੀ ਲਹਿਰ ਚੱਲੀ ਸੀ। ਬਾਦ ਵਿਚ ਅਮਰੀਕਨ ਕਾਂਗਰਸ ਨੇ ਰੋਜ਼ਾ ਪਾਰਕ ਨੂੰ ‘ਨਾਗਰਿਕ ਅਧਿਕਾਰਾਂ ਦੀ ਪ੍ਰਥਮ ਨਾਰੀ’ ਦਾ ਨਾਂ ਦਿੱਤਾ। ਉਸਨੂੰ ਅਮਰੀਕਨ ‘ਆਜ਼ਾਦੀ ਦੀ ਲਹਿਰ ਦੀ ਮਾਂ’ ਵੀ ਕਿਹਾ ਜਾਂਦਾ ਹੈ। ਮਨੁੱਖੀ ਅਧਿਕਾਰਾਂ ਦੀ ਲੜਾਈ ਵਾਸਤੇ ਮਹਾਤਮਾ ਗਾਂਧੀ ਨੇ ਦੁਨੀਆਂ ਭਰ ਦੇ ਸਮਾਜਿਕ ਕਾਰਕੁਨਾਂ ਨੂੰ ਪ੍ਰਭਾਵਿਤ ਕੀਤਾ ਜਿਨ੍ਹਾਂ ਵਿਚ ਮਾਰਟਿਨ ਲੂਥਰ ਕਿੰਗ, ਅਬਦੁਲ ਗਫ਼ਾਰ ਖਾਂ, ਜੂਲੀਅਸ ਨੇਰੇਰੇ, ਹੋ ਚੀ ਮਿੰਨ੍ਹ, ਬਿਸ਼ਪ ਟੂਟੂ, ਨੈਲਸਨ ਮੰਡੇਲਾ ਆਦਿਕ ਸਾ਼ਮਿਲ ਹਨ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਵਿਚ ਵੀ ਗਾਂਧੀ ਜੀ ਦੇ ਵਿਚਾਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਇਸੇ ਲਈ ਇਸ ਅਜਾਇਬਘਰ ਦੇ ਮੁੱਖ ਰਸਤੇ ਦੇ ਸ਼ੁਰੂ ਵਿਚ ਮਹਾਤਮਾ ਗਾਂਧੀ ਦਾ ਬੁੱਤ ਸਥਾਪਤ ਹੈ। ਉਂਜ ਅਜਕਲ੍ਹ ਕੁਝ ਲੋਕ ਗਾਂਧੀ ਦੀਆਂ ਕੁਝ ਨਸਲੀ ਟਿੱਪਣੀਆਂ ਤੋਂ ਨਰਾਜ਼ ਹੋਣ ਕਰਕੇ ਇਸ ਬੁੱਤ ਨੂੰ ਹਟਾਉਣ ਦੀ ਮੰਗ ਵੀ ਕਰ ਰਹੇ ਹਨ।

ਰਾਤ ਨੂੰ ਦਿਨ ਚੜ੍ਹਿਆ ਹਿਊਮਨ ਰਾਈਟਸ ਮਿਊਜ਼ੀਅਮ ਵਿਚ (ਫ਼ੋਟੋ ਸਹਿਯੋਗ: ਸੀ ਐਮ ਐਚ ਆਰ)

1880 ਤੋਂ 1960 ਤੱਕ ਕੈਨੇਡਾ ਵਿਚ ਯਹੂਦੀਆਂ ਵਿਰੋਧੀ ਭਾਵਨਾ ਬੜੀ ਬਲਵਾਨ ਸੀ। ਉਨ੍ਹਾਂ ਨੂੰ ਕੈਨੇਡਾ ਦੇ ਕਈ ਇਲਾਕਿਆਂ ਵਿਚ ਜਾਇਦਾਦ ਖ਼ਰੀਦਣ, ਕਿਰਾਏ ’ਤੇ ਘਰ ਲੈਣ ਜਾਂ ਘੁੰਮਣ ਜਾਣ ’ਤੇ ਵੀ ਮਨਾਹੀ ਸੀ। ਵਿਨੀਪੈੱਗ ਸ਼ਹਿਰ ਦੇ ਨੇੜੇ ਲੇਕ ਵਿਨੀਪੈੱਗ ਹੈ ਜਿੱਥੇ 1910 ਵਿਚ ਇਕ ਰਿਜ਼ਾਰਟ ਬਣਾਇਆ ਗਿਆ ਸੀ। ਮਕਸਦ ਇਹ ਸੀ ਕਿ ਵਿਨੀਪੈੱਗ ਦੇ ਅਮੀਰਜ਼ਾਦੇ ਇਸ ਥਾਂ ’ਤੇ ਬਿਨਾਂ ਕਿਸੇ ਰੋਕ-ਟੋਕ ਆਯਾਸ਼ੀ ਕਰ ਸਕਣ। ਯੂਰਪੀਨ ਈਸਾਈ ਯਹੂਦੀਆਂ ਵਾਸਤੇ ਆਪਣੀ ਨਫ਼ਰਤ ਲੁਕਾਉਂਦੇ ਵੀ ਨਹੀਂ ਸਨ। ਹੋਰ ਵੀ ਕਈ ਥਾਈਂ ‘ਯਹੂਦੀਆਂ ਦਾ ਆਉਣਾ ਮਨ੍ਹਾਂ ਹੈ’ ਦੇ ਬੋਰਡ ਲੱਗੇ ਮਿਲਦੇ ਸਨ। ਦੂਸਰੇ ਸੰਸਾਰ ਯੁੱਧ ਦੌਰਾਨ 14 ਅਗਸਤ 1943 ਨੂੰ ‘ਵਿਕਟੋਰੀਆ ਬੀਚ ਹੈਰਲਡ’ ਨਾਂ ਦੇ ਅਖ਼ਬਾਰ ਨੇ ਇਹਨਾਂ ਯਹੂਦੀਆਂ ਨੂੰ ‘ਅਣਚਾਹੇ ਲੋਕ’ ਕਿਹਾ। ਸੰਪਾਦਕ ਨੇ ਬੇਸ਼ਰਮੀ ਨਾਲ ਲਿਖਿਆ ਸੀ ਕਿ ਇਹਨਾਂ ਨੂੰ ਏਸ ਇਲਾਕੇ ਵਿਚ ਵੜਨ ਨਾ ਦਿਉ। ਭਾਵੇਂ ਲਫ਼ਜ਼ ‘ਯਹੂਦੀ’ ਦਾ ਸਿੱਧਾ ਇਸਤੇਮਾਲ ਨਹੀਂ ਕੀਤਾ ਗਿਆ ਪਰ ਇਹ ਇਸ਼ਾਰਾ ਬਹੁਤ ਸਾਫ਼ ਸੀ; ਐਨ ਉਸੇ ਤਰ੍ਹਾਂ ਜਿਵੇਂ ਭਾਰਤ ਦਾ ਇਕ ਮੰਤਰੀ ਸਟੇਜ ਤੋਂ ਨਾਅਰੇ ਲਵਾਉਂਦਾ ਰਿਹਾ ਕਿ ‘ਗੋਲੀ ਮਾਰੋ ਸਾਲੋਂ ਕੋ’। ਉਸ ਵਕਤ ਕੈਨੇਡਾ ਦੇ ਗੋਰੇ ਯਹੂਦੀਆਂ ਦੇ ਸਟੋਰਾਂ ਤੋਂ ਸਮਾਨ ਖ਼ਰੀਦ ਲੈਂਦੇ ਸਨ, ਦਰਜ਼ੀਆਂ ਪਾਸੋਂ ਕੱਪੜੇ ਵੀ ਸਵਾ ਲੈਂਦੇ ਸਨ, ਪਰ ਉਨ੍ਹਾਂ ਨਾਲ ਕਿਤੇ ਕੰਮ ਕਰਨਾ, ਗੁਆਂਢ ਵਿਚ ਰਹਿਣਾ  ਜਾਂ ਉਨ੍ਹਾਂ ਨੂੰ ਕਿਸੇ ਖੇਡ ਜਾਂ ਸਮਾਜਕ ਕਲੱਬ ਵਿਚ ਮੈਂਬਰ ਬਣਾਉਣਾ ਉੱਕਾ ਹੀ ਗਵਾਰਾ ਨਹੀਂ ਸੀ। ਨਫ਼ਰਤ ਦੀ ਭਾਵਨਾ ਹੁਣ ਵੀ ਪੀਡੀ ਹੈ। ਪਰ ਵਿਨੀਪੈੱਗ ਦੇ ਫਿਲਮਸਾਜ਼ ਐਂਡਰਿਊ ਵਾਲ ਨੇ ਇਸ ਬੇਇਨਸਾਫ਼ੀ ਬਾਰੇ ਇਕ ਫ਼ਿਲਮ ਬਣਾਈ ਜਿਹੜੀ 2012 ਵਿਚ ਵਿਕਟੋਰੀਆ ਬੀਚ ਵਿਖੇ ਦਿਖਾਈ ਗਈ। ਇਸਦਾ ਏਨਾ ਪ੍ਰਭਾਵ ਬਣਿਆ ਕਿ ਸੇਂਟ ਮਾਈਕਲ ਚਰਚ ਨੇ ਯਹੂਦੀਆਂ ਦੇ ਹੈਰੀਟੇਜ ਕੇਂਦਰ ਵਿਚ ਜਾ ਕੇ ਵੱਡੀ ਰਕਮ ਦਾਨ ਦੇ ਰੂਪ ਵਿਚ ਦਿੱਤੀ ਅਤੇ ਦੋਸਤੀ ਦੀ ਨਵੀਂ ਸ਼ੁਰੂਆਤ ਕੀਤੀ। ਮਨੁੱਖੀ ਅਧਿਕਾਰ ਅਜਾਇਬਘਰ ਵਿਚ ਇਸ ਤਰ੍ਹਾਂ ਦੀਆਂ ਸੈਂਕੜੇ ਕਹਾਣੀਆਂ ਦੇ ਲਿਖਤੀ ਅਤੇ ਤਸਵੀਰੀ ਵੇਰਵੇ ਮਿਲਦੇ ਹਨ। ਚੌਥੀ ਮੰਜ਼ਿਲ ’ਤੇ ਯਹੂਦੀਆਂ ਦੇ ਸੰਘਰਸ਼ ਬਾਰੇ ਬੇਮਿਸਾਲ ਸਮੱਗਰੀ ਟਿਕਾਈ ਗਈ ਹੈ।

ਇਸ ਅਜਾਇਬਘਰ ਨੂੰ ਸਤੰਬਰ 2014 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਉੱਤੇ ਸਾਢੇ ਉਨੀ ਅਰਬ ਰੁਪਏ ਦਾ ਖ਼ਰਚ ਕੀਤਾ ਗਿਆ ਸੀ। ਪਰ ਮਨੁੱਖੀ ਅਧਿਕਾਰ ਇਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਲੋਕਾਂ ਵਿਚ ਕਦੇ ਵੀ ਸਹਿਮਤੀ ਨਹੀਂ ਹੋ ਸਕਦੀ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਦ-ਵਿਵਾਦ ਹੋਣੇ ਸ਼ੁਰੂ ਹੋ ਗਏ ਸਨ। ਕਈਆਂ ਨੂੰ ਇਤਰਾਜ਼ ਸੀ ਕਿ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਇਤਿਹਾਸ ਸਹੀ ਤਰੀਕੇ ਨਾਲ ਕਲਮਬੱਧ ਨਹੀਂ ਕੀਤਾ ਗਿਆ। ਇਹ ਰੋਸਾ ਇੰਨਾ ਜ਼ਿਆਦਾ ਸੀ ਕਿ ਉਦਘਾਟਨੀ ਸਮਾਰੋਹ ਵਿਚ ਜਿਸ ਫ਼ਸਟ ਨੇਸ਼ਨ ਸੰਗੀਤ ਗਰੁੱਪ ਨੇ ਆਪਣੀ ਪੇਸ਼ਕਾਰੀ ਦੇਣੀ ਸੀ ਉਸ ਨੇ ਸਮਾਗਮ ਦਾ ਬਾਈਕਾਟ ਕੀਤਾ। ਉਨ੍ਹਾਂ ਅਨੁਸਾਰ ਇਸ ਵਿਚ ਮੂਲ-ਵਾਸੀਆਂ ਯਾਨੀ ਫ਼ਸਟ ਨੇਸ਼ਨ ਦੇ ਲੋਕਾਂ ਦੇ ਸੰਘਰਸ਼ ਨੂੰ ਸਹੀ ਤਰ੍ਹਾਂ ਨਹੀਂ ਦਰਸਾਇਆ ਗਿਆ। ਇਵੇਂ ਹੀ ਕੈਨੇਡਾ ਦੇ ਫ਼ਲਸਤੀਨੀਆਂ ਨੂੰ ਇਤਰਾਜ਼ ਸੀ ਕਿ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਯੂ ਐਨ ਓ ਦੀ ਆਪਣੀ ਰਿਪੋਰਟ ਮੁਤਾਬਿਕ 1948 ਦੀ ਅਰਬ-ਇਜ਼ਰਾਈਲ ਜੰਗ ਵਿਚ ਸਾਢੇ ਸੱਤ ਲੱਖ ਫ਼ਲਸਤੀਨੀ ਘਰੋਂ ਬੇਘਰ ਹੋਏ ਸਨ। ਪਰ ਅਜਾਇਬਘਰ ਅਨੁਸਾਰ ਇਹ ਵੱਖ-ਵੱਖ ਲੋਕਾਂ ਦੇ ਦੁੱਖਾਂ ਦਾ ਇਤਿਹਾਸ ਨਹੀਂ ਹੈ। ਇਹ ਪੁਰਾਣੀਆਂ ‘ਹੱਡ ਬੀਤੀਆਂ ਦਾ ਅਜਾਇਬਘਰ’ ਨਹੀਂ ਹੈ ਬਲਕਿ ‘ਵਿਚਾਰਾਂ ਦਾ ਅਜਾਇਬਘਰ’ ਹੈ। ਇਸਦਾ ਮੰਤਵ ਇਸਨੂੰ ਦੇਖਣ ਵਾਲਿਆਂ ਦੇ ਮਨ ਵਿਚ ਮਨੁੱਖੀ ਅਧਿਕਾਰਾਂ ਪ੍ਰਤੀ ਇਕ ਸੂਝ ਦਾ ਬੀਜ ਬੀਜਣਾ ਹੈ।

ਸਸਕੈਚਵਨ ਅਤੇ ਐਲਬਰਟਾ ਦੇ ਨਾਲ-ਨਾਲ ਮੈਨੀਟੋਬਾ ਕੈਨੇਡਾ ਦੀਆਂ ਪਹਿਲੀਆਂ ਅਜਿਹੀਆਂ ਰਿਆਸਤਾਂ ’ਚੋਂ ਇਕ ਹੈ ਜਿਸਨੇ 1916 ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਪਰ ਇਕ ਸਵਾਲ ਪ੍ਰੇਸ਼ਾਨ ਵੀ ਕਰਦਾ ਹੈ। ਬਹੁ-ਸਭਿਆਚਾਰਵਾਦ ਦਾ ਝੰਡਾ-ਬਰਦਾਰ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਇਹ ਪ੍ਰਾਂਤ ਆਪਣੀ ਅਸੈਂਬਲੀ ਦੀ ਇਮਾਰਤ ਵਿਚ ਮਨੂ ਵਰਗੇ ਉਸ ਕਾਨੂੰਨਸਾਜ਼ ਦੀ ਮੂਰਤੀ ਕਿਉਂ ਉਕਰੀ ਬੈਠਾ ਹੈ ਜਿਸ ਨੇ ਆਪਣੇ ਨਿਯਮਾਂ ਰਾਹੀਂ ਬਹੁਤ ਸਾਰੇ ਲੋਕਾਂ ਤੋਂ ਮਨੁੱਖੀ ਅਧਿਕਾਰ ਖੋਹ ਲਏ ਸਨ? ‘ਮਨੂ ਸਮਰਿਤੀ’ ਨਾਂ ਦੇ ਗ੍ਰੰਥ ਨੇ ਕਰੋੜਾਂ ਲੋਕਾਂ ਨੂੰ ਅਣਮਨੁੱਖੀ ਜ਼ਿੰਦਗੀ ਜਿਊਣ ਦੇ ਪੱਕੇ ਰਾਹ ਪਾਇਆ। ਉਸ ਦੁਆਰਾ ਬਣਾਏ ਜਾਤ-ਪ੍ਰਬੰਧ ਨੇ ਸਦੀਆਂ ਬਾਦ ਵੀ ਸਾਨੂੰ ਆਪਣੀ ਗ੍ਰਿਫ਼ਤ ਵਿਚ ਕੈਦ ਕੀਤਾ ਹੋਇਆ ਹੈ। ਕੀ ਕੈਨੇਡਾ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ? ਜਾਂ ਕੀ ਅਸੀਂ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਬਾਰੇ ਕਦੇ ਸਚੇਤ ਹੀ ਨਹੀਂ ਕਰ ਸਕੇ? ਇਹ ਆਸ ਕਰਨੀ ਤਾਂ ਗਲਤ ਹੈ ਕਿ ਮਨੂ ਦੀ ਕੰਧ-ਮੂਰਤੀ ਨੂੰ ਦੀਵਾਰ ਤੋਂ ਹਟਾ ਦਿੱਤਾ ਜਾਵੇਗਾ ਪਰ ਇਸ ਗ਼ਲਤੀ ਨੂੰ ਕਿਸੇ ਢੰਗ ਨਾਲ ਮੰਨਿਆ ਤਾਂ ਜਾ ਹੀ ਸਕਦਾ ਹੈ! ਇਕ ਪਾਸੇ ਮਨੁੱਖੀ ਅਧਿਕਾਰਾਂ ਦੇ ਅਜਾਇਬਘਰ ਵਿਚ ਮਾਨਵਤਾ ਵਾਸਤੇ ਲੜਨ       ਵਾਲੇ ਮਹਾਤਮਾ ਗਾਂਧੀ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਅਤੇ ਮਲਾਲਾ ਦਾ ਸਤਿਕਾਰ ਹੋ ਰਿਹਾ ਹੈ, ਉਸੇ ਸਮੇਂ ਉਸੇ ਹੀ ਸ਼ਹਿਰ ਵਿਚ ਮਨੂ ਵਰਗੇ ਮਨੁੱਖੀ ਅਧਿਕਾਰਾਂ ਦੇ ਜਾਣੇ-ਅਣਜਾਣੇ ਦੁਸ਼ਮਣ ਨੂੰ ਇੰਨਾ ਵੱਡਾ ਆਦਰ ਮਿਲਿਆ ਹੋਇਆ ਹੈ! ਪਤਾ ਨਹੀਂ ਇਹ ਕੈਨੇਡਾ ਦੀ ਖੁਲ੍ਹਦਿਲੀ ਹੈ ਜਾਂ ਆਪਾ-ਵਿਰੋਧ! ਸਾਡਾ ਸਵਾਲ ਨਾ ਤਾਂ ਅਸੈਂਬਲੀ ਦੀ ਇਮਾਰਤ ਨੂੰ ਹੈ, ਨਾ ਹੀ ਅਜਾਇਬਘਰ ਨੂੰ। ਵਿਨੀਪੈੱਗ ਅਤੇ ਕੈਨੇਡਾ ਨੂੰ ਪਿਆਰ ਕਰਨ ਵਾਲੇ ਯਾਤਰੂ ਦਾ ਇਹ ਸਵਾਲ ਹੈ ਇਸ ਸ਼ਹਿਰ ਨੂੰ ਅਤੇ ਪੂਰੇ ਦੇਸ਼ ਨੂੰ!

ਸੰਪਰਕ: 98760-18501

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All