
ਕੈਫ਼ੀ ਕੌਣ
ਨਾ ਕੋਈ ਸ਼ਬਦ ਨਾ ਕੋਈ ਅਰਥ, ਨਾ ਕੋਈ ਯਾਦ ਨਾ ਕੋਈ ਬਾਤ। ਇੱਕ ਛੋਟੀ ਜਿਹੀ ਕਹਾਣੀ ਹੈ। ਇੱਕ ਪਿਆਸ ਹੈ ਉਮਰਾਂ ਲੰਬੀ ਤੇ ਖ਼ੌਰੇ ਕਿੱਥੇ ਪਾਣੀ ਹੈ।
ਕੁਝ ਚਿਹਰੇ ਨੇ ਮੇਰੇ ਅੱਗੇ। ਕੁਝ ਗੱਲਾਂ ਹੋ ਰਹੀਆਂ ਨੇ, ਸ਼ਾਇਦ ਮੇਰੇ ਬਾਰੇ। ਜ਼ਿਕਰ ਹੋ ਰਿਹਾ ਹੈ ਇੱਕ ਦੁਰਘਟਨਾ ਦਾ।
ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਕੁਝ
ਵੀ ਯਾਦ ਨਹੀਂ ਆਉਂਦਾ। ਯਾਦ ਦਾ ਵਰਕਾ ਕੋਰਾ
ਹੈ। ਉਮਰ ਨੇ ਇੰਨੇ ਸਾਲ ਪਤਾ ਨਹੀਂ ਕੀ ਕੁਝ
ਲਿਖਿਆ ਸੀ। ਕੋਈ ਕਹਿੰਦਾ ਹੈ ਇੱਕ ਕਵਿਤਾ
ਸੀ। ਕੋਈ ਕਹਿੰਦਾ ਹੈ ਇੱਕ ਕਿੱਸਾ ਸੀ। ਉਸ ਵਰਕੇ ’ਤੇ ਥੋੜ੍ਹਾ ਥੋੜ੍ਹਾ ਸ਼ਾਇਦ ਸਭ ਦਾ ਹੀ ਹਿੱਸਾ ਸੀ। ਪਰ ਵਰਕੇ ਫਟ ਵੀ ਸਕਦੇ ਨੇ ਤੇ ਸਿਆਹੀ ਡੁੱਲ੍ਹ ਵੀ ਸਕਦੀ ਹੈ। ਉਮਰਾਂ ਲੰਬੀ ਬਾਤ ਕਦੇ ਇੱਕ ਪਲ ਵਿੱਚ ਭੁੱਲ ਵੀ ਸਕਦੀ ਹੈ।
‘‘ਉੱਡਦੇ ਜਾਂਦੇ ਬੱਦਲਾਂ ਤੋਂ ਕੁਝ ਕਣੀਆਂ ਤੋੜ ਲਿਆਓ।
ਭੁੱਲੀਆਂ ਹੋਈਆਂ ਯਾਦਾਂ ਨੂੰ ਕੋਈ ਮੋੜ ਲਿਆਓ।
ਚੀਜ਼ਾਂ ਵਿੱਚੋਂ ਵੇਖੋ, ਥਾਵਾਂ ਵਿੱਚੋਂ ਲੱਭੋ। ਲੋਕਾਂ ਕੋਲੋ ਪੁੱਛੋ, ਨਾਵਾਂ ਵਿੱਚੋਂ ਲੱਭੋ। ਕੁਝ ਹੱਲ ਕਰੋ, ਕੋਈ ਗੱਲ ਕਰੋ।
ਗੱਲਾਂ ਗੱਲਾਂ ਦੇ ਵਿੱਚ ਸ਼ਾਇਦ ਕੋਈ ਯਾਦ ਥਿਆਵੇ।
ਖ਼ੌਰੇ ਕਿਹੜੀ ਯਾਦ, ਇਹਦੀ ਹਰ ਯਾਦ ਨੂੰ ਮੋੜ ਲਿਆਵੇ।’’
ਪਿੰਡਾਂ ਵਰਗਾ ਇੱਕ ਪਿੰਡ, ਗਲੀਆਂ ਵਰਗੀ ਇੱਕ ਗਲੀ।
ਕਹਿੰਦੇ ਨੇ ਉਸ ਗਲੀ ਵਿੱਚ ਇੱਕ ਘਰ ਸੀ, ਜਿਸ ਘਰ ਵਿੱਚ ਮੈਂ ਰਹਿੰਦਾ ਸੀ। ਉਸ ਘਰ ਦੇ ਵਿਹੜੇ ਵਿੱਚ ਇੱਕ ਨਿੰਮ ਦਾ ਬੂਟਾ ਸੀ ਜਿਸ ਦੀ ਛਾਵੇਂ ਬਚਪਨ ਦਾ ਹਰ ਦਿਨ ਬਹਿੰਦਾ ਸੀ। ਸੁਣਿਆ ਹੈ ਕਿ ਨਿੰਮ ਦੀ ਛਾਂ ਤਾਂ ਠੰਢੀ ਹੁੰਦੀ ਹੈ, ਪਰ ਅੱਜਕੱਲ੍ਹ ਸ਼ਾਇਦ ਲੋਕਾਂ ਨੇ ਇਹ ਛਾਂ ਵੀ ਵੰਡੀ ਹੁੰਦੀ ਹੈ।
ਵੰਡੀਆਂ ਹੋਈਆਂ ਛਾਵਾਂ ਨੂੰ ਹੁਣ ਮੇਰੀ ਕੁਝ ਪਹਿਚਾਣ ਨਹੀਂ।
ਮੇਰੀ ਯਾਦ ਦੇ ਵਰਕੇ ’ਤੇ ਵੀ ਹੁਣ ਤਾਂ ਕੋਈ ਨਿਸ਼ਾਨ ਨਹੀਂ।
ਸ਼ਹਿਰਾਂ ਵਰਗਾ ਇੱਕ ਸ਼ਹਿਰ, ਸੜਕਾਂ ਵਰਗੀ ਇੱਕ ਸੜਕ।
ਕਦੇ ਨਾ ਮੁੱਕਦੀ ਭੀੜ, ਕਿਤੇ ਨਾ ਰੁਕਦੀ ਦੌੜ।
ਕਹਿੰਦੇ ਨੇ ਕੱਲ੍ਹ ਤੱਕ ਮੈਂ ਵੀ ਇਸ ਭੀੜ ’ਚ ਸ਼ਾਮਿਲ ਸੀ।
ਹੁਣ ਸੋਚ ਰਿਹਾਂ, ਇਸ ਦੌੜ ਦਾ ਹਾਸਿਲ ਕੀ? ਇਸ ਭੀੜ ਦੀ ਮੰਜ਼ਿਲ ਕੀ? ਹਾਦਸਾ, ਜਾਂ ਹਾਦਸਿਆਂ ਵਰਗੀ ਜ਼ਿੰਦਗੀ?
ਲੋਕਾਂ ਵਰਗੇ ਲੋਕ, ਕੁਝ ਤਕੜੇ ਕੁਝ ਮਜਬੂਰ। ਕਹਿੰਦੇ ਨੇ, ਕੁਝ ਆਪਣੇ ਨੇ ਕੁਝ ਗ਼ੈਰ। ਆਪਣੇਪਣ ਦੀ ਪਰਿਭਾਸ਼ਾ ਹੈ, ਆਪਣੀ ਆਪਣੀ ਖ਼ੈਰ। ਕੁਝ ਜਨਮ ਦੇ, ਕੁਝ ਕਰਮ ਦੇ, ਕੁਝ ਧਰਮ ਦੇ ਸਾਥੀ। ਕੁਝ ਕਰਜ਼ ਦੇ, ਕੁਝ ਫ਼ਰਜ਼ ਦੇ, ਕੁਝ ਗ਼ਰਜ਼ ਦੇ ਸਾਥੀ।
ਸਾਥ ਵੀ ਐਪਰ ਕਿਸ ਦਾ, ਕਿੰਨੀ ਦੇਰ ਤੇ ਕਿੰਨੀ ਦੂਰ?
ਕੁਝ ਚੀਜ਼ਾਂ ਨਾਲ, ਕੁਝ ਥਾਵਾਂ ਨਾਲ, ਕੁਝ ਲੋਕਾਂ ਨਾਲ, ਕੁਝ ਨਾਵਾਂ ਨਾਲ। ਹਰ ਉਮਰ ਦਾ ਇੱਕ ਰਿਸ਼ਤਾ, ਹਰ ਰਿਸ਼ਤੇ ਦੀ ਇੱਕ ਉਮਰ। ਚੇਤਨਾ ਦੇ ਸਾਥ ਜਿੰਨਾ ਹਰ ਰਿਸ਼ਤੇ ਦਾ ਸਫ਼ਰ।
ਕੁਝ ਸ਼ਬਦਾਂ ਨਾਲ, ਕੁਝ ਅਰਥਾਂ ਨਾਲ, ਕੁਝ ਰਸਮਾਂ ਨਾਲ, ਕੁਝ ਸ਼ਰਤਾਂ ਨਾਲ। ਹਰ ਉਮਰ ਦਾ ਇੱਕ ਰਿਸ਼ਤਾ, ਹਰ ਰਿਸ਼ਤੇ ਦੀ ਇੱਕ ਉਮਰ। ਚੇਤਨਾ ਦੇ ਸਾਥ ਜਿੰਨਾ ਹਰ ਰਿਸ਼ਤੇ ਦਾ ਸਫ਼ਰ।
ਇੱਕ ਸ਼ੀਸ਼ਾ ਦਸਦਾ ਹੈ, ਇਹ ਚਿਹਰਾ ਹੈ ਮੇਰਾ ਪਰ ਮੈਂ ਹੀ ਇਸ ਨੂੰ ਆਪਣੀ ਅੱਖੀਂ ਵੇਖ ਨਹੀਂ ਸਕਦਾ। ਕੁਝ ਲੋਕੀਂ ਦੱਸਦੇ ਨੇ ਕਿ ਨਾਮ ਮੇਰਾ ਹੈ ਰਾਹੀ। ਪਰ ਇਸ ਨਾਮ ਨਾਲ ਤਾਂ ਮੈਨੂੰ ਲੋਕ ਬੁਲਾਉਂਦੇ ਨੇ। ਕੁਝ ਵਰਕੇ ਦੱਸਦੇ ਨੇ, ਮੈਂ ਕਵਿਤਾਵਾਂ ਲਿਖਦਾ ਸੀ। ਪਰ ਸ਼ਬਦਾਂ ਦੇ ਮਤਲਬ ਤਾਂ ਪੜ੍ਹਨ ਵਾਲੇ ਦੇ ਹੁੰਦੇ ਨੇ। ਫਿਰ ਮੇਰਾ ਆਪਣਾ ਕੀ ਸੀ? ਜੋ ਮੈਂ ਖੋਜ ਰਿਹਾ ਸਾਂ ਤੇ ਮੇਰਾ ਆਪਣਾ ਕੀ ਹੈ? ਜੋ ਮੈਨੂੰ ਯਾਦ ਨਹੀਂ ਹੈ।
ਉਮਰ ਦੇ ਵਰਕੇ ਫੋਲ ਰਿਹਾਂ, ਸ਼ਬਦਾਂ ਦੇ ਮਤਲਬ ਤੋਲ ਰਿਹਾਂ।
ਸ਼ਬਦ ਜੋ ਸ਼ਾਇਦ ਮਿਟ ਚੁੱਕੇ ਨੇ। ਮਤਲਬ ਜੋ ਮੈਂ ਸਮਝ ਰਿਹਾਂ
ਤੇ ਸੋਚ ਦੇ ਪਰਦੇ ਖੋਲ ਰਿਹਾਂ। ਕੌਣ ਸੀ ਮੈਂ ਤੇ ਕੌਣ ਹਾਂ ਮੈਂ?
ਕੁਝ ਵਰ੍ਹਿਆਂ ਮਗਰੋਂ ਜੇ ਹੋਇਆ ਤਾਂ ਕੀ ਹੋਵਾਂਗਾ? ਕੀ ਸੀ ਮੇਰਾ
ਕੀ ਹੈ ਮੇਰਾ? ਕੁਝ ਵਰ੍ਹਿਆਂ ਮਗਰੋਂ ਜੇ ਹੋਇਆ ਤਾਂ ਕੀ ਹੋਵੇਗਾ ਮੇਰਾ? ਆਪਣੇ ਆਪ ਤੋਂ ਪੁੱਛ ਰਿਹਾਂ ਤੇ ਆਪਣੇ ਆਪਣੇ ਆਪ ’ਚ ਟੋਲ ਰਿਹਾਂ।
ਇੱਕ ਮੈਂ ਮੇਰੇ ਬਾਹਰ ਸੀ, ਇੱਕ ਮੈਂ ਮੇਰੇ ਅੰਦਰ ਹੈ। ਇਸ ਮੈਂ ਦੇ ਕਿੰਨੇ ਪਾਤਰ ਨੇ, ਜੋ ਲੁਕੇ ਹੋਏ ਵੀ ਹਾਜ਼ਰ ਨੇ। ਕੋਈ ਪੁੱਛਦਾ ਹੈ, ਕੋਈ ਸੋਚ ਰਿਹੈ, ਕੋਈ ਦਸਦਾ ਹੈ। ਕੋਈ ਚਾਹੁੰਦਾ ਹੈ, ਕੋਈ ਵੇਖ ਰਿਹੈ, ਕੋਈ ਹੱਸਦਾ ਹੈ। ਮੈਂ ਹਰ ਪਲ ਕਹਿੰਦਾ ਹਾਂ, ਮੈਂ ਹਰ ਪਲ ਸੁਣਦਾ ਹਾਂ, ਮੈਂ ਹਰ ਪਲ ਚੁਣਦਾ ਹਾਂ।
ਨਜ਼ਰ ਦੇ ਅੱਗੇ ਜੋ ਵੀ ਹੈ ਓਹ ਵੀ ਸੱਚ ਹੈ। ਪਰ ਨਜ਼ਰ ਦੀ ਹੱਦ ਤੋਂ ਅੱਗੇ ਵੀ ਕੁਝ ਹੈ ਤੇ ਸੱਚ ਓਹ ਵੀ ਹੈ। ਚੇਤਨਾ ਤੋਂ ਬਾਅਦ ਵੀ, ਚੇਤਨਾ ਤੋਂ ਪਾਰ ਵੀ ਤੇ ਚੇਤਨਾ ਬਗ਼ੈਰ ਵੀ। ਜਾਰੀ ਹੈ ਸ਼ਾਇਦ ਇੱਕ ਸਫ਼ਰ। ਹਰ ਪਾਸੇ ਹਰ ਪਲ ਨਿਰੰਤਰ। ਇੱਕ ਦਰਿਆ ਵਗਦਾ ਹੈ ਬਾਹਰ ਤੇ ਅੰਦਰ।
ਰੋਜ਼ ਸਵੇਰੇ ਖਿੜਕੀ ’ਚੋਂ ਇੱਕ ਸੂਰਜ ਝਾਕੇ, ਧੁੱਪ ਛਿੜਕਾਵੇ।
ਵਿਹੜੇ ਦੇ ਵਿੱਚ ਚਾਨਣ ਬੀਜੇ, ਦਿਨ ਮਹਿਕਾਵੇ।
ਪੌਣ ਵਗੇ, ਦਿਨ ਰਾਤ ਜਗੇ। ਹਰ ਮੌਸਮ ਦੀ ਹਰ ਬਾਤ ਸੁਣਾਵੇ।
ਰੁੱਖਾਂ ਦੇ ਪਰਛਾਵੇਂ ਹੇਠ ਦੁਪਹਿਰਾਂ ਖੇਡਣ। ਸ਼ਾਮ ਪਵੇ, ਕੋਈ ਤਾਰੇ ਬਾਲੇ, ਰਾਤ ਜਗਾਵੇ। ਕਿਸ ਦੀ ਖ਼ਾਤਰ, ਕਿਸ ਦੇ ਆਖਣ ’ਤੇ ਇਹ ਸਾਰੀ ਖੇਡ ਚਲੇ। ਕੌਣ ਹਰਾਵੇ, ਕੌਣ ਜਿਤਾਵੇ, ਕੌਣ ਖਿਡਾਵੇ।
ਧਰਤੀ ਘੁੰਮਦੀ ਹੈ, ਪਰ ਅਹਿਸਾਸ ਨਹੀਂ ਹੁੰਦਾ ਕਿ ਧਰਤੀ ਘੁੰਮਦੀ ਹੈ। ਸੂਰਜ ਡੁੱਬਦਾ ਨਹੀਂ ਪਰ ਅਹਿਸਾਸ ਇਹ ਹੁੰਦਾ ਹੈ ਕਿ ਸੂਰਜ ਡੁੱਬਦਾ ਹੈ। ਇਹ ਪੌਣ ਸੁਣਾਉਂਦੀ ਹੈ ਖ਼ੁਸ਼ਬੂ ਦੀਆਂ ਕਵਿਤਾਵਾਂ। ਇਹ ਦਰਿਆ ਦੱਸਦੇ ਨੇ ਇੱਕ ਸਾਗਰ ਦਾ ਸਿਰਨਾਵਾਂ। ਮੈਂ ਹਾਂ, ਮੇਰੀ ਪਿਆਸ ਤੱਕ। ਤੂੰ ਹੈਂ, ਤੇਰੇ ਧਰਵਾਸ ਤੱਕ। ਇੱਕ ਆਸ ਦੇ ਅਹਿਸਾਸ ਤੋਂ ਅਹਿਸਾਸ ਦੇ ਵਿਸ਼ਵਾਸ ਤੱਕ। ਇਹ ਕੁਦਰਤ ਦੀ ਪਰਿਕਰਮਾ, ਇਹ ਮੇਰਾ ਤੀਰਥ ਫੇਰਾ।
ਹਾਂ, ਰਾਹੀ ਨਾਮ ਹੈ ਮੇਰਾ।
ਰਸਤੇ ਤੋਂ ਪਹਿਲਾਂ ਵੀ ਕੋਈ ਮੰਜ਼ਿਲ ਸੀ। ਮੰਜ਼ਿਲ ਤੋਂ ਅੱਗੇ ਵੀ ਕੋਈ ਰਸਤਾ ਹੈ। ਉਸ ਰਸਤੇ ਦਾ ਰਾਹੀ ਮੈਂ। ਇਸ ਰਾਹੀ ਦਾ ਰਹਿਬਰ ਤੂੰ। ਕੁਝ ਵਰ੍ਹਿਆਂ ਜਿੱਡਾ ਦਰਿਆ ਮੈਂ। ਜੁੱਗਾਂ ਤੋਂ ਵੱਡਾ ਸਾਗਰ ਤੂੰ। ਹਰ ਇਕ ਸ਼ੈਅ ਦੇ ਅੰਦਰ ਤੂੰ। ਹਰ ਇਕ ਥਾਂ ’ਤੇ ਹਾਜ਼ਰ ਤੂੰ। ਇੱਕ ਸੀ ਮੈਂ, ਇੱਕ ਹੈਂ ਤੂੰ। ਤੂੰ ਹੀ ਤੂੰ,ਬਸ ਤੂੰ ਹੀ ਤੂੰ।
ਇੱਕ ਕੋਰਾ ਸਫ਼ੇਦ ਵਰਕਾ, ਇੱਕ ਦੁੱਧ ਚਾਨਣੀ ਰਾਤ।
ਇੱਕ ਹੀ ਸ਼ਬਦ, ਇੱਕ ਹੀ ਅਰਥ, ਇੱਕ ਹੀ ਯਾਦ, ਇੱਕ ਹੀ ਬਾਤ। ਇੱਕ ਛੋਟੀ ਜਿਹੀ ਕਹਾਣੀ ਸੀ। ਇੱਕ ਸੀ ਮੈਂ। ਇੱਕ ਪਿਆਸ ਸੀ ਉਮਰਾਂ ਲੰਬੀ ਤੇ ਚਾਰ ਚੁਫ਼ੇਰੇ ਪਾਣੀ ਸੀ।
ਸੰਪਰਕ: 98156-38668
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ