ਰੂਸ-ਯੂਕਰੇਨ ਜੰਗ ਨੇ ਮਨੁੱਖਤਾ ਨੂੰ ਫਿਰ ਅਜਿਹੇ ਮੋੜਾਂ ’ਤੇ ਲੈ ਆਂਦਾ ਹੈ ਜਿਹੋ ਜਿਹੇ ਉਸ ਨੇ ਪਹਿਲੀ ਤੇ ਦੂਸਰੀ ਆਲਮੀ ਜੰਗ ਤੋਂ ਪਹਿਲਾਂ ਦੇਖੇ ਸਨ। ਦੂਸਰੀ ਆਲਮੀ ਜੰਗ ਤੋਂ ਬਾਅਦ ਵੀ ਵੱਡੇ ਯੁੱਧ ਹੋਏ ਜਿਵੇਂ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਜੰਗ, ਵੀਅਤਨਾਮ-ਅਮਰੀਕਾ ਜੰਗ, 1971 ਦੀ ਭਾਰਤ-ਪਾਕਿਸਤਾਨ ਵਿਚ ਜੰਗ, ਅਮਰੀਕਾ ਦੇ ਇਰਾਕ ਤੇ ਅਫ਼ਗ਼ਾਨਿਸਤਾਨ ’ਤੇ ਹਮਲੇ, ਯੂਰੋਪ ਵਿਚ ਕੋਸੋਵੋ ਦੀ ਜੰਗ ਆਦਿ। ਇਹ ਜੰਗਾਂ ਖ਼ਾਸ ਖੇਤਰਾਂ ਤਕ ਮਹਿਦੂਦ ਸਨ ਤੇ ਇਨ੍ਹਾਂ ਦੇ ਵਿਸ਼ਵ ਅਰਥਚਾਰੇ ’ਤੇ ਏਨੇ ਵੱਡੇ ਅਸਰ ਨਹੀਂ ਸਨ ਪਏ ਜਿੰਨੇ ਰੂਸ-ਯੂਕਰੇਨ ਜੰਗ ਕਾਰਨ ਪੈ ਰਹੇ ਹਨ। ਲਗਭਗ ਸਾਢੇ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਜੰਗ ਨੇ ਨਵਾਂ ਮੋੜ ਉਦੋਂ ਲਿਆ ਜਦੋਂ ਕੁਝ ਦਿਨ ਪਹਿਲਾਂ ਯੂਕਰੇਨੀ ਫ਼ੌਜਾਂ ਨੂੰ ਰੂਸੀ ਫ਼ੌਜਾਂ ਤੋਂ ਇਕ ਸ਼ਹਿਰ ਖਾਲੀ ਕਰਵਾਉਣ ਵਿਚ ਸਫ਼ਲਤਾ ਮਿਲੀ ਅਤੇ ਪਿਛਲੇ ਹਫ਼ਤੇ ਉਨ੍ਹਾਂ ਨੇ ਰੂਸ ਤੇ ਕਰੀਮੀਆ ਨੂੰ ਜੋੜਦੇ ਇਕ ਪੁਲ ਨੂੰ ਵੱਡਾ ਨੁਕਸਾਨ ਪਹੁੰਚਾਇਆ। ਸੋਮਵਾਰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਹੋਰ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ ਕਰ ਕੇ ਸਖ਼ਤ ਸੰਦੇਸ਼ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਕੁਝ ਪੂਰਬੀ ਹਿੱਸਿਆਂ ਵਿਚ ਰੈਫਰੈਂਡਮ ਕਰਵਾ ਕੇ ਉਨ੍ਹਾਂ ਨੂੰ ‘ਰੂਸ ਦੇ ਹਿੱਸੇ’ ਬਣਾ ਲਿਆ ਹੈ।
ਜਿੱਥੇ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਨੇ ਰੂਸ ’ਤੇ ਵੱਡੀਆਂ ਆਰਥਿਕ ਪਾਬੰਦੀਆਂ ਲਗਾਈਆਂ ਹਨ, ਉੱਥੇ ਰੂਸ ਨੇ ਯੂਰੋਪ ਨੂੰ ਗੈਸ ਤੇ ਤੇਲ ਮੁਹੱਈਆ ਕਰਵਾਉਣ ’ਤੇ ਪਾਬੰਦੀਆਂ ਲਗਾ ਕੇ ਯੂਰੋਪ ਵਿਚ ਊਰਜਾ ਦਾ ਸੰਕਟ ਪੈਦਾ ਕਰ ਦਿੱਤਾ ਹੈ। ਆਰਥਿਕ ਮਾਹਿਰ ਪੇਸ਼ੀਨਗੋਈਆਂ ਕਰ ਰਹੇ ਹਨ ਕਿ ਆਉਣ ਵਾਲੇ ਸਿਆਲ ਵਿਚ ਲੋਕਾਂ ਨੂੰ ਬਹੁਤ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ; ਯੂਰੋਪ ਵਿਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਅਨਾਜ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਇਸ ਜੰਗ ਦੇ ਪਸਾਰ ਦੂਸਰੀ ਆਲਮੀ ਜੰਗ ਤੋਂ ਬਾਅਦ ਹੋਏ ਯੁੱਧਾਂ ਤੋਂ ਵੱਖਰੇ ਹਨ। ਇਸ ਜੰਗ ਨੇ ਮਨੁੱਖਤਾ ਨੂੰ ਬਹੁਪਰਤੀ ਨੈਤਿਕ ਸੰਕਟ ਸਾਹਮਣੇ ਵੀ ਖੜ੍ਹਾ ਕੀਤਾ ਹੈ ਜਿਸ ਤੋਂ ਪੈਦਾ ਹੋ ਰਹੇ ਸਵਾਲਾਂ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਬੋਲਿਆ ਅਤੇ ਇਸ ਲਈ ਉਹ ਹਮਲਾਵਰ ਦੇਸ਼ ਹੈ ਪਰ ਇਹ ਤੱਥ ਵੀ ਪ੍ਰਤੱਖ ਹੈ ਕਿ ਅਮਰੀਕਾ ਤੇ ਨਾਟੋ ਦੇ ਦੇਸ਼ ਬਹੁਤ ਦੇਰ ਤੋਂ ਰੂਸ ਦੇ ਗੁਆਂਢੀ ਦੇਸ਼ਾਂ ਵਿਚ ਆਪਣਾ ਪ੍ਰਭਾਵ ਵਧਾਉਂਦੇ ਆਏ ਹਨ; ਉਨ੍ਹਾਂ ਵਿਚੋਂ ਕਈਆਂ ਨੂੰ ਨਾਟੋ ਦਾ ਮੈਂਬਰ ਬਣਾਇਆ ਗਿਆ ਹੈ ਅਤੇ ਹੁਣ ਯੂਕਰੇਨ ਨੇ ਵੀ ਨਾਟੋ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ ਹੈ। ਇਸ ਦਾ ਮਤਲਬ ਨਾਟੋ ਫ਼ੌਜਾਂ ਨੂੰ ਰੂਸ ਦੀਆਂ ਸਰਹੱਦਾਂ ਦੇ ਨਜ਼ਦੀਕ ਖੜ੍ਹੀਆਂ ਕਰਨਾ ਹੈ। ਅਮਰੀਕਾ ਤੇ ਨਾਟੋ ਦੇਸ਼ਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਯੂਕਰੇਨ ਲੰਮੇ ਸਮੇਂ ਲਈ ਰੂਸ ਨਾਲ ਲੜੇ। ਇਸ ਲਈ ਉਹ ਯੂਕਰੇਨ ਨੂੰ ਲਗਾਤਾਰ ਫ਼ੌਜੀ ਸਾਜ਼ੋ-ਸਾਮਾਨ ਵੇਚ ਰਹੇ ਹਨ। ਯੂਕਰੇਨ ਨੂੰ ਫ਼ੌਜੀ ਮਦਦ ਤਾਂ ਮਿਲ ਰਹੀ ਹੈ ਪਰ ਉਹ ਲਗਾਤਾਰ ਕਰਜ਼ੇ ਹੇਠ ਦੱਬਿਆ ਜਾ ਰਿਹਾ ਹੈ; ਉਸ ਦੇ ਸ਼ਹਿਰਾਂ ਵਿਚ ਭਿਅੰਕਰ ਤਬਾਹੀ ਹੋਈ ਹੈ।
ਅੰਗਰੇਜ਼ੀ ਸ਼ਬਦ ਆਰਮਿਸਟਸ (Armistice) ਅਤੇ ਸੀਜ਼-ਫਾਇਰ (Cease-fire) ਜੰਗਬੰਦੀ ਲਈ ਵਰਤੇ ਜਾਂਦੇ ਹਨ; ਇਨ੍ਹਾਂ ਦਾ ਮਤਲਬ ਜੰਗ ਦਾ ਅੰਤ ਨਹੀਂ ਹੁੰਦਾ ਸਗੋਂ ਦੇਸ਼ਾਂ ਜਾਂ ਦੇਸ਼-ਸਮੂਹਾਂ ਵਿਚਕਾਰ ਇਹ ਇਕਰਾਰਨਾਮਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਫ਼ੌਜਾਂ ਇਕ-ਦੂਸਰੇ ’ਤੇ ਹਮਲੇ ਕਰਨੇ ਬੰਦ ਕਰ ਦੇਣਗੀਆਂ ਅਤੇ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਪਹਿਲੀ ਆਲਮੀ ਜੰਗ ਦੌਰਾਨ ਇਸ ਤਰ੍ਹਾਂ ਦੀਆਂ ਕਈ ਜੰਗਬੰਦੀਆਂ ਹੋਈਆਂ ਜਿਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ 11 ਨਵੰਬਰ 1918 ਨੂੰ ਹੋਈ ਜੰਗਬੰਦੀ ਸੀ। ਇਹ ਜਰਮਨੀ ਦੀਆਂ ਵਿਰੋਧੀ ਤਾਕਤਾਂ ਦੀ ਜਿੱਤ ਸੀ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਜਰਮਨੀ ਨੇ ਹਥਿਆਰ ਨਹੀਂ ਸਨ ਸੁੱਟੇ। ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਕਾਰ ਹੋ ਰਹੀ ਜੰਗ ਵਿਚ ਵੀ 1953 ਵਿਚ ਜੰਗਬੰਦੀ ਹੋਈ। ਜੇ ਅੰਤਰਰਾਸ਼ਟਰੀ ਭਾਈਚਾਰਾ ਚਾਹੇ ਤਾਂ ਰੂਸ ਤੇ ਯੂਕਰੇਨ ਵਿਚਕਾਰ ਅਜਿਹੀ ਜੰਗਬੰਦੀ ਹੋ ਸਕਦੀ ਹੈ ਪਰ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ ਜੰਗਬੰਦੀ ਕਰਵਾਉਣ ਦੀ ਰੌਂਅ ਵਿਚ ਨਹੀਂ ਹਨ। ਇਸ ਵਿਚ ਸਭ ਤੋਂ ਜ਼ਿਆਦਾ ਫ਼ਾਇਦਾ ਅਮਰੀਕਾ ਨੂੰ ਹੋ ਰਿਹਾ ਹੈ ਤੇ ਨੁਕਸਾਨ ਯੂਕਰੇਨ, ਰੂਸ ਅਤੇ ਯੂਰੋਪ ਦੇ ਹੋਰ ਦੇਸ਼ਾਂ ਨੂੰ। ਰੂਸ ਤੇ ਯੂਕਰੇਨ ਤੋਂ ਤੇਲ, ਗੈਸ, ਅਨਾਜ ਆਦਿ ਦਰਾਮਦ ਕਰਨ ਵਾਲੇ ਹੋਰ ਦੇਸ਼ ਵੀ ਸੰਕਟ ਵਿਚ ਹਨ। ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਹਾਰਕ ਪਹੁੰਚ ਅਪਣਾਉਂਦਿਆਂ ਦੋਹਾਂ ਦੇਸ਼ਾਂ ਵਿਚਕਾਰ ਜੰਗਬੰਦੀ ਕਰਵਾਉਣ ਦੀ ਜ਼ਰੂਰਤ ਹੈ।