
ਰੂਸ-ਯੂਕਰੇਨ ਜੰਗ ਦੇ ਬਾਵਜੂਦ ਭਾਰਤ ਦੇ ਵਿਦਿਆਰਥੀਆਂ ਦੀਆਂ ਯੂਕਰੇਨ ਦੀਆਂ ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜਾਂ ਵਿਚ ਪਰਤਣ ਦੀਆਂ ਖ਼ਬਰਾਂ ਵਿਦਿਆਰਥੀਆਂ ਦੀ ਆਪਣੇ ਭਵਿੱਖ ਬਾਰੇ ਚਿੰਤਾ ਦਰਸਾਉਂਦੀਆਂ ਹਨ। ਫਰਵਰੀ 2022 ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਲਗਭਗ 18000 ਵਿਦਿਆਰਥੀ ਯੂਕਰੇਨ ਤੋਂ ਵਾਪਸ ਭਾਰਤ ਆਏ ਸਨ। ਕੇਂਦਰੀ ਸਿੱਖਿਆ ਮੰਤਰੀ ਨੇ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਣ ਦਾ ਯਕੀਨ ਦਿਵਾਇਆ ਸੀ। ਇਨ੍ਹਾਂ ਵਿਚੋਂ ਬਹੁਤੇ ਯੂਕਰੇਨ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸਨ। ਮਾਰਚ 2022 ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਵੱਖ ਵੱਖ ਮੈਡੀਕਲ ਕਾਲਜਾਂ ਵਿਚ ਪੜ੍ਹਾਈ ਮੁਕੰਮਲ ਕਰਨ ਦਿੱਤੀ ਜਾਵੇ ਪਰ ਕੇਂਦਰੀ ਸਿਹਤ ਮੰਤਰਾਲਾ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਇਸ ਨਾਲ ਸਹਿਮਤ ਨਹੀਂ ਹੋਏ। ਕੇਂਦਰ ਸਰਕਾਰ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਤਕ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ 3964 ਵਿਦਿਆਰਥੀਆਂ ਨੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਦੇ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਲੈ ਲਿਆ ਹੈ।
ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਦੇਣ ਵਿਰੁੱਧ ਇਹ ਦਲੀਲ ਦਿੱਤੀ ਗਈ ਸੀ ਕਿ ਦੇਸ਼ ਵਿਚ ਪ੍ਰਚਲਿਤ ਨਿਯਮਾਂ ਅਨੁਸਾਰ ਮੈਡੀਕਲ ਕਾਲਜਾਂ ਵਿਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦੁਆਰਾ ਐੱਮਬੀਬੀਐੱਸ ਵਿਚ ਦਾਖ਼ਲੇ ਲਈ ਕਰਾਇਆ ਜਾਂਦਾ ਇਮਤਿਹਾਨ ਨੈਸ਼ਨਲ ਐਲਿਜੀਬਿਲਟੀ-ਕਮ-ਐਂਟਰੈਂਸ ਟੈਸਟ (National Eligibility-cum-Entrance Test-ਨੀਟ) ਪਾਸ ਕਰਨਾ ਜ਼ਰੂਰੀ ਹੈ। ਕਾਨੂੰਨੀ ਤੌਰ ’ਤੇ ਇਹ ਦਲੀਲ ਸਹੀ ਹੈ ਅਤੇ ਵਿਦੇਸ਼ੀ ਮੈਡੀਕਲ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅੱਧ-ਵਿਚਕਾਰ ਦੇਸ਼ ਦੇ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਨਹੀਂ ਸੀ ਦਿੱਤਾ ਜਾ ਸਕਦਾ। ਸਾਧਾਰਨ ਹਾਲਾਤ ਵਿਚ ਕੋਈ ਵੀ ਵਿਦਿਆਰਥੀ ਅਜਿਹੇ ਦਾਖ਼ਲੇ ਲਈ ਅਪਲਾਈ ਨਹੀਂ ਕਰਦਾ ਪਰ ਯੂਕਰੇਨ ਦੇ ਮੈਡੀਕਲ ਤੇ ਹੋਰ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਸਾਧਾਰਨ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ। ਜੰਗ ਕਿਸੇ ਵੀ ਵਿਅਕਤੀ ਜਾਂ ਲੋਕ-ਸਮੂਹ ਲਈ ਸਭ ਤੋਂ ਭਿਅੰਕਰ ਸਥਿਤੀ ਹੁੰਦੀ ਹੈ। ਇਹ ਵਿਦਿਆਰਥੀ ਯੂਕਰੇਨ ’ਤੇ ਰੂਸ ਦਾ ਹਮਲਾ ਹੋਣ ਕਾਰਨ ਪਰਤੇ ਸਨ; ਉਹ ਆਪਣੀ ਮਰਜ਼ੀ ਜਾਂ ਖ਼ੁਸ਼ੀ ਨਾਲ ਵਾਪਸ ਨਹੀਂ ਸਨ ਆਏ। ਇਸ ਸਮੇਂ ਜੰਗ ਦੇ ਖ਼ਤਰਿਆਂ ਦੇ ਬਾਵਜੂਦ 1100 ਤੋਂ ਜ਼ਿਆਦਾ ਵਿਦਿਆਰਥੀ ਯੂਕਰੇਨ ਦੇ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਹਨ।
ਜੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਸਿਆਸੀ ਇੱਛਾ-ਸ਼ਕਤੀ ਦਿਖਾਉਂਦੀਆਂ ਤਾਂ ਇਹ ਸਮੱਸਿਆ ਹੱਲ ਕੀਤੀ ਜਾ ਸਕਦੀ ਸੀ। ਇਨ੍ਹਾਂ ਵਿਦਿਆਰਥੀਆਂ ’ਤੇ ਸਖ਼ਤ ਸ਼ਰਤਾਂ ਲਗਾਈਆਂ ਜਾ ਸਕਦੀਆਂ ਸਨ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਮੈਡੀਕਲ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਨਿਸ਼ਚਿਤ ਕੀਤੇ ਗਏ ਇਮਤਿਹਾਨ ‘ਵਿਦੇਸ਼ੀ ਮੈਡੀਕਲ ਗਰੈਜੂਏਟਸ ਪ੍ਰੀਖਿਆ (Foreign Medical Graduates Examination)’ ਪਾਸ ਕਰਨ ਲਈ ਕਿਹਾ ਜਾ ਸਕਦਾ ਸੀ। ਸਿਆਸੀ ਜਮਾਤ ਦੀ ਮੁੱਖ ਸਮੱਸਿਆ ਇਹ ਹੈ ਕਿ ਗੱਲਾਂਬਾਤਾਂ ਤੇ ਭਾਸ਼ਣਾਂ ਵਿਚ ਤਾਂ ਸਿਆਸੀ ਆਗੂ ਲੋਕਾਂ ਦੀ ਹਰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿਵਾਉਂਦੇ ਹਨ ਪਰ ਅਜਿਹੇ ਵਾਅਦਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ। ਜੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਦੇ ਮੈਡੀਕਲ ਕਾਲਜ ਇਨ੍ਹਾਂ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਸਕਦੇ ਹਨ ਤਾਂ ਇਹ ਕੰਮ ਭਾਰਤ ਦੇ ਮੈਡੀਕਲ ਕਾਲਜਾਂ ਦੁਆਰਾ ਕਿਉਂ ਨਹੀਂ ਸੀ ਕੀਤਾ ਜਾ ਸਕਦਾ। ਅਸਾਧਾਰਨ ਹਾਲਾਤ ਦਾ ਸਾਹਮਣਾ ਕਰਨ ਲਈ ਅਸਾਧਾਰਨ ਹੱਲ ਲੱਭਣ ਦੀ ਜ਼ਰੂਰਤ ਹੁੰਦੀ ਹੈ। ਵੱਡੇ ਦਾਅਵੇ ਕਰਨ ਦੇ ਬਾਵਜੂਦ ਸਿਆਸੀ ਜਮਾਤ ਜੰਗ ਕਾਰਨ ਵਿਦੇਸ਼ਾਂ ਤੋਂ ਮੁੜੇ ਇਨ੍ਹਾਂ ਵਿਦਿਆਰਥੀਆਂ ਦੀ ਬਾਂਹ ਨਹੀਂ ਫੜ ਸਕੀ। ਇਹ ਵਰਤਾਰਾ ਦਰਸਾਉਂਦਾ ਹੈ ਕਿ ਪ੍ਰਸ਼ਾਸਨਿਕ ਤੇ ਸਮਾਜਿਕ ਪੱਧਰ ’ਤੇ ਅਸੀਂ ਆਪਣੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਾਂ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ