ਮੰਗਲਵਾਰ ਨੂੰ ਅੰਮ੍ਰਿਤਸਰ ਦੇ ਕੱਟੜਾ ਬੱਗੀਆਂ ਇਲਾਕੇ ਵਿਚ ਰਹਿੰਦੇ ਦੋ ਸਕੇ ਭਰਾਵਾਂ ਦੀ ਇਕੋ ਦਿਨ ਹੋਈ ਮੌਤ ਨੇ ਪੰਜਾਬ ਵਿਚ ਨਸ਼ਿਆਂ ਦੇ ਫੈਲਾਉ ਬਾਰੇ ਵੱਡੇ ਸਵਾਲ ਉਠਾਏ ਹਨ। ਇਕ ਭਰਾ ਜੇਲ੍ਹ ਵਿਚ ਬੰਦ ਸੀ ਅਤੇ ਉਸ ਦੀ ਮੌਤ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਅਤੇ ਦੂਸਰੇ ਦੀ ਜ਼ਿਆਦਾ ਨਸ਼ਾ ਕਰਨ ਕਰ ਕੇ। ਇਹ ਸਵਾਲ ਵਾਰ ਵਾਰ ਪੁੱਛਿਆ ਜਾਂਦਾ ਹੈ ਕਿ ਮਾਪੇ ਨੌਜਵਾਨਾਂ ਨੂੰ ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਕਿਉਂ ਭੇਜ ਰਹੇ ਹਨ। ਇਹ ਮੌਤਾਂ ਇਸ ਸਵਾਲ ਦੇ ਕਈ ਜਵਾਬਾਂ ’ਚੋਂ ਸਭ ਤੋਂ ਜ਼ਿਆਦਾ ਬੁਨਿਆਦੀ ਮਹੱਤਵ ਵਾਲਾ ਜਵਾਬ ਹਨ; ਮਾਪੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ। ਨੌਜਵਾਨ ਬੇਰੁਜ਼ਗਾਰੀ ਅਤੇ ਮੌਕਿਆਂ ਦੀ ਕਮੀ ਕਾਰਨ ਵੀ ਪਰਵਾਸ ਕਰ ਰਹੇ ਹਨ ਪਰ ਮਾਪਿਆਂ ਦਾ ਮੁੱਢਲਾ ਫ਼ਿਕਰ ਇਹ ਹੈ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦਾ ਸ਼ਿਕਾਰ ਨਾ ਬਣਨ। ਨਸ਼ਿਆਂ ਦੀ ਤਸਕਰੀ ਤਸਕਰਾਂ, ਪੁਲੀਸ ਅਤੇ ਸਿਆਸੀ ਜਮਾਤ ਵਿਚ ਗੱਠਜੋੜ ਤੋਂ ਬਿਨਾ ਸੰਭਵ ਨਹੀਂ।
ਇਸ ਗੱਠਜੋੜ ਨੂੰ ਤੋੜਨ ਲਈ ਮਜ਼ਬੂਤ ਸਿਆਸੀ ਇੱਛਾ-ਸ਼ਕਤੀ ਦੀ ਜ਼ਰੂਰਤ ਹੈ। ਪੰਜਾਬ ਵਿਚ ਨਸ਼ੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਵੀ ਆ ਰਹੇ ਹਨ ਅਤੇ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਵੀ। ਜਿੱਥੇ ਤਸਕਰੀ ਰੋਕਣ ਦੀ ਲੋੜ ਹੈ, ਉੱਥੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੀ ਸਹਾਇਤਾ ਕਰਨੀ ਵੀ ਬਹੁਤ ਜ਼ਰੂਰੀ ਹੈ। ਨਸ਼ਿਆਂ ਤੇ ਖ਼ਾਸ ਕਰਕੇ ਹੈਰੋਇਨ ਦੇ ਆਦੀ ਹੋ ਚੁੱਕੇ ਵਿਅਕਤੀ ਤੋਂ ਨਸ਼ਾ ਛੁਡਵਾਉਣਾ ਬਹੁਤ ਮੁਸ਼ਕਿਲ ਕੰਮ ਹੈ। ਉਸ ਨੂੰ ਲਗਾਤਾਰ ਅਜਿਹੀ ਦਵਾਈ ਦੇਣੀ ਪੈਂਦੀ ਹੈ ਜੋ ਖ਼ੁਦ ਨਸ਼ੇ ਵਰਗੀ ਹੁੰਦੀ ਹੈ। ਅਜਿਹੇ ਪੀੜਤਾਂ ਨੂੰ ਜੇਲ੍ਹਾਂ ਵਿਚ ਸੁੱਟਣਾ ਸਮੱਸਿਆ ਦਾ ਹੱਲ ਨਹੀਂ ਹੈ। ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਦੇ ਪਰਿਵਾਰ ਤਬਾਹ ਹੋ ਜਾਂਦੇ ਹਨ। ਪੰਜਾਬੀ ਸਮਾਜ ਨੂੰ ਇਸ ਸਮੱਸਿਆ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਲੜਾਈ ਨੂੰ ਤਰਜੀਹ ਦਿੰਦਿਆਂ ਨਸ਼ਿਆਂ ਦਾ ਫੈਲਾਅ ਰੋਕਣ ਲਈ ਵੱਡੇ ਪੈਮਾਨੇ ’ਤੇ ਬਹੁ-ਪਰਤੀ ਕਾਰਵਾਈ ਕਰਨੀ ਚਾਹੀਦੀ ਹੈ।