ਸਿਆਸੀ ਏਜੰਡਾ

ਸਿਆਸੀ ਏਜੰਡਾ

ਸਾਰੀ ਦੁਨੀਆ ਵਿਚ ਇਹ ਸਮਝਿਆ ਜਾਂਦਾ ਹੈ ਕਿ ਇੰਗਲੈਂਡ ਮੈਗਨਾ ਕਾਰਟਾ ਦੀ ਘੋਸ਼ਣਾ (1215) ਅਤੇ ਸੰਸਦ ਦੀ ਸਥਾਪਤੀ (1295), ਅਮਰੀਕਾ ਦਾ ਇੰਗਲੈਂਡ ਤੋਂ ਆਜ਼ਾਦੀ ਲਈ ਯੁੱਧ (1775-1783), ਫਰਾਂਸੀਸੀ ਇਨਕਲਾਬ (1789-1799), ਅਮਰੀਕਾ ਵਿਚ ਗ਼ੁਲਾਮੀ ਨੂੰ ਗ਼ੈਰ-ਕਾਨੂੰਨੀ ਬਣਾਉਣਾ (1865), ਰੂਸ (1917) ਅਤੇ ਚੀਨ (1949) ਦੇ ਇਨਕਲਾਬ, ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ (1947), ਦੱਖਣੀ ਅਫ਼ਰੀਕਾ ਵਿਚ ਨਸਲਵਾਦੀ ਹਕੂਮਤ ਦਾ ਖ਼ਾਤਮਾ (1994) ਅਤੇ ਕਈ ਹੋਰ ਘਟਨਾਵਾਂ ਅਜਿਹੇ ਇਤਿਹਾਸਕ ਮੀਲ-ਪੱਥਰ ਹਨ ਜਿਨ੍ਹਾਂ ਸਦਕਾ ਮਨੁੱਖਤਾ ਨੇ ਜਮਹੂਰੀ ਕਦਰਾਂ-ਕੀਮਤਾਂ ਨੂੰ ਅਮਲੀ ਰੂਪ ਵਿਚ ਅਪਣਾਉਣ ਦੇ ਮਾਰਗ ’ਤੇ ਵੱਡੇ ਕਦਮ ਪੁੱਟੇ। ਇਹ ਨਹੀਂ ਕਿ ਦੁਨੀਆ ਦੇ ਵੱਖ ਵੱਖ ਸਮਾਜਾਂ ਵਿਚ ਪਹਿਲਾਂ ਜਮਹੂਰੀਅਤ, ਆਜ਼ਾਦੀ, ਸਮਾਜਿਕ ਬਰਾਬਰੀ, ਸਾਂਝੀਵਾਲਤਾ, ਧਰਮ ਨਿਰਪੱਖਤਾ, ਮਰਦ-ਔਰਤ ਬਰਾਬਰੀ ਅਤੇ ਹੋਰ ਜਮਹੂਰੀ ਕਦਰਾਂ-ਕੀਮਤਾਂ ਗ਼ੈਰਹਾਜ਼ਰ ਸਨ ਪਰ ਅਜਿਹੀਆਂ ਘਟਨਾਵਾਂ ਨੇ ਸੰਸਾਰ ਦੇ ਇਤਿਹਾਸ ’ਤੇ ਵੱਡੇ ਪ੍ਰਭਾਵ ਪਾਏ ਤੇ ਇਹ ਸਮਝ ਪਨਪਣ ਲੱਗੀ ਕਿ ਇਹ ਕਦਰਾਂ-ਕੀਮਤਾਂ ਸਾਰੇ ਸਮਾਜਾਂ ਦੁਆਰਾ ਅਪਣਾਈਆਂ ਜਾਣੀਆਂ ਚਾਹੀਦੀਆਂ ਹਨ।

ਹਰ ਸਮਾਜ ਵਿਚ ਇਨ੍ਹਾਂ ਕਦਰਾਂ-ਕੀਮਤਾਂ ਲਈ ਲੰਮੇ ਯੁੱਧ ਹੋਏ ਅਤੇ ਉਨ੍ਹਾਂ ਨੇ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸਮਾਜਿਕ ਬਰਾਬਰੀ ਵੱਲ ਕਦਮ ਵਧਾਏ ਭਾਵੇਂ ਕੋਈ ਵੀ ਸਮਾਜ ਆਦਰਸ਼ਕ, ਦੋਸ਼-ਰਹਿਤ ਅਤੇ ਪੂਰਨ ਰੂਪ ਵਿਚ ਸਹੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇਸ ਦੇ ਬਾਵਜੂਦ ਹਰ ਸਮਾਜ ਵਿਚ ਇਹ ਸਮਝ ਜ਼ਰੂਰ ਬਣੀ ਹੈ ਕਿ ਇਨ੍ਹਾਂ ਮਾਨਵੀ ਕਦਰਾਂ-ਕੀਮਤਾਂ ਨੂੰ ਅਪਣਾਉਣ ਨਾਲ ਹੀ ਸਾਰਿਆਂ ਨੂੰ ਇਨਸਾਫ਼ ਤੇ ਬਰਾਬਰੀ ਮਿਲ ਸਕਦੀ ਹੈ। ਸਾਡੇ ਦੇਸ਼ ਵਿਚ ਕੁਝ ਵਰ੍ਹਿਆਂ ਤੋਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨ ਦੇ ਵੱਡੇ ਯਤਨ ਹੋ ਰਹੇ ਹਨ ਅਤੇ ਸਮਾਜਿਕ ਵਿਤਕਰਿਆਂ ਨੂੰ ਖ਼ਤਮ ਕਰਨ ਦੀ ਥਾਂ ’ਤੇ ਫ਼ਿਰਕਾਪ੍ਰਸਤੀ ਵਧਾਉਣ ਵਾਲੀ ਸੋਚ ਨੂੰ ਪਹਿਲ ਦਿੱਤੀ ਜਾ ਰਹੀ ਹੈ। ਐਤਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ 2017 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਰਾਸ਼ਨ ਸਿਰਫ਼ ‘ਅੱਬਾ ਜਾਨ’ ਕਹਿਣ ਵਾਲਿਆਂ, ਭਾਵ ਮੁਸਲਮਾਨਾਂ ਨੂੰ ਹੀ ਮਿਲਦਾ ਸੀ। ਖੁਸ਼ੀਪੁਰ ਵਿਚ ਦਿੱਤੇ ਇਸ ਭਾਸ਼ਨ ਵਿਚ ਯੋਗੀ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਦਾ ਸਿਆਸੀ ਏਜੰਡਾ ਬਦਲ ਗਿਆ ਹੈ।

ਯੋਗੀ ਦਾ ਕਹਿਣਾ ਬਿਲਕੁਲ ਸਹੀ ਹੈ ਕਿ ਕੇਂਦਰ ਵਿਚ ਮੌਜੂਦਾ ਸਰਕਾਰ ਬਣਨ ਨਾਲ ਦੇਸ਼ ਦਾ ਸਿਆਸੀ ਏਜੰਡਾ ਬਿਲਕੁਲ ਬਦਲ ਗਿਆ ਹੈ। ਇਹ ਨਹੀਂ ਕਿ 2014 ਤੋਂ ਪਹਿਲਾਂ ਸਾਡਾ ਸਿਆਸੀ ਏਜੰਡਾ ਬਿਲਕੁਲ ਸਹੀ, ਧਰਮ ਨਿਰਪੱਖਤਾ ਅਤੇ ਸਮਾਜਿਕ ਬਰਾਬਰੀ ਵਾਲਾ ਸੀ; ਉਸ ਸਿਆਸੀ ਏਜੰਡੇ ਵਿਚ ਅਨੇਕ ਊਣਤਾਈਆਂ, ਕਮਜ਼ੋਰੀਆਂ ਅਤੇ ਵਿਤਕਰੇ ਵਾਲੇ ਪੱਖ ਸਨ ਪਰ ਏਨਾ ਜ਼ਰੂਰ ਸੀ ਕਿ ਧਰਮ ਨਿਰਪੱਖਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਬੁਨਿਆਦੀ ਸਿਆਸੀ ਜ਼ਰੂਰਤ ਤੇ ਫ਼ਰਜ਼ ਸਮਝਿਆ ਜਾਂਦਾ ਸੀ। ਮੌਜੂਦਾ ਕੇਂਦਰ ਸਰਕਾਰ ਦੇ ਸਮਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ, ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣਾ, ਸਨਅਤੀ ਮਜ਼ਦੂਰਾਂ ਦੇ ਹੱਕਾਂ ਨੂੰ ਸੀਮਤ ਕਰਨ ਵਾਲੇ ਚਾਰ ਕਿਰਤ ਕੋਡ ਅਤੇ ਖੇਤੀ ਖੇਤਰ ਵਿਚ ਕਾਰਪੋਰੇਟ ਦਖ਼ਲ ਵਧਾਉਣ ਲਈ ਤਿੰਨ ਖੇਤੀ ਕਾਨੂੰਨ ਬਣਾਉਣਾ, ਸਰਕਾਰੀ ਅਸਾਸਿਆਂ ਨੂੰ ਵੇਚਣਾ ਆਦਿ ਅਜਿਹੇ ਕਈ ਕਦਮ ਚੁੱਕੇ ਗਏ ਹਨ ਜਿਨ੍ਹਾਂ ਨਾਲ ਦੇਸ਼ ਦੇ ਸਿਆਸੀ ਏਜੰਡੇ ਦਾ ਬੁਨਿਆਦੀ ਰੂਪ ਹੀ ਬਦਲ ਗਿਆ ਹੈ। ਯੋਗੀ ਆਦਿੱਤਿਆਨਾਥ ਦੇ ਆਪਣੇ ਸੂਬੇ ਵਿਚ ਹਜੂਮੀ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਅਤੇ ਇਨ੍ਹਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਭਾਜਪਾ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਨੱਥੂ ਰਾਮ ਗੋਡਸੇ ਦੇ ਸੋਹਲੇ ਗਾਏ ਹਨ। ਸੋਮਵਾਰ ਝਾਰਖੰਡ ਦੇ ਭਾਜਪਾ ਐੱਮਐੱਲਏ ਰਣਵੀਰ ਸਿੰਘ ਨੇ ਕਿਹਾ ਹੈ, ‘‘ਸੰਵਿਧਾਨ ਨੂੰ ਬਦਲਣਾ ਹੈ, ਹਿੰਦੂ ਰਾਸ਼ਟਰ ਬਣਾਉਣਾ ਹੈ।’’ ‘ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ… ਕੋ’ ਤੋਂ ਲੈ ਕੇ ਸਮਾਜਿਕ ਕਾਰਕੁਨਾਂ ਨੂੰ ‘ਟੁਕੜੇ ਟੁਕੜੇ ਗੈਂਗ’, ‘ਸ਼ਹਿਰੀ ਨਕਸਲੀ’ ਤੇ ‘ਦੇਸ਼-ਧ੍ਰੋਹੀ’ ਕਹਿਣ ਵਾਲੇ ਆਗੂਆਂ ਅਤੇ ਕੱਟੜਪੰਥੀ ਸੋਚ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਸੂਚੀ ਬਹੁਤ ਲੰਮੀ ਹੈ। ਵਧਦੀ ਹੋਈ ਕੱਟੜਤਾ ਸਮਾਜ ਵਿਚ ਵੰਡੀਆਂ ਪਾ ਰਹੀ ਹੈ ਤੇ ਇਹ ਖ਼ਤਰਾ ਦਿਨੋ-ਦਿਨ ਵਧ ਰਿਹਾ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਆਪਣੇ ਵਿਚਾਰਧਾਰਕ ਵਖਰੇਵਿਆਂ ਨੂੰ ਪਾਸੇ ਰੱਖ ਕੇ ਇਕਜੁੱਟ ਹੋਣ ਅਤੇ ਕੱਟੜਪੰਥੀ ਜਥੇਬੰਦੀਆਂ ਤੇ ਫ਼ਿਰਕੂ ਸੋਚ ਵਿਰੁੱਧ ਲੜਨ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All