ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸਪਾਈਸਜੈੱਟ ਕੰਪਨੀ ਦੇ ਹਵਾਈ ਜਹਾਜ਼ਾਂ ਵਿਚ ਤਕਨੀਕੀ ਨੁਕਸ ਪੈਣ ਦੀਆਂ 8 ਘਟਨਾਵਾਂ ਹੋਈਆਂ। ਜਨਤਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ-ਡੀਜੀਸੀਏ) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਉਹ ਸੁਰੱਖਿਅਤ ਸੇਵਾਵਾਂ ਦੇਣ ਵਿਚ ਨਾਕਾਮ ਰਹੀ ਹੈ। ਸਪਾਈਸਜੈੱਟ ਦੀਆਂ ਕੌਮਾਂਤਰੀ ਉਡਾਣਾਂ ਦੌਰਾਨ ਹਵਾਈ ਜਹਾਜ਼ਾਂ ਵਿਚ ਤਕਨੀਕੀ ਨੁਕਸਾਂ ਕਾਰਨ ਇਕ ਹਵਾਈ ਜਹਾਜ਼ ਨੂੰ ਕਰਾਚੀ ਵਿਚ ਉੱਤਰਨਾ ਪਿਆ ਅਤੇ ਚੀਨ ਜਾ ਰਿਹਾ ਜਹਾਜ਼ ਕੋਲਕਾਤਾ ਵਾਪਸ ਪਰਤ ਆਇਆ। ਡੀਜੀਸੀਏ ਦੇ ਨੋਟਿਸ ਅਨੁਸਾਰ ਕੰਪਨੀ ਦਾ ਸੁਰੱਖਿਆ ਮਾਮਲਿਆਂ ਵਿਚ ਅੰਦਰੂਨੀ ਨਿਗਾਹਬਾਨੀ ਕਰਨ ਦਾ ਪ੍ਰਬੰਧ ਨਾਕਸ ਹੈ। ਅਪਰੈਲ-2022 ਵਿਚ ਡੀਜੀਸੀਏ ਨੇ ਇਸ ਕੰਪਨੀ ਦੇ 90 ਪਾਇਲਟਾਂ ਨੂੰ ਬੋਇੰਗ-737 ਮੈਕਸ ਹਵਾਈ ਜਹਾਜ਼ ਉਡਾਉਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਲੋੜੀਂਦੀ ਸਿਖਲਾਈ ਨਹੀਂ ਸੀ ਦਿੱਤੀ ਗਈ। ਬੁੱਧਵਾਰ ਇੰਡੀਗੋ ਕੰਪਨੀ ਦੀ ਰਾਏਪੁਰ-ਇਦੌਰ ਉਡਾਣ ਦੌਰਾਨ ਜਹਾਜ਼ ਦੇ ਇੰਜਣ ’ਚੋਂ ਧੂੰਆਂ ਨਿਲਕਣ ਦੀ ਘਟਨਾ ਵਾਪਰੀ। ਇਸੇ ਦਿਨ ਵਿਸਤਾਰਾ ਏਅਰਲਾਈਨਜ਼ ਦੇ ਬੈਂਕਾਕ ਤੋਂ ਦਿੱਲੀ ਆ ਰਹੇ ਹਵਾਈ ਜਹਾਜ਼ ਦੇ ਇਕ ਇੰਜਣ ਨੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਕੰਮ ਕਰਨਾ ਬੰਦ ਕਰ ਦਿੱਤਾ। ਇਹ ਗੰਭੀਰ ਤਕਨੀਕੀ ਨੁਕਸ ਹਨ।
ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਸੁਰੱਖਿਆ ਦੇ ਬਣਦਾ ਮਿਆਰ ਕਾਇਮ ਨਹੀਂ ਰੱਖ ਰਹੀਆਂ। ਹਵਾਬਾਜ਼ੀ ਖੇਤਰ ਵਿਚ ਮੁਕਾਬਲਾ ਬਹੁਤ ਜ਼ਿਆਦਾ ਹੈ ਅਤੇ ਕੰਪਨੀਆਂ ਬੱਚਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੀਆਂ ਹਨ। ਕਰੋਨਾ ਦੌਰ ਵਿਚ ਇਨ੍ਹਾਂ ਕੰਪਨੀਆਂ ਨੂੰ ਵੱਡੇ ਨੁਕਸਾਨ ਉਠਾਉਣੇ ਪਏ ਹਨ। ਡੀਜੀਸੀਏ ਦੇ ਸਪਾਈਸਜੈੱਟ ਨੂੰ ਦਿੱਤੇ ਨੋਟਿਸ ਵਿਚ ਇਹ ਵੀ ਦੱਸਿਆ ਗਿਆ ਕਿ ਸਤੰਬਰ 2021 ਵਿਚ ਕੰਪਨੀ ਦੀ ਵਿੱਤੀ ਮਾਮਲਿਆਂ ਬਾਰੇ ਕੀਤੀ ਗਈ ਲੇਖਾ-ਪੜਤਾਲ ਵਿਚ ਇਹ ਪਤਾ ਲੱਗਾ ਸੀ ਕਿ ਕੰਪਨੀ ‘ਕੈਸ਼ ਐਂਡ ਕੈਰੀ (ਭਾਵ ਨਕਦ ਪੈਸੇ ਕੋਲ ਰੱਖੋ)’ ਦੇ ਮਾਡਲ ’ਤੇ ਕੰਮ ਕਰਦੀ ਹੈ ਜਿਸ ਤਹਿਤ ਮੁਰੰਮਤ ਵਿਚ ਕੰਮ ਆਉਣ ਵਾਲੀਆਂ ਆਮ ਵਸਤਾਂ ਸਟਾਕ ਵਿਚ ਨਹੀਂ ਰੱਖੀਆਂ ਜਾਂਦੀਆਂ। ਤਕਨੀਕੀ ਤੌਰ ’ਤੇ ਹਵਾਈ ਜਹਾਜ਼ਾਂ ਨੂੰ ਠੀਕ-ਠਾਕ ਰੱਖਣਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ; ਸੁਰੱਖਿਆ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਸਪਾਈਸਜੈੱਟ ਕੰਪਨੀ 2005 ਵਿਚ ਅਜੈ ਸਿੰਘ ਨੇ ਬਣਾਈ ਸੀ। ਬਾਅਦ ਵਿਚ ਇਹ ਤਾਮਿਲ ਨਾਡੂ ਦੇ ਸਿਆਸੀ ਪਰਿਵਾਰ ਨਾਲ ਸਬੰਧਿਤ ਕਲਾਨਿਧੀ ਮਾਰਨ ਦੀ ਮਲਕੀਅਤ ਬਣ ਗਈ। ਇਸ ਕੰਪਨੀ ਨੂੰ ਵੱਡੇ ਘਾਟੇ ਪਏ ਅਤੇ 2015 ਵਿਚ ਅਜੈ ਸਿੰਘ ਨੇ ਇਸ ਨੂੰ ਦੁਬਾਰਾ ਖ਼ਰੀਦ ਲਿਆ। ਅਜੈ ਸਿੰਘ 2004 ਤੋਂ 2014 ਤਕ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਨਾਲ ਸਬੰਧਿਤ ਰਿਹਾ ਅਤੇ ਕਿਹਾ ਜਾਂਦਾ ਹੈ ਕਿ 2014 ਵਿਚ ‘ਅਬ ਕੀ ਬਾਰ ਮੋਦੀ ਸਰਕਾਰ’ ਦਾ ਨਾਅਰਾ ਉਸੇ ਨੇ ਘੜਿਆ।
ਹਵਾਈ ਜਹਾਜ਼ਾਂ ਦੀ ਸਹੀ ਸਮੇਂ ’ਤੇ ਤਕਨੀਕੀ ਜਾਂਚ-ਪੜਤਾਲ ਅਤੇ ਮੁਰੰਮਤ ਕਰਵਾਉਣੀ ਪੈਂਦੀ ਹੈ। ਇਸ ਵਿਚ ਡੀਜੀਸੀਏ ਦੀ ਭੂਮਿਕਾ ਅਹਿਮ ਹੈ ਪਰ ਪ੍ਰਮੁੱਖ ਜ਼ਿੰਮੇਵਾਰੀ ਕੰਪਨੀ ਦੀ ਹੈ। ਇਸ ਸਮੇਂ ਜਨਤਕ ਖੇਤਰ ਦੀ ਕੋਈ ਹਵਾਈ ਕੰਪਨੀ ਨਹੀਂ ਹੈ। ਜਦ ਇੰਡੀਅਨ ਏਅਰਲਾਈਨਜ਼ ਜਨਤਕ ਕੰਪਨੀ ਸੀ ਤਾਂ ਉਸ ਦੇ ਜਹਾਜ਼ਾਂ ਵਿਚ ਕੋਈ ਤਕਨੀਕੀ ਨੁਕਸ ਹੋਣ ਜਾਂ ਮੁਸਾਫ਼ਰਾਂ ਨੂੰ ਕੋਈ ਸਹੂਲਤ ਨਾ ਮਿਲਣ ’ਤੇ ਇਹ ਨੁਕਤਾਚੀਨੀ ਕੀਤੀ ਜਾਂਦੀ ਸੀ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਅਤੇ ਅਣਗਹਿਲੀਆਂ ਕਰਦੀਆਂ ਹਨ; ਇਸ ਦੇ ਮੁਕਾਬਲੇ ਕਾਰਪੋਰੇਟ ਅਦਾਰਿਆਂ ਦੀਆਂ ਮਾਲਕੀ ਵਾਲੀਆਂ ਕੰਪਨੀਆਂ ਨੂੰ ਵਡਿਆਇਆ ਜਾਂਦਾ ਸੀ। ਇਹ ਸਹੀ ਹੈ ਕਿ ਇੰਡੀਅਨ ਏਅਰਲਾਈਨਜ਼ ਘਾਟੇ ਵਿਚ ਗਈ ਪਰ ਇਹਦੇ ਨਾਲ ਨਾਲ ਨਿੱਜੀ ਖੇਤਰ ਦੀਆਂ ਕਈ ਕੰਪਨੀਆਂ ਜਿਵੇਂ ਜੈੱਟ ਏਅਰਲਾਈਨਜ਼, ਸਹਾਰਾ ਏਅਰਲਾਈਨਜ਼, ਕਿੰਗਫਿਸ਼ਰ ਏਅਰਲਾਈਨਜ਼ ਅਤੇ ਕਈ ਹੋਰ ਕੰਪਨੀਆਂ ਨੂੰ ਵੀ ਵੱਡੇ ਘਾਟੇ ਪਏ। ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਜਹਾਜ਼ਾਂ ਵਿਚ ਵਾਰ ਵਾਰ ਤਕਨੀਕੀ ਨੁਕਸ ਪੈਣ ਨਾਲ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਕੰਪਨੀਆਂ ਹਵਾਈ ਜਹਾਜ਼ਾਂ ਦੀ ਤਕਨੀਕੀ ਨਿਰਖ-ਪਰਖ ਅਤੇ ਸਾਂਭ-ਸੰਭਾਲ ਲਈ ਲੋੜੀਂਦਾ ਖ਼ਰਚ ਕਰਨ ਤੋਂ ਕੰਨੀ ਕਤਰਾਉਂਦੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਸਪਾਈਸਜੈੱਟ ਕੰਪਨੀ ਦੇ ਸ਼ੇਅਰਾਂ ਦੇ ਭਾਅ ਘਟੇ ਹਨ ਅਤੇ ਕੰਪਨੀ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2022 ਦੇ ਸ਼ੁਰੂ ਵਿਚ ਕੰਪਨੀ ਦੇ ਸ਼ੇਅਰ ਦੀ ਕੀਮਤ 68 ਰੁਪਏ ਪ੍ਰਤੀ ਸ਼ੇਅਰ ਸੀ ਜਿਹੜੀ ਬੁੱਧਵਾਰ ਘਟ ਕੇ 39 ਰੁਪਏ ਰਹਿ ਗਈ। ਇਹ ਘਟਨਾਵਾਂ ਕੰਪਨੀਆਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਨੂੰ ਵੀ ਉਜਾਗਰ ਕਰਦੀਆਂ ਹਨ। ਸਪਾਈਸਜੈੱਟ ਦਾ ਭਾਰਤ ਦੇ ਹਵਾਈ ਖੇਤਰ ਵਿਚ ਹਿੱਸਾ 13 ਫ਼ੀਸਦੀ ਹੈ। ਅਜਿਹੀ ਕੰਪਨੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਰੋਸੇਯੋਗ ਅਤੇ ਸੁਰੱਖਿਅਤ ਉਡਾਣਾਂ ਯਕੀਨੀ ਬਣਾਏ। ਡੀਜੀਸੀਏ ਨੂੰ ਜ਼ਿਆਦਾ ਚੇਤੰਨ ਹੋਣ ਦੀ ਜ਼ਰੂਰਤ ਹੈ। ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਵਾਪਰਨ ਤੋਂ ਬਾਅਦ ਨੋਟਿਸ ਦੇਣ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਪਹਿਲੀਆਂ ਘਟਨਾਵਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਕੇਂਦਰੀ ਹਵਾਬਾਜ਼ੀ ਮੰਤਰਾਲੇ ਨੂੰ ਇਸ ਸਬੰਧ ਵਿਚ ਹੋਰ ਵੀ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।