ਦੇਸ਼ ਭਰ ਵਿਚ ਆਕਸੀਜਨ, ਬੈੱਡਾਂ ਅਤੇ ਸਿਹਤ ਕਾਮਿਆਂ ਦੀ ਕਮੀ ਕਾਰਨ ਹਾਹਾਕਾਰ ਮੱਚੀ ਪਈ ਹੈ ਪਰ ਕੇਂਦਰ ਅਤੇ ਰਾਜ ਸਰਕਾਰਾਂ ਲਾਚਾਰ ਦਿਖਾਈ ਦੇ ਰਹੀਆਂ ਹਨ। ਸਮਾਂ ਰਹਿੰਦੇ ਮਾਹਿਰਾਂ ਦੀ ਰਾਇ ਉੱਤੇ ਗ਼ੌਰ ਨਾ ਕਰਨ ਦਾ ਨਤੀਜਾ ਹੈ ਕਿ ਕਰੋਨਾ ਦੇ ਵਧ ਰਹੇ ਕੇਸਾਂ ਅਤੇ ਹੋ ਰਹੀਆਂ ਮੌਤਾਂ ਨੇ ਹਰ ਕਿਸੇ ਦੇ ਹੱਥ ਪੈਰ ਫੁਲਾ ਦਿੱਤੇ ਹਨ। ਸਰਕਾਰਾਂ ਹੁਣ ਕਈ ਤਰੀਕੇ ਅਜ਼ਮਾ ਰਹੀਆਂ ਹਨ ਪਰ ਸਮੁੱਚੇ ਤੌਰ ’ਤੇ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਹੁਣ ਤਾਲਾਬੰਦੀ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਕਈ ਸੂਬਿਆਂ ਨੇ ਪੂਰੀ ਤਾਲਾਬੰਦੀ ਦਾ ਐਲਾਨ ਕੀਤਾ ਹੈ ਅਤੇ ਕਈਆਂ ਨੇ ਸਖ਼ਤ ਪਾਬੰਦੀਆਂ ਲਗਾਉਣ ਦਾ ਜੋ ਲਗਭੱਗ ਤਾਲਾਬੰਦੀ ਦੇ ਬਰਾਬਰ ਹਨ। ਵੱਖ ਵੱਖ ਸ਼ਹਿਰਾਂ ਵਿਚ ਵਪਾਰੀ ਸੜਕਾਂ ਉੱਤੇ ਆ ਕੇ ਸਰਕਾਰਾਂ ਦੇ ਫ਼ੈਸਲਿਆਂ ਬਾਰੇ ਸਵਾਲ ਉਠਾ ਰਹੇ ਹਨ।
ਡਿੱਗਦੇ ਅਰਥਚਾਰੇ ਬਾਰੇ ਜਿਹੜੇ ਦੋ ਵਰਗ ਬਹੁਤ ਚਿੰਤਤ ਹੁੰਦੇ ਹਨ, ਉਹ ਹਨ ਦਿਹਾੜੀਦਾਰ ਤੇ ਵਪਾਰੀ। ਤਾਲਾਬੰਦੀ ਅਤੇ ਪਾਬੰਦੀਆਂ ਕਾਰਨ ਦਿਹਾੜੀਦਾਰਾਂ ਦੀ ਰੋਜ਼ੀ ਰੋਟੀ ਖੁਸਦੀ ਹੈ ਜਦੋਂਕਿ ਵਪਾਰੀਆਂ ਦੇ ਕਾਰੋਬਾਰ ’ਤੇ ਦੂਰਗ਼ਾਮੀ ਪ੍ਰਭਾਵ ਪੈਂਦੇ ਹਨ। ਵਪਾਰੀਆਂ ਅਨੁਸਾਰ ਜ਼ਰੂਰੀ ਸੇਵਾਵਾਂ ਦੀ ਸੂਚੀ ਸਰਕਾਰੀ ਅਧਿਕਾਰੀਆਂ ਨੇ ਬਣਾਈ ਹੈ, ਇਸ ਵਿਚ ਵਪਾਰੀਆਂ ਤੇ ਆਮ ਲੋਕਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਹਰ ਵਪਾਰੀ ਲਈ ਆਪਣੇ ਵਪਾਰ ਨੂੰ ਜਾਰੀ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੁਕਾਨਾਂ ਅਤੇ ਕਾਰੋਬਾਰਾਂ ਨਾਲ ਕੰਮ ਕਰਦੇ ਕਿਰਤੀਆਂ ਦੀ ਦਿਹਾੜੀ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਤੁਰੰਤ ਪ੍ਰਭਾਵਿਤ ਹੁੰਦੇ ਹਨ। ਵਿਦੇਸ਼ਾਂ ਵਿਚ ਹੋਈ ਤਾਲਾਬੰਦੀ ਦੌਰਾਨ ਤਾਂ ਸਰਕਾਰਾਂ ਨੇ ਸਬੰਧਿਤ ਕਾਰੋਬਾਰੀਆਂ, ਵਪਾਰੀਆਂ, ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਪਰ ਸਾਡੇ ਦੇਸ਼ ਵਿਚ ਅਜਿਹੇ ਕੋਈ ਕਦਮ ਨਹੀਂ ਚੁੱਕੇ ਗਏ। ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ।
ਵਪਾਰੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰਾਂ ਦੁਕਾਨਾਂ ਨਹੀਂ ਖੋਲ੍ਹਣ ਦੇਣਾ ਚਾਹੁੰਦੀਆਂ ਤਾਂ ਵਪਾਰੀਆਂ ਅਤੇ ਕਿਰਤੀਆਂ ਦੇ ਬਿਜਲੀ ਦੇ ਬਿਲ, ਦੁਕਾਨਾਂ ਦੇ ਕਿਰਾਏ, ਸਿੱਖਿਆ ਅਤੇ ਸਿਹਤ ਦੇ ਖ਼ਰਚੇ ਓਦੋਂ ਤੱਕ ਆਪਣੇ ਹੱਥਾਂ ਵਿਚ ਲੈ ਲੈਣ ਜਦੋਂ ਤੱਕ ਕਾਰੋਬਾਰ ਦੁਬਾਰਾ ਸ਼ੁਰੂ ਨਹੀਂ ਕੀਤੇ ਜਾ ਸਕਦੇ। ਬਿਨਾਂ ਸ਼ੱਕ ਕਰੋਨਾਵਾਇਰਸ ਦੇ ਮਾਮਲੇ ਵਿਚ ਹਾਲਤ ਚਿੰਤਾਜਨਕ ਹੈ ਪਰ ਅਜਿਹੀ ਹਾਲਤ ਵਿਚ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਬੇਭਰੋਸਗੀ ਅਫ਼ਰਾ-ਤਫਰੀ ਨੂੰ ਜਨਮ ਦਿੰਦੀ ਹੈ। ਮੌਜੂਦਾ ਸਮੇਂ ਸਰਕਾਰਾਂ ਅਤੇ ਲੋਕਾਂ ਦਰਮਿਆਨ ਸੰਪਰਕ ਦੀ ਕਮੀ ਸਾਫ਼ ਝਲਕਦੀ ਹੈ। ਵਪਾਰੀਆਂ ਅਤੇ ਮਜ਼ਦੂਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸਰਕਾਰਾਂ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ। ਸਨਅਤਕਾਰਾਂ, ਵਪਾਰੀਆਂ, ਸਨਅਤੀ ਮਜ਼ਦੂਰਾਂ, ਕਿਸਾਨਾਂ, ਕਿਰਤੀਆਂ ਅਤੇ ਹੋਰ ਵਰਗਾਂ ਦੇ ਆਗੂਆਂ ਨਾਲ ਬੈਠ ਕੇ ਕਰੋਨਾ ਵਿਰੁੱਧ ਲੜਾਈ ਦੀ ਕੋਈ ਰੂਪ-ਰੇਖਾ ਤਿਆਰ ਕੀਤੇ ਜਾਣ ਨਾਲ ਹੀ ਲੋਕਾਂ ਦਾ ਸਹਿਯੋਗ ਮਿਲਣਾ ਸੰਭਵ ਹੈ।