ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਇਕ ਹੋਰ ਸਿਆਹਫ਼ਾਮ ਨੌਜਵਾਨ ਰੇਅਸ਼ਾਰਡ ਬਰੁੱਕਸ ਨੂੰ ਅਟਲਾਂਟਾ ਪੁਲੀਸ ਵੱਲੋਂ ਗੋਲੀ ਮਾਰ ਕੇ ਮਾਰ ਦਿੱਤੇ ਜਾਣ ਕਾਰਨ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਹੋ ਰਹੇ ਅੰਦੋਲਨ ਹੋਰ ਤੇਜ਼ ਹੋਏ ਹਨ। ਸ਼ਨਿਚਰਵਾਰ ਅਟਲਾਂਟਾ ਵਿਚ ਪ੍ਰਦਸ਼ਨਕਾਰੀਆਂ ਨੇ ਵੈਂਡੀਜ਼ ਰੈਸਟਰਾਂ ਨੂੰ ਅੱਗ ਲਾ ਦਿੱਤੀ ਅਤੇ ਟਰੈਫ਼ਿਕ ਜਾਮ ਕੀਤਾ। ਅਟਲਾਂਟਾ ਪੁਲੀਸ ਦੇ ਮੁਖੀ ਐਰਿਕਾ ਸ਼ੀਲਡਜ਼ ਨੇ ਅਸਤੀਫ਼ਾ ਦੇ ਦਿੱਤਾ ਅਤੇ ਬਰੁੱਕਸ ਨੂੰ ਗੋਲੀ ਮਾਰਨ ਵਾਲੇ ਪੁਲੀਸ ਕਰਮਚਾਰੀ ਗੈਰੇਟ ਰੋਲਫ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਅਟਲਾਂਟਾ ਪੁਲੀਸ ਅਨੁਸਾਰ ਬਰੁੱਕਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੁਲੀਸ ਕਰਮੀ ਦੀ ਬੰਦੂਕ ਲੈ ਕੇ ਭੱਜ ਗਿਆ।
ਯੂਰੋਪ, ਅਮਰੀਕਾ ਅਤੇ ਹੋਰ ਉਪ-ਮਹਾਂਦੀਪਾਂ ਵਿਚ ਹੋ ਰਹੇ ਮੁਜ਼ਾਹਰਿਆਂ ਵਿਚ ਸਿਆਹਫ਼ਾਮ ਰੋਸ ਦੇ ਕਈ ਪੱਖ ਉਜਾਗਰ ਹੋ ਰਹੇ ਹਨ। ਰੋਸ ਦਾ ਮੁੱਖ ਕਾਰਨ ਸਦੀਆਂ-ਬੱਧੀ ਵੱਡੀ ਪੱਧਰ ’ਤੇ ਹੋਇਆ ਅਨਿਆਂ ਤੇ ਵਿਤਕਰੇ ਹਨ। ਇਹ ਇਤਿਹਾਸਕ ਤੱਥ ਹੈ ਕਿ ਯੂਰੋਪ ਦੇ ਦੇਸ਼ਾਂ ਨੇ ਬਸਤੀਵਾਦ ਦੇ ਸਮਿਆਂ ਵਿਚ ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਅਤੇ ਇਸ ਲੁੱਟ ਸਦਕਾ ਯੂਰੋਪ ਵਿਚ ਆਰਥਿਕ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ। ਅਮਰੀਕਾ ਵਿਚ ਕਪਾਹ ਦੀ ਖੇਤੀ ਅਤੇ ਆਧੁਨਿਕ ਸਨਅਤ ਦੇ ਫੈਲਾਉ ਵਿਚ ਅਫ਼ਰੀਕਾ ਦੇ ਦੇਸ਼ਾਂ ਤੋਂ ਲਿਆਂਦੇ ਗਏ ਗ਼ੁਲਾਮਾਂ ਦੀ ਭੂਮਿਕਾ ਬਹੁਤ ਵੱਡੀ ਹੈ। ਇਸ ਤਰ੍ਹਾਂ ਯੂਰੋਪ ਤੇ ਅਮਰੀਕਾ ਦੀ ਖੁਸ਼ਹਾਲੀ ਦੀ ਬੁਨਿਆਦ ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਤੋਂ ਕੀਤੀ ਗਈ ਲੁੱਟ ਅਤੇ ਅਫ਼ਰੀਕਨ ਲੋਕਾਂ ਨੂੰ ਗ਼ੁਲਾਮ ਰੱਖ ਕੇ ਕਰਾਈ ਗਈ ਕਿਰਤ ’ਤੇ ਰੱਖੀ ਗਈ। 20ਵੀਂ ਸਦੀ ਦੇ ਸ਼ੁਰੂ ਵਿਚ ਦਾਦਾ ਭਾਈ ਨਾਰੋਜੀ ਨੇ ਆਪਣੀ ਮਸ਼ਹੂਰ ਕਿਤਾਬ ‘ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ (Poverty and Unbritish Rule in India)’ ਵਿਚ ਸਿੱਧ ਕੀਤਾ ਸੀ ਕਿ ਕਿਵੇਂ ਭਾਰਤ ਦੀ ਵੱਡੇ ਪੱਧਰ ’ਤੇ ਲੁੱਟ ਕਰਕੇ ਇੱਥੋਂ ਦੀ ਦੌਲਤ ਇੰਗਲੈਂਡ ਵਿਚ ਪਹੁੰਚਾਈ ਜਾ ਰਹੀ ਹੈ। ਨਾਰੋਜੀ ਨੇ ਦੱਸਿਆ ਕਿ ਜਿੰਨਾ ਇੰਗਲੈਂਡ ਦੀਆਂ ਸਨਅਤਾਂ ਵਿਕਾਸ ਕਰਦੀਆਂ ਹਨ, ਉਸੇ ਪੱਧਰ ’ਤੇ ਹਿੰਦੋਸਤਾਨ ਵਿਚ ਬਦਹਾਲੀ ਫੈਲਦੀ ਹੈ। ਉਨ੍ਹਾਂ ਸਮਿਆਂ ਵਿਚ ਗ਼ੁਲਾਮ ਦੇਸ਼ਾਂ ਦੀ ਲੁੱਟ ਕਰਨ ਵਾਲੇ ਸਨਅਤਕਾਰਾਂ ਤੇ ਕਾਰੋਬਾਰੀਆਂ ਅਤੇ ਗ਼ੁਲਾਮਾਂ ਦਾ ਵਪਾਰ ਕਰਨ ਵਾਲੇ ਕਈ ਵਪਾਰੀਆਂ ਤੇ ਸਨਅਤਕਾਰਾਂ ਨੇ ਆਪਣੇ ਦੇਸ਼ਾਂ ਵਿਚ ਵਿੱਦਿਅਕ ਅਤੇ ਸੱਭਿਆਚਾਰਕ ਅਦਾਰਿਆਂ ਨੂੰ ਵੱਡੇ ਪੱਧਰ ’ਤੇ ਸਰਮਾਇਆ ਮੁਹੱਈਆ ਕੀਤਾ ਅਤੇ ਉੱਥੇ ਉਨ੍ਹਾਂ ਦੇ ਬੁੱਤ ਲਾਏ ਗਏ। ਹੁਣ ਸਿਆਹਫ਼ਾਮ ਲੋਕ ਅਤੇ ਸਮਾਜਿਕ ਤੇ ਜਮਹੂਰੀ ਕਾਰਕੁਨ ਮੰਗ ਕਰ ਰਹੇ ਹਨ ਕਿ ਅਜਿਹੇ ਲੋਕਾਂ ਦੇ ਬੁੱਤ ਜਨਤਕ ਥਾਵਾਂ ਤੋਂ ਹਟਾਏ ਜਾਣ। ਕਈ ਥਾਵਾਂ ’ਤੇ ਬੁੱਤ ਤੋੜੇ ਗਏ ਹਨ ਅਤੇ ਉਨ੍ਹਾਂ ਨੂੰ ਦਰਿਆਵਾਂ ਜਾਂ ਸਮੁੰਦਰ ਵਿਚ ਸੁੱਟ ਦਿੱਤਾ ਗਿਆ ਹੈ।
ਬਸਤੀਵਾਦ, ਕਿਰਤੀਆਂ ਦੀ ਗ਼ੁਲਾਮੀ ਅਤੇ ਨਸਲਵਾਦ ਮਨੁੱਖੀ ਇਤਿਹਾਸ ਦੇ ਹਨੇਰੇ ਪੰਨੇ ਹਨ। ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਨੂੰ ਆਪਣੇ ਅਤੀਤ ਦੇ ਰੂਬਰੂ ਹੋਣਾ ਪੈਣਾ ਹੈ। ਕਈ ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਬਸਤੀਵਾਦ ਅਤੇ ਲੋਕਾਂ ਨੂੰ ਗ਼ੁਲਾਮ ਬਣਾਉਣ ਦੇ ਦੌਰ ਵਿਚ ਵਪਾਰੀਆਂ ਅਤੇ ਸਨਅਤਕਾਰਾਂ ਦਾ ਕੋਈ ਨਿੱਜੀ ਕਸੂਰ ਨਹੀਂ ਸੀ; ਉਹ ਇਕ ਸਿਸਟਮ ਦੇ ਅਧੀਨ ਅਜਿਹਾ ਕਰ ਰਹੇ ਸਨ। ਅਜਿਹੀਆਂ ਦਲੀਲਾਂ ਮਨੁੱਖਤਾ ਅਤੇ ਸਾਂਝੀਵਾਲਤਾ ਦੇ ਮਾਪਦੰਡਾਂ ’ਤੇ ਖ਼ਰੀਆਂ ਨਹੀਂ ਉਤਰਦੀਆਂ। ਹੋ ਸਕਦਾ ਹੈ ਕਿ ਗ਼ੁਲਾਮਾਂ ਦੇ ਕਿਸੇ ਵਪਾਰੀ ਨੇ ਆਪਣੇ ਦੇਸ਼ ਵਿਚ ਕੁਝ ਚੰਗੇ ਕੰਮ ਵੀ ਕੀਤੇ ਹੋਣ ਜਿਸ ਕਾਰਨ ਉਸ ਦਾ ਬੁੱਤ ਲੱਗਿਆ ਹੋਵੇ ਪਰ ਉਸ ਦੀ ਜ਼ਿੰਦਗੀ ਵਿਚਲੇ ਗ਼ੁਲਾਮਾਂ ਦੇ ਵਪਾਰ ਵਾਲੇ ਵਰਤਾਰੇ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਲੋਕ ਆਪਣੇ ਨਾਇਕਾਂ ਦੇ ਬੁੱਤ ਲਗਾਉਂਦੇ ਹਨ; ਕਈ ਵਾਰ ਖਲਨਾਇਕਾਂ ਦੇ ਬੁੱਤ ਵੀ ਲੱਗ ਜਾਂਦੇ ਹਨ; ਲੋਕ-ਇਤਿਹਾਸ ਪੁਰਾਣੇ ਬੁੱਤਾਂ ਨੂੰ ਤੋੜਦਿਆਂ ਅਤੇ ਨਵੇਂ ਬੁੱਤ ਬਣਾਉਂਦਿਆਂ ਅੱਗੇ ਵਧਦਾ ਹੈ। ਜੌਰਜ ਫਲਾਇਡ ਦੀ ਮੌਤ ਕਾਰਨ ਪੈਦਾ ਹੋਏ ਅੰਦੋਲਨ ਦੀ ਜ਼ਮੀਨ ਅਮਰੀਕਾ ਤੇ ਯੂਰੋਪੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੂੰ ਬਸਤੀਵਾਦੀ ਅਤੇ ਮਨੁੱਖੀ ਗ਼ੁਲਾਮੀ ਦੇ ਇਤਿਹਾਸ ਨੂੰ ਮੁੜ ਵਿਚਾਰਨ ਦਾ ਮੌਕਾ ਦੇ ਰਹੀ ਹੈ।