ਜਮਹੂਰੀ ਰਵਾਇਤ

ਜਮਹੂਰੀ ਰਵਾਇਤ

ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਸ਼ਹਿਰ ਮਿਨਿਆਪੋਲਿਸ ਵਿਚ 25 ਮਈ ਨੂੰ ਸਿਆਹਫ਼ਾਮ ਜੌਰਜ ਫਲਾਇਡ ਦੀ ਪੁਲੀਸ ਹੱਥੋਂ ਮੌਤ ਬਾਅਦ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਭੂਮਿਕਾ ਬਾਰੇ ਵੱਡੇ ਸਵਾਲ ਉੱਠੇ ਹਨ। ਟਰੰਪ ਨੇ 1 ਜੂਨ ਨੂੰ ਗਵਰਨਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਲਾਤ ’ਤੇ ਹਾਵੀ ਹੋ ਜਾਣਾ ਚਾਹੀਦਾ ਹੈ ਅਤੇ ਜੇ ਉਹ ਏਦਾਂ ਨਹੀਂ ਕਰ ਸਕਦੇ ਤਾਂ ਉਹ ਆਪਣਾ ਸਮਾਂ ਅਜਾਈਂ ਗਵਾ ਰਹੇ ਹਨ। ਇਸ ਬਿਆਨ ਬਾਰੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਟੈਕਸਸ ਸੂਬੇ ਦੇ ਸ਼ਹਿਰ ਹਿਊਸਟਨ ਦੇ ਪੁਲੀਸ ਮੁਖੀ ਆਰਟ ਅਕਵੇਡੋ (Art Acevedo) ਨੇ ਕਿਹਾ, ‘‘ਮੈਂ ਦੇਸ਼ ਦੇ ਪੁਲੀਸ ਮੁਖੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਉਨ੍ਹਾਂ ਕੋਲ ਕਹਿਣ ਲਈ ਕੋਈ ਰਚਨਾਤਮਕ ਗੱਲ ਨਹੀਂ ਤਾਂ ਉਨ੍ਹਾਂ ਨੂੰ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ।’’ ਅਕਵੇਡੋ ਨੇ ਇਹ ਵੀ ਕਿਹਾ, ‘‘ਮਾਮਲਾ ਹਾਵੀ ਹੋਣ ਦਾ ਨਹੀਂ ਸਗੋਂ ਲੋਕਾਂ ਦੇ ਦਿਲਾਂ ਤੇ ਮਨਾਂ ਨੂੰ ਜਿੱਤਣ ਦਾ ਹੈ।’’

ਅਮਰੀਕਾ ਦੇ ਸਰਕਾਰੀ ਨਿਜ਼ਾਮ ਵਿਚ ਜਿੱਥੇ ਕਾਰਪੋਰੇਟ ਸੰਸਾਰ ਦਾ ਗ਼ਲਬਾ ਹੈ ਉੱਥੇ ਲੋਕਾਂ ਵਿਚ ਆਪਣੀ ਆਜ਼ਾਦੀ ਅਤੇ ਜਮਹੂਰੀ ਹੱਕਾਂ ਨੂੰ ਕਾਇਮ ਰੱਖਣ ਦਾ ਜਜ਼ਬਾ ਵੀ ਉਥੋਂ ਦੀ ਸਿਆਸਤ ਦਾ ਮਹੱਤਵਪੂਰਨ ਹਿੱਸਾ ਹੈ। ਅਮਰੀਕਾ ਦੇ ਇਤਿਹਾਸ ਵਿਚ ਉਥੋਂ ਦੇ ਮੂਲ ਵਾਸੀਆਂ ਜਿਨ੍ਹਾਂ ਨੂੰ ਰੈੱਡ ਇੰਡੀਅਨਜ਼ ਕਿਹਾ ਜਾਂਦਾ ਸੀ, ਦੀ ਨਸਲਕੁਸ਼ੀ ਅਤੇ ਵੱਡੀ ਪੱਧਰ ’ਤੇ ਅਫ਼ਰੀਕਾ ਤੋਂ ਸਿਆਹਫ਼ਾਮ ਲੋਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਤੋਂ ਪੁੱਟ ਕੇ ਲਿਆਉਣ ਅਤੇ ਅਮਰੀਕਾ ਵਿਚ ਗ਼ੁਲਾਮੀ ਕਰਾਉਣ ਦੇ ਹਨੇਰੇ ਕਾਂਡ ਹਨ। ਇਸ ਦੇ ਬਾਵਜੂਦ ਅਮਰੀਕਨਾਂ ਦੁਆਰਾ ਇੰਗਲੈਂਡ ਵਿਰੁੱਧ ਕੀਤਾ ਗਿਆ ਆਜ਼ਾਦੀ ਦੇ ਸੰਘਰਸ਼ ਅਤੇ ਸਿਆਹਫ਼ਾਮ ਲੋਕਾਂ ਦੀ ਗੁਲਾਮੀ ਖ਼ਤਮ ਕਰਨ ਲਈ ਕੀਤੀ ਗਈ ਲੜਾਈ ਨੇ ਅਮਰੀਕਾ ਵਿਚ ਜਮਹੂਰੀ ਨਿਜ਼ਾਮ ਕਾਇਮ ਕਰਨ ਅਤੇ ਜਮਹੂਰੀ ਲਹਿਰ ਨੂੰ ਮਜ਼ਬੂਤ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ। ਸ਼ਖ਼ਸੀ ਆਜ਼ਾਦੀ ਅਮਰੀਕੀ ਜਮਹੂਰੀਅਤ ਦਾ ਬੁਨਿਆਦੀ ਪਹਿਲੂ ਹੈ ਅਤੇ ਹਰ ਨਾਗਰਿਕ ਨੂੰ ਅਧਿਕਾਰ ਹੈ ਕਿ ਉਹ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ। ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚ ਅਜਿਹੀ ਆਜ਼ਾਦੀ ਬਾਰੇ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਾਡੇ ਦੇਸ਼ ਵਿਚ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ, ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀ, ਸਰਬਨਾਸ਼ ਦੇ ਪੈਗੰਬਰ (Prophets of doom) ਆਦਿ ਕਿਹਾ ਜਾ ਰਿਹਾ ਹੈ। ਮੌਜੂਦਾ ਸੰਕਟ ਦੌਰਾਨ ਟਰੰਪ ਦੇ ਬਿਆਨਾਂ ਨੇ ਹਾਲਾਤ ਨੂੰ ਕਾਬੂ ਹੇਠ ਲਿਆਉਣ ਦੀ ਥਾਂ ਹਿੰਸਾ ਅਤੇ ਨਫ਼ਰਤ ਨੂੰ ਹੋਰ ਭੜਕਾਉਣ ਵਿਚ ਹਿੱਸਾ ਪਾਇਆ ਹੈ। ਉਸ ਦੀ ਫ਼ੌਜ ਅਤੇ ਹੋਰ ਤਾਕਤ ਵਰਤਣ ਦੀਆਂ ਧਮਕੀਆਂ ਮੰਦਭਾਗੀਆਂ ਹਨ। ਅਮਰੀਕਾ ਵਿਚ ਸਿਆਹਫ਼ਾਮ ਲੋਕਾਂ ਨੇ ਆਪਣੇ ਵਿਰੁੱਧ ਹੁੰਦੇ ਵਿਤਕਰਿਆਂ ਨੂੰ ਖ਼ਤਮ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੂਸਰੇ ਭਾਈਚਾਰਿਆਂ ਦੇ ਲੋਕਾਂ ਨੇ ਵੀ ਇਸ ਵਿਚ ਹਿੱਸਾ ਪਾਇਆ ਹੈ। ਜਮਹੂਰੀਅਤ ਦਾ ਜਜ਼ਬਾ ਜਿਸ ਦਾ ਮਹਾਂਗੀਤ ਵਾਲਟ ਵਿਟਮੈਨ ਦੀ ਕਿਤਾਬ ‘ਘਾਹ ਦੀਆਂ ਪੱਤੀਆਂ’ ਵਿਚ ਸੁਣਾਈ ਦਿੰਦਾ ਹੈ, ਅਮਰੀਕੀ ਜੀਵਨ ਜਾਚ ਵਿਚ ਰਚਿਆ ਮਿਚਿਆ ਹੈ। ਹਿਊਸਟਨ ਦੇ ਪੁਲੀਸ ਮੁਖੀ ਅਕਵੇਡੋ ਦਾ ਬਿਆਨ ਵੀ ਇਸੇ ਰਵਾਇਤ ਦਾ ਹਿੱਸਾ ਹੈ। ਟਰੰਪ ਦੀ ਆਪਾ-ਮਾਰੂ ਅਗਵਾਈ ਦੇ ਬਾਵਜੂਦ ਅਮਰੀਕਨ ਲੋਕ ਆਪਣੀਆਂ ਜਮਹੂਰੀ ਰਵਾਇਤਾਂ ਸਦਕਾ ਹੀ ਮੌਜੂਦਾ ਸੰਕਟ ਵਿਚੋਂ ਨਿਕਲ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All