ਭਾਰਤੀ ਜਨਤਾ ਪਾਰਟੀ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਸਿਰਫ਼ ਸਿਖ਼ਰਲੇ ਦਰਜੇ ਦਾ ਸਟਾਰ ਪ੍ਰਚਾਰਕ ਹੀ ਨਹੀਂ ਮੰਨਦੀ ਹੈ ਸਗੋਂ ਭਾਜਪਾ ਦੀ ਜਥੇਬੰਦਕ ਬਣਤਰ ਵਿਚ ਵੀ ਉਸ ਦਾ ਅਸਰ ਡੂੰਘਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੇ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਵੱਡੀ ਗਿਣਤੀ ਵਿਚ ਸੀਟਾਂ ਜਿਤਾ ਕੇ ਚੋਣਾਂ ਲਈ ਸਹੀ ਉਮੀਦਵਾਰ ਚੁਣਨ ਦੀ ਆਪਣੀ ਸਮਰੱਥਾ ਅਤੇ ਜਥੇਬੰਦਕ ਯੋਗਤਾ ਦਾ ਲੋਹਾ ਮਨਵਾਇਆ। ਉਨ੍ਹਾਂ ਚੋਣਾਂ ਤੋਂ ਬਾਅਦ ਹੀ ਉਸ ਦਾ ਪਾਰਟੀ ਪ੍ਰਧਾਨ ਬਣਨਾ ਅਤੇ ਭਾਜਪਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਸ਼ਖ਼ਸ ਬਣਨਾ ਨਿਸ਼ਚਿਤ ਹੋਇਆ। ਮੋਦੀ ਅਤੇ ਸ਼ਾਹ ਦੀ ਜੋੜੀ ਨੇ ਭਾਜਪਾ ਨੂੰ ਕਈ ਸੂਬਿਆਂ ਵਿਚ ਜਿੱਤ ਦਿਵਾਈ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 303 ਸੀਟਾਂ ਜਿੱਤ ਕੇ ਲੋਕ ਸਭਾ ਵਿਚ ਆਪਣਾ ਦਬਦਬਾ ਕਾਇਮ ਕੀਤਾ। ਇਨ੍ਹਾਂ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੇ 282 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ।
ਹੁਣ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੌਰਾਂ ਵਿਚ ਵੱਡੀ ਗਿਣਤੀ ਵਿਚ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਹਨ। ਉਹਦੇ ਦਾਅਵਿਆਂ ਅਨੁਸਾਰ ਭਾਜਪਾ ਇਨ੍ਹਾਂ ਦੌਰਾਂ ਵਿਚ 80 ਫ਼ੀਸਦੀ ਤੋਂ ਜ਼ਿਆਦਾ ਸੀਟਾਂ ਜਿੱਤੇਗੀ। ਲੋਕਾਂ ਦਾ ਅਨੁਮਾਨ ਹੈ ਕਿ ਜੇਕਰ ਭਾਜਪਾ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਦੀ ਹੈ ਤਾਂ ਉਹ ਲੋਕਾਂ ਸਾਹਮਣੇ ਇਹ ਤਰਕ ਪੇਸ਼ ਕਰੇਗੀ ਕਿ ਉਸ ਦੀਆਂ ਅਪਣਾਈਆਂ ਨੀਤੀਆਂ ਜਿਨ੍ਹਾਂ ਵਿਚ ਖੇਤੀ ਕਾਨੂੰਨ ਅਤੇ ਚਾਰ ਕਿਰਤ ਕੋਡ ਬਣਾਉਣਾ ਸ਼ਾਮਲ ਹਨ, ਸਹੀ ਹਨ ਅਤੇ ਲੋਕ ਉਨ੍ਹਾਂ ਨੂੰ ਸਵੀਕਾਰ ਕਰਦੇ ਹਨ। ਵਿਰੋਧੀ ਪਾਰਟੀਆਂ ਅਤੇ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦੇ ਦਾਅਵੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸੋਚੀ ਸਮਝੀ ਨੀਤੀ ਹੈ ਜਿਸ ਰਾਹੀਂ ਵੋਟਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੌਰਾਂ ਵਿਚ ਭਾਜਪਾ ਨੂੰ ਵੋਟਾਂ ਪਾਉਣ ਵਿਚ ਹੀ ਉਨ੍ਹਾਂ ਦਾ ਭਲਾ ਹੈ।
ਕੁਝ ਹੋਰ ਮਾਹਿਰਾਂ ਅਨੁਸਾਰ ਅਮਿਤ ਸ਼ਾਹ ਦੇ ਦਾਅਵੇ ਹਮੇਸ਼ਾਂ ਸਹੀ ਸਾਬਤ ਨਹੀਂ ਹੋਏ। ਇਨ੍ਹਾਂ ਵਿਚ ਸਭ ਤੋਂ ਵੱਡੀ ਮਿਸਾਲ 2019 ਵਿਚ ਹੋਈ ਝਾਰਖੰਡ ਵਿਧਾਨ ਸਭਾ ਚੋਣਾਂ ਦੀ ਹੈ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਭਾਜਪਾ 81 ਸੀਟਾਂ ਵਿਚੋਂ 65 ’ਤੇ ਜਿੱਤ ਪ੍ਰਾਪਤ ਕਰੇਗੀ ਪਰ ਚੋਣਾਂ ਵਿਚ ਭਾਜਪਾ ਨੂੰ ਸਿਰਫ਼ 15 ਸੀਟਾਂ ਮਿਲੀਆਂ। ਇਸ ਤਰ੍ਹਾਂ 2019 ਵਿਚ ਹੋਈਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ ਪਰ ਭਾਜਪਾ ਨੂੰ ਪੂਰਨ ਬਹੁਮਤ ਵੀ ਪ੍ਰਾਪਤ ਨਾ ਹੋਇਆ। 2020 ਦੇ ਸ਼ੁਰੂ ਵਿਚ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਦਿੱਲੀ ਦੀਆਂ 70 ਸੀਟਾਂ ਵਿਚੋਂ 45 ’ਤੇ ਜਿੱਤ ਪ੍ਰਾਪਤ ਕਰੇਗੀ ਪਰ ਨਤੀਜੇ ਇਸ ਦੇ ਉਲਟ ਆਏ ਅਤੇ ਭਾਜਪਾ ਨੂੰ ਸਿਰਫ਼ 8 ਸੀਟਾਂ ਮਿਲੀਆਂ। ਇਸੇ ਤਰ੍ਹਾਂ ਅਮਿਤ ਸ਼ਾਹ ਦਾ 2018 ਵਿਚ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਦਾਅਵਾ ਵੀ ਗ਼ਲਤ ਸਾਬਿਤ ਹੋਇਆ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਬਹੁਤ ਸ਼ਾਤਿਰ ਸਿਆਸਤਦਾਨ ਹੈ ਅਤੇ ਉਸ ਦੀਆਂ ਸਿਆਸੀ ਚਾਲਾਂ ਬਹੁਤ ਗਹਿਰੀਆਂ ਹੁੰਦੀਆਂ ਹਨ। ਕਈ ਥਾਵਾਂ ’ਤੇ ਉਸ ਨੂੰ ਹਾਰ ਪ੍ਰਤੱਖ ਦਿਖਾਈ ਦੇ ਰਹੀ ਹੁੰਦੀ ਹੈ ਪਰ ਉਹ ਪਾਰਟੀ ਦੇ ਕਾਰਕੁਨਾਂ ਦਾ ਹੌਸਲਾ ਵਧਾਉਣ ਲਈ ਵਧ ਚੜ੍ਹ ਕੇ ਦਾਅਵੇ ਕਰਦਾ ਹੈ। ਪਾਰਟੀ ਦੇ ਕਾਰਕੁਨ ਅਤੇ ਆਮ ਲੋਕ ਉਸ ਦੇ ਦਾਅਵਿਆਂ ’ਤੇ ਯਕੀਨ ਕਰਦੇ ਹਨ ਕਿਉਂਕਿ ਮੋਦੀ-ਸ਼ਾਹ ਜੋੜੀ ਦੀ ਅਗਵਾਈ ਵਿਚ ਭਾਜਪਾ ਨੇ ਵੱਡੀਆਂ ਜਿੱਤਾਂ ਜਿੱਤੀਆਂ ਹਨ। ਪੱਛਮੀ ਬੰਗਾਲ ਦੇ ਹਾਲਾਤ ਬਹੁਤ ਜਟਿਲ ਹਨ ਅਤੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਕਾਂਟੇ ਦੀ ਟੱਕਰ ਹੈ। ਚੋਣ ਪ੍ਰਚਾਰ ਦੇ ਸ਼ੁਰੂ ਹੋਣ ਸਮੇਂ ਭਾਵੇਂ ਇਹ ਕਿਹਾ ਜਾ ਰਿਹਾ ਸੀ ਕਿ ਤ੍ਰਿਣਮੂਲ ਕਾਂਗਰਸ ਜਿੱਤ ਪ੍ਰਾਪਤ ਕਰੇਗੀ ਪਰ ਭਾਜਪਾ ਨੇ ਇਨ੍ਹਾਂ ਚੋਣਾਂ ਵਿਚ ਪੂਰੀ ਤਾਕਤ ਲਗਾ ਦਿੱਤੀ ਹੈ। ਉਸ ਨੂੰ ਯਕੀਨ ਹੈ ਕਿ ਉਹ ਤ੍ਰਿਪੁਰਾ ਵਾਂਗ ਪੱਛਮੀ ਬੰਗਾਲ ਵਿਚ ਵੀ ਜਿੱਤ ਦਰਜ ਕਰੇਗੀ। ਅਮਿਤ ਸ਼ਾਹ ਦੇ ਦਾਅਵੇ ਭਾਜਪਾ ਦੇ ਚੋਣ ਪ੍ਰਚਾਰ ਦੁਆਰਾ ਆਪਣੇ ਵਿਰੋਧੀਆਂ ਨੂੰ ਨਿਰ-ਉਤਸ਼ਾਹਿਤ ਕਰਨ ਦੀਆਂ ਕਾਰਵਾਈਆਂ ਹਨ। ਅਜਿਹੇ ਢੰਗ-ਤਰੀਕਿਆਂ ਕਾਰਨ ਹੀ ਤ੍ਰਿਣਮੂਲ ਦੇ ਆਗੂ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਸਭ ਕੁਝ ਦੇ ਬਾਵਜੂਦ 2 ਮਈ ਦਾ ਦਿਨ ਹੀ ਦੱਸੇਗਾ ਕਿ ਅਮਿਤ ਸ਼ਾਹ ਦੇ ਦਾਅਵਿਆਂ ਵਿਚ ਕਿੰਨਾ ਕੁ ਦਮ ਹੈ।