ਜਸਬੀਰ ਸਿੰਘ ਚਾਨਾ
ਫਗਵਾੜਾ, 1 ਸਤੰਬਰ
ਬੀਤੀ ਅੱਧੀ ਰਾਤ ਨੂੰ ਚੱਲੀ ਤੇਜ਼ ਰਫ਼ਤਾਰ ਹਨ੍ਹੇਰੀ ਤੇ ਝੱਖੜ ਕਾਰਨ ਬਾਜ਼ਾਰਾਂ, ਮੁਹੱਲਿਆਂ ਅਤੇ ਲੋਕਾਂ ਦੇ ਘਰਾ ’ਚ ਪਾਣੀ ਭਰ ਗਿਆ ਉਥੇ ਹੀ ਕਈ ਸਰਕਾਰੀ ਇਮਾਰਤਾਂ ਅਤੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਹਨ੍ਹੇਰੀ ਤੇ ਝੱਖੜ ਇੰਨਾ ਤੇਜ਼ ਸੀ ਕਿ ਕਈ ਲੋਕ ਤਾਂ ਆਪਣੇ ਮਕਾਨਾਂ ’ਚੋਂ ਡਰਦੇ ਬਾਹਰ ਹੀ ਸੁਰੱਖਿਅਤ ਥਾਵਾਂ ’ਤੇ ਬੈਠ ਗਏ ਅਤੇ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਝੱਖੜ ਨਾਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕਿਆਂ) ਵਿੱਚ ਇੱਕ ਕਾਫ਼ੀ ਪੁਰਾਣਾ ਭਾਰਾ ਦਰੱਖਤ (ਬੋਹੜ) ਡਿੱਗਣ ਕਾਰਨ ਸਕੂਲ ਦੀ ਬਿਲਡਿੰਗ ਨੂੰ ਨੁਕਸਾਨ ਪੁੱਜਿਆ ਹੈ ਜਿਸ ਨਾਲ ਸਟਾਫ਼ ਬਾਥਰੂਮ, ਮਿਡ-ਡੇਅ ਮੀਲ ਦੀ ਰਸੋਈ ਅਤੇ ਇੱਕ ਲੈਬ ਵੀ ਨੁਕਸਾਨੀ ਗਈ। ਪ੍ਰਿੰਸੀਪਲ ਰਣਜੀਤ ਗੋਗਨਾ ਨੇ ਦੱਸਿਆ ਕਿ ਇਸ ਨਾਲ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸੇ ਤਰ੍ਹਾਂ ਹੁਸ਼ਿਆਰਪੁਰ ਰੋਡ ’ਤੇ ਸਥਿਤ ਪਸ਼ੂ ਹਸਪਤਾਲ ਦੀ ਇੱਕ ਸੜਕ ਦੇ ਨਾਲ ਲੱਗਦੀ ਕੰਧ ਦਾ ਕਰੀਬ 200 ਫੁੱਟ ਲੰਬਾ ਟੋਟਾ ਡਿੱਗ ਪਿਆ। ਡਾਕਟਰ ਵਿਪਨ ਹੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਕਰੀਬ ਡੇਢ ਤੋਂ ਦੋ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬਾਬਾ ਬਾਲਕ ਨਾਥ ਮੁਹੱਲੇ ਵਿੱਚ ਸਥਿਤ ਇੱਕ ਘਰ ਦੀਆਂ ਇੱਟਾਂ ਡਿੱਗਣ ਕਾਰਨ ਗੁਆਂਢੀਆਂ ਦਾ ਏ.ਸੀ. ਨੁਕਸਾਨਿਆ ਗਿਆ ਜਿਸ ਨਾਲ ਉਨ੍ਹਾਂ ਦੀ ਛੱਤ ਦਾ ਵੀ ਕਾਫ਼ੀ ਨੁਕਸਾਨ ਹੋਇਆ। ਇਸੇ ਤਰ੍ਹਾਂ ਪੁਰਾਣਾ ਡਾਕਖਾਨਾ ਰੋਡ ’ਤੇ ਪੈਂਦੀ ਇੱਕ ਨਾਨ੍ਹਾਂ ਦੀ ਰੇਹੜੀ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਥਾਣਾ ਸਿਟੀ ’ਚ ਲੋਕਾਂ ਦੇ ਬੈਠਣ ਲਈ ਬਣਾਈ ਸ਼ੈੱਡ ਦੀਆਂ ਟੀਨਾਂ ਵੀ ਮੁੜ ਗਈਆਂ। ਇਸੇ ਦੌਰਾਨ ਟਾਊਨ ਹਾਲ ਵਿੱਚ ਐਸ.ਪੀ. ਦਫ਼ਤਰ ਨਜ਼ਦੀਕ ਇੱਕ ਦਰੱਖਤ ਵੀ ਨੁਕਸਾਨਿਆ ਗਿਆ। ਮੀਂਹ ਕਾਰਨ ਇੱਥੋਂ ਦੇ ਗਊਸ਼ਾਲਾ ਬਾਜ਼ਾਰ, ਮੁਹੱਲਾ ਵਾਲੀਮੀਕੀ, ਮੰਡੀ ਰੋਡ, ਹਰਗੋਬਿੰਦ ਨਗਰ, ਸੁਭਾਸ਼ ਨਗਰ ਸਮੇਤ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਗਊਸ਼ਾਲਾ ਰੋਡ ’ਤੇ ਕੱਪੜੇ ਦੀਆਂ ਦੁਕਾਨਾ ’ਚ ਵੀ ਪਾਣੀ ਭਰ ਜਾਣ ਨਾਲ ਦੁਕਾਨਦਾਰਾ ਦਾ ਨੁਕਸਾਨ ਹੋਇਆ ਹੈ ਤੇ ਕਈ ਮੁਹੱਲਿਆਂ ’ਚ ਪਾਣੀ ਲੋਕਾਂ ਦੇ ਘਰਾ ’ਚ ਜਾ ਵੜਿਆ ਜਿਸ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਹੁਸ਼ਿਆਰਪੁਰ ਰੋਡ ਉੱਤੇ ਸਥਿਤ ਬਿਜਲੀ ਘਰ ਵਿੱਚ ਭਰਿਆ ਪਾਣੀ
ਤੇਜ਼ ਮੀਂਹ ਅਤੇ ਹਨ੍ਹੇਰੀ ਨਾਲ ਇੱਥੋਂ ਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਬਿਜਲੀ ਘਰ ਅੰਦਰ ਕਾਫ਼ੀ ਪਾਣੀ ਜਮ੍ਹਾ ਹੋ ਗਿਆ ਜਿਸ ਤੋਂ ਬਾਅਦ ਮੌਕੇ ’ਤੇ ਫ਼ਾਇਰ ਬ੍ਰਿਗੇਡ ਤੇ ਹੋਰ ਟੀਮਾਂ ਨੇ ਪੁੱਜ ਕੇ ਪੰਪਾਂ ਰਾਹੀਂ ਪਾਣੀ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ ਤੇ ਕਾਫ਼ੀ ਲੰਬੀ ਮਿਹਨਤ ਤੋਂ ਬਾਅਦ ਉਹ ਪਾਣੀ ਕੱਢਣ ’ਚ ਸਫ਼ਲ ਹੋਏ। ਪਾਣੀ ਦੇ ਚੱਲਦਿਆਂ ਬਿਜਲੀ ਘਰ ਆਉਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਤੇ ਬਿਜਲੀ ਵਿਭਾਗ ਸਾਰੀ ਰਾਤ ਰਿਪੇਅਰ ਦੇ ਕੰਮ ’ਚ ਜੁਟਿਆ ਰਿਹਾ ਪਰ ਕਰੀਬ 15 ਘੰਟੇ ਬਾਅਦ ਬਿਜਲੀ ਚਾਲੂ ਹੋਈ।