ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਮਈ
ਜਨਤਕ ਵੰਡ ਪ੍ਰਣਾਲੀ ਹੇਠ ਦੋ ਰੁਪਏ ਕਿਲੋ ਮਿਲਣ ਵਾਲੀ ਸਸਤੀ ਕਣਕ ਅੱਜ ਤਿੰਨ ਮਹੀਨਿਆਂ ਬਾਅਦ ਲੋੜਵੰਦ ਲੋਕਾਂ ਤੱਕ ਪਹੁੰਚੀ ਹੈ। ਪਿੰਡ ਉਧੋਵਾਲ, ਬੁਲੰਦਾ ਅਤੇ ਰਾਮੂਵਾਲ ਵਿੱਚ ਲੋੜਵੰਦਾਂ ਤੱਕ ਸਪਲਾਈ ਪਹੁੰਚਣ ’ਤੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਇਹ ਮਾਮਲਾ ਉਠਾਇਆ ਸੀ ਕਿ ਜਿਨ੍ਹਾਂ ਲੋਕਾਂ ਕੋੋਲੋਂ ਤਿੰਨ ਮਹੀਨੇ ਪਹਿਲਾਂ ਪੈਸੇ ਲਏ ਗਏ ਸਨ ਉਨ੍ਹਾਂ ਨੂੰ ਕਣਕ ਦਿੱਤੀ ਜਾਵੇ। ਜਿਸ ਨੂੰ ਲੈ ਕੇ ਸਿਵਲ ਸਪਲਾਈ ਦੇ ਪੁਤਲੇ ਵੀ ਫੂਕੇ ਗਏ ਸਨ।
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਕਣਕ ਦੀ ਵੰਡ ਵਿਚ ਬਹੁਤ ਸਾਰੀਆਂ ਊਣਤਾਈਆਂ ਸਾਹਮਣੇ ਆ ਰਹੀਆਂ ਹਨ। ਲੋਕਾਂ ਨੂੰ ਉਨ੍ਹਾਂ ਦੇ ਕੋਟੇ ਦੀ ਪੂਰੀ ਕਣਕ ਨਹੀਂ ਦਿੱਤੀ ਜਾ ਰਹੀ, ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਜਿੱਥੇ ਬਹੁਤ ਸਾਰੇ ਪਿੰਡਾਂ ਵਿਚ ਅਜੇ ਤੱਕ ਦੋ ਰੁਪਏ ਵਾਲੀ ਕਣਕ ਨਹੀਂ ਪਹੁੰਚੀ ਅਤੇ ਨਾ ਹੀ ਕੋਵਿਡ-19 ਤਹਿਤ ਮਿਲਣ ਵਾਲੀ ਮੁਫਤ ਵਾਲੀ ਕਣਕ ਅਜੇ ਤੱਕ ਵੀ ਨਹੀ ਪਹੁੰਚੀ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਕਣਕ ਪਹੁੰਚਾਈ ਜਾਵੇ।