ਪੱਤਰ ਪ੍ਰੇਰਕ
ਤਲਵਾੜਾ, 22 ਅਪਰੈਲ
ਇੱਥੇ ਤਲਵਾੜਾ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਭਟੋਲੀ ਵਿੱਚ ਖੁੱਲ੍ਹੇ ਪੋਲਟਰੀ ਫਾਰਮ ਦੀ ਦੁਰਗੰਧ ਅਤੇ ਗੰਦਗੀ ਕਾਰਨ ਲਾਗਲੇ ਪਿੰਡਾਂ ਵਿੱਚ ਮੱਖੀਆਂ ਦੀ ਬਹੁਤਾਂਤ ਤੋਂ ਲੋਕ ਦੁਖੀ ਹਨ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਐੱਸਡੀਐੱਮ ਕੰਵਲਜੀਤ ਸਿੰਘ ਨੇ ਅੱਜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਦੂਸ਼ਨ ਕੰਟਰੋਲ, ਸਿਹਤ, ਵੈਟਰਨਰੀ ਵਿਭਾਗ ਦੀਆਂ ਟੀਮਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਤੇ ਥਾਣਾ ਤਲਵਾੜਾ ਮੁਖੀ ਹਾਜ਼ਰ ਸਨ। ਐੱਸਡੀਐੱਮ ਕੰਵਲਜੀਤ ਸਿੰਘ ਨੇ ਪੋਲਟਰੀ ਮਾਲਕ ਰਜਤ ਰਸਵਾਨ ਵਾਸੀ ਪਠਾਨਕੋਟ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਮੌਕੇ ’ਤੇ ਮੌਜੂਦ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਨੂੰ ਪੋਲਟਰੀ ਫਾਰਮ ਦੀ ਜਾਂਚ, ਨਿਯਮਾਂ ਦੀ ਪਾਲਣਾ ਸਬੰਧੀ ਸੂਚੀ ਬਣਾਉਣ ਲਈ ਆਖਿਆ। ਪੋਲਟਰੀ ਮਾਲਕ ਨੂੰ ਭਲਕ ਤੋਂ ਆਪਣੇ ਖਰਚੇ ’ਤੇ ਪ੍ਰਭਾਵਿਤ ਪਿੰਡਾਂ ‘ਚ ਫੌਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ।