ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 10 ਦਸੰਬਰ
ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਨੇ 4.27 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਪੰਜ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਸੜਕਾਂ ਦਾ ਨਿਰਮਾਣ ਮਾਰਕੀਟ ਕਮੇਟੀ ਗੁਰਾਇਆ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਜੰਡਿਆਲਾ-ਰੁੜਕਾ ਕਲਾਂ ਸੜਕ ਤੋਂ ਰਾਜਗੁਮਾਲ ਤੱਕ, ਬੋਪਾਰਾਏ-ਜੰਡ ਸੜਕ ਤੋਂ ਢੰਡਾ ਤੱਕ, ਮੁਠੱਡਾ ਕਲਾਂ ਤੋਂ ਜੰਡ ਤੱਕ ਅਤੇ ਗੁਰਾਇਆ-ਜੰਡਿਆਲਾ (ਬੋਪਾਰਾਏ) ਤੋਂ ਗੁਰਦੁਆਰਾ ਬਾਬਾ ਮੱਟ ਸਾਹਿਬ ਮਾਰਗ ਤੱਕ ਲਿੰਕ ਸੜਕਾਂ ਦਾ ਨਿਰਮਾਣ ਸ਼ਾਮਲ ਹੈ। ਇਸ ਤੋਂ ਇਲਾਵਾ ਗੁਰਾਇਆ-ਫਗਵਾੜਾ ਜੀ.ਟੀ. ਰੋਡ ਤੋਂ ਗੁਰਾਇਆ- ਫਿਲੌਰ ਜੀ.ਟੀ ਰੋਡ ਤੋਂ ਗੁਰਾਇਆ ਰੇਲਵੇ ਸਟੇਸ਼ਨ ਡੱਲੇਵਾਲ (ਗੋਰਾਇਆ ਬਾਈਪਾਸ) ਨੂੰ ਜਾਂਦੀ ਲਿੰਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਕੈਬਨਿਟ ਰੈਂਕ ਪ੍ਰਾਪਤ ਮਹਿੰਦਰ ਸਿੰਘ ਕੇਪੀ ਨੇ ਅੱਜ ਪਿੰਡ ਧੁਦਿਆਲ ਤੋਂ ਭੇਲਾਂ ਤੱਕ ਦੀ 67 ਲੱਖ ਨਾਲ ਨਵੀਂ ਬਣਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਸਰਪੰਚ ਸਰਬਜੀਤ ਸਿੰਘ ਸਾਬੀ ਹੁੰਦਲ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸਾਬਕਾ ਵਿਧਾਇਕ ਕਮਲਜੀਤ ਸਿੰਘ ਲਾਲੀ ਨੇ ਵੀ ਸ਼ਮੂਲੀਅਤ ਕੀਤੀ।
ਪਿੰਡਾਂ ਵਿੱਚ ਸੜਕਾਂ ਦੀ ਹਾਲਤ ਸੁਧਾਈ: ਲਾ਼ਡੀ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਹਰਪੁਰਾ ਤੋਂ ਕੰਡੀਲਾ ਤੱਕ ਨਵੀਂ ਬਣਨ ਵਾਲੀ ਸੜਕ ਦਾ ਅੱਜ ਨੀਂਹ ਪੱਥਰ ਰੱਖਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਗਈ ਹੈ। ਉਨ੍ਹਾਂ ਦੱਸਿਆ ਕਿ 1.60 ਕਿਲੋਮੀਟਰ ਲੰਮੀ ਸੜਕ ’ਤੇ 43 ਲੱਖ ਰੁਪਏ ਖ਼ਰਚ ਆਉਣਗੇ।