ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 1 ਅਪਰੈਲ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਕੌਲਗੜ੍ਹ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਵਿਧਾਇਕ ਬਲਾਚੌਰ ਬੀਬੀ ਸੰਤੋਸ਼ ਕਟਾਰੀਆ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਕੋਰਸ ਪਾਸ ਕਰਕੇ ਰੁਜ਼ਗਾਰ ਉਡੀਕਦੇ 2500 ਦੇ ਕਰੀਬ ਬੇਰੁਜ਼ਗਾਰ ਵਰਕਰ ਹਨ, ਜਿਹੜੇ ਕਿ ਹਰੇਕ ਸਾਲ 31 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਓਵਰਏਜ਼ ਹੋ ਰਹੇ ਹਨ। ਜਥੇਬੰਦੀ ਦੀ ਮੰਗ ਹੈ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਪੁਰਸ਼ ਵਰਕਰਾਂ ਦੀਆਂ ਅਸਾਮੀਆਂ ਉੱਤੇ ਰੈਗੂਲਰ ਭਰਤੀ ਕੀਤੀ ਜਾਵੇ, ਭਰਤੀ ਲਈ ਆਮ ਜਨਰਲ ਵਰਗ ਦੀ ਉਮਰ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਾਂਗ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਪਰਖ ਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ ਇੱਕ ਸਾਲ ਕੀਤਾ ਜਾਵੇ, ਭਰਤੀ ਕੈਲੰਡਰ ਬਣਾ ਕੇ ਹਰੇਕ ਛਿਮਾਹੀ ਭਰਤੀ ਲਈ ਤਾਰੀਖਾਂ ਨਿਸ਼ਚਿਤ ਕੀਤੀਆਂ ਜਾਣ ਅਤੇ ਚਾਲੂ ਸਾਲ ਵਿੱਚ ਖਾਲੀ ਹੋਣ ਵਾਲੀ ਹਰੇਕ ਆਸਾਮੀ ਲਈ ਅਗੇਤੇ ਭਰਤੀ ਪ੍ਰਬੰਧ ਕੀਤੇ ਜਾਣ।