ਪੱਤਰ ਪ੍ਰੇਰਕ
ਫਗਵਾੜਾ, 19 ਜੂਨ
ਸਿਟੀ ਪੁਲੀਸ ਨੇ ਇੱਕ ਵਿਅਕਤੀ ਤੋਂ ਹੈਰੋਇਨ ਮਿਲਣ ’ਤੇ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਆੜ੍ਹਤੀਆਂ ਮੁਹੱਲਾ ਲਾਗਿਉਂ ਇੱਕ ਵਿਅਕਤੀ ਦੀ ਤਲਾਸ਼ੀ ਲਈ ਜਿਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਨਿਤਿਨ ਗੁਪਤਾ ਪੁੱਤਰ ਅਸ਼ੋਕ ਕੁਮਾਰ ਵਾਸੀ ਆੜ੍ਹਤੀਆ ਮੁਹੱਲਾ ਮੇਹਲੀ ਗੇਟ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਨਿਤਿਨ ਖਿਲਾਫ਼ ਪਹਿਲਾ ਵੀ ਤਿੰਨ ਕੇਸ ਦਰਜ ਹਨ ਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ।
ਚੇਤਨਪੁਰਾ (ਪੱਤਰ ਪ੍ਰੇਰਕ): ਥਾਣਾ ਸਦਰ ਅਧੀਨ ਪੈਂਦੀ ਚੌਕੀ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਪੁਲੀਸ ਨੇ ਇਕ ਨੌਜਵਾਨ ਕੋਲੋਂ 90 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਜੀਠੇ ਵਲੋਂ ਮੋਟਰਸਾਈਕਲ ’ਤੇ ਆ ਰਹੇ ਇਕ ਨੌਜਵਾਨ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ ਜਿਸ ਦੌਰਾਨ ਉਸ ਪਾਸੋਂ 90 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਲਖਬੀਰ ਸਿੰਘ ਉਰਫ ਘੁੰਗਰੀ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਭਗਵਾ ਮਜੀਠਾ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਨਸ਼ੀਲੇ ਪਦਾਰਥਾਂ ਸਣੇ ਦੋ ਕਾਬੂ
ਭਿੱਖੀਵਿੰਡ (ਪੱਤਰ ਪ੍ਰੇਰਕ): ਸਰਹੱਦੀ ਥਾਣਾ ਖੇਮਕਰਨ ਦੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲੀਸ ਟੀਮ ਨੇ ਅਨਵਰ ਮਸੀਹ ਵਾਰਡ ਨੰਬਰ 3 ਨੂੰ ਕਾਬੂ ਕਰ ਕੇ ਉਸਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਕ ਹੋਰ ਮਾਮਲੇ ਵਿੱਚ ਪੁਲੀਸ ਨੇ ਸੋਨਾ ਵਾਸੀ ਵਾਰਡ ਨੰਬਰ ਖੇਮਕਰਨ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ 21-61-85 ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।