ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਇੱਥੋਂ ਦੇ ਪਿੰਡ ਬਘਾਣਾ ਵਿੱੱਚ ਇੱਟਾਂ ਦੇ ਭੱਠੇ ’ਤੇ ਚੌਕੀਦਾਰੀ ਕਰਦੇ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ਦੀ ਗੁੱਥਲੀ ਪੁਲੀਸ ਨੇ ਸੁਲਝਾਉਂਦਿਆਂ ਗਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਗਰੋਹ ਦਾ ਮੁਖੀ ਅਜੇ ਫ਼ਰਾਰ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੂਸਾ ਉਰਫ਼ ਭੱਟਟੀ ਵਾਸੀ ਪਿੰਡ ਬੇਲਾ ਚੰਬਾ ਹਿਮਾਚਲ ਪ੍ਰਦੇਸ਼ ਤੇ ਸੁਖਵਿੰਦਰ ਸਿੰਘ ਉਰਫ਼ ਲੱਕੀ ਪਿੰਡ ਗੁਜਰਾਤਾ ਫਗਵਾੜਾ ਵਜੋਂ ਹੋਈ ਹੈ ਜਦਕਿ ਗਰੋਹ ਦਾ ਮੁਖੀ ਬਲਜੀਤ ਸਿੰਘ ਵਾਸੀ ਪਿੰਡ ਰਾਮਪੁਰ ਸੁੰਨੜਾ ਅਜੇ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ 19-20 ਜੂਨ ਦੀ ਰਾਤ ਨੂੰ ਪਿੰਡ ਬਘਾਣਾ ਵਿੱੱਚ ਲਕਸ਼ਮੀ ਬ੍ਰਿਕਸ ਭੱਠੇ ’ਤੇ ਚੌਕੀਦਾਰ ਦਾ ਕਤਲ ਹੋਇਆ ਸੀ ਤੇ ਉੱਥੋਂ ਨਿਊ ਹਾਲੈਂਡ ਟਰੈਕਟਰ ਸਮੇਤ ਕੁੱਝ ਸਾਮਾਨ ਦੀ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਜਾਂਚ ਦੌਰਾਨ ਬੇਂਈ ਪੁਲੀ ਪਿੰਡ ਦੁੱਗਾ ਲਾਗਿਉਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਲੁਟੇਰੇ ਮ੍ਰਿਤਕ ਦੇਸ ਰਾਜ ਪਾਸੋਂ ਕੇਰੀ ਖਰੀਦਣ ਦੇ ਬਹਾਨੇ ਪਹਿਲਾ ਆਏ ਸਨ ਤੇ ਬਾਅਦ ’ਚ ਉਸ ਦਾ ਕਤਲ ਕਰਕੇ ਟਰੈਕਟਰ ਲੈ ਗਏ ਸਨ। ਪੁਲੀਸ ਨੇ ਇਨ੍ਹਾਂ ਪਾਸੋਂ ਦੇਸ ਰਾਜ ਨੂੰ ਮਾਰਨ ਲਈ ਵਰਤੇ ਹਥਿਆਰ, ਚੋਰੀ ਕੀਤਾ ਨਿਊ ਹੋਲੈਂਡ ਟਰੈਕਟਰ, ਬੈਂਕ ਤੇ ਆਧਾਰ ਕਾਰਡ ਸਮੇਤ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਘਟਨਾ ’ਚ ਵਰਤੀ ਅਲਟੋ ਕਾਰ ਨੰਬਰ ਪੀਬੀ 36.ਜੇ.7255 ਵੀ ਬਰਾਮਦ ਕਰਨੀ ਬਾਕੀ ਹੈ।