ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 26 ਮਈ
ਪਿੰਡ ਮੱਲੀਆਂ ਵਿੱਚ ਗਲੀ ਵਿੱਚ ਖੜ੍ਹੀ ਕਾਰ ਸਾਈਡ ’ਤੇ ਨਾ ਕਰਨ ਕਾਰਨ ਆਪਸ ਵਿੱਚ ਹੋਈ ਤਕਰਾਰ ਦੌਰਾਨ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਲਾਲੀ ਮਿੱਟੀ ਦਾ ਭਰਤ ਪਾਉਣ ਦਾ ਕੰਮ ਕਰਦਾ ਹੈ ਅਤੇ ਪਿੰਡ ਵਿੱਚ ਕਿਸੇ ਪਲਾਟ ਵਿੱਚ ਮਿੱਟੀ ਪਵਾ ਰਿਹਾ ਸੀ। ਰਸਤੇ ਵਿੱਚ ਖੜ੍ਹੀ ਕਾਰ ਨੂੰ ਇੱਕ ਸਾਈਡ ’ਤੇ ਕਰਨ ਲਈ ਕਹਿਣ ’ਤੇ ਕਾਰ ਵਿੱਚ ਬੈਠੇ ਵਿਅਕਤੀਆਂ ਦੀ ਡਰਾਈਵਰ ਨਾਲ ਬਹਿਸ ਹੋ ਗਈ ਸੀ। ਮੌਕਾ ਦੇਖ ਟਰੈਕਟਰ ਦੇ ਡਰਾਈਵਰ ਨੇ ਆਪਣੇ ਮਾਲਕ ਗੁਰਪ੍ਰੀਤ ਸਿੰਘ ਲਾਲੀ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ ਅਤੇ ਕਾਰ ਸਵਾਰ ਨਾਲ ਗੁਰਪ੍ਰੀਤ ਦੀ ਵੀ ਬਹਿਸ ਹੋ ਗਈ। ਮਾਮਲਾ ਵਧਦਾ ਦੇਖ ਗੁਰਪ੍ਰੀਤ ਦਾ ਚਚੇਰਾ ਭਰਾ ਮਨਜਿੰਦਰ ਵੀ ਮੌਕੇ ’ਤੇ ਪਹੁੰਚ ਗਿਆ। ਇਸ ਦੌਰਾਨ ਕਾਰ ਵਿੱਚ ਬੈਠੇ ਵਿਅਕਤੀਆਂ ਵੱਲੋਂ ਕੀਤੇ ਫਾਇਰ ਦੌਰਾਨ ਮਨਜਿੰਦਰ ਦੇ ਗੋਲੀ ਲੱਗ ਗਈ ਤੇ ਦੋ ਹੋਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਗੋਲੀ ਚਲਾਉਣ ਤੋਂ ਬਾਅਦ ਕਾਰ ਸਵਾਰ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜ਼ਖਮੀ ਮਨਜਿੰਦਰ ਸਿੰਘ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਚਾਰ ਵਿਅਕਤੀ ਬੈਠੇ ਬੀਅਰ ਪੀ ਰਹੇ ਸਨ ਅਤੇ ਕਾਰ ਗਲੀ ਵਿੱਚੋਂ ਸਾਈਡ ਕਰਨ ਕਾਰਨ ਇਨ੍ਹਾਂ ਦੀ ਆਪਸੀ ਬਹਿਸ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖਮੀ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਰਤਾਰਪੁਰ ਪੁਲੀਸ ਨੇ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਗੋਲੀ ਚੱਲਣ ਕਾਰਨ ਕਾਰ ਵਿੱਚ ਬੈਠੇ ਵਿਅਕਤੀਆਂ ਦੇ ਸਾਥੀ ਸਾਹਿਲ ਨੂੰ ਗੋਲੀ ਲੱਗਣ ਨਾਲ ਉਹ ਵੀ ਜ਼ਖਮੀ ਹੋ ਗਿਆ ਸੀ। ਇਸ ਦਾ ਪੁਲੀਸ ਦੀ ਨਿਗਰਾਨੀ ਹੇਠ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜੱਸਾ ਸਿੰਘ, ਜਸਕਰਨ ਸਿੰਘ, ਰਮਨ, ਵਿਜੇ ਕੁਮਾਰ ਵਾਸੀ ਭੀਖਾ ਨੰਗਲ ਖਿਲਾਫ ਕੇਸ ਦਰਜ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਵੱਲੋਂ ਜਿਸ ਹਥਿਆਰ ਨਾਲ ਗੋਲੀ ਚਲਾਈ ਗਈ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਉਸ ਦੀ ਗ੍ਰਿਫ਼ਤਾਰੀ ਨਵੇਂ ਸਿਰਿਓਂ ਇਸ ਗੋਲੀ ਕਾਂਡ ਵਿੱਚ ਪਾਈ ਜਾਵੇਗੀ