ਪੱਤਰ ਪ੍ਰੇਰਕ
ਸ਼ਾਹਕੋਟ, 11 ਜੂਨ
ਸਕੂਟਰੀ ’ਤੇ ਜਾ ਰਹੇ ਤਿੰਨ ਪਰਿਵਾਰਕ ਮੈਂਬਰਾਂ ’ਚੋਂ ਔਰਤ ਦਾ ਪਰਸ ਖੋਹ ਕੇ ਭੱਜਣ ਵਾਲੇ 3 ਸਕੂਟਰੀ ਸਵਾਰ ਲੁਟੇਰਿਆਂ ’ਚੋਂ 2 ਨੂੰ ਔਰਤ ਦੀ ਦਲੇਰੀ ਕਾਰਨ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ, ਜਦੋਂਕਿ ਤੀਜਾ ਲੁਟੇਰਾ ਭੱਜ ਗਿਆ। ਪੁਲੀਸ ਨੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਿਸ਼ੋਰੀ ਲਾਲ ਪੁੱਤਰ ਵਜ਼ੀਰ ਲਾਲ ਵਾਸੀ ਲਸੂੜੀ ਨੇ ਦੱਸਿਆ ਕਿ ਉਹ ਆਪਣੀ ਪੁੱਤਰੀ ਪਰਮਜੀਤ ਕੌਰ ਤੇ ਦੋਹਤੀ ਫਰਿਆਦ ਨਾਲ ਐਕਟਿਵਾ ਸਕੂਟਰੀ ’ਤੇ ਜਾ ਰਹੇ ਸੀ। ਜਿਉਂ ਹੀ ਉਹ ਪਿੰਡ ਬੁੱਢਣਵਾਲ ਤੋਂ ਥੋੜ੍ਹਾ ਅੱਗੇ ਗਏ ਤਾਂ ਉਨ੍ਹਾਂ ਦਾ ਪਿੱਛਾ ਕਰ ਰਹੇ ਸਕੂਟਰੀ (ਪੀ-08-ਸੀ ਟੀ-3190) ’ਤੇ ਸਵਾਰ 3 ਲੁਟੇਰਿਆਂ ਨੇ ਚੱਲਦੀ ਸਕੂਟਰੀ ’ਤੇ ਉਨ੍ਹਾਂ ਦੀ ਬੇਟੀ ਦਾ ਪਰਸ ਧੂਹ ਲਿਆ। ਪਰਸ ’ਚ 25 ਹਜ਼ਾਰ ਰੁਪਏ ਤੇ ਕਾਗਜ਼ ਸਨ। ਉਸੇ ਸਮੇਂ ਹੀ ਸਕੂਟਰੀ ਚਲਾ ਰਹੀ ਉਨ੍ਹਾਂ ਦੀ ਬੇਟੀ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਕੁਝ ਦੂਰੀ ’ਤੇ ਜਾ ਕੇ ਉਨ੍ਹਾਂ ਨੂੰ ਘੇਰ ਲਿਆ। ਐਸ.ਐਚ.ਓ. ਸ਼ਾਹਕੋਟ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲੁਟੇਰੇ ਪ੍ਰਭਜੋਤ ਸਿੰਘ ਉਰਫ ਸਚਿਨ ਪੁੱਤਰ ਸੁਖਜੀਤ ਸਿੰਘ ਵਾਸੀ ਸੈਦਪੁਰ ਝਿੜੀ, ਬੂਟਾ ਪੁੱਤਰ ਗੁਲਜਾਰੀ ਵਾਸੀ ਮੁਹੱਲਾ ਧੋੜਿਆਂ ਸ਼ਾਹਕੋਟ ਤੇ ਫਰਾਰ ਲੁਟੇਰੇ ਅਜੇ ਵਾਸੀ ਮੁਹੱਲਾ ਬਾਗਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।