ਪੱਤਰ ਪ੍ਰੇਰਕ
ਸ਼ਾਹਕੋਟ, 21 ਮਈ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 2 ਏਜੰਟਾਂ ਨੂੰ ਸਥਾਨਿਕ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਐਸ.ਐਚ.ਓ ਸ਼ਾਹਕੋਟ ਹਰਦੀਪ ਸਿੰਘ ਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਮਿਲੀਆਂ ਸਿਕਾਇਤਾਂ ਦੇ ਅਧਾਰ ’ਤੇ ਪ੍ਰਦੀਪ ਕੁਮਾਰ ਉਰਫ ਸਾਹਿਲ ਪੁੱਤਰ ਰਤਨਜੀਤ ਸ਼ਰਮਾ ਵਾਸੀ 94-ਏ ਡੀ ਬਲਾਕ ਹੰਬੜਾ ਰੋਡ ਸਾਊਥ ਸਿਟੀ ਲੁਧਿਆਣਾ ਅਤੇ ਕਾਲਾ ਪੁੱਤਰ ਬੂਟਾ ਸਿੰਘ ਵਾਸੀ ਚੱਕ ਸਿੰਘਪੁਰਾ ਥਾਣਾ ਧਰਮਕੋਟ (ਮੋਗਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਠੱਗੀਆਂ ਮਾਰਨ ਵਾਲਿਆਂ ਖ਼ਿਲਾਫ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਮੀਟਿੰਗ ਕੀਤੀ ਗਈ ਸੀ।