ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 1 ਅਪਰੈਲ
ਜਬਰ-ਜਨਾਹ ਮਾਮਲੇ ਵਿੱਚ ਨਾਮਜ਼ਦ ਭਗੌੜੇ ਮੁਲਜ਼ਮ ਨੂੰ ਕਾਬੂ ਕਰਨ ਗਈ ਪੁਲੀਸ ’ਤੇ ਕੁੱਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਇਕ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਗਈ। ਦੱਸਣਯੋਗ ਹੈ ਕਿ ਜਬਰ-ਜਨਾਹ ਦੇ ਮਾਮਲੇ ਵਿੱਚ 4 ਸਾਲ ਤੋਂ ਭਗੌੜੇ ਮੁਲਜ਼ਮ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪਿੰਡ ਤੁੜ ਗਈ ਨਾਰਕੋਟਿਕਸ ਸੈੱਲ ਤਰਨਤਾਰਨ ਦੀ ਟੀਮ ਉਪਰ ਭੁਪਿੰਦਰ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਦੇ ਹੋਏ ਪੁਲੀਸ ਪਾਰਟੀ ਦੇ ਹੱਥ ਆਏ ਮੁਲਜ਼ਮ ਨੂੰ ਫਰਾਰ ਕਰਵਾ ਦਿੱਤਾ। ਇਸ ਹਮਲੇ ਦੌਰਾਨ ਇੱਕ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਗਈ ਅਤੇ ਬਾਕੀ ਪੁਲੀਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ।
ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਮੁਲਜ਼ਮ ਭੁਪਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਰਮਨਦੀਪ ਸਿੰਘ ਅਤੇ ਥਾਣਾ ਮੁਖੀ (ਗੋਇੰਦਵਾਲ ਸਾਹਿਬ) ਜਸਵੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਤੁੜ ਖ਼ਿਲਾਫ਼ ਜਬਰ-ਜਨਾਹ ਦਾ ਕੇਸ 23 ਅਪਰੈਲ 2017 ਨੂੰ ਥਾਣਾ ਗੋਇੰਦਵਾਲ ਸਾਹਿਬ ਵਿੱਚ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਭੁਪਿੰਦਰ ਸਿੰਘ 4 ਸਾਲਾਂ ਤੋਂ ਭਗੌੜਾ ਸੀ।
ਪਿੰਡ ਤੁੜ ਵਿੱਚ ਵਾਪਰੀ ਘਟਨਾ ਦੇ ਵੇਰਵੇ
ਨਾਰਕੋਟਿਕਸ ਸੈੱਲ ਦੇ ਏਐੱਸਆਈ ਨਰਿੰਦਰਪਾਲ ਸਿੰਘ ਨੂੰ ਦੁਪਹਿਰ ਵੇਲੇ ਇਤਲਾਹ ਮਿਲੀ ਕਿ ਭੁਪਿੰਦਰ ਸਿੰਘ ਆਪਣੇ ਪਿੰਡ ਤੁੜ ਲੁਕਿਆ ਹੋਇਆ ਹੈ ਜਿਸ ਨੂੰ ਫੜਨ ਲਈ ਏਐੱਸਆਈ ਨਰਿੰਦਰਪਾਲ ਸਿੰਘ ਪੁਲੀਸ ਸਮੇਤ ਪਿੰਡ ਤੁੜ ਪੁੱਜੇ। ਇਸ ਦੌਰਾਨ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਵੱਲੋਂ ਪੁਲੀਸ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਭੁਪਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਪਾਹੀ ਗੁਰਸਾਹਿਬ ਸਿੰਘ ਦੀ ਕਥਿਤ ਤੌਰ ’ਤੇ ਵਰਦੀ ਪਾੜ ਦਿੱਤੀ ਗਈ ਅਤੇ ਹੈੱਡ ਕਾਂਸਟੇਬਲ ਪਰਗਟ ਸਿੰਘ ਦਾ ਮੋਬਾਈਲ ਫੋਨ ਖੋਹ ਲਿਆ। ਇਸੇ ਦੌਰਾਨ ਤਿੰਨ ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ। ਪੁਲੀਸ ਨੇ ਏਐੱਸਆਈ ਨਰਿੰਦਰਪਾਲ ਸਿੰਘ ਦੇ ਬਿਆਨਾਂ ’ਤੇ ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਕੌਰ, ਬਲਜੀਤ ਸਿੰਘ, ਸੰਦੀਪ ਕੌਰ, ਸੁਮਨਦੀਪ ਕੌਰ, ਮਨੂੰ, ਸੁਖਜੀਤ ਸਿੰਘ, ਕੁਲਵਿੰਦਰ ਕੌਰ, ਜਾਗੀਰ ਸਿੰਘ, ਸੰਦੀਪ ਸਿੰਘ ਅਤੇ ਹੋਰ 10 ਅਣਪਛਾਤੇ ਵਿਅਕਤੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।