ਪੱਤਰ ਪ੍ਰੇਰਕ
ਫਗਵਾੜਾ, 15 ਜੂਨ
ਬੀਤੀ ਰਾਤ ਇਥੋਂ ਦੇ ਪਿੰਡ ਸਪਰੋੜ ਵਿੱਚ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਚੋਰ ਤਿੰਨ ਮੱਝਾਂ ਖੋਲ੍ਹ ਕੇ ਲੈ ਗਏ ਜਦੋਂਕਿ ਸੂਚਨਾ ਮਿਲਦੇ ਸਾਰ ਕੁਝ ਵਿਅਕਤੀਆਂ ਦੇ ਪੁੱਜਣ ’ਤੇ ਮੱਝਾਂ ਚੋਰੀ ਕਰਨ ਆਏ ਵਿਅਕਤੀ ਇੱਕ ਗੱਡੀ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਾ ਨੇ ਦੱਸਿਆ ਕਿ ਬੀਤੀ ਰਾਤ ਦੋ ਮਹਿੰਦਰਾ ਗੱਡੀਆਂ ਵਿੱਚ ਸਵਾਰ ਹੋ ਕੇ ਕਰੀਬ 10 ਚੋਰ ਆਏ ਸੀ ਅਤੇ ਉਨ੍ਹਾਂ ਮੱਝਾਂ ਖੋਲ੍ਹ ਲਈਆਂ ਅਤੇ ਤਿੰਨ ਮੱਝਾਂ ਗੱਡੀ ਵਿੱਚ ਚੜ੍ਹਾ ਕੇ ਲੈ ਗਏ ਜਦੋਂਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪੁੱਜੇ ਤਾਂ ਇਹ ਚੋਰ ਇੱਕ ਗੱਡੀ ਇਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲੀਸ ਟੀਮ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ, ਚਹੇੜੂ ਚੌਕੀ ਦੇ ਜਾਂਚ ਅਧਿਕਾਰੀ ਇੰਦਰਜੀਤ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਨਹੀਂ ਦੱਸਿਆ ਗਿਆ ਤੇ ਅੱਜ ਉਨ੍ਹਾਂ ਵੱਲੋਂ ਚੋਰੀ ਦਾ ਕਿਹਾ ਜਾ ਰਿਹਾ ਹੈ ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।