ਪੱਤਰ ਪ੍ਰੇਰਕ / ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ/ਬਲਾਚੌਰ, 18 ਅਕਤੂਬਰ
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ( ਰਜਿ.) ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੇਐੱਸਐੱਫਐੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਕਰਵਾਇਆ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਮਹਾਨ ਗੁਰਮਤਿ ਸਮਾਗਮ ਸਮਾਪਤ ਹੋ ਗਿਆ। ਇਸ ਮੌਕੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ‘ਜਪੁਜੀ ਸਾਹਿਬ’ ਅਤੇ ਹੋਰ ਬਾਣੀਆਂ ਦੀ ਵਿਆਖਿਆ ਕਰਦਿਆਂ ਸਚਿਆਰਾ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ। ਮਗਰੋਂ ਭਾਈ ਸਤਨਾਮ ਸਿੰਘ ਕੁਹਾਰਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਸੁਹਾਣਾ ਖੰਨੇ ਵਾਲਿਆਂ ਅਤੇ ਭਾਈ ਜੋਗਾ ਸਿੰਘ ਦੇ ਕੀਰਤਨੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਕੇਸਗੜ੍ਹ ਸਾਹਿਬ ਤੋਂ ਆਏ ਪੰਜ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਦੌਰਾਨ 31 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਸਮਾਗਮ ਵਿੱਚ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰ, ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਵਾਸੀ ਪੰਜਾਬੀ ਤਰਲੋਚਨ ਸਿੰਘ ਦੁਪਾਲਪੁਰੀ, ਕੌਂਸਲਰ ਪਰਮ ਸਿੰਘ ਖਾਲਸਾ, ਅਮਰੀਕ ਸਿੰਘ ਗੁਰੂ ਕੀ ਰਸੋਈ, ਮਹਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਟਾਹਲੀ ਸਾਹਿਬ, ਰਾਜਵਿੰਦਰ ਸਿੰਘ , ਉੱਤਮ ਸਿੰਘ ਸੇਠੀ ਸ਼ਾਮਲ ਸਨ। ਸੁਸਾਇਟੀ ਦੇ ਸਰਪ੍ਰਸਤ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ, ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।