ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 11 ਅਕਤੂਬਰ
ਬੀਤੀ ਰਾਤ ਮਠਿਆਈਆਂ ਦੀਆਂ ਦੁਕਾਨਾਂ ਕਰ ਰਹੇ ਇਕੋ ਪਰਿਵਾਰ ਦੇ ਲੜਕੇ ਆਪਸ ਵਿਚ ਭਿੜ ਗਏ ਜਿਸ ਕਾਰਨ ਦੋਵੇਂ ਧਿਰਾਂ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ ਜੋ ਜਲੰਧਰ ਦੇ ਨਿਜੀ ਹਸਪਤਾਲਾਂ ਵਿਚ ਜੇਰੇ ਇਲਾਜ ਹਨ।
ਹੇਮੰਤ ਵਡੈਹਰਾ ਉਰਫ ਚੀਨੂੰ ਪੁੱਤਰ ਸੁਭਾਸ਼ ਚੰਦਰ ਵਾਸੀ ਭੀੜਾ ਬਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਦੇ ਨੇੜੇ ਖੜ੍ਹਾ ਸੀ। ਉਸੇ ਸਮੇਂ ਰਾਮ ਤੇ ਪ੍ਰਿੰਸ ਪੁੱਤਰ ਭੀਮ ਸੈਨ ਵਡੈਹਰਾ ਨੇ ਉਨ੍ਹਾਂ ਉੱਪਰ ਦਾਤਰ ਨਾਲ ਹਮਲਾ ਕਰ ਦਿੱਤਾ। ਜਿਉਂ ਹੀ ਉਨ੍ਹਾਂ ਦੀ ਮਾਤਾ ਗੀਤਾ ਵਡਹੈਰਾ ਉਨ੍ਹਾਂ ਨੂੰ ਛੁਡਵਾਉਣ ਆਈ ਤਾਂ ਉਨ੍ਹਾਂ ਨੇ ਉਸ ਉੱਪਰ ਵਾਰ ਕਰ ਕੇ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।
ਰਾਮ ਪੁੱਤਰ ਭੀਮ ਸੈਨ ਵਡੈਹਰਾ ਵਾਸੀ ਭੀੜਾ ਬਜ਼ਾਰ ਸ਼ਾਹਕੋਟ ਨੇ ਕਿਹਾ ਕਿ ਉਹ ਆਪਣੀ ਮਠਿਆਈ ਦੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਹੇਮੰਤ ਵਡੈਹਰਾ ਨੇ ਉਨ੍ਹਾਂ ਉੱਪਰ ਰਵਾਇਤੀ ਹਥਿਆਰਾਂ ਨਾਲ ਹਮਲਾ ਕੀਤਾ। ਉਨ੍ਹਾਂ ਦੀ ਮਾਤਾ ਅਨੂੰ ਵਡੈਹਰਾ ਜਦੋਂ ਛੁਡਾਉਣ ਆਈ ਤਾਂ ਹਮਲਾਵਰਾਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਸ਼ਾਹਕੋਟ ਤੋਂ ਮੁਢਲੀ ਸਹਾਇਤਾ ਲੈਣ ਤੋਂ ਬਾਅਦ ਉਕਤ ਦੋਵੇਂ ਨੌਜਵਾਨ ਜਲੰਧਰ ਦੇ ਵੱਖ-ਵੱਖ ਨਿਜੀ ਹਸਪਤਾਲਾਂ ਵਿਚ ਜੇਰੇ ਇਲਾਜ ਹਨ। ਇਸ ਸਬੰਧੀ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਕਸੂਰਵਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।