ਪਾਲ ਸਿੰਘ ਨੌਲੀ
ਜਲੰਧਰ, 3 ਮਈ
ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਨੇ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ੇ ਕਰੀ ਬੈਠੇ ਰੇਹੜੀਆਂ-ਫੜ੍ਹੀਆਂ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਦੀ ਟੀਮ ਦੇ ਮੁਲਾਜ਼ਮ ਇਨ੍ਹਾਂ ਰੇਹੜੀਆਂ-ਫੜ੍ਹੀਆਂ ਨੂੰ ਜ਼ਬਰੀ ਹਟਾਉਣ ਦੀ ਥਾਂ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਲੈ ਰਹੇ ਹਨ ਤੇ ਧੜਾਧੜ ਚਲਾਨ ਕੱਟ ਰਹੇ ਹਨ। ਪਿਛਲੇ ਦਿਨਾਂ ’ਚ ਹੀ ਨਗਰ ਨਿਗਮ ਨੇ ਅਜਿਹੀਆਂ ਰੇਹੜੀਆਂ ਫੜ੍ਹੀਆਂ ਵਾਲਿਆਂ ਦੇ 500 ਤੋਂ ਵੱਧ ਚਲਾਨ ਕੱਟੇ ਹਨ ਤੇ ਇਨ੍ਹਾਂ ਵਿਚੋਂ 350 ਦੇ ਕਰੀਬ ਚਲਾਨ ਵੱਖ-ਵੱਖ ਅਦਾਲਤਾਂ ਨੂੰ ਭੇਜ ਦਿੱਤੇ ਹਨ। ਰੇਹੜੀਆਂ-ਫੜ੍ਹੀਆਂ ਵਾਲਿਆਂ ਦੇ ਜੁਰਮਾਨੇ ਅਦਾਲਤਾਂ ਹੀ ਤੈਅ ਕਰਨਗੀਆਂ। ਨਗਰ ਨਿਗਮ ਦੇ ਬਣਾਏ ਨਿਯਮਾਂ ਅਨੁਸਾਰ ਘੱਟੋ-ਘੱਟ ਜੁਰਮਾਨਾ ਪੰਜ ਹਜ਼ਾਰ ਰੁਪਏ ਹੈ। ਤਹਿ ਬਾਜ਼ਾਰੀ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਵੱਲੋਂ ਕਾਨੂੰਨੀ ਦਾਇਰੇ ਵਿਚ ਰਹਿ ਕੇ ਕੀਤੀ ਗਈ ਕਾਰਵਾਈ ਦੇ ਨਤੀਜੇ ਚੰਗੇ ਆਉਣ ਦੀ ਉਮੀਦ ਬੱਝ ਗਈ ਹੈ। ਇਸ ਨਾਲ ਰੌਲਾ-ਰੱਪਾ ਘੱਟ ਪੈਂਦਾ ਹੈ ਤੇ ਨਤੀਜੇ ਵੱਧ ਨਿਕਲਦੇ ਹਨ। ਤਹਿ ਬਾਜ਼ਾਰੀ ਵਿਭਾਗ ਨੇ ਰਾਮਾਮੰਡੀ ਇਲਾਕੇ ਵਿਚ ਵੀ ਤਿੰਨ ਦਰਜਨ ਰੇਹੜੀਆਂ ਦੇ ਚਲਾਨ ਕੱਟੇ ਹਨ। ਚਲਾਨ ਕੱਟਣ ਸਮੇਂ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਤੇ ਇਸੇ ਨੂੰ ਅਧਾਰ ਬਣਾ ਕੇ ਹੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।