ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਪਏ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ। ਕਸਬੇ ਵਿਚ ਮੀਂਹ ਦਾ ਪਾਣੀ ਦੁਕਾਨਾਂ ਤੇ ਲੋਕਾਂ ਦੇ ਘਰਾਂ ਵਿਚ ਵੜ ਗਿਆ। ਮੀਂਹ ਨੇ ਨਗਰ ਪੰਚਾਇਤ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬੱਸ ਅੱਡੇ ਤੋਂ ਲੈ ਕੇ ਮਲਸੀਆਂ ਵੱਲ ਤਹਿਸੀਲ ਕੰਪਲੈਕਸ ਤੱਕ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਪੈਦਲ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਝਲਣੀ ਪਈ। ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕੀਤੀ ਬਿਜਾਈ ਵੀ ਮੀਂਹ ਦੀ ਭੇਟ ਚੜ੍ਹ ਗਈ। ਨੀਵੇਂ ਥਾਂ ਵਾਲਾ ਝੋਨਾ ਵੀ ਪਾਣੀ ਵਿਚ ਡੁੱਬ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਫ਼ਸਲਾਂ ਦੀ ਹਾਨੀਕਾਰਕ ਹੈ।