ਦੀਪਕ ਠਾਕੁਰ
ਤਲਵਾੜਾ, 29 ਮਈ
ਇੱਥੇ ਸਵਾਂ ਦਰਿਆ ਵਿੱਚ ਖਣਨ ਮਾਫ਼ੀਆ ਵੱਲੋਂ ਨਾਜਾਇਜ਼ ਖੁਦਾਈ ਕਰਕੇ ਪਾਏ ਟੋਏ ਜਾਨਵਰਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਖੁਦਾਈ ਕੀਤੇ ਖੱਡਿਆਂ ਵਿੱਚ ਪਾਣੀ ਭਰਨ ਨਾਲ ਆਏ ਦਿਨ ਪਸ਼ੂ ਫਸ ਕੇ ਮਰ ਰਹੇ ਹਨ। ਪਿੰਡ ਢੁਲਾਲ ਵਿੱਚ ਅੱਜ ਸਵਾਂ ਦਰਿਆ ’ਚ ਪਏ ਕਰੀਬ 50 ਫੁੱਟ ਤੋਂ ਵੱਧ ਡੂੰਘੇ ਟੋਏ ’ਚ ਫਸ ਕੇ ਗਊ ਦੀ ਮੌਤ ਹੋ ਗਈ ਹੈ। ਪਿੰਡ ਢੁਲਾਲ ਵਾਸੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਸ ਦੀ ਦੁਧਾਰੂ ਗਊ ਦੀ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਗਊ ਦਾ ਦੁੱਧ ਵੇਚ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਕੇਵਲ ਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਢੁਲਾਲ ’ਚ ਸਥਿਤ ਮਾਲਵਾ ਸਟੋਨ ਕਰੱਸ਼ਰ ਨਿਰਵਿਘਨ ਚੱਲ ਰਿਹਾ ਹੈ ਅਤੇ ਸਵਾਂ ਦਰਿਆ ’ਚ ਨਾਜਾਇਜ਼ ਖੁਦਾਈ ’ਤੇ ਕੋਈ ਰੋਕ ਨਹੀਂ ਲੱਗੀ ਹੋਈ। ਕਰੱਸ਼ਰ ਵਿੱਚੋਂ ਨਿਕਲਦੀ ਗਾਰ ਦਲਦਲ ਦਾ ਰੂਪ ਧਾਰਨ ਕਰ ਗਈ ਹੈ, ਜੋ ਰਾਹਗੀਰਾਂ ਅਤੇ ਪਸ਼ੂਆਂ ਲਈ ਘਾਤਕ ਸਿੱਧ ਹੋ ਰਹੀ ਹੈ। ਉਸ ਨੇ ਖ਼ੇਤਰ ’ਚ ਕਥਿਤ ਗਤੀਵਿਧੀਆਂ ਦਾ ਵਿਰੋਧ ਕਰਨ ’ਤੇ ਕਰੱਸ਼ਰ ਮਾਲਕਾਂ ਅਤੇ ਖਣਨ ਮਾਫੀਆ ’ਤੇ ਡਰਾਉਣ ਅਤੇ ਧਮਕਾਉਣ ਦੇ ਦੋਸ਼ ਲਗਾਏ ਹਨ। ਕੇਵਲ ਕ੍ਰਿਸ਼ਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ਼ ਇਨਸਾਫ ਦੀ ਅਪੀਲ ਕਰਦਿਆਂ ਇਲਾਕੇ ’ਚ ਕਰੱਸ਼ਰ ਮਾਲਕਾਂ ਅਤੇ ਖਣਨ ਮਾਫੀਆ ਦੀਆਂ ਕਥਿਤ ਗਤੀਵਿਧੀਆਂ ’ਤੇ ਨਕੇਲ ਕੱਸਣ ਅਤੇ ਸਵਾਂ ਦਰਿਆ ’ਚ ਪਏ ਖੱਡਿਆਂ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।