ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 17 ਸਤੰਬਰ
ਸਥਾਨਕ ਤਹਿਸੀਲ ਦੇ ਅਨੇਕਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਈ ਸਾਲਾਂ ਤੋਂ ਚੱਲ ਰਹੀ ਖਸਤਾ ਹਾਲਤ ਤੋਂ ਸੈਂਕੜੇ ਪਿੰਡਾਂ ਦੇ ਵਸਨੀਕ ਪ੍ਰੇਸ਼ਾਨ ਹਨ। ਗੜ੍ਹਸ਼ੰਕਰ ਦੇ ਅਨੇਕਾਂ ਨੀਮ ਪਹਾੜੀ ਪਿੰਡਾਂ ਵਿੱਚੋਂ ਗੁਜ਼ਰ ਕੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਰਾਹਗੀਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ ਪਰ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੀਆਂ ਇਹ ਲਿੰਕ ਸੜਕਾਂ ਕਈ ਸਾਲਾਂ ਤੋਂ ਜਰਜਰੀ ਹਾਲਤ ਭੋਗ ਰਹੀਆਂ ਹਨ। ਇਸ ਦੀ ਇਕ ਮਿਸਾਲ ਅੱਡਾ ਸਤਨੌਰ ਤੋਂ ਜੇਜੋਂ ਦੋਆਬਾ ਨੂੰ ਜਾਣ ਵਾਲੀ ਸੜਕ ਦੀ ਹੈ। ਸਤਨੌਰ, ਸਲੇਮਪੁਰ, ਰਾਮ ਪੁਰ ਬਿਲੜੋਂ ਪਿੰਡਾਂ ਵਿੱਚੋਂ ਲੰਘਦੀ ਇਸ ਸੜਕ ’ਤੇ ਥਾਂ ਥਾਂ ਖੱਡੇ ਪਏ ਹਨ। ਕਸਬਾ ਸੈਲਾ ਖੁਰਦ ਤੋਂ ਦਦਿਆਲ, ਬੀਹੜਾਂ, ਪੱਖੋਵਾਲ, ਕੁੱਕੜਾਂ, ਜੱਸੋਵਾਲ, ਬਰਿਆਣਾ, ਹੇਲਰਾ ਆਦਿ ਪਿੰਡੋਂ ਵਿੱਚੋਂ ਨਿਕਲੇ ਕੇ ਜੇਜੋਂ ਦੁਆਬਾ ਜਾਣ ਵਾਲੀ ਸੜਕ ’ਤੇ ਆਲੇ ਦੁਆਲੇ ਦੇ ਬਰਮ ਖਤਮ ਹੋ ਗਏ ਹਨ। ਇਸੇ ਤਰ੍ਹਾਂ ਸੈਲਾ ਖੁਰਦ ਤੋਂ ਪੱਦੀ, ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ, ਬਡੇਸਰੋਂ ਤੋਂ ਜੀਵਨਪੁਰ, ਪੰਡੋਰੀ ਬੀਤ ਤੋਂ ਮਹਿੰਦਵਾਣੀ, ਪਦਰਾਣਾ ਤੋਂ ਕਿੱਤਣਾ ਆਦਿ ਲਿੰਕ ਸੜਕਾਂ ਦੀ ਮੰਦੀ ਹਾਲਤ ਵੀ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਸ ਤੋਂ ਇਲਾਵਾ ਗੜ੍ਹਸ਼ੰਕਰ ਵਿੱਚੋਂ ਨਿਕਲਦੀ ਬਿਸਤ ਦੁਆਬ ਨਹਿਰ ਦੇ ਨਾਲ ਕੋਟ ਫਤੂਹੀ ਤੱਕ ਜਾਣ ਵਾਲੀ ਸੜਕ ’ਤੇ ਲੋਕ ਨਿਰਮਾਣ ਵਿਭਾਗ ਵੱਲੋਂ ਕਈ ਮਹੀਨਿਆਂ ਤੋਂ ਪੱਥਰ ਪਾ ਦਿੱਤਾ ਗਿਆ ਹੈ ਪਰ ਪ੍ਰੀਮਿਕਸ ਨਾ ਪਾਉਣ ਕਰ ਕੇ ਇਹ ਸੜਕ ਨਹਿਰ ਨੇੜਲੇ ਕਰੀਬ ਚਾਲੀ ਪਿੰਡਾਂ ਲਈ ਸੰਤਾਪ ਬਣ ਗਈ ਹੈ। ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਬਲਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅਨੇਕਾਂ ਸੜਕਾਂ ਮੰਡੀ ਬੋਰਡ ਮਹਿਕਮੇ ਵੱਲੋਂ ਬਣਾਈਆਂ ਜਾਣਗੀਆਂ ਅਤੇ ਵਿਭਾਗ ਅਧੀਨ ਆਉਂਦੀਆਂ ਸੜਕਾਂ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ।