ਪੱਤਰ ਪ੍ਰੇਰਕ
ਮੁਕੇਰੀਆਂ, 2 ਜੁਲਾਈ
ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਕਸਬਾ ਐਮਾਂ ਮਾਂਗਟ ਕੋਲ ਇੱਕ ਸਬਜ਼ੀ ਨਾਲ ਭਰੇ ਟਰੱਕ ਨੂੰ ਅੱਗ ਲੱਗਣ ਕਾਰਨ ਉਸ ਦਾ ਕੈਬਿਨ ਸੜ ਗਿਆ, ਪਰ ਡਰਾਈਵਰ ਦੀ ਫੁਰਤੀ ਕਾਰਨ ਉਹ ਵਾਲ ਵਾਲ ਬਚ ਗਿਆ। ਇਸ ਸਬੰਧੀ ਟਰੱਕ ਚਾਲਕ ਫੈਜ ਅਹਿਮਦ ਬਾਰਾਮੁੱਲਾ (ਸ਼੍ਰੀਨਗਰ) ਨੇ ਦੱਸਿਆ ਕਿ ਉਹ ਟਰੱਕ ਨੰਬਰ ਜੇ.ਕੇ.05 ਬੀ-5222 ਉੱਤੇ ਬੜਗਾਵਾਂ-ਸਪੋਰ (ਸ਼੍ਰੀਨਗਰ) ਤੋਂ ਸਬਜ਼ੀ ਲੈ ਕੇ ਜਲੰਧਰ ਮੰਡੀ ਨੂੰ ਜਾ ਰਿਹਾ ਸੀ। ਜਦੋਂ ਉਹ ਰਾਤ ਕਰੀਬ ਇਕ ਵਜੇ ਉੱਕਤ ਸਥਾਨ ’ਤੇ ਪੁੱਜਾ ਤਾਂ ਅਚਾਨਕ ਟਰੱਕ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ। ਜਿਸ ਨੂੰ ਦੇਖਦਿਆਂ ਉਸ ਨੇ ਟਰੱਕ ਰੋਕ ਲਿਆ, ਪਰ ਅਚਾਨਕ ਫੈਲੀ ਅੱਗ ਕਾਰਨ ਟਰੱਕ ਦੇ ਕੈਬਨ ਨੂੰ ਅੱਗ ਲੱਗ ਗਈ ਜਿਸਦੇ ਚੱਲਦਿਆਂ ਉਸ ਨੇ ਤੁਰੰਤ ਬਾਹਰ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਈ। ਅੱਗ ਲੱਗਣ ਨਾਲ ਟਰੱਕ ਦਾ ਅਗਲਾ ਹਿੱਸਾ (ਕੈਬਿਨ) ਬੁਰੀ ਤਰ੍ਹਾਂ ਸੜ੍ਹ ਗਿਆ। ਮੌਕੇ ’ਤੇ ਪੁਹੰਚੇ ਸਥਾਨਿਕ ਲੋਕਾਂ ਵੱਲੋਂ ਪੁਲੀਸ ਅਤੇ ਫ਼ਾਇਰ ਬ੍ਰਿਗੇਡ ਦਸੂਹਾ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਬੀਤੀ ਰਾਤ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਪਾਵਰ ਪਲਾਂਟ ਵਿੱਚ ਕੰਮ ਕਰਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਜੀਵੀਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਿਖੇ ਸੁਰੱਖਿਆ ਗਾਰਡ ਦੀ ਡਿਊਟੀ ਕਰਦਾ ਸੀ ਅਤੇ ਘਰ ਤੋਂ ਡਿਊਟੀ ਨੂੰ ਜਾ ਰਿਹਾ ਸੀ। ਪੁਲੀਸ ਥਾਣਾ ਗੋਇੰਦਵਾਲ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਨਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਫ਼ਤਿਆਬਾਦ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਚਰਨਜੀਤ ਸਿੰਘ ਚੰਨਾ ਬੀਤੀ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਡਿਊਟੀ ਜਾ ਰਿਹਾ ਸੀ ਕਿ ਗੋਇੰਦਵਾਲ ਸਾਹਿਬ ਦੇ ਮੁਹੱਲਾ ਅਕਬਰਪੁਰਾ ਨਜ਼ਦੀਕ ਟਰੈਕਟਰ ਟਰਾਲੀ ਚਾਲਕ ਨੇ ਟੱਕਰ ਮਾਰ ਦਿੱਤੀ।