ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਪਰੈਲ
ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਅੱਜ ਪਿੰਡ ਸ਼ੰਕਰ ਦੇ ਉਸ ਸਕੂਲ ਦਾ ਦੌਰਾ ਕੀਤਾ ਜਿੱਥੇ ਉਹ ਖੁਦ ਪੜ੍ਹ ਚੁੱਕੇ ਹਨ। 38 ਸਾਲਾਂ ਬਾਅਦ ਪਿੰਡ ਸ਼ੰਕਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਪੈਰ ਧਰਦਿਆਂ ਹੀ ਭਾਵੁਕ ਹੋਈ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤਰੱਕੀ ਕਰਨ ਬਾਰੇ ਤਾਂ ਸੋਚਿਆ ਸੀ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਵਿਧਾਇਕਾ ਬਣ ਕੇ ਆਪਣੇ ਸਕੂਲ ਪਰਤਣਗੇ। ਉਨ੍ਹਾਂ ਸਕੂਲ ਦੇ ਅਧਿਆਪਕਾਂ ਤੇ ਪਿੰਡ ਵਾਲਿਆਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹ ਉਨ੍ਹਾਂ ਕਲਾਸ ਰੂਮਾਂ ਵਿੱਚ ਵੀ ਗਏ ਜਿੱਥੇ ਸੱਤਵੀਂ ਤੋਂ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ।
ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ 1984 ਵਿੱਚ ਉਨ੍ਹਾਂ ਨੇ ਦਸਵੀਂ ਜਮਾਤ ਪਾਸ ਕਰ ਲਈ ਸੀ। ਸਕੂਲ ਦੇ ਦਿਨਾਂ ਨੂੰ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼ਰਾਰਤਾਂ ਕਰਦਿਆਂ ਸਕੂਲ ਅਧਿਆਪਕਾਂ ਤੋਂ ਕਈ ਵਾਰ ਕੁੱਟ ਵੀ ਖਾਧੀ ਪਰ ਉਹ ਸੁਨਹਿਰੀ ਸਮਾਂ ਵਾਪਸ ਨਹੀਂ ਮੁੜ ਸਕਦਾ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਹੜੇ ਵਿੱਚ ਪੈਰ ਰੱਖਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਘੁੰਮ ਗਏ ਜਦੋਂ ਉਹ ਆਪ ਇਕ ਵਿਦਿਆਰਥਣ ਦੇ ਰੂਪ ਵਿੱਚ ਆਪਣੀਆਂ ਸਹੇਲੀਆਂ ਨਾਲ ਇੱਥੇ ਦੌੜਦੀ ਫਿਰਦੀ ਸੀ। ਉਨ੍ਹਾਂ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਸਕੂਲ ਹੈ, ਭਾਵੇਂ ਕਿ ਹੁਣ ਨਕੋਦਰ ਹਲਕੇ ਦੇ ਸਾਰੇ ਸਕੂਲ ਉਨ੍ਹਾਂ ਦੇ ਆਪਣੇ ਹਨ। ਬੀਬੀ ਮਾਨ ਨੇ ਕਿਹਾ ਕਿ ਐੱਨਆਰਆਈ, ਖਾਸ ਕਰ ਕੇ ਕੁਲਵੀਰ ਸਿੰਘ ਪੁਰੇਵਾਲ ਤੇ ਉਨ੍ਹਾਂ ਦੇ ਪਰਿਵਾਰ ਨੇ ਜੋ ਸਕੂਲ ਵਿੱਚ ਯੋਗਦਾਨ ਪਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਪ੍ਰਿੰਸੀਪਲ ਦਮਨਜੀਤ ਕੌਰ ਤੋਂ ਇਲਾਵਾ ਜਸਵੀਰ ਸਿੰਘ ਸ਼ੰਕਰ, ਹਰਸ਼ਿੰਦਰ ਸਿੰਘ ਸੋਖੀ, ਸਰਪੰਚ ਹਿੰਮਤ ਭਾਰਦਵਾਜ, ਜਸਵੰਤ ਸਿੰਘ ਰਾਜਾ, ਮੋਹਣ ਸਿੰਘ ਵਿਰਦੀ, ਗੁਰਮੀਤ ਸਿੰਘ ਪੁਰੇਵਾਲ, ਸਤਨਾਮ ਸਿੰਘ ਬਾਬਾ ਸਮੇਤ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਵਿਧਾਇਕਾ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।