ਜਗਜੀਤ ਸਿੰਘ
ਮੁਕੇਰੀਆਂ, 29 ਸਤੰਬਰ
ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਨੰਗਲ ਅਵਾਣਾ ਦੇ ਵਸਨੀਕਾਂ ਵੱਲੋਂ ਬੀਡੀਪੀਓ ਮੁਕੇਰੀਆਂ ਵੱਲੋਂ ਛੱਪੜ ਵਿੱਚੋਂ ਮਿੱਟੀ ਪੁਟਾਉਣ ਵਾਲੇ ਸਰਪੰਚ ਵਿਰੁੱਧ ਕਾਰਵਾਈ ਨਾ ਕਰਨ ਅਤੇ ਛੱਪੜ ਦੇ ਠੇਕੇਦਾਰ ਨੂੰ ਲਾਹਾ ਪਹੁੰਚਾਉਣ ਲਈ ਮੱਛੀ ਛੱਪੜ ਦੀ ਮੁੜ ਬੋਲੀ ਨਾ ਕਰਨ ਵਿਰੁੱਧ ਬੀਡੀਪੀਓ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੀਕਸ਼ਿਤ ਸਿੰਘ ਅਤੇ ਗੁਰਦੀਪ ਸਿੰਘ ਚੱਕ ਭਾਈਆਂ ਦੀ ਅਗਵਾਈ ’ਚ ਲੱਗੇ ਇਸ ਧਰਨੇ ਵਿੱਚ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨੰਗਲ ਅਵਾਣਾ ਦੇ ਸਰਪੰਚ ਵੱਲੋਂ ਛੱਪੜ ਵਿੱਚੋਂ ਨਾਜਾਇਜ਼ ਪੁਟਾਈ ਕਰਕੇ ਵੇਚੀ ਮਿੱਟੀ ਦੀ ਰਕਮ ਅੰਦਰ ਖਾਤੇ ਖਪਾ ਲਈ ਹੈ। ਇਸਦੇ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਮਈ 2021 ਵਿੱਚ ਬੀਡੀਪੀਓ ਮੁਕੇਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਜਾਂਚ ਉਪਰੰਤ ਬੀਡੀਪੀਓ ਨੇ ਸਰਪੰਚ ਨੂੰ ਮਿੱਟੀ ਪੁਟਾਉਣ ਦੇ ਮਾਮਲੇ ਵਿੱਚ 1.61 ਲੱਖ ਰੁਪਏ ਰਿਕਵਰੀ ਪਾਈ ਸੀ। ਪਰ ਬਾਅਦ ਵਿੱਚ ਬੀਡੀਪੀਓ ਨੇ ਸਰਪੰਚ ਨੂੰ ਬਚਾਉਣ ਲਈ ਉਸਦੇ ਰਾਜਸੀ ਦਬਾਅ ਹੇਠ ਮਿੱਟੀ ਪੁੱਟਣ ਖ਼ਿਲਾਫ਼ ਪਾਈ ਰਿਕਵਰੀ ਛੱਪੜ ਦਾ ਮੱਛੀ ਪਾਲਣ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੂੰ ਪਾ ਕੇ ਖਾਨਾਪੂਰਤੀ ਕਰ ਲਈ। ਜਦੋਂਕਿ ਪੰਚਾਇਤ ਅਫਸਰ ਨੇ ਆਪਣੀ ਰਿਪੋਰਟ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਮਿੱਟੀ ਸਰਪੰਚ ਵੱਲੋਂ ਹੀ ਪੁਟਵਾਈ ਗਈ ਹੈ।
ਸਰਪੰਚ ਜਾਂ ਬੀਡੀਪੀਓ ਨੇ ਹਾਲੇ ਤੱਕ ਠੇਕੇਦਾਰ ਕੋਲੋਂ ਨਾ ਤਾਂ ਰਿਕਵਰੀ ਕੀਤੀ ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਤੇ ਬੀਡੀਪੀਓ ਵੱਲੋਂ ਠੇਕੇਦਾਰ ਨੂੰ ਲਾਹਾ ਪਹੁੰਚਾਉਣ ਲਈ ਉਸਦਾ ਛੱਪੜ ’ਚ ਮੱਛੀ ਪਾਲਣ ਦਾ ਠੇਕਾ ਖਤਮ ਹੋ ਜਾਣ ਦੇ ਬਾਵਜੂਦ ਉਸਨੂੰ ਛੱਪੜ ਵਿੱਚ ਤਿਆਰ ਮੱਛੀ ਪਾਲਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਛੱਪੜ ਦਾ ਠੇਕਾ ਵੀ ਅੱਗੇ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਪਿੰਡ ਚੱਕ ਭਾਈਆਂ ਵਿੱਚ ਵੀ ਪਿੰਡ ਦੇ ਸਰਪੰਚ ਵੱਲੋਂ ਛੱਪੜ ਦੇ ਕੰਢੇ ਕਾਫੀ ਉੱਚੇ ਕਰ ਦਿੱਤੇ ਗਏ ਹਨ, ਜਿਸ ਕਾਰਨ ਨੇੜਲੇ ਖੇਤਾਂ ਦਾ ਪਾਣੀ ਖੇਤਾਂ ਵਿੱਚ ਖੜ੍ਹਾ ਰਹਿਣ ਕਾਰਨ ਫਸਲਾਂ ਤਬਾਹ ਹੋ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਕਰੀਬ ਮਹੀਨਾਂ ਪਹਿਲਾਂ ਉਨ੍ਹਾਂ ਬੀਡੀਪੀਓ ਮੁਕੇਰੀਆਂ ਨੂੰ ਮਿਲ ਕੇ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਸੀ, ਜਿਸ ਲਈ ਉਨ੍ਹਾਂ ਮਾਮਲੇ ਦੀ ਜਾਂਚ ਲਈ ਸਮਾਂ ਮੰਗਿਆ ਸੀ, ਪਰ ਰਾਜਸੀ ਦਬਾਅ ਇੰਨਾ ਵਧ ਗਿਆ ਹੈ ਕਿ ਕਾਰਵਾਈ ਤਾਂ ਦੂਰ ਦੀ ਗੱਲ ਬੀਡੀਪੀਓ ਧਰਨਾਕਾਰੀਆਂ ਨੂੰ ਸੁਣਨ ਲਈ ਦਫ਼ਤਰ ਤੋਂ ਬਾਹਰ ਨਹੀਂ ਆਇਆ। ਜਿਸ ਦੇ ਵਿਰੋਧ ਵਿੱਚ ਕਿਸਾਨ ਸਭਾ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਕੀ ਕਹਿੰਦੇ ਨੇ ਬੀਡੀਪੀਓ
ਬੀਡੀਪੀਓ ਮੁਕੇਰੀਆਂ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੰਗਲ ਅਵਾਣਾ ਦੇ ਮਾਮਲੇ ਵਿੱਚ ਸਰਪੰਚ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਅੰਦਰ ਜਵਾਬ ਮੰਗਿਆ ਹੈ। ਜਵਾਬ ਮਿਲਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਚੱਕ ਭਾਈਆਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।