ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 22 ਸਤੰਬਰ
ਘਪਲਿਆਂ ਦੀ ਜਾਂਚ ਕਰਵਾਉਣ ਲਈ ਐਤਵਾਰ ਤੋਂ ਬੱਸ ਅੱਡਾ ਮਲਸੀਆਂ ਵਿਖੇ ਭੁੱਖ ਹੜਤਾਲ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਵਰਕਰ ਸੰਤੋਖ ਸਿੰਘ (80) ਮਲਸੀਆਂ ਦੀ ਸਿਹਤ ਵਿਗੜ ਗਈ ਹੈ। ਭੁੱਖ ਹੜਤਾਲੀ ਦੀ ਸਿਹਤ ਵਿਚ ਆਏ ਵਿਗਾੜ ਨੂੰ ਦੇਖਦਿਆਂ ਸੀ.ਐੱਚ.ਸੀ ਸ਼ਾਹਕੋਟ ਦੇ ਡਾ ਧੀਰਜ ਦੀ ਅਗਵਾਈ ਹੇਠ ਪਹੁੰਚੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ। ਉਨ੍ਹਾਂ ਦੀ ਸਿਹਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਪੇਸ਼ਕਸ਼ ਕੀਤੀ,ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਇਸਤੋਂ ਬਾਅਦ ਡਾਕਟਰਾਂ ਨੇ ਭੁੱਖ ਹੜਤਾਲੀ ਦਾ ਉੱਥੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਆਪ ਦੇ ਮੁੱਢਲੇ ਮੈਂਬਰਾਂ ਵਿੱਚੋਂ ਪਾਰਟੀ ਦਾ ਇੱਕ ਸਰਗਰਮ ਵਰਕਰ ਹੈ। ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਮਲਸੀਆਂ ਦੇ ਬੱਸ ਅੱਡੇ ’ਤੇ ਭੁੱਖ ਹੜਤਾਲ ਕਰਕੇ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਉਸ ਸਮੇਂ ਪ੍ਰਸ਼ਾਸਨ ਅਧਿਕਾਰੀਆਂ ਨੇ 15 ਦਿਨਾਂ ਵਿੱਚ ਉਨ੍ਹਾਂ ਨੂੰ ਇਨਸਾਫ਼ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾ ਦਿੱਤੀ ਸੀ।
ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੇ ਐਤਵਾਰ ਤੋਂ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਪਰ ਇਸ ਵਾਰ ਉਨ੍ਹਾਂ ਨੇ ਪੰਚਾਇਤਾਂ ਦੇ ਵਿਕਾਸ ਕੰਮਾਂ ਵਿੱਚ ਹੋਏ ਘਪਲਿਆਂ ਤੋਂ ਇਲਾਵਾਂ ਕਸਬਾ ਸ਼ਾਹਕੋਟ ਵਿਚ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਜਾਅਲੀ ਰਸੀਦਾਂ ਨਾਲ ਰੇਹੜੀਆਂ ਵਾਲਿਆਂ ਤੋਂ ਕੀਤੀ ਵਸੂਲੀ ਦੀ ਜਾਂਚ ਕਰਵਾਉਣ ਦੀ ਮੰਗ ਵੀ ਜੋੜ ਲਈ। ਇਸ ਤੋਂ ਇਲਾਵਾ ਆਪ ਦੇ ਹਲਕਾ ਇੰਚਾਰਜ ਉੱਪਰ ਵੀ ਕਥਿਤ ਭ੍ਰਿਸ਼ਟਾਚਾਰ ਤੇ ਨਾਜਾਇਜ਼ ਰੇਤ ਖਣਨ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਹਲਕਾ ਇੰਚਾਰਜ ਨੇ ਦਿੱਤੀ ਚੁਣੌਤੀ
ਹਲਕਾ ਇੰਚਾਰਜ ਨੇ ਉਸ ਉੱਪਰ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜੇ ਦੋਸ਼ ਸਿੱਧ ਹੋਣ ਤਾਂ ਸਿਆਸਤ ਦਾ ਤਿਆਗ ਕਰ ਦੇਣਗੇ। ਪੰਜ ਦਿਨਾਂ ਦੌਰਾਨ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਭੁੱਖ ਹੜਤਾਲੀ ਦੀ ਕੋਈ ਸਾਰ ਨਹੀ ਲਈ ਗਈ। ਭੁੱਖ ਹੜਤਾਲੀ ਇਨਸਾਫ਼ ਮਿਲਣ ਤੱਕ ਭੁੱਖ ਹੜਤਾਲ ’ਤੇ ਡਟੇ ਰਹਿਣ ਦਾ ਅਹਿਦ ਕਰ ਚੁੱਕਾ ਹੈ।