ਗੁਰਦੇਵ ਸਿੰਘ ਗਹੂੰਣ
ਬਲਾਚੌਰ, 14 ਦਸੰਬਰ
ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਾ ਕਰਨ ਸਬੰਧੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਪੰਜਾਬੀਆਂ ਦਾ ਰੋਸ ਜਿੱਥੇ ਵਧਦਾ ਜਾ ਰਿਹਾ ਹੈ, ਉੱਥੇ ਹੀ ਕਿਸਾਨੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਆਪੋ-ਆਪਣੇ ਢੰਗ ਨਾਲ ਰੋਸ ਪ੍ਰਗਟਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਬਲਾਚੌਰ ਤਹਿਸੀਲ ਦੇ ਪਿੰਡ ਸੁੱਜੋਵਾਲ ਦੇ ਨੌਜਵਾਨ ਚਰਨਜੀਤ ਸਿੰਘ ਰੱਕੜ ਪੁੱਤਰ ਨਿਰਮਲ ਸਿੰਘ ਰੱਕੜ ਵੱਲੋਂ ਬੀਤੇ ਕੱਲ੍ਹ ਆਪਣੇ ਵਿਆਹ ਮੌਕੇ ਫੁੱਲਾਂ ਨਾਲ ਸਜੀ ਕਾਰ ਅੱਗੇ ਕਿਸਾਨ ਯੂਨੀਅਨ ਦਾ ਝੰਡਾ ਲਗਾ ਕੇ ਜਿੱਥੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ, ਉੱਥੇ ਹੀ ਇਸ ਖੁਸ਼ੀ ਦੇ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵੀ ਪ੍ਰਗਟਾਇਆ। ਲਾੜੇ ਚਰਨਜੀਤ ਸਿੰਘ ਰੱਕੜ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਣ ਦੇ ਨਾਲ ਕਿਸਾਨੀ ਨਾਲ ਪਿਆਰ ਦਰਸਾਉਣਾ ਦਾ ਉਸ ਦਾ ਤਰੀਕਾ ਹੈ।